ਨੈਨੋ ਦਾ ਪਏਗਾ ਭੋਗ!

0
369

ਨਵੀਂ ਦਿੱਲੀ: ਟਾਟਾ ਮੋਟਰਜ਼ ਦੀ ਬੇਹੱਦ ਮਸ਼ਹੂਰ ਰਹੀ ਨੈਨੋ ਕਾਰ ਦਾ ਸਫਰ ਖ਼ਤਮ ਹੋਣ ਜਾ ਰਿਹਾ ਹੈ। ਜੂਨ ਮਹੀਨੇ ਇੱਕ ਹੀ ਨੈਨੋ ਕਾਰ ਤਿਆਰ ਕੀਤੀ ਗਈ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਨੈਨੋ ਦੀ ਪ੍ਰੋਡਕਸ਼ਨ ਰੋਕਣ ਬਾਰੇ ਅਜੇ ਤੱਕ ਕੋਈ ਪੱਕਾ ਫੈਸਲਾ ਨਹੀਂ ਲਿਆ ਗਿਆ।
ਰਤਨ ਟਾਟਾ ਦਾ ਸੁਫਨਾ ਮੰਨੀ ਜਾਣ ਵਾਲੀ ਇਸ ਕਾਰ ਦੀਆਂ ਘਰੇਲੂ ਬਾਜ਼ਾਰ ‘ਚ ਬੀਤੇ ਮਹੀਨੇ ਸਿਰਫ ਤਿੰਨ ਗੱਡੀਆਂ ਹੀ ਵਿਕੀਆਂ। ਟਾਟਾ ਮੋਟਰਸ ਨੇ ਸ਼ੇਅਰ ਬਜ਼ਾਰ ਨੂੰ ਦੱਸਿਆ ਕਿ ਜੂਨ ਮਹੀਨੇ ‘ਚ ਇੱਕ ਹੀ ਨੈਨੋ ਕਾਰ ਤਿਆਰ ਕੀਤੀ ਗਈ। ਜਦਕਿ ਜੂਨ 2017 ‘ਚ ਇਹ ਗਿਣਤੀ 275 ਸੀ।
ਨੈਨੋ ਦਾ ਨਿਰਮਾਣ ਰੋਕੇ ਜਾਣ ਸਬੰਧੀ ਕੰਪਨੀ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਇਹ ਤੈਅ ਹੈ ਕਿ ਨੈਨੋ 2019 ਤੋਂ ਬਾਅਦ ਜਾਰੀ ਨਹੀਂ ਰਹਿ ਸਕਦੀ ਪਰ ਇਸ ਦਾ ਨਿਰਮਾਣ ਬੰਦ ਕਰਨ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ।
ਜ਼ਿਕਰਯੋਗ ਹੈ ਕਿ ਨੈਨੋ ਕਾਰ ਰਤਨ ਟਾਟਾ ਦਾ ਸੁਫਨਮਈ ਪ੍ਰੋਜੈਕਟ ਸੀ। ਰਤਨ ਟਾਟਾ ਨੇ ਕਿਹਾ ਸੀ ਕਿ ਇੱਕ ਵਾਰ ਉਨ੍ਹਾਂ ਸਕੂਟਰ ‘ਤੇ ਚਾਰ ਲੋਕਾਂ ਨੂੰ ਜਾਂਦੇ ਦੇਖਿਆ ਸੀ। ਉਸ ਤੋਂ ਬਾਅਦ ਉਨ੍ਹਾਂ ਦੇ ਮਨ ‘ਚ ਵਿਚਾਰ ਆਇਆ ਸੀ ਕਿ ਇੱਕ ਲੱਖ ਰੁਪਏ ਦੀ ਕੀਮਤ ਦੀ ਅਜਿਹੀ ਕਾਰ ਬਣਾਈ ਜਾਵੇ ਜਿਸ ਨੂੰ ਆਮ ਆਦਮੀ ਵੀ ਆਸਾਨੀ ਨਾਲ ਖਰੀਦ ਸਕੇ। ਨੈਨੋ ਦੇ ਬਜ਼ਾਰ ‘ਚ ਆਉਂਦਿਆਂ ਹੀ ਲੋਕਾਂ ਨੇ ਇਸ ਨੂੰ ਹੱਥੋਂ ਹੱਥ ਖਰੀਦਿਆ ਸੀ ਹਾਲਾਂਕਿ ਹੌਲੀ-ਹੌਲੀ ਲੋਕਾਂ ਦੀ ਨੈਨੋ ‘ਚ ਰੁਚੀ ਘੱਟ ਹੋ ਗਈ।