ਫੁਟਬਾਲ ਦੇ ਵਿਸ਼ਵ ਕੱਪ ਨਾਲ ਫੀਫਾ ਨੂੰ ਕੁੱਲ 53 ਅਰਬ 49 ਕਰੋੜ ਰੁਪਏ ਦੀ ਕਮਾਈ ਹੋਵੇਗੀ ਪਰ ਇਸ ਕਮਾਈ ਦਾ ਵੱਡਾ ਹਿੱਸਾ ਫੀਫਾ ਨੂੰ ਪੁਰਸਕਾਰ ਤੇ ਹੋਰ ਇਨਾਮੀ ਰਾਸ਼ੀ ਵਜੋਂ ਦੇਣਾ ਪਏਗਾ। ਫੀਫਾ ਵਿਸ਼ਵ ਕੱਪ 14 ਜੂਨ ਤੋਂ ਰੂਸ ‘ਚ ਸ਼ੁਰੂ ਹੋ ਰਿਹਾ ਹੈ।
ਅੰਕੜਿਆਂ ਮੁਤਾਬਕ ਫੀਫਾ ਨੇ ਇਸ ਸਾਲ ਜੇਤੂ ਟੀਮ ਨੂੰ 2 ਅਰਬ 56 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਜਦਕਿ ਦੂਜੇ ਨੰਬਰ ‘ਤੇ ਰਹਿਣ ਵਾਲੀ ਟੀਮ ਨੂੰ 1 ਅਰਬ 89 ਕਰੋੜ ਰੁਪਏ ‘ਤੇ ਤੀਜੇ ਨੰਬਰ ‘ਤੇ ਰਹਿਣ ਵਾਲੀ ਟੀਮ ਨੂੰ ਇਕ ਅਰਬ 62 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਇੰਨਾ ਹੀ ਨਹੀਂ ਚੌਥੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ ਵੀ ਇੱਕ ਅਰਬ 48 ਕਰੋੜ ਰੁਪਏ ਮਿਲਣਗੇ। ਇਸ ਤੋਂ ਇਲਾਵਾ ਕੁਆਰਟਰ ਫਾਈਨਲ ਤੱਕ ਦਾ ਸਫਰ ਤਹਿ ਕਰਨ ਵਾਲੀ ਟੀਮ ਨੂੰ ਇੱਕ ਅਰਬ 8 ਕਰੋੜ ਰੁਪਏ ਜਦਕਿ ਅੰਤਿਮ 16 ‘ਚ ਪਹੁੰਚਣ ਵਾਲੀ ਹਰ ਟੀਮ ਨੂੰ 81 ਕਰੋੜ ਰੁਪਏ ਦਿੱਤੇ ਜਾਣਗੇ।
ਇਸ ਸਾਲ ਫੀਫਾ ਵਿਸ਼ਵ ਕੱਪ ‘ਚ 32 ਟੀਮਾਂ ਹਿੱਸਾ ਲੈ ਰਹੀਆਂ ਹਨ। ਵਿਸ਼ਵ ਕੱਪ ‘ਚ ਹਿੱਸਾ ਲੈਣ ਵਾਲੀ ਹਰ ਟੀਮ ਨੂੰ 15 ਲੱਖ ਡਾਲਰ ਮਿਲਣਗੇ। ਕੁੱਲ 79.1 ਕਰੋੜ ਡਾਲਰ ਚੋਂ 40 ਕਰੋੜ ਡਾਲਰ ਟੀਮਾਂ ‘ਚ ਵੰਡੇ ਜਾਣਗੇ ਜਦਕਿ ਬਾਕੀ 39.1 ਕਰੋੜ ਡਾਲਰ ਪ੍ਰਬੰਧਕਾਂ ਤੇ ਉਨ੍ਹਾਂ ਕਲੱਬਾਂ ਨੂੰ ਦਿੱਤੇ ਜਾਣਗੇ ਜਿੰਨ੍ਹਾ ਦੇ ਖਿਡਾਰੀ ਵਿਸ਼ਵ ਕੱਪ ‘ਚ ਹਿੱਸਾ ਲੈ ਰਹੇ ਹਨ।
ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਫਾਇਦਾ ਇੰਗਲਿਸ਼ ਪ੍ਰੀਮੀਅਰ ਲੀਗ ਕਲੱਬ ਮਾਨਚੈਸਟਰ ਸਿਟੀ ਨੂੰ ਹੋਵੇਗਾ ਜਿੰਨ੍ਹਾਂ ਦੇ 16 ਖਿਡਾਰੀ 8 ਵੱਖ-ਵੱਖ ਦੇਸ਼ਾਂ ਲਈ ਖੇਡਣਗੇ।