ਆਦਮਪੁਰ – ਆਦਮਪੁਰ ਸਿਵਲ ਹਵਾਈ ਅੱਡੇ ਤੋਂ ਹੁਣ ਉਡਾਨ ਦਸੰਬਰ ਤੋਂ ਹੋਰ ਵੀ ਦੇਰੀ ਨਾਲ ਹੋ ਸਕਦੀ ਹੈ | ਸੂਤਰਾਂ ਦੀ ਮੰਨੀਏ ਤਾਂ ਇਹ ਉਡਾਨ ਜਨਵਰੀ 2018 ਦੇ ਪਹਿਲੇ ਹਫ਼ਤੇ ‘ਚ ਸ਼ੁਰੂ ਹੋਣ ਦੀ ਸੰਭਾਵਨਾ ਹੈ, ਕਿਉਂਕਿ ਸਪਾਈਸ ਜੈੱਟ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਤੱਕ ਮੰਤਰਾਲੇ ਤੋਂ ਕੋਈ ਖ਼ਬਰ ਨਹੀਂ ਹੈ ਅਤੇ ਜਦੋਂ ਹੀ ਉਡਾਨ ਮੰਤਰਾਲੇ ਤੋਂ ਉਨ੍ਹਾਂ ਦੀ ਫ਼ਾਈਲ ਓ. ਕੇ. ਹੋ ਜਾਵੇਗੀ, ਉਨ੍ਹਾਂ ਦੀ ਹਵਾਈ ਯਾਤਰਾ ਲਈ ਆਦਮਪੁਰ ਤੋਂ ਦਿੱਲੀ ਲਈ ਬੁਕਿੰਗ ਖੁੱਲ੍ਹ ਜਾਵੇਗੀ | ਮੌਸਮ ਵਿਭਾਗ ਅਨੁਸਾਰ ਦਸੰਬਰ ਮਹੀਨੇ ‘ਚ ਮੌਸਮ ਦੀ ਖ਼ਰਾਬੀ ਵੀ ਆਦਮਪੁਰ ਸਿਵਲ ਹਵਾਈ ਅੱਡੇ ‘ਚ ਰੁਕਾਵਟ ਬਣ ਸਕਦੀ ਹੈ | ਹਾਲਾਂਕਿ ਕੇਂਦਰੀ ਮੰਤਰੀ ਵਿਜੈ ਸਾਂਪਲਾ ਦਾ ਇਹ ਡ੍ਰੀਮ ਪ੍ਰੋਜੈਕਟ ਹੋਣ ਕਾਰਨ ਉਹ ਜਲਕ ਉਡਾਣ ਸ਼ੁਰੂ ਕਰਨ ਲਈ ਆਪਣਾ ਪੂਰਾ ਜ਼ੋਰ ਲਾ ਰਹੇ ਹਨ | ਉੱਥੇ ਖ਼ਬਰ ਹੈ ਕਿ ਸਪਾਈਸ ਜੈੱਟ ਆਪ ਆਦਮਪੁਰ ਤੋਂ ਉਡਾਨ ਦਿੱਲੀ ਟਰਮੀਨਲ 1 ‘ਤੇ ਉਤਾਰਨਾ ਚਾਹੁੰਦਾ ਹੈ ਜਦਕਿ ਏਅਰ ਟ੍ਰੈਫਿਕ ਕੰਟਰੋਲ ਉਨ੍ਹਾਂ ਨੂੰ ਆਦਮਪੁਰ ਤੋਂ ਦਿੱਲੀ ਟਰਮੀਨਲ 2 ਦੇ ਰਿਹਾ ਹੈ | ਸੂਤਰਾਂ ਦੀ ਮੰਨੀਏ ਤਾਂ ਏਅਰ ਇੰਡੀਆ ਵੀ ਆਦਮਪੁਰ -ਦਿੱਲੀ ਹਵਾਈ ਉਡਾਣ ਲਈ ਤਿਆਰ ਬੈਠਾ ਹੈ ਪਰ ਸਪਾਈਸ ਜੈੱਟ ਵੀ ਇਸ ਉਡਾਨ ਨੂੰ ਛੱਡਣ ਲਈ ਤਿਆਰ ਨਹੀਂ, ਕਿਉਂਕਿ ਆਉਣ ਵਾਲੇ ਸਮੇਂ ‘ਚ ਇਹ ਐਨ. ਆਰ. ਆਈ. ਦਾ ਗੜ੍ਹ ਹੋਣ ਨਾਲ ਕਾਫ਼ੀ ਫ਼ਾਈਦੇ ਦਾ ਸੌਦਾ ਹੋਵੇਗਾ |