ਚੰਡੀਗੜ੍ਹ: ਬਾਦਲਾਂ ਵੱਲੋਂ ਮੋਦੀ ਲਈ ਉਚੇਚੇ ਤੌਰ ‘ਤੇ ਕਰਵਾਈ ਧੰਨਵਾਦ ਰੈਲੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨਾਲ ਧੋਖਾ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਰੈਲੀ ਵਿੱਚ ਸੱਦਾ ਦੇ ਕੇ ਪੰਜਾਬ ਨਾਲ ਧੋਖਾ ਕੀਤਾ ਹੈ।
ਕੈਪਟਨ ਨੇ ਟਵਿੱਟਰ ‘ਤੇ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨਾਲ ਇੱਕ ਵਾਰ ਫਿਰ ਤੋਂ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਵਿਰੋਧੀ ਸਟੈਂਡ ਹੋਣ ਦੇ ਬਾਵਜੂਦ ਆਪਣੀ ਪੰਜਾਬ ਰੈਲੀ ਵਿੱਚ ਸੱਦਿਆ।
ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਪ੍ਰਧਾਨ ਮੰਤਰੀ ਉੱਪਰ ਚੰਡੀਗੜ੍ਹ ਦੇ ਮੁੱਦੇ ‘ਤੇ ਦਬਾਅ ਵਧਾਉਣ ਵਿੱਚ ਵੀ ਫੇਲ੍ਹ ਕਰਾਰ ਦਿੱਤਾ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੀਤੇ ਕੱਲ੍ਹ ਕਿਹਾ ਸੀ ਕਿ ਜੇਕਰ ਪੰਜਾਬ ਨਿਊ ਚੰਡੀਗੜ੍ਹ ਨੂੰ ਆਪਣੀ ਰਾਜਧਾਨੀ ਬਣਾ ਲਵੇ ਤਾਂ ਚੰਡੀਗੜ੍ਹ ਦਾ ਸਾਰਾ ਵਿਵਾਦ ਸੁਲਝ ਜਾਏਗਾ। ਪੰਜਾਬ ਤੇ ਹਰਿਆਣਾ ਦਾ ਸਾਂਝੀ ਰਾਜਧਾਨੀ ਤੇ ਪਾਣੀਆਂ ਸਬੰਧੀ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ।