ਹੁਣ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਟਵਿੱਟਰ ‘ਤੇ

0
365

ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਰਕਾਰੀ ਸਮਾਗਮਾਂ ਵਿੱਚੋਂ ਲਗਾਤਾਰ ਗ਼ੈਰ ਹਾਜ਼ਰ ਰਹਿਣਾ ਜਾਰੀ ਹੈ। ਮੁੱਖ ਮੰਤਰੀ ਨੇ ਅੱਜ ਸ਼ਹੀਦ ਊਧਮ ਸਿੰਘ ਦੇ 79ਵੇਂ ਬਲਿਦਾਨ ਦਿਵਸ ਮੌਕੇ ਸੂਬਾ ਪੱਧਰੀ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚਣਾ ਸੀ ਪਰ ਉਹ ਇੱਥੇ ਫਿਰ ਨਹੀਂ ਆਏ। ਇਸ ਤੋਂ ਇਲਾਵਾ ਕੈਪਟਨ ਦੇ ਮੰਤਰੀਆਂ ਨੇ ਉਨ੍ਹਾਂ ਤੋਂ ਆਕੀ ਹੋ ਸਾਥੀ ਮੰਤਰੀ ਸਿੱਧੂ ਵੱਲੋਂ ਬਾਦਲ ਪਰਿਵਾਰ ‘ਤੇ ਲਾਏ ਇਲਜ਼ਾਮਾਂ ਨੂੰ ਸਹੀ ਵੀ ਠਹਿਰਾਇਆ।

ਇਹ ਲਗਾਤਾਰ ਦੂਜੀ ਵਾਰ ਹੈ ਜਦ ਕੈਪਟਨ ਸ਼ਹੀਦ ਊਧਮ ਸਿੰਘ ਦੇ ਸ਼ਰਧਾਂਜਲੀ ਸਮਾਗਮ ਵਿੱਚ ਨਹੀਂ ਪਹੁੰਚੇ। ਮੁੱਖ ਮੰਤਰੀ ਨੇ ਪਿਛਲੇ ਸਾਲ ਵੀ ਊਧਮ ਸਿੰਘ ਦੇ ਸ਼ਰਧਾਂਜਲੀ ਸਮਾਗਮ ਵਿੱਚ ਆਉਣ ਤੋਂ ਘੇਸਲ ਵੱਟ ਲਈ ਸੀ। ਹਾਲਾਂਕਿ, ਕੈਪਟਨ ਨੇ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਸੁਨਾਮ ਵਿੱਚ ਉਨ੍ਹਾਂ ਦੀ ਯਾਦਗਾਰ ਬਣਾਉਣ ਲਈ 2.28 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ, ਪਰ ਟਵੀਟ ਰਾਹੀਂ। ਕੈਪਟਨ ਨੇ ਦੱਸਿਆ ਕਿ ਇਸ ਵਿੱਚੋਂ ਇੱਕ ਕਰੋੜ ਰੁਪਏ ਜਾਰੀ ਵੀ ਕਰ ਦਿੱਤੇ ਗਏ ਹਨ। ਕੈਪਟਨ ਦੀ ਖਾਨਾਪੂਰਤੀ ਲਈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਰਜ਼ੀਆ ਸੁਲਤਾਨਾ ਤੇ ਵਿਜੇਇੰਦਰ ਸਿੰਗਲਾ ਪਹੁੰਚੇ।

ਹਾਲਾਂਕਿ, ਦੋਵਾਂ ਮੰਤਰੀਆਂ ਨੇ ਊਧਮ ਸਿੰਘ ਨੂੰ ਸ਼ਰਧਾਂਜਲੀ ਦੇਣ ਵਿੱਚ ਘੱਟ ਤੇ ਸਿਆਸੀ ਚਿੱਕੜ ਉਛਾਲੀ ਵਿੱਚ ਵਧੇਰੇ ਧਿਆਨ ਦਿੱਤਾ। ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਊਧਮ ਸਿੰਘ ਦੇ ਵਿਦੇਸ਼ ਵਿੱਚ ਪਏ ਸਾਮਾਨ ਨੂੰ ਵਾਪਸ ਲਿਆਉਣ ਲਈ ਪੂਰਾ ਯੋਗਦਾਨ ਪਾਏਗੀ। ਉਨ੍ਹਾਂ ਆਪਣੇ ਸਾਥੀ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪਿਛਲੀ ਬਾਦਲ ਸਰਕਾਰ ਸਮੇਂ ਇਸ਼ਤਿਹਾਰਬਾਜ਼ੀ ‘ਤੇ ਹੋਏ ਅਰਬਾਂ ਦੇ ਖ਼ਰਚ ਵਾਲੇ ਇਲਜ਼ਾਮਾਂ ਨੂੰ ਵੀ ਜਾਇਜ਼ ਕਰਾਰ ਦਿੱਤਾ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਮੁੱਖ ਮੰਤਰੀ ਨੇ ਸਿੱਧੂ ਦੇ ਇਲਜ਼ਾਮਾਂ ਦੀ ਜਾਂਚ ਕਰਵਾਉਣ ਵਿੱਚ ਦਿਲਚਸਪੀ ਨਹੀਂ ਸੀ ਵਿਖਾਈ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਮ ਆਦਮੀ ਪਾਰਟੀ ‘ਤੇ ਖ਼ੂਬ ਰਗੜੇ ਲਾਏ।