ਨਵੀਂ ਦਿੱਲੀ (ਪੀਟੀਆਈ) : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਉਸ ਨੇ ਚੀਨੀ ਖ਼ੁਫ਼ੀਆ ਅਧਿਕਾਰਆਂ ਨੂੰ ਸੰਵੇਦਨਸ਼ੀਲ ਜਾਣਕਾਰੀ ਕਥਿਤ ਤੌਰ ’ਤੇ ਮੁਹੱਈਆ ਕਰਵਾਉਣ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਦਿੱਲੀ ਦੇ ਇਕ ਪੱਤਰਕਾਰ ਦੀ 48.21 ਲੱਖ ਰੁਪਏ ਦੀ ਰਿਹਾਇਸ਼ੀ ਜਾਇਦਾਦ ਜ਼ਬਤ ਕੀਤੀ ਹੈ।
ਈਡੀ ਨੇ ਇਕ ਬਿਆਨ ’ਚ ਦੱਸਿਆ ਕਿ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ) ਤਹਿਤ ਸੁਤੰਤਰ ਪੱਤਰਕਾਰ ਰਜੀਵ ਸ਼ਰਮਾ ਦੀ ਦਿੱਲੀ ਦੇ ਪੀਤਮਪੁਰਾ ਇਲਾਕੇ ’ਚ ਸਥਿਤ ਜਾਇਦਾਦ ਜ਼ਬਤ ਕਰਨ ਦਾ ਆਦੇਸ਼ ਜਾਰੀ ਹੋਇਆ ਸੀ। ਸ਼ਰਮਾ ਨੂੰ ਏਜੰਸੀ ਨੇ ਪਿਛਲੇ ਸਾਲ ਜੁਲਾਈ ’ਚ ਗਿ੍ਰਫ਼ਤਾਰ ਕੀਤਾ ਸੀ। ਦਿੱਲੀ ਹਾਈ ਕੋਰਟ ਨੇ ਉਸ ਨੂੰ ਪਿਛਲੇ ਹਫ਼ਤੇ ਮਾਮਲੇ ’ਚ ਜ਼ਮਾਨਤ ਦਿੱਤੀ ਸੀ।
ਏਜੰਸੀ ਨੇ ਕਿਹਾ, ‘ਜਾਂਚ ’ਚ ਪਤਾ ਲੱਗਾ ਕਿ ਸ਼ਰਮਾ ਨੇ ਚੀਨੀ ਖ਼ੁਫ਼ੀਆ ਅਧਿਕਾਰੀਆਂ ਨੂੰ ਗੁਪਤ ਤੇ ਸੰਵੇਦਨਸ਼ੀਲ ਜਾਣਕਾਰੀ ਦਿੱਤੀ ਸੀ, ਜਿਸ ਦੇ ਬਦਲੇ ਉਸ ਨੂੰ ਮਹਿਪਾਲਪੁਰ ਸਥਿਤ ਇਕ ਮਖੌਟਾ ਕੰਪਨੀ ਜ਼ਰੀਏ ਵਿੱਤੀ ਲਾਭ ਦਿੱਤਾ ਜਾ ਰਿਹਾ ਸੀ। ਕੰਪਨੀ ਨੂੰ ਇਕ ਨੇਪਾਲੀ ਨਾਗਰਿਕ ਸ਼ੇਰ ਸਿੰਘ ਉਰਫ਼ ਰਾਜ ਬੋਹਰਾ ਨਾਲ ਝਾਂਗ ਚੇਂਗ ਉਰਫ਼ ਸੂਰਜ, ਝਾਂਗ ਲਿਕਸੀਆ ਉਰਫ਼ ਊਸ਼ਾ ਤੇ ਕਿੰਗ ਸ਼ੀ ਆਦਿ ਚੀਨੀ ਨਾਗਰਿਕ ਚਲਾ ਰਹੇ ਸਨ। ਇਹ ਕੰਪਨੀ ਰਾਜੀਵ ਸ਼ਰਮਾ ਵਰਗੇ ਲੋਕਾਂ ਨੂੰ ਵਿੱਤੀ ਲਾਭ ਮੁਹੱਈਆ ਕਰਵਾਉਣ ਲਈ ਚੀਨੀ ਖ਼ੁਫ਼ੀਆ ਏਜੰਸੀਆਂ ਦੇ ਮਾਧਿਅਮ ਵਜੋਂ ਕੰਮ ਕਰ ਰਹੀ ਸੀ।