ਨਵੀਂ ਦਿੱਲੀ (ਪੀਟੀਆਈ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਸੁਰੱਖਿਆ ’ਚ ਕੁਤਾਹੀ ਦੇ ਮਾਮਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਾਫ਼ੀ ਮੰਗੀ ਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਇਹ ਮੌਕਾ ਸੀ ਪ੍ਰਧਾਨ ਮੰਤਰੀ ਵੱਲੋਂ ਕੋਵਿਡ-19 ਦੀ ਸਥਿਤੀ ’ਤੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਦਾ। ਉਨ੍ਹਾਂ ਨੇ ਮੋਦੀ ਦੇ ਪੰਜਾਬ ਦੌਰੇ ਦੌਰਾਨ ਜੋ ਕੁਝ ਹੋਇਆ, ਉਸ ਲਈ ਮਾਫ਼ੀ ਮੰਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਪ੍ਰਧਾਨ ਮੰਤਰੀ ਸਤਿਕਾਰ ਯੋਗ ਹਨ। ਉਨ੍ਹਾਂ ਕਿਹਾ, ‘ਤੁਮ ਸਲਾਮਤ ਰਹੋ ਕਿਆਮਤ ਤਕ, ਔਰ ਖ਼ੁਦਾ ਕਰੇ ਕਿ ਕਿਆਮਤ ਨਾ ਹੋ।’
ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਭਾਜਪਾ ਪੰਜਾਬ ਸਰਕਾਰ ਦੀ ਆਲੋਚਨਾ ਕਰਦੀ ਰਹੀ ਹੈ। ਸੁਰੱਖਿਆ ਕਾਰਨ ਉਨ੍ਹਾਂ ਨੂੰ ਆਪਣੀ ਯਾਤਰਾ ਵਿਚਾਲੇ ਹੀ ਛੱਡ ਕੇ ਜਾਣਾ ਪਿਆ ਸੀ। ਪਾਰਟੀ ਦੇ ਆਗੂਆਂ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।