ਨਵੀ ਦਿੱਲੀ: ਜੀਓ ਇੰਸਟੀਚਿਊਟ ਆਫ ਰਿਲਾਇੰਸ ਫਾਊਂਡੇਸ਼ਨ ਨੂੰ ਸਰਕਾਰ ਵੱਲੋਂ ਉੱਤਮ ਦਰਜਾ ਦੇਣ ਦਾ ਵਿਵਾਦ ਭਖਦਾ ਜਾ ਰਿਹਾ ਹੈ। ਇਸ ਸਬੰਧੀ ਬੀਜੇਪੀ ਦੇ ਸੀਨੀਅਰ ਲੀਡਰ ਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਦਾ ਟਵੀਟ ਰੀਟਵੀਟ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਮੋਦੀ ਸਰਕਾਰ ਅੰਬਾਨੀ ਦੀ ਜੇਬ ਵਿੱਚ ਹੈ।
ਕੇਜਰੀਵਾਲ ਦੀ ਟਵੀਟ: ਸੀਐਮ ਕੇਜਰੀਵਾਲ ਨੇ ਟਵੀਟ ਕੀਤਾ ਕਿ ਪਹਿਲਾਂ ਕਾਂਗਰਸ ਸਰਕਾਰ ਅੰਬਾਨੀ ਦੀ ਜੇਬ ਵਿੱਚ ਸੀ, ਹੁਣ ਮੋਦੀ ਸਰਕਾਰ, ਕੁਝ ਬਦਲਿਆ ਹੈ ਕੀ?
ਯਸ਼ਵੰਤ ਸਿਨਹਾ ਦਾ ਟਵੀਟ: ਯਸ਼ਵੰਤ ਸਿਨਹਾ ਨੇ ਆਪਣੇ ਟਵੀਟ ਵਿੱਚ ਕਿਹਾ ਸੀ ਕਿ ਜੀਓ ਇੰਸਟੀਚਿਊਟ ਦੀ ਅਜੇ ਸਥਾਪਨਾ ਵੀ ਨਹੀਂ ਹੋਈ। ਉਸ ਦੀ ਹੋਂਦ ਹੀ ਨਹੀਂ ਹੈ। ਫਿਰ ਵੀ ਸਰਕਾਰ ਨੇ ਉਸ ਨੂੰ ਐਮੀਨੈਂਟ ਟੈਗ ਦੇ ਦਿੱਤਾ। ਇਹ ਮੁਕੇਸ਼ ਅੰਬਾਨੀ ਹੋਣ ਦਾ ਮਹੱਤਵ ਹੈ।
ਜੀਓ ਇੰਸਟੀਚਿਊਟ ਦਾ ਨਾਂ ਸ਼ਾਮਲ ਕਰਨ ’ਤੇ ਕਾਂਗਰਸ ਨੂੰ ਚੜ੍ਹਿਆ ਤਾਅ:
ਐਚਆਰਡੀ ਮੰਤਰਾਲੇ ਵੱਲੋਂ ਜਾਰੀ ਦੇਸ਼ ਦੇ ਛੇ ਉੱਤਮ ਕਾਲਜਾਂ ਦੀ ਲਿਸਟ ਵਿੱਚ ਜੀਓ ਇਸਟੀਚਿਊਟ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ ਜੋ ਅਜੇ ਬਣਿਆ ਤਕ ਨਹੀਂ। ਸਰਕਾਰ ਦੇ ਇਸ ਕਦਮ ’ਤੇ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਰੋਬਾਰੀ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।
ਕਾਂਗਰਸ ਨੂੰ ਰਿਲਾਇੰਸ ਫਾਊਂਡੇਸ਼ਨ ਦੇ ਜੀਓ ਇੰਸਟੀਚਿਊਟ ’ਤੇ ਇਤਰਾਜ਼ ਹੈ। ਪਾਰਟੀ ਸਵਾਲ ਪੁੱਛ ਰਹੀ ਹੈ ਕਿ ਜੀਓ ਇਸਟੀਚਿਊਟ ਅਜੇ ਬਣਿਆ ਹੀ ਨਹੀਂ ਤਾਂ ਸਰਕਾਰ ਉਸ ਨੂੰ ਉੱਤਮ ਸੰਸਥਾ ਦਾ ਦਰਜਾ ਕਿਵੇਂ ਦੇ ਸਕਦੀ ਹੈ। ਇਸ ਸਬੰਧੀ ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ #SuitBootSarkar ਨਾਲ ਟਵੀਟ ਕਰਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ।
ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਤਰੁਣਾ ਗੋਗਾਈ ਨੇ ਟਵੀਟ ਕਰਕੇ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ। ਉਨ੍ਹਾਂ ਸਰਕਾਰ ਦੇ ਇਸ ਕਦਮ ਨੂੰ ਹਾਸੋਹੀਣਾ ਕਰਾਰ ਦਿੱਤਾ ਤੇ ਕਿਹਾ ਕਿ ਸਰਕਾਰ ਕਾਰੋਬਾਰੀਆਂ ਦਾ ਫਾਇਦਾ ਤੱਕਦੀ ਹੈ।
ਪੂਰਾ ਮਾਮਲਾ: ਦਰਅਸਲ ਐਚਆਰਡੀ ਮੰਤਰਾਲੇ ਨੇ ਆਈਆਈਟੀ ਦਿੱਲੀ, ਆਈਆਈਟੀ ਬੰਬਈ, ਆਈਆਈਟੀ ਬੰਗਲੌਰ, ਮਨੀਪਾ ਅਕੈਡਮੀ ਆਫ ਹਾਇਰ ਐਜੂਕੇਸ਼ਨ ਤੇ ਬਿਟਸ ਪਿਲਾਨੀ ਦੇ ਨਾਲ-ਨਾਲ ਜੀਓ ਇੰਸਟੀਚਿਊਟ ਨੂੰ ਵੀ ਉੱਤਮ ਸੰਸਥਾ ਦਾ ਦਰਜਾ ਦੇਣ ਦਾ ਐਲਾਨ ਕੀਤਾ ਗਿਆ ਹੈ ਜੋ ਅਜੇ ਤਕ ਬਣਿਆ ਵੀ ਨਹੀਂ ਹੈ। ਵੱਖ-ਵੱਖ ਪਾਰਟੀਆਂ ਤੇ ਲੀਡਰ ਸਰਕਾਰ ਦੇ ਇਸ ਕਦਮ ਦਾ ਕਰੜਾ ਵਿਰੋਧ ਕਰ ਰਹੇ ਹਨ।
ਐਚਆਰਡੀ ਮੰਤਰਾਲੇ ਦੀ ਸਫਾਈ : ਐਚਆਰਡੀ ਮੰਤਰਾਲੇ ਨੇ ਇਸ ਪੂਰੇ ਮਾਮਲੇ ’ਤੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਯੂਜੀਸੀ ਰੈਗੂਲੇਸ਼ਨ 2017, ਦੇ ਕਲਾਜ 6.1 ਮੁਤਾਬਕ ਇਸ ਪ੍ਰੋਜੈਕਟ ਵਿੱਚ ਬਿਲਕੁਲ ਨਵੀਆਂ ਸੰਸਥਾਵਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦਾ ਉਦੇਸ਼ ਨਿੱਜੀ ਸੰਸਥਾਵਾਂ ਨੂੰ ਕੌਮਾਂਤਰੀ ਪੱਧਰ ਦੀ ਵਿੱਦਿਅਕ ਵਿਵਸਥਾ ਤਿਆਰ ਕਰਨ ਲਈ ਹੁਲਾਰਾ ਦੇਣਾ ਹੈ। ਮੰਤਰਾਲੇ ਨੇ ਕਿਹਾ ਕਿ ਜੀਓ ਇੰਸਟੀਚਿਊਟ ਨੂੰ ਗਰੀਨਫੀਲਡ ਕੈਟੇਗਰੀ ਦੇ ਤਹਿਤ ਚੁਣਿਆ ਗਿਆ ਹੈ, ਜੋ ਨਵੀਆਂ ਸੰਸਥਾਵਾਂ ਲਈ ਹੁੰਦੀ ਹੈ।































