ਚੰਡੀਗੜ੍ਹ/ਪੰਚਕੂਲਾ, 3 ਅਕਤੂਬਰ – ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਗੋਦ ਲਈ ਬੇਟੀ ਹਨੀਪ੍ਰੀਤ ਨੂੰ ਅੱਜ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਚੰਡੀਗੜ੍ਹ ਦੇ ਕੋਲ ਮੁਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਪੰਚਕੂਲਾ ਪੁਲਿਸ ਦੀ ਟੀਮ ਨੇ ਉਸ ਨੂੰ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਗਿ੍ਫ਼ਤਾਰ ਕੀਤਾ ਹੈ | ਹਨੀਪ੍ਰੀਤ ਨੂੰ ਪੰਚਕੂਲਾ ‘ਚ ਘਟੀਆਂ ਹਿੰਸਕ ਘਟਨਾਵਾਂ ਦੇ 39 ਦਿਨ ਬਾਅਦ ਗਿ੍ਫ਼ਤਾਰ ਕੀਤਾ ਹੈ | ਹਰਿਆਣਾ ਪੁਲਿਸ ਨੇ ਹਨੀਪ੍ਰੀਤ ਦੀ ਗਿ੍ਫ਼ਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ | ਦੱਸਿਆ ਜਾਂਦਾ ਹੈ ਕਿ ਫੜੇ ਜਾਣ ਦੇ ਬਾਅਦ ਹਨੀਪ੍ਰੀਤ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਦੇ ਬਾਅਦ ਤੋਂ ਉਹ ਇਕੱਲੀ ਹੋ ਗਈ ਹੈ | ਹਨੀਪ੍ਰੀਤ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹੈ ਤੇ ਪੁਲਿਸ ਨੂੰ ਉਮੀਦ ਹੈ ਕਿ ਹਨੀਪ੍ਰੀਤ ਤੋਂ ਪੁੱਛਗਿੱਛ ਨਾਲ ਡੇਰੇ ਤੇ ਗੁਰਮੀਤ ਰਾਮ ਰਹੀਮ ਨਾਲ ਜੁੜੇ ਵਿਵਾਦਾਂ ਬਾਰੇ ਅਹਿਮ ਸੁਰਾਗ ਹੱਥ ਲੱਗ ਸਕਦੇ ਹਨ | ਪੁਲਿਸ ਅਨੁਸਾਰ ਉਸ ਨੂੰ ਬੁੱਧਵਾਰ 4 ਅਕਤੂਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ | ਅਜੇ ਪੁਲਿਸ ਨੇ ਹਨੀਪ੍ਰੀਤ ਦੀ ਡਾਕਟਰੀ ਜਾਂਚ ਵੀ ਕਰਵਾਉਣੀ ਹੈ ਤੇ ਉਸ ਦੇ ਬਾਅਦ ਰਾਤ ਨੂੰ ਉਸ ਨੂੰ ‘ਕ੍ਰਾਈਮ ਅਗੈਂਸਟ ਵੁਮੈਨ’ ਦੀ ਆਈ. ਜੀ. ਮਮਤਾ ਸਿੰਘ ਦੀ ਅਗਵਾਈ ‘ਚ ਗਠਿਤ ਵਿਸ਼ੇਸ਼ ਐਸ. ਆਈ. ਟੀ. ਤੇ ਪੁਲਿਸ ਕਮਿਸ਼ਨਰ ਏ. ਐਸ. ਚਾਵਲਾ ਦੀਆਂ ਟੀਮਾਂ ਦੁਆਰਾ ਪੁੱਛਗਿੱਛ ਕੀਤੀ ਜਾ ਰਹੀ ਹੈ | ਪੁਲਿਸ ਦਾ ਕਹਿਣਾ ਹੈ ਕਿ ਹਨੀਪ੍ਰੀਤ ਨੂੰ ਜ਼ੀਰਕਪੁਰ-ਪਟਿਆਲਾ ਸੜਕ ਤੋਂ ਗਿ੍ਫ਼ਤਾਰ ਕੀਤਾ ਹੈ | ਪੰਚਕੂਲਾ ਦੇ ਡੀ. ਸੀ. ਪੀ. ਮਨਵੀਰ ਸਿੰਘ ਤੋਂ ਲੈ ਕੇ ਪੁਲਿਸ ਕਮਿਸ਼ਨਰ ਏ. ਐਸ. ਚਾਵਲਾ ਤੇ ਡੀ. ਜੀ. ਪੀ. ਸਮੇਤ ਸਾਰੇ ਆਲਾ ਪੁਲਿਸ ਅਧਿਕਾਰੀਆਂ ਮੁਤਾਬਿਕ ਹਨੀਪ੍ਰੀਤ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ‘ਤੇ ਲਿਆ ਜਾਵੇਗਾ | ਹਨੀਪ੍ਰੀਤ ਨੇ ਪੁਲਿਸ ਸਾਹਮਣੇ ਖ਼ੁਲਾਸਾ ਕੀਤਾ ਹੈ ਕਿ ਉਹ ਪਿਛਲੇ ਦਿਨੀਂ ਦਿੱਲੀ ਤੇ ਰਾਜਸਥਾਨ ‘ਚ ਵੀ ਗਈ ਸੀ | ਉਹ ਸੋਮਵਾਰ ਦੇਰ ਰਾਤ ਚੰਡੀਗੜ੍ਹ ਆਈ ਸੀ ਤੇ ਇਸ ਦੇ ਬਾਅਦ ਉਹ ਜ਼ੀਰਕਪੁਰ ਪਹੁੰਚੀ ਸੀ |
ਦੱਸਿਆ ਜਾ ਰਿਹਾ ਹੈ ਕਿ ਹਨੀਪ੍ਰੀਤ ਪਿਛਲੇ ਦੋ ਦਿਨਾਂ ਤੋਂ ਜ਼ੀਰਕਪੁਰ ‘ਚ ਹੀ ਰੁਕੀ ਹੋਈ ਸੀ | ਜ਼ੀਰਕਪੁਰ ‘ਚ ਡੇਰਾ ਸਿਰਸਾ ਦੇ ਕਈ ਪ੍ਰੇਮੀ ਰਹਿੰਦੇ ਹਨ | ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜ਼ੀਰਕਪੁਰ ‘ਚ ਹਨੀਪ੍ਰੀਤ ਕਿੱਥੇ ਤੇ ਕਿਸ ਦੇ ਘਰ ਰੁਕੀ ਹੋਈ ਸੀ