ਜੌਹਰ ਬਾਹਰੂ, ਮਲੇਸ਼ੀਆ — ਵਿਸ਼ਾਲ ਅੰਤਿਲ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਮੇਜ਼ਬਾਨ ਮਲੇਸ਼ੀਆ ਨੂੰ 4-0 ਨਾਲ ਹਰਾ ਕੇ ਸੱਤਵੇਂ ਸੁਲਤਾਨ ਜੌਹਰ ਕੱਪ ਵਿਚ ਤੀਜਾ ਸਥਾਨ ਹਾਸਲ ਕੀਤਾ।
ਤਨਮ ਦਯਾ ਹਾਕੀ ਸਟੇਡੀਅਮ ਵਿਚ ਭਾਰਤ ਵੱਲੋਂ ਅੰਤਿਲ ਨੇ 15ਵੇਂ ਤੇ 25ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਨੂੰ ਹਾਲਾਂਕਿ ਵਿਵੇਕ ਪ੍ਰਸਾਦ (11ਵੇਂ ਮਿੰਟ) ਨੇ ਸ਼ੁਰੂਆਤੀ ਬੜ੍ਹਤ ਦਿਵਾਈ ਸੀ ਜਦਕਿ ਸ਼ੈਲਾਨੰਦ ਲਾਕੜਾ ਨੇ 21ਵੇਂ ਮਿੰਟ ਵਿਚ ਟੀਮ ਵੱਲੋਂ ਤੀਜਾ ਗੋਲ ਕੀਤਾ ਸੀ। ਇਸ ਤਰ੍ਹਾਂ ਨਾਲ ਭਾਰਤ ਨੇ ਕਾਂਸੀ ਤਮਗਾ ਜਿੱਤ ਕੇ ਆਪਣੀ ਮੁਹਿੰਮ ਦਾ ਅੰਤ ਕੀਤਾ। ਭਾਰਤ ਇਸ ਤੋਂ ਪਹਿਲਾਂ 9 ਅੰਕ ਲੈ ਕੇ ਅੰਕ ਸੂਚੀ ਵਿਚ ਤੀਜੇ ਸਥਾਨ ‘ਤੇ ਰਿਹਾ ਸੀ।
ਉਸ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਪਹਿਲੇ ਕੁਆਰਟਰ ਵਿਚ ਹੀ ਮਲੇਸ਼ੀਆਈ ਗੋਲ ‘ਤੇ ਲਗਾਤਾਰ ਹਮਲੇ ਕੀਤੇ। ਫਾਈਨਲ ਵਿਚ ਨਾ ਪਹੁੰਚ ਸਕਣ ਦੀ ਨਿਰਾਸ਼ਾ ਨੂੰ ਭੁੱਲਦੇ ਹੋਏ ਭਾਰਤੀ ਟੀਮ ਨੇ ਆਪਣੀ ਕੁਸ਼ਲਤਾ ਦਾ ਚੰਗਾ ਨਜ਼ਾਰਾ ਪੇਸ਼ ਕੀਤਾ।