ਮੁੰਬਈ :-ਭਾਰਤ ’ਚ 69 ਫ਼ੀਸਦੀ ਕੁਲ-ਵਕਤੀ ਕਰਮਚਾਰੀ ਹਫ਼ਤੇ ’ਚ 5 ਦਿਨ ਕੰਮ ਕਰ ਕੇ ਖੁਸ਼ ਹਨ ਅਤੇ ਇਕ ਸਰਵੇਖਣ ਮੁਤਾਬਕ ਭਾਰਤ ਦੁਨੀਆ ਦਾ ਸਭ ਤੋਂ ਜ਼ਿਆਦਾ ਮਿਹਨਤੀ ਦੇਸ਼ ਹੈ। ਦੇਸ਼ ਦੇ ਕਰੀਬ 70 ਫ਼ੀਸਦੀ ਕਰਮਚਾਰੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਬਰਾਬਰ ਤਨਖਾਹ ’ਚ ਕੁਝ ਦਿਨ ਘੱਟ ਕੰਮ ਕਰਨ ਦਾ ਬਦਲ ਦਿੱਤਾ ਜਾਵੇ ਤਾਂ ਵੀ ਉਹ ਪੰਜ ਦਿਨ ਦੇ ਕੰਮਕਾਜੀ ਹਫ਼ਤੇ ਨੂੰ ਹੀ ਚੁਣਨਗੇ। ਕਿਰਤਬਲ ਪ੍ਰਬੰਧਨ ਨਾਲ ਜੁੜੀ ਅਮਰੀਕਾ ਦੀ ਇਕ ਬਹੁਰਾਸ਼ਟਰੀ ਕੰਪਨੀ ਕ੍ਰੋਨੋਸ ਇਨਕਾਰਪੋਰੇਟਿਡ ਦੇ ਸਰਵੇਖਣ ਮੁਤਾਬਕ ਇਸ ਸੂਚੀ ’ਚ 43 ਫ਼ੀਸਦੀ ਕਰਮਚਾਰੀਆਂ ਦੇ ਬਰਾਬਰ ਸੋਚ ਦੇ ਨਾਲ ਮੈਕਸੀਕੋ ਦੂਜੇ ਅਤੇ 27 ਫ਼ੀਸਦੀ ਦੇ ਨਾਲ ਅਮਰੀਕਾ ਤੀਸਰੇ ਸਥਾਨ ’ਤੇ ਹੈ। ਸਰਵੇਖਣ ਮੁਤਾਬਕ ਬ੍ਰਿਟੇਨ (16 ਫ਼ੀਸਦੀ), ਫ਼ਰਾਂਸ (17 ਫ਼ੀਸਦੀ) ਤੇ ਆਸਟਰੇਲੀਆ (19 ਫ਼ੀਸਦੀ) ਪੰਜ ਦਿਨ ਦੇ ਸਟੈਂਡਰਡ ਕੰਮਕਾਜੀ ਹਫ਼ਤੇ ਤੋਂ ਬਹੁਤ ਜ਼ਿਆਦਾ ਖੁਸ਼ ਨਹੀਂ ਹਨ। ਉਸ ਦੇ ਮੁਤਾਬਕ ਤਨਖਾਹ ਬਰਾਬਰ ਰਹਿਣ ’ਤੇ ਦੁਨੀਆ ਭਰ ਦੇ ਇਕ-ਤਿਹਾਈ ਤੋਂ ਜ਼ਿਆਦਾ (34 ਫ਼ੀਸਦੀ) ਕਰਮਚਾਰੀ ਹਫ਼ਤੇ ’ਚ ਚਾਰ ਦਿਨ ਅਤੇ 20 ਫ਼ੀਸਦੀ ਕਰਮਚਾਰੀ ਹਫ਼ਤੇ ’ਚ ਤਿੰਨ ਦਿਨ ਕੰਮ ਕਰਨ ਦੀ ਇੱਛਾ ਰੱਖਦੇ ਹਨ। ਉਥੇ ਹੀ ਦੁਨੀਆ ਭਰ ਦੇ ਕਰੀਬ ਇਕ-ਚੌਥਾਈ ਤੋਂ ਜ਼ਿਆਦਾ (28 ਫ਼ੀਸਦੀ) ਕਰਮਚਾਰੀ ਪੰਜ ਦਿਨ ਦੇ ਕੰਮਕਾਜੀ ਹਫ਼ਤੇ ਤੋਂ ਸੰਤੁਸ਼ਟ ਹਨ। ਇਸ ਸਾਲ 31 ਜੁਲਾਈ ਤੋਂ 9 ਅਗਸਤ ਦਰਮਿਆਨ 2772 ਕਰਮਚਾਰੀਆਂ ’ਚ ਕੀਤੇ ਗਏ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਇਕ-ਤਿਹਾਈ ਤੋਂ ਜ਼ਿਆਦਾ (35 ਫ਼ੀਸਦੀ) ਕਰਮਚਾਰੀ ਹਰ ਹਫਤੇ ਇਕ ਦਿਨ ਘੱਟ ਕਰਨ ਦੇ ਬਦਲੇ 20 ਫ਼ੀਸਦੀ ਘੱਟ ਤਨਖਾਹ ਲੈਣ ਲਈ ਤਿਆਰ ਹਨ।