ਕਲਾਨੌਰ : ਡੇਰਾ ਬਾਬਾ ਨਾਨਕ ਵਿਖ਼ੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਲਈ ਲਾਂਘਾ ਉਸਾਰਨ ਦੀ ਚੱਲ ਰਹੀ ਪ੍ਰਕਿਰਿਆ ਕਾਰਨ ਪ੍ਰਭਾਵਿਤ ਕਿਸਾਨਾਂ ਦਾ ਦਰਦ ਛਲਕ ਪਿਆ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਪ੍ਰਭਾਵਿਤ ਕਿਸਾਨਾਂ ਨੇ ਕਿਹਾ ਕਿ ਇਸ ਲਾਂਘੇ ਕਾਰਨ ਸਰਕਾਰ ਵੱਲੋਂ ਉਨ੍ਹਾਂ ਦੀਆਂ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਵਾਜਬ ਮੁੱਲ ਨਾ ਦੇ ਕੇ ਉਨ੍ਹਾਂ ਦਾ ਉਜਾੜਾ ਹੀ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਸਹਿਮਤੀ ਬਣਨ ਪਿੱਛੋਂ ਹੁਣ ਦੋਵੇਂ ਪਾਸੇ ਲਾਂਘੇ ਦੀ ਉਸਾਰੀ ਲਈ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਕੁੱਲ 54 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ , ਜਿਸ ਵਿੱਚੋਂ 4 ਏਕੜ ਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਾ ਹੈ। ਇਸ ਪੂਰੀ ਪ੍ਰਕਿਰਿਆ ‘ਚ ਕਰੀਬ 50 ਕਿਸਾਨ ਪ੍ਰਭਾਵਿਤ ਹੋਣਗੇ ਜਦਕਿ ਦਰਜਨ ਦੇ ਕਰੀਬ ਕਿਸਾਨ ਤਾਂ ਅਜਿਹੇ ਹਨ, ਜਿਨ੍ਹਾਂ ਦੀ ਸਾਰੀ ਦੀ ਸਾਰੀ ਜ਼ਮੀਨ ਹੀ ਐਕਵਾਇਰ ਕੀਤੀ ਜਾ ਰਹੀ ਹੈ। ਨੋਟੀਫਿਕੇਸ਼ਨ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਪਿੰਡ ਜੌੜੀਆਂ ਕਲਾਂ, ਪੱਖੋਕੇ, ਟਾਹਲੀ ਸਾਹਿਬ ਤੇ ਚੰਦੂ ਵਡਾਲਾ ਦੇ ਕਿਸਾਨਾਂ ‘ਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕਰੀਬ ਚਾਰ ਕਿਲੋਮੀਟਰ ਲੰਬਾ ਲਾਂਘਾ ਬਣਾਉਣ ਲਈ ਜ਼ਮੀਨ ਅਕਵਾਇਰ ਕਰਨ ਦੀ ਜੋ ਰਿਪੋਰਟ ਭੇਜੀ ਗਈ ਹੈ, ਉਸ ਕਾਰਨ ਉਕਤ ਪਿੰਡਾਂ ਦੇ ਕਿਸਾਨਾਂ ਨੂੰ ਹੱਥਾਂ- ਪੈਰਾਂ ਦੀ ਪੈ ਗਈ ਹੈ।
ਇਸ ਸਬੰਧੀ ਕਿਸਾਨ ਬਾਬਾ ਸੁਖਦੇਵ ਸਿੰਘ, ਕੁਲਵੰਤ ਸਿੰਘ, ਬਲਵੰਤ ਸਿੰਘ, ਯੁਵਰਾਜ ਸਿੰਘ , ਸੁਖਵਿੰਦਰ ਸਿੰਘ, ਜਗਜੀਤ ਸਿੰਘ, ਜੈਮਲ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਉਹ ਸਰਹੱਦ ਦੇ ਕੰਢੇ ‘ਤੇ ਵਸੇ ਹੋਣ ਦਾ ਸੰਤਾਪ ਲੰਮੇ ਸਮੇਂ ਤੋਂ ਭੋਗ ਰਹੇ ਹਨ। ਉਨ੍ਹਾਂ ਨੇ 1965 ਤੇ 1971 ਦੀਆਂ ਜੰਗਾਂ ਵੀ ਹੰਢਾਈਆਂ ਪਰ ਹੁਣ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਉਪਰੰਤ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀ ਜ਼ਮੀਨ ਅਕਵਾਇਰ ਕਰਨ ਦਾ ਫ਼ੈਸਲਾ ਭਾਰਤ-ਪਾਕਿ ਜੰਗਾਂ ਨਾਲੋਂ ਵੀ ਵੱਡਾ ਦਰਦ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਸਮੇਂ ਲੜਾਈਆਂ ਦੌਰਾਨ ਹੋਏ ਆਪਣੇ ਉਜਾੜੇ ਤੋਂ ਬਾਅਦ ਬੜੀ ਮੁਸ਼ਕਿਲ ਸੰਭਲੇ ਹਨ। ਆਪਣੇ ਘਰ ਪਰਤ ਕੇ ਮੁੜ ਆਪਣੀ ਜ਼ਮੀਨ ‘ਤੇ ਖੇਤੀ ਕਰਕੇ ਰੋਜ਼ੀ-ਰੋਟੀ ਕਮਾ ਕੇ ਉਹ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ ਪਰ ਹੁਣ ਉਨ੍ਹਾਂ ਦੀਆਂ ਨਾਮਾਤਰ ਜ਼ਮੀਨਾਂ ਸਰਕਾਰ ਵੱਲੋਂ ਲਾਂਘੇ ਬਣਾਉਣ ਲਈ ਕਬਜ਼ੇ ‘ਚ ਲਈਆਂ ਜਾ ਰਹੀਆਂ ਹਨ। ਦੁਖਦਾਈ ਗੱਲ ਇਹ ਹੈ ਕਿ ਸਰਕਾਰ ਉਨ੍ਹਾਂ ਦਾ ਸਿਰਫ਼ ਉਜਾੜਾ ਹੀ ਕਰ ਰਹੀ ਹੈ। ਉਹ ਆਪਣੀ ਜ਼ਮੀਨ ਬਦਲੇ ਸਰਕਾਰੀ ਨੌਕਰੀ ਤੇ ਜ਼ਮੀਨ ਦਾ ਤਿੰਨ ਗੁਣਾ ਵੱਧ ਭਾਅ ਲੈਣਾ ਚਾਹੁੰਦੇ ਹਨ ਪਰ ਸਰਕਾਰ ਉਨ੍ਹਾਂ ਦੇ ਪੱਖ ਨੂੰ ਅਣਸੁਣਿਆ ਕਰ ਰਹੀ ਹੈ। ਕਰਤਾਰਪੁਰ ਲਾਂਘਾ ਉਨ੍ਹਾਂ ਲਈ ਆਫਤ ਬਣਿਆ ਹੋਇਆ ਹੈ। ਜੇ ਸਰਕਾਰ ਉਨ੍ਹਾਂ ਦੀਆਂ ਜ਼ਮੀਨਾਂ ਘੱਟ ਰੇਟ ‘ਤੇ ਐਕਵਾਇਰ ਕਰ ਲੈਂਦੀ ਹੈ ਤਾਂ ਉਹ ਆਪਣਾ ਪਰਿਵਾਰ ਪਾਲਣ ਤੋਂ ਅਸਮਰੱਥ ਹੋ ਜਾਣਗੇ।
ਡੇਰਾ ਬਾਬਾ ਨਾਨਕ ਦੇ ਕਿਸਾਨ ਜੈਮਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਭਗਵਾਨ ਸਿੰਘ ਦੀ ਭਾਰਤ- ਪਾਕਿ ਵੰਡ ਤੋਂ ਪਹਿਲਾਂ 200 ਏਕੜ ਜ਼ਮੀਨ ਸੀ , ਜੋ ਵੰਡ ਤੋਂ ਬਾਅਦ ਧੁੱਸੀ ਬੰਨ੍ਹ ਤੇ ਦਰਿਆ ਬੁਰਦ ਹੋ ਗਈ। ਚੱਕ ਵੰਡ ਦੌਰਾਨ ਉਨ੍ਹਾਂ ਨੂੰ ਕੇਵਲ 15 ਏਕੜ ਜ਼ਮੀਨ ਹੀ ਪ੍ਰਾਪਤ ਹੋਈ। ਉਨ੍ਹਾਂ ਦੇ ਹਿੱਸੇ ਇਸ ਸਮੇਂ ਪੰਜ ਏਕੜ ਜ਼ਮੀਨ ਹੀ ਆਈ ਹੈ , ਜਿਸ ਨਾਲ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਸਰਕਾਰ ਵੱਲੋਂ ਐਕਵਾਇਰ ਕੀਤੀ ਜਾ ਰਹੀ ਜ਼ਮੀਨ ‘ਚ ਉਸ ਦੀ ਸਾਰੀ ਜ਼ਮੀਨ ਆ ਗਈ ਹੈ, ਜਿਸ ਦੇ ਬਦਲੇ ਉਸ ਨੂੰ ਨਾਮਾਤਰ ਮੁੱਲ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕਿਸਾਨ ਜਗਰਾਜ ਸਿੰਘ ਪੱਖੋਕੇ ਨੇ ਕਿਹਾ ਕਿ ਉਸ ਦੀ 7 ਏਕੜ ਜ਼ਮੀਨ ਲਾਂਘੇ ‘ਚ ਆ ਗਈ ਹੈ। ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਸਾਰੀ ਸਾਢੇ 5 ਏਕੜ ਜ਼ਮੀਨ, ਜੈਮਲ ਸਿੰਘ ਡੇਰਾ ਬਾਬਾ ਨਾਨਕ ਦੀ ਸਾਢੇ ਤਿੰਨ ਏਕੜ, ਕੁਲਵੰਤ ਸਿੰਘ ਪੱਖੋਕੇ ਟਾਹਲੀ ਸਾਹਿਬ ਦੀ ਦੋ ਏਕੜ, ਸੁਖਦੇਵ ਸਿੰਘ ਤੇ ਬਲਵੰਤ ਸਿੰਘ 1-1 ਏਕੜ ਸਾਰੀ ਦੀ ਸਾਰੀ ਜ਼ਮੀਨ ਜਾ ਰਹੀ ਹੈ। ਇਸ ਤਰ੍ਹਾਂ ਉਹ ਆਪਣੀਆਂ ਜ਼ਮੀਨਾਂ ਤੋਂ ਵਾਂਝੇ ਹੋਣ ਜਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਉਨ੍ਹਾਂ ਦੀ ਜ਼ਮੀਨ ਬਦਲੇ ਨੌਕਰੀ ਜਾਂ ਜ਼ਮੀਨ ਦਾ ਭਾਅ ਬਾਜ਼ਾਰ ਦੇ ਰੇਟ ਨਾਲੋਂ ਤਿੰਨ ਗੁਣਾ ਵੱਧ ਨਹੀਂ ਦਿੰਦੀ ਤਾਂ ਉਹ ਖ਼ੁਦਕੁਸ਼ੀਆਂ ਕਰਨ ਨੂੰ ਮਜਬੂਰ ਹੋਣਗੇ।
ਕਿਸੇ ਕਿਸਾਨ ਨਾਲ ਨਹੀਂ ਹੋਵੇਗੀ ਧੱਕੇਸ਼ਾਹੀ : ਡੀਸੀ
ਇਸ ਸਬੰਧੀ ਡੀਸੀ ਵਿਪੁਲ ਉਜਵਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਸਰਕਾਰ ਵੱਲੋਂ ਐਕਵਾਇਰ ਕੀਤੀ ਜਾਵੇਗੀ, ਉਨ੍ਹਾਂ ਨੂੰ ਬਣਦਾ ਮੁੱਲ ਦਿੱਤਾ ਜਾਵੇਗਾ ਤੇ ਕਿਸੇ ਵੀ ਕਿਸਾਨ ਨਾਲ ਧੱਕੇਸ਼ਾਹੀ ਨਹੀਂ ਹੋਵੇਗੀ
ਸਹਿਮਤੀ ਨਾਲ ਹੀ ਜ਼ਮੀਨ ਕਰਾਂਗੇ ਐਕਵਾਇਰ : ਤਹਿਸੀਲਦਾਰ
ਤਹਿਸੀਲਦਾਰ ਅਰਵਿੰਦ ਸਲਵਾਨ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਲਾਂਘੇ ਦੇ ਰਸਤੇ ‘ਚ ਆ ਰਹੀ ਹੈ , ਉਨ੍ਹਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਦੀ ਸਹਿਮਤੀ ਨਾਲ ਹੀ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਬਣਦਾ ਮੁੱਲ ਦਿੱਤਾ ਜਾਵੇਗਾ।
ਪੰਜਾਬੀ ਜਾਗਰਣ ‘ਚ ਧੰਨਵਾਦ






























