ਪੱਤਰਕਾਰਤਾ ਦੀ ਸੁਤੰਤਰਤਾ ਦੇ ਮਾਮਲੇ ‘ਚ ਭਾਰਤ ਦੋ ਸਥਾਨ ਹੋਰ ਖਿਸਕਿਆ

0
347

ਲੰਡਨ -ਪੱਤਰਕਾਰਤਾ ਦੀ ਸੁਤੰਤਰਤਾ ਦੇ ਮਾਮਲੇ ‘ਚ ਭਾਰਤ ਪਹਿਲਾਂ ਦੇ ਮੁਕਾਬਲੇ ਦੋ ਸਥਾਨ ਖਿਸਕ ਕੇ 138ਵੇਂ ਨਬੰਰ ‘ਤੇ ਪਹੁੰਚ ਗਿਆ। ਰੈਂਕਿੰਗ ਜਾਰੀ ਕਰਨ ਵਾਲੀ ਇਕ ਸੰਸਥਾ ਨੇ ਆਪਣੀ ਸਾਲਾਨਾ ਰਿਪੋਰਟ ‘ਚ ਇਸ ਰੈਂਕਿੰਗ ਲਈ ਪੱਤਰਕਾਰਾਂ ਖ਼ਿਲਾਫ ਹੋਣ ਵਾਲੀ ਹਿੰਸਾ ਤੇ ਨਫਰਤ ਅਪਰਾਧ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਰਿਪੋਰਟਸ ਵਿਦਾਊਟ ਬਾਰਡਰਸ (ਆਰ.ਐਸ.ਐਫ.) ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਹਿੰਦੂ ਕੱਟੜਪੰਥੀ ਪੱਤਰਕਾਰਾਂ ਨਾਲ ਬਹੁਤ ਹਿੰਸਕ ਤਰੀਕੇ ਨਾਲ ਪੇਸ਼ ਆ ਰਹੇ ਹਨ। ਆਰ.ਐਸ.ਐਫ. ਨੇ ਇਸ ਲਈ ਪੱਤਰਕਾਰ ਤੇ ਸਮਾਜ ਸੇਵਿਕਾ ਗੌਰੀ ਲੰਕੇਸ਼ ਦੀ ਉਦਾਹਰਣ ਵੀ ਦਿੱਤੀ, ਜਿਨ੍ਹਾਂ ਦੀ ਪਿਛਲੇ ਸਾਲ ਸਤੰਬਰ ‘ਚ ਹੱਤਿਆ ਕਰ ਦਿੱਤੀ ਗਈ ਸੀ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਦੁਨੀਆ ‘ਚ ਸਭ ਤੋਂ ਸੁਤੰਤਰ ਮੀਡੀਆ ਦੇ ਤੌਰ ‘ਤੇ ਲਗਾਤਾਰ ਦੂਜੇ ਸਾਲ ਵੀ ਨਾਰਵੇ ਸਭ ਤੋਂ ਅੱਗੇ ਹੈ। ਉੱਤਰ ਕੋਰੀਆ ‘ਚ ਮੀਡੀਆ ਦੀ ਆਵਾਜ਼ ਨੂੰ ਸਭ ਤੋਂ ਜ਼ਿਆਦਾ ਦਬਾਇਆ ਜਾਂਦਾ ਹੈ। 180 ਦੇਸ਼ਾਂ ਦੀ ਰੈਂਕਿੰਗ ‘ਚ ਭਾਰਤ 138ਵੇਂ ਸਥਾਨ ‘ਤੇ ਪਹੁੰਚ ਗਿਆ ਜਦਕਿ ਪਾਕਿਸਤਾਨ 139ਵੇਂ ਤੇ ਅਫ਼ਗ਼ਾਨਿਸਤਾਨ 118ਵੇਂ ਸਥਾਨ ‘ਤੇ ਹੈ।