ਜ਼ੀ ਮੀਡੀਆ ਨੇ ਮਜੀਠੀਆ ਨੂੰ ਭੇਜਿਆ 100 ਕਰੋੜ ਦਾ ਨੋਟਿਸ

0
797

ਜਲੰਧਰ— ਜ਼ੀ. ਟੀ. ਵੀ. ਦੀ ਮਾਲਕ ਕੰਪਨੀ ਜ਼ੀ ਮੀਡੀਆ ਕਾਰਪੋਰੇਸ਼ਨ ਲਿਮਟਿਡ ਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ 100 ਕਰੋੜ ਰੁਪਏ ਹਰਜਾਨੇ ਦਾ ਨੋਟਿਸ ਭੇਜਿਆ ਹੈ। ਇਹ ਨੋਟਿਸ ਚੈਨਲ ਦੇ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਐਡੀਟਰ ਸ਼੍ਰੀ ਦਿਨੇਸ਼ ਸ਼ਰਮਾ ‘ਤੇ ਮਜੀਠੀਆ ਵੱਲੋਂ ਲਗਾਏ ਗਏ ਗੰਭੀਰ ਦੋਸ਼ਾਂ ਦੇ ਸਬੰਧ ਵਿਚ ਭੇਜਿਆ ਗਿਆ ਹੈ। ਨੋਟਿਸ ਵਿਚ ਮਜੀਠੀਆ ਨੂੰ 24 ਘੰਟਿਆਂ ਦੇ ਅੰਦਰ ਅੰਦਰ ਦਿਨੇਸ਼ ਸ਼ਰਮਾ ‘ਤੇ ਲਗਾਏ ਗਏ ਦੋਸ਼ ਵਾਪਿਸ ਲੈਣ ਤੇ ਇਸ ਸਬੰਧੀ ਲਿਖਤੀ ਜਨਤਕ ਮੁਆਫੀ ਮੰਗਣ, ਇਨ੍ਹਾਂ ਦੋਸ਼ਾਂ ਨੂੰ ਮੁੜ ਨਾ ਦੁਹਰਾਉਣ ਦਾ ਵਾਅਦਾ ਕਰਨ ਅਤੇ ਹੁਣ ਤਕ ਹੋਈ ਮਾਣਹਾਨੀ ਲਈ 100 ਕਰੋੜ ਰੁਪਏ ਅਦਾ ਕਰਨ ਲਈ ਕਿਹਾ ਗਿਆ ਹੈ। ਜ਼ੀ ਮੀਡੀਆ ਕਾਰਪੋਰੇਸ਼ਨ ਦੇ ਵਕੀਲ ਵੱਲੋਂ ਭੇਜੇ ਗਏ ਇਸ ਨੋਟਿਸ ਵਿਚ ਕਿਹਾ ਗਿਆ ਹੈ ਕਿ 24 ਘੰਟਿਆਂ ਅੰਦਰ ਮੁਆਫੀ ਨਾ ਮੰਗਣ ‘ਤੇ ਮਜੀਠੀਆ ਵਿਰੁੱਧ ਨਵੀਂ ਕਾਰਵਾਈ ਕੀਤੀ ਜਾਵੇਗੀ।
ਜਦੋਂ ਲੀਗਲ ਨੋਟਿਸ ਮਿਲੇਗਾ ਠੋਕ ਕੇ ਜਵਾਬ ਦਿਆਂਗਾ : ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੈਨੂੰ ਅਜੇ ਤੱਕ ਕਿਸੇ ਵਲੋਂ ਕੋਈ ਲੀਗਲ ਨੋਟਿਸ ਨਹੀਂ ਮਿਲਿਆ ਹੈ। ਜਦੋਂ ਮਿਲੇਗਾ ਉਸ ਦਾ ਜਵਾਬ ਠੋਕ ਕੇ ਦਿਆਂਗਾ। ਮਜੀਠੀਆ ਨੇ ਸਪੱਸ਼ਟ ਕਿਹਾ ਕਿ ਜੋ ਮੈਂ ਕਿਹਾ, ਉਸ ‘ਤੇ ਕਾਇਮ ਹਾਂ। ਮੈਂ ਕਿਸੇ ਦੀਆਂ ਗਿੱਦੜ ਭਬਕੀਆਂ ਤੋਂ ਨਹੀਂ ਡਰਦਾ ਅਤੇ ਇਹ ਭਬਕੀਆਂ ਕਿਸੇ ਹੋਰ ਨੂੰ ਦੇਣ।