ਹਾਂਗਕਾਂਗ (ਜੰਗ ਬਹਾਦਰ ਸਿੰਘ)-ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦਾ ਪੰਜਾਬ ਪ੍ਰਤੀ ਫ਼ਿਕਰ ਸਰਕਾਰਾਂ ਨੂੰ ਸਹੀ ਕਾਰਜਸ਼ੀਲਤਾ ਲਈ ਪ੍ਰੇਰਦਾ ਹੈ ਅਤੇ ਮੈਂ ਹਾਂਗਕਾਂਗ ਵਸਦੇ ਪੰਜਾਬੀ ਭਾਈਚਾਰੇ ਵਲੋਂ ਦਿੱਤੇ ਪਿਆਰ ਅਤੇ ਸਤਿਕਾਰ ਲਈ ਹਮੇਸ਼ਾ ਰਿਣੀ ਰਹਾਂਗਾ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਡਾਕਟਰ ਹਰਜੋਤ ਕਮਲ ਸਿੰਘ ਐਮ. ਐਲ. ਏ. ਮੋਗਾ ਵਲੋਂ ਹੋਟਲ ਸਪਾਈਸ ਵਿਖੇ ਹਾਂਗਕਾਂਗ ਵਾਸੀ ਪੰਜਾਬੀ ਭਾਈਚਾਰੇ ਦੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕੀਤਾ | ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਸਿਵਲ ਹਸਪਤਾਲ ਮੋਗਾ ਵਿਖੇ ਟਰਾਮਾ ਸੈਂਟਰ ਅਤੇ ਕਰੀਬ ਸਾਢੇ 6 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲਾ ਆਯੁਰਵੇਦ, ਯੋਗਾ, ਸਿੱਧਾ ਅਤੇ ਹੋਮਿਓਪੈਥੀ ਦੀਆਂ ਇਲਾਜ ਪ੍ਰਣਾਲੀਆਂ ਵਾਲਾ ਆਯੂਸ਼ ਹਸਪਤਾਲ ਮੋਗਾ ਲਈ ਮਨਜ਼ੂਰ ਕਰਵਾਇਆ ਜਾ ਚੁੱਕਾ ਹੈ | ਪੰਜਾਬ ਵਿਚ ਫੈਕਟਰੀਆਂ ਵਲੋਂ ਗੰਧਲੇ ਕੀਤੇ ਜਾ ਰਹੇ ਪਾਣੀ ਦੇ ਮਸਲੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਧਿਆਨ ਵਿਚ ਆਏ ਮਸਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਗਈ ਹੈ ਅਤੇ ਇਸ ਸਬੰਧੀ ਫੈਕਟਰੀਆਂ ਵਲੋਂ ਕੀਤੀਆਂ ਬੇਨਿਯਮੀਆਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ | ਉਨ੍ਹਾਂ ਪੰਜਾਬੀ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਾਂਗਕਾਂਗ ਵਿਚ ਬਿਤਾਏ ਪਲ ਉਨ੍ਹਾਂ ਦੀ ਜ਼ਿੰਦਗੀ ਦੀ ਵਿਸ਼ੇਸ਼ ਯਾਦਗਾਰ ਦਾ ਹਿੱਸਾ ਬਣ ਚੁੱਕੇ ਹਨ |