ਫ਼ੌਜ ਨੂੰ ਘਟਾ ਕੇ ਚੀਨ ਨੇ ਏਅਰਫੋਰਸ ਤੇ ਨੇਵੀ ‘ਚ ਕੀਤਾ ਵਾਧਾ

0
805

ਬੀਜਿੰਗ : ਦੱਖਣੀ ਚੀਨ ਸਾਗਰ ‘ਤੇ ਕਬਜ਼ੇ ਨੂੰ ਲੈ ਕੇ ਦੁਨੀਆ ਨਾਲ ਦੁਸ਼ਮਣੀ ਮੁੱਲ ਲੈਣ ਵਾਲਾ ਚੀਨ ਆਪਣੀ ਜਲ ਸੈਨਾ ਤੇ ਹਵਾਈ ਫ਼ੌਜ ਨੂੰ ਬਹੁਤ ਜ਼ਿਆਦਾ ਮਜ਼ਬੂਤ ਬਣਾਉਣ ‘ਚ ਲੱਗਾ ਹੈ। ਇਸ ਦੇ ਲਈ ਉਸ ਨੇ ਇਕ ਅਸਾਧਾਰਨ ਰਣਨੀਤਕ ਬਦਲਾਅ ਕਰਦਿਆਂ ਆਪਣੀ ਫ਼ੌਜ ਪੀਪੁਲਸ ਲਿਬਰੇਸ਼ਨ ਆਰਮੀ (ਪੀਐੱਲਏ) ਨੂੰ ਅਤਿ ਆਧੁਨਿਕ ਬਣਾਉਣ ਲਈ ਥਲ ਸੈਨਾ ਦੇ ਆਕਾਰ ‘ਚ ਲਗਪਗ 50 ਫ਼ੀਸਦੀ ਤਕ ਦੀ ਕਟੌਤੀ ਕਰ ਦਿੱਤੀ ਹੈ। ਹਾਲਾਂਕਿ, ਇਸ ਕਟੌਤੀ ਤੋਂ ਬਾਅਦ ਵੀ 20 ਲੱਖ ਸੈਨਿਕਾਂ ਨਾਲ ਪੀਐੱਲਏ ਦੁਨੀਆ ਦੀ ਸਭ ਤੋਂ ਵੱਡੀ ਫ਼ੌਜ ਬਣੀ ਹੋਈ ਹੈ।

ਹਾਂਗਕਾਂਗ ਸਥਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਚੀਨ ਦੇ ਸਰਕਾਰੀ ਅਖ਼ਬਾਰ ਸ਼ਿਨਹੁਆ ਦੀ ਇਕ ਖ਼ਬਰ ਦੇ ਹਵਾਲੇ ਨਾਲ ਕਿਹਾ ਹੈ ਕਿ ਚੀਨ ਨੇ ਪੀਐੱਲਏ ‘ਚ ਜ਼ਿਕਰਯੋਗ ਬਦਲਾਅ ਕਰਦਿਆਂ ਥਲ ਸੈਨਾ ਦੇ ਆਕਾਰ ਨੂੰ ਘੱਟ ਕਰ ਦਿੱਤਾ ਹੈ। ਨੇਵੀ, ਹਵਾਈ ਫ਼ੌਜ ਤੇ ਇਕ ਨਵੀਂ ਰਣਨੀਤਕ ਇਕਾਈ ਨੂੰ ਬੜਾਵਾ ਦਿੱਤਾ ਗਿਆ ਹੈ। ਐਤਵਾਰ ਨੂੰ ਪ੍ਰਕਾਸ਼ਤ ਆਪਣੀ ਰਿਪੋਰਟ ‘ਚ ਸ਼ਿਨਹੁਆ ਨੇ ਕਿਹਾ ਹੈ ਕਿ ਪੀਐੱਲਏ ਦੇ ਇਤਿਹਾਸ ‘ਚ ਇਹ ਅਸਾਧਾਰਨ ਬਦਲਾਅ ਹੈ। ਲੜਾਈ ਤੋਂ ਦੂਰ ਰਹਿਣ ਵਾਲੀ ਇਕਾਈ ਦੇ ਆਧਾਰ ਨੂੰ ਅੱਧਾ ਕਰ ਦਿੱਤਾ ਗਿਆ ਹੈ। ਜਦਕਿ, ਅਧਿਕਾਰੀਆਂ ਦੀ ਗਿਣਤੀ ‘ਚ ਵੀ 30 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੈ।

ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਫ਼ੌਜ ‘ਚ ਸੁਧਾਰ ਲਈ ਸ਼ੁਰੂ ਕੀਤੇ ਗਏ ਪ੍ਰੋਗਰਾਮ ਤਹਿਤ ਪਿਛਲੇ ਕੁਝ ਸਾਲਾਂ ਦੌਰਾਨ ਪੀਐੱਲਏ ਨੇ ਆਪਣੇ ਸੈਨਿਕਾਂ ਦੀ ਗਿਣਤੀ ‘ਚ ਤਿੰਨ ਲੱਖ ਤਕ ਕਟੌਤੀ ਕੀਤੀ ਹੈ।