ਬੇਲਗਾਵੀ (ਪੀ.ਟੀ.ਆਈ.)-ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ ਕਿ ਲੋਕਪਾਲ, ਲੋਕਾਯੁਕਤ ਤੇ ਚੁਣਾਵੀ ਸੁਧਾਰ ਨਾਲ ਸਬੰਧਤ ਸਮੁੱਚੇ ਬਿੱਲਾਂ ਨੂੰ ਪਾਸ ਕਰਨ ਦੀ ਉਨ੍ਹਾਂ ਦੀ ਮੰਗ ਪੂਰੀ ਨਾ ਹੋਣ ‘ਤੇ ਉਹ 23 ਮਾਰਚ ਤੋਂ ਦਿੱਲੀ ‘ਚ ਭੁੱਖ ਹੜਤਾਲ ‘ਤੇ ਬੈਠਣਗੇ | ਹਜ਼ਾਰੇ ਨੇ ਕਿਹਾ ਕਿ ਇਸ ਵਾਰ ਉਹ ਆਰ-ਪਾਰ ਦੀ ਲੜਾਈ ਲੜਨਗੇ | ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਨੂੰ ਇਸ ਗੱਲ ਦੀ ਉਮੀਦ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਨੀਤਕ ਵਿਵਸਥਾ ‘ਚ ਪਰਿਵਰਤਨ ਲਿਆਉਣਗੇ ਤੇ ਦੇਸ਼ ਨੂੰ ਭਿ੍ਸ਼ਟਾਚਾਰ ਮੁਕਤ ਬਣਾਉਣਗੇ, ਪਰ ਅਜਿਹਾ ਨਹੀਂ ਹੋਇਆ | ਉਨ੍ਹਾਂ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਨਵੇਂ ਲੋਕਾਯੁਕਤ ਤੇ ਲੋਕਪਾਲ ਬਿੱਲਾਂ ਨੂੰ ਕਮਜ਼ੋਰ ਕਰ ਦਿੱਤਾ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਲੋਕਪਾਲ ਬਿੱਲ ਨੂੰ ਕਮਜ਼ੋਰ ਕੀਤਾ | ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਕਿਰਨ ਬੇਦੀ ਤੇ ਅਰਵਿੰਦ ਕੇਜ਼ਰੀਵਾਲ ਵਰਗੇ ਲੋਕਾਂ ਨੂੰ ਆਪਣੇ ਅੰਦੋਲਨ ਨਾਲ ਜੋੜਨਾ ਉਨ੍ਹਾਂ ਦੀ ਭੁੱਲ ਸੀ | ਹਜ਼ਾਰੇ ਨੇ ਕਿਹਾ ਕਿ ਇਸ ਵਾਰ ਭਿ੍ਸ਼ਟਾਚਾਰ ਖਿਲਾਫ਼ ਉਸ ਨਾਲ ਜੁੜਨ ਵਾਲੇ ਲੋਕਾਂ ਤੋਂ 100 ਰੁਪਏ ਦੇ ਸਟੈਂਪ ਪੇਪਰ ‘ਚ ਇਹ ਬਾਂਡ ਭਰਵਾਇਆ ਹੈ ਕਿ ਉਹ ਕਿਸੇ ਰਾਜਸੀ ਪਾਰਟੀ ਨਾਲ ਨਹੀਂ ਜੁੜਨਗੇ | ਉਨ੍ਹਾਂ ਕਿਹਾ ਕਿ ਇਸ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਉਹ ਮਾਮਲਾ ਦਰਜ ਕਰਵਾਉਣਗੇ |