ਹੁਸ਼ਿਆਰਪੁਰ: ਦੱਖਣੀ ਭਾਰਤ ਚੰਦਨ ਦੀ ਖੇਤੀ ਲਈ ਜਾਣਿਆ ਜਾਂਦਾ ਸੀ। ਹੁਣ ਪੰਜਾਬ ਵੀ ਦੱਖਣ ਭਾਰਤ ਦੀ ਰਾਹ ‘ਤੇ ਪੈ ਗਿਆ ਹੈ। ਸੂਬੇ ਨੂੰ ਚੰਦਨ ਦੀ ਹੱਬ ਬਣਾਉਣ ਲਈ ਜੰਗਲਾਤ ਵਿਭਾਗ ਡਟਿਆ ਹੋਇਆ ਹੈ। ਹੁਸ਼ਿਆਰਪੁਰ ਤੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੌਦੇ ਸਪਲਾਈ ਕੀਤੇ ਜਾ ਰਹੇ ਹਨ। ਇਸ ਨਾਲ ਚੰਦਨ ਦੀ ਖੁਸ਼ਬੂ ਪੂਰੇ ਪੰਜਾਬ ਵਿੱਚ ਮਹਿਕੇਗੀ। ਚੰਦਨ ਦੀ ਖੇਤੀ ਨਾਲ ਜਿੱਥੇ ਕਿਸਾਨ ਮਾਲੋਮਾਲ ਹੋ ਜਾਣਗੇ, ਉੱਥੇ ਚੰਦਨ ਨਾਲ ਸਬੰਧਤ ਉਦਯੋਗ ਵੀ ਪ੍ਰਫੁਲਿਤ ਹੋਣਗੇ ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਚੰਦਨ ਦੀ ਬਹੁਤ ਮੰਗ ਹੈ।
ਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚੰਦਨ ਨਾਲ ਸਬੰਧਤ ਉਦਯੋਗਾਂ ਨੂੰ ਬੜਾਵਾ ਦੇਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿੱਥੇ ਕਿਸਾਨ ਚੰਦਨ ਦੀ ਖੇਤੀ ਨਾਲ ਆਰਥਿਕ ਤੌਰ ‘ਤੇ ਮਜ਼ਬੂਤ ਹੋਣਗੇ, ਉੱਥੇ ਉਦਯੋਗ ਤੇ ਵਪਾਰ ਨੂੰ ਬੜਾਵਾ ਮਿਲੇਗਾ, ਕਿਉਂਕਿ ਚੰਦਨ ਦਾ ਤੇਲ ਦਵਾਈਆਂ, ਧੂਫ, ਅਗਰਬੱਤੀਆਂ, ਸਾਬਣ, ਪ੍ਰਫਿਊਮ ਆਦਿ ਵਿੱਚ ਪ੍ਰਯੋਗ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਚੰਦਨ ਦੇ ਪ੍ਰੋਸੈਸਿੰਗ ਲਈ ਉਦਯੋਗ ਤੇ ਚੰਦਨ ਉਤਪਾਦਾਂ ਦੀ ਮਾਰਕਟਿੰਗ ਲਈ ਵਿਸ਼ੇਸ਼ ਵਪਾਰਕ ਸਹੂਲਤਾਂ ਮੁਹੱਈਆ ਕਰਵਾਉਣ ਵਰਗੇ ਕਦਮ ਚੁੱਕੇ ਜਾਣਗੇ।
ਚੰਦਨ ਦਾ ਪੌਦਾ ਲਗਭਗ 14 ਸਾਲ ਵਿੱਚ ਤਿਆਰ ਹੋ ਜਾਂਦਾ ਹੈ। ਇਸ ਸਮੇਂ ਇਸ ਚੰਦਨ ਦੇ ਦਰੱਖਤ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਤੱਕ ਹੈ। ਚੰਦਨ ਦੇ ਪੌਦੇ ਦੀ ਖਾਸ ਗੱਲ ਇਹ ਹੈ ਕਿ ਇਹ ਪੈਰਾਸਾਈਟਿਕ ਪਲਾਂਟ ਹੈ, ਭਾਵ ਇਹ ਕਿ ਇਹ ਆਪਣੀ ਖੁਰਾਕ ਦੁਸਰੇ ਪੌਦੇ ਤੋਂ ਲੈਂਦਾ ਹੈ। ਇਸ ਨੂੰ ਤਿਆਰ ਹੋਣ ਵਿੱਚ ਸਮਾਂ ਲੱਗਦਾ ਹੈ, ਇਸ ਲਈ ਕਿਸਾਨ ਇਸ ਦੇ ਨਾਲ-ਨਾਲ ਡੇਕ, ਅੰਬ, ਆਂਵਲਾ ਤੇ ਕੈਜੋਰਿਨਾ ਵੀ ਲਾ ਸਕਦੇ ਹਨ ਤੇ ਘੱਟ ਸਮੇਂ ਦੇ ਅੰਤਰ ਵਿੱਚ ਕਿਸਾਨਾਂ ਨੂੰ ਆਮਦਨ ਸ਼ੁਰੂ ਹੋ ਜਾਂਦੀ ਹੈ।
ਜ਼ਿਲ੍ਹਾ ਦੇ ਜੰਗਲਾਤ ਅਫ਼ਸਰ ਕੁਲਰਾਜ ਸਿੰਘ ਨੇ ਦੱਸਿਆ ਕਿ ਪ੍ਰਤੀ ਹੈਕਟੇਅਰ ਚੰਦਨ ਦੇ ਕਰੀਬ 532 ਪੌਦੇ ਲਾਏ ਜਾ ਸਕਦੇ ਹਨ। ਇੱਕ ਪੌਦੇ ਨਾਲ 20 ਕਿਲੋ ਅੰਦਰੂਨੀ ਲੱਕੜੀ (ਹਾਰਟਵੁੱਡ) ਮਿਲਦੀ ਹੈ। ਸੱਤਵੇਂ ਸਾਲ ਵਿੱਚ ਹਾਰਟਵੁੱਡ ਤਿਆਰ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਲੱਕੜੀ ਬਾਜ਼ਾਰ ਵਿੱਚ 4 ਤੋਂ 8 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦੀ ਹੈ। ਚੰਦਨ ਦੇ ਪੌਦੇ ਨਾਲ ਚਾਰ ਸਾਲ ਬਾਅਦ ਹੀ ਬੀਜ ਮਿਲਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਕਿਸਾਨ ਦੀ ਚੰਗੀ ਆਮਦਨ ਹੋ ਜਾਂਦੀ ਹੈ।
ਕਰੀਬ 14 ਸਾਲ ਤੱਕ ਇਸ ਦੀ ਅੰਦਰੂਨੀ ਲੱਕੜੀ ਤਿਆਰ ਹੋ ਜਾਂਦੀ ਹੈ ਤੇ ਇਸ ਨਾਲ ਕਿਸਾਨ ਪ੍ਰਤੀ ਹੈਕਟੇਅਰ 2.25 ਕਰੋੜ ਤੱਕ ਆਮਦਨ ਲੈ ਸਕਦੇ ਹਨ। ਚੰਦਨ ਦਾ ਤੇਲ ਕਰੀਬ ਪੌਣੇ ਤਿੰਨ ਲੱਖ ਰੁਪਏ ਲੀਟਰ ਵਿਕਦਾ ਹੈ ਤੇ ਚੰਦਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਕਾਫ਼ੀ ਮੰਗ ਹੈ।