ਲੰਡਨ – ਜੇ ਤੁਸੀਂ ਮੁਸ਼ਕਲ ਘੜੀ ਵਿਚ ਥੋੜ੍ਹੇ ਤਣਾਅ ਵਿਚ ਆ ਜਾਂਦੇ ਹੋ ਤਾਂ ਚਿੰਤਾ ਨਾ ਕਰੋ। ਵਿਗਿਆਨੀਆਂ ਦਾ ਦਾਅਵਾ ਹੈ ਕਿ ਖਰਾਬ ਹਾਲਾਤ ਨਾਲ ਨਜਿੱਠਣ ਲਈ ਕਦੀ-ਕਦੀ ਥੋੜ੍ਹਾ ਤਣਾਅ ਲੈਣ ਵੀ ਚੰਗਾ ਹੈ। ਯੂਨੀਵਰਸਿਟੀ ਕਾਲਜ ਲੰਡਨ ਦੇ ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਤਣਾਅ ਸਾਨੂੰ ਮੁਸ਼ਕਲ ਹਾਲਾਤ ਵਿਚ ਜ਼ਿਆਦਾ ਬਿਹਤਰ ਫੈਸਲੇ ਲੈਣ ਵਿਚ ਮਦਦ ਕਰਦਾ ਹੈ। ਇਸ ਨਵੇਂ ਅਧਿਐਨ ਨਾਲ ਡਿਪ੍ਰੈਸ਼ਨ ਦੀ ਸਮੱਸਿਆ ਨਾਲ ਲੜਨ ਵਿਚ ਮਦਦ ਮਿਲ ਸਕਦੀ ਹੈ। ਖੋਜ ਵਿਚ ਇਹ ਪਾਇਆ ਗਿਆ ਹੈ ਕਿ ਤਣਾਅ ਨਾਲ ਨਜਿੱਠਣ ਲਈ ਵਿਅਕਤੀ ਲੋੜ ਤੋਂ ਵੱਧ ਹਾਂਪੱਖੀ ਹੋਣ ਦੀ ਕੋਸ਼ਿਸ਼ ਕਰਦਾ ਹੈ।
‘ਜੈਨਯੂਰੋਸਾਈ’ ਵਿਚ ਪ੍ਰਕਾਸ਼ਿਤ ਇਸ ਅਧਿਐਨ ਵਿਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਤਣਾਅ ਨਾਲ ਨਜਿੱਠਣ ਲਈ ਆਖਿਰ ਕਿਸ ਪੱਧਰ ਤੱਕ ਹਾਂਪੱਖੀ ਹੋਣਾ ਸਹੀ ਹੈ। ਆਮ ਤੌਰ ‘ਤੇ ਲੋਕ ਮੁਸ਼ਕਲ ਘੜੀ ਨਾਲ ਲੜਨ ਲਈ ਕੁਝ ਜ਼ਿਆਦਾ ਹੀ ਹਾਂਪੱਖੀ ਹੋਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਦਾ ਉਲਟਾ ਅਸਰ ਵੀ ਹੋ ਸਕਦਾ ਹੈ। ਉਦਾਹਰਣ ਦੇ ਤੌਰ ‘ਤੇ ਡਿਪ੍ਰੈਸ਼ਨ ਨਾਲ ਜੂਝਣ ਵਾਲੇ ਕੁਝ ਮਰੀਜ਼ ਆਪਣੇ ਕੋਲ ਨਾਂਹਪੱਖੀ ਜਾਣਕਾਰੀ ਨੂੰ ਆਉਣ ਹੀ ਨਹੀਂ ਦਿੰਦੇ। ਅਮਰੀਕੀ ਟੀਮ ਨੇ ਦਿਖਾਇਆ ਹੈ ਕਿ ਦੋਹਾਂ ਸਥਿਤੀਆਂ ਦਰਮਿਆਨ ਤਾਲਮੇਲ ਬਿਠਾਉਣਾ ਅਤੇ ਆਸਾਨੀ ਨਾਲ ਇਕ ਥਾਂ ਤੋਂ ਦੂਜੀ ਥਾਂ ਸ਼ਿਫਟ ਹੋਣ ਦੀ ਯੋਗਤਾ ਸਿਹਤ ਲਈ ਜ਼ਿਆਦਾ ਬਿਹਤਰ ਹੈ।