ਚੰਡੀਗੜ੍ਹ: ਭਾਰਤ ਦੇ ਕਰੀਬ ਹਰ ਘਰ ‘ਚ ਖਾਣਾ ਬਣਾਉਣ ਲਈ ਦਾਲਚੀਨੀ ਦੀ ਵਰਤੋਂ ਚੰਗੇ ਸੁਆਦ ਤੇ ਖ਼ੁਸ਼ਬੂ ਲਈ ਕੀਤੀ ਜਾਂਦੀ ਹੈ ਪਰ ਦਾਲਚੀਨੀ ਸਿਰਫ ਖਾਣੇ ਦਾ ਸੁਆਦ ਵਧਾਉਣ ਲਈ ਨਹੀਂ ਬਲਕਿ ਮੋਟਾਪਾ ਘਟਾਉਣ ਵਿੱਚ ਵੀ ਮਦਦਗਾਰ ਹੈ।
ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਆਪਣੀ ਖੋਜ ਵਿੱਚ ਪਾਇਆ ਕਿ ਦਾਲਚੀਨੀ ਵਿੱਚ ਸਿਨੇਮੇਲਡੀਹਾਈਡ ਨਾਂ ਦਾ ਇੱਕ ਤੇਲ ਯੁਕਤ ਪਦਾਰਥ ਪਾਇਆ ਜਾਂਦਾ ਹੈ ਜਿਹੜਾ ਮੋਟਾਪਾ ਘਟਾਉਣ ਦੇ ਨਾਲ ਹੀ ਖ਼ੂਨ ਵਿੱਚ ਵਧਦੇ ਗਲੂਕੋਜ਼ ਦੀ ਮਾਤਰਾ ਨੂੰ ਵੀ ਕੰਟਰੋਲ ਕਰਦਾ ਹੈ।
ਮਿਸ਼ੀਗਨ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਜੁਨ ਵੁ ਨੇ ਕਿਹਾ, ‘ਖੋਜ ਵਿੱਚ ਸਾਹਮਣੇ ਆਇਆ ਹੈ ਕਿ ਸਿਨੇਮੇਲਡੀਹਾਈਡ ਮੈਟਾਬਾਲਿਜ਼ਮ (ਸਰੀਰ ‘ਚ ਹੋਣ ਵਾਲੀ ਰਸਾਇਣਕ ਕਿਰਿਆਵਾਂ ਜਿਵੇਂ ਪਾਚਨ) ‘ਤੇ ਅਸਰ ਪਾਉਣ ਦੇ ਨਾਲ ਚਰਬੀ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਦੀ ਪ੍ਰਕਿਰਿਆ ਦਾ ਹਾਲਾਂਕਿ ਹਾਲੇ ਪਤਾ ਨਹੀਂ ਚੱਲ ਸਕਿਆ ਹੈ।’
ਸਿਨੇਮੇਲਡੀਹਾਈਡ ਵਸਾ ਕੋਸ਼ਿਕਾ ਜਾਂ ਐਡੀਪੋਸਾਈਟਿਸ ‘ਤੇ ਕਿਰਿਆ ਕਰਕੇ ਉਸ ਦੀ ਊਰਜਾ ਨੂੰ ਸਾੜਨ ਲਈ ਪ੍ਰੇਰਿਤ ਕਰਦੀ ਹੈ।
ਇਸ ਪ੍ਰਕਿਰਿਆ ਨੂੰ ਥਰਮੋਜੇਨੀਸਿਸ ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਤੋਂ ਬਾਅਦ ਕਈ ਤਰ੍ਹਾਂ ਦੇ ਜੀਨ ਤੇ ਅੰਜਾਇਮ ਤੇਜ਼ੀ ਨਾਲ ਕੰਮ ਕਰਕੇ ਮੈਟਾਬਾਲਿਜ਼ਮ ਨੂੰ ਦਰੁਸਤ ਕਰਦੇ ਹਨ।
ਪ੍ਰੋਫੈਸਰ ਜੁਨ ਵੁ ਨੇ ਕਿਹਾ ਕਿ ਦਾਲਚੀਨੀ ਪਿਛਲੇ ਹਜ਼ਾਰਾਂ ਸਾਲਾਂ ਤੋਂ ਸਾਡੇ ਖਾਣ-ਪੀਣ ਦਾ ਅਹਿਮ ਹਿੱਸਾ ਹੈ।
ਇਹ ਜੇਕਰ ਮੋਟਾਪੇ ਦੇ ਨਾਲ-ਨਾਲ ਇਨਸਾਨ ਦੇ ਸਰੀਰ ਦਾ ਮੈਟਾਬਾਲਿਜ਼ਮ ਵਧਾਉਣ ਵਿੱਚ ਸਹਾਇਕ ਹੁੰਦੀ ਹੈ ਤਾਂ ਅਸੀਂ ਮਰੀਜ਼ਾਂ ਨੂੰ ਦਾਲਚੀਨੀ ਅਧਾਰਤ ਇਲਾਜ ਕਰਾਉਣ ਲਈ ਆਸਾਨੀ ਨਾਲ ਰਾਜ਼ੀ ਕਰ ਸਕਾਂਗੇ।