ਵਿਦਿਆਰਥੀ ਤੇ ਰਾਜਨੀਤੀ: ਭਗਤ ਸਿੰਘ ਦੇ ਵਿਚਾਰ

0
896

ਸ਼ਹੀਦ ਭਗਤ ਸਿੰਘ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ, ਇਨਕਲਾਬੀ ਹੋਣ ਤੋਂ ਇਲਾਵਾ ਉੱਚ ਕੋਟੀ ਦੇ ਵਿਚਾਰਵਾਨ ਵੀ ਸਨ। ਉਨ੍ਹਾਂ ਵੱਲੋਂ 20 ਸਾਲ ਦੀ ਉਮਰ ਵਿੱਚ ਲਿਖਿਆ ਇਹ ਲੇਖ ਇਤਿਹਾਸਕ ਦਸਤਾਵੇਜ਼ ਦੇ ਰੂਪ ਵਿੱਚ ਪਾਠਕਾਂ ਦੀ ਨਜ਼ਰ ਹੈ। ਇਹ ਲੇਖ ‘ਕਿਰਤੀ’ ਰਸਾਲੇ ਦੇ ਜੁਲਾਈ 1927 ਦੇ ਅੰਕ ਵਿੱਚ ਛਪਿਆ ਸੀ।

ਬੜਾ ਭਾਰੀ ਰੌਲਾ ਇਸ ਗੱਲ ਦਾ ਸੁਣਿਆ ਜਾ ਰਿਹਾ ਹੈ ਕਿ ਪੜ੍ਹਨ ਵਾਲੇ ਨੌਜਵਾਨ (ਵਿਦਿਆਰਥੀ) ਰਾਜਸੀ ਕੰਮਾਂ ਵਿੱਚ ਹਿੱਸਾ ਨਾ ਲੈਣ। ਪੰਜਾਬ ਸਰਕਾਰ ਦਾ ਰੱਬ ਬਿਲਕੁਲ ਹੀ ਨਿਆਰਾ ਹੈ। ਵਿਦਿਆਰਥੀਆਂ ਕੋਲੋਂ ਕਾਲਜਾਂ ਵਿੱਚ ਦਾਖ਼ਲ ਹੋਣ ਤੋਂ ਪਹਿਲੋਂ ਇਸ ਮਤਲਬ ਦੀ ਸ਼ਰਤ ਪੁਰ ਦਸਤਖ਼ਤ ਕਰਾਏ ਜਾਂਦੇ ਹਨ ਕਿ ਉਹ ਰਾਜਸੀ ਕੰਮਾਂ ਵਿੱਚ ਹਿੱਸਾ ਨਹੀਂ ਲਵੇਗਾ। ਅੱਗੇ ਤਕਦੀਰ ਸਾਡੀ ਫੁੱਟੀ ਹੋਈ, ਲੋਕਾਂ ਵੱਲੋਂ ਚੁਣਿਆ ਹੋਇਆ ਮਨੋਹਰ ਲਾਲ, ਜੋ ਕਿ ਹੁਣ ਵਜ਼ੀਰੇ-ਤਾਲੀਮ ਬਣਿਆ ਹੋਇਆ ਹੈ, ਸਕੂਲਾਂ ਕਾਲਜਾਂ ਦੇ ਨਾਮ ਇੱਕ ਸਰਕੁਲਰ ਜਾਂ ਗਸ਼ਤੀ ਚਿੱਠੀ ਭੇਜਦਾ ਹੈ ਕਿ ਕੋਈ ਪੜ੍ਹਨ ਅਤੇ ਪੜ੍ਹਾਉਣ ਵਾਲਾ ਰਾਜਨੀਤੀ ਵਿੱਚ ਹਿੱਸਾ ਨਾ ਲੈ ਸਕੇ। ਕੁਝ ਦਿਨ ਹੋਏ ਹਨ ਜਦੋਂਕਿ ਲਾਹੌਰ ਵਿੱਚ ਵਿਦਿਆਰਥੀ ਜਥੇਬੰਦੀ ਵੱਲੋਂ ਵਿਦਿਆਰਥੀ ਹਫ਼ਤਾ ਮਨਾਇਆ ਜਾ ਰਿਹਾ ਸੀ। ਉੱਥੇ ਵੀ ਸਰ ਅਬਦੁਲ ਕਾਦਿਰ ਅਤੇ ਸ੍ਰੀਮਾਨ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਰਾਜਨੀਤੀ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ।
ਪੰਜਾਬ ਰਾਜਸੀ ਮੈਦਾਨ ਵਿੱਚ ਸਭ ਤੋਂ ਨਖਿੱਧ ਕਹਾਉਂਦਾ ਹੈ। ਇਸ ਦੀ ਕੀ ਵਜ੍ਹਾ ਹੈ? ਕੀ ਪੰਜਾਬ ਨੇ ਕੁਰਬਾਨੀਆਂ ਘੱਟ ਦਿੱਤੀਆਂ ਹਨ? ਕੀ ਪੰਜਾਬ ਨੇ ਮੁਸੀਬਤਾਂ ਘੱਟ ਝੱਲੀਆਂ ਹਨ? ਫਿਰ ਵੀ ਕੀ ਵਜ੍ਹਾ ਹੈ ਕਿ ਅਸੀਂ ਇਸ ਮੈਦਾਨ ਵਿੱਚ ਸਭ ਤੋਂ ਪਿੱਛੇ ਹਾਂ? ਇਸ ਦੀ ਵਜ੍ਹਾ ਸਾਫ ਹੈ ਕਿ ਸਾਡੇ ਤਾਲੀਮਯਾਫਤਾ ਲੋਕੀਂ ਬਿਲਕੁਲ ਹੀ ਬੁੱਧੂ ਹਨ। ਅੱਜ ਪੰਜਾਬ ਕੌਂਸਲ ਦੀ ਕਾਰਵਾਈ ਪੜ੍ਹ ਕੇ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਲੱਗਦਾ ਹੈ। ਇਸ ਦਾ ਕਾਰਨ ਇਹੋ ਹੈ ਕਿ ਸਾਡੀ ਤਾਲੀਮ ਨਿਕੰਮੀ ਅਤੇ ਫਜ਼ੂਲ ਹੁੰਦੀ ਹੈ ਅਤੇ ਵਿਦਿਆਰਥੀ ਦੁਨੀਆਂ ਛੱਡ ਕੇ ਆਪਣੇ ਮੁਲਕ ਦੀਆਂ ਗੱਲਾਂ ਵਿੱਚ ਕੋਈ ਹਿੱਸਾ ਨਹੀਂ ਲੈਂਦੇ। ਉਨ੍ਹਾਂ ਨੂੰ ਇਸ ਦੇ ਸਬੰਧ ਵਿੱਚ ਕੁਝ ਵੀ ਗਿਆਨ ਨਹੀਂ ਹੁੰਦਾ।

ਜਿਨ੍ਹਾਂ ਨੌਜਵਾਨਾਂ ਨੇ ਕੱਲ੍ਹ ਨੂੰ ਮੁਲਕ ਦੀ ਵਾਗਡੋਰ ਹੱਥ ਵਿੱਚ ਲੈਣੀ ਹੈ, ਉਨ੍ਹਾਂ ਨੂੰ ਹੀ ਅੱਜ ਅਕਲ ਦੇ ਅੰਨ੍ਹੇ ਬਣਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੋ ਨਤੀਜਾ ਨਿਕਲੇਗਾ, ਉਹ ਸਾਨੂੰ ਆਪ ਹੀ ਸਮਝ ਲੈਣਾ ਚਾਹੀਦਾ ਹੈ। ਇਹ ਅਸੀਂ ਮੰਨਦੇ ਹਾਂ ਕਿ ਵਿਦਿਆਰਥੀ ਦਾ ਮੁੱਖ ਕੰਮ ਵਿੱਦਿਆ ਪੜ੍ਹਨਾ ਹੈ। ਉਸ ਨੂੰ ਆਪਣੀ ਸਾਰੀ ਤਵੱਜੋ ਉਸੇ ਪਾਸੇ ਲਾ ਦੇਣੀ ਚਾਹੀਦੀ ਹੈ। ਪਰ ਕੀ ਦੇਸ਼ ਦੇ ਹਾਲਾਤ ਦਾ ਗਿਆਨ ਅਤੇ ਉਨ੍ਹਾਂ ਦੇ ਸੁਧਾਰ ਦੇ ਉਪਾਅ ਸੋਚਣ ਦੀ ਯੋਗਤਾ ਪੈਦਾ ਕਰਨਾ ਉਸੇ ਵਿੱਦਿਆ ਵਿੱਚ ਸ਼ਾਮਿਲ ਨਹੀਂ? ਜੇ ਨਹੀਂ ਤਾਂ ਅਸੀਂ ਉਸ ਵਿੱਦਿਆ ਨੂੰ ਨਿਕੰਮਾ ਸਮਝਦੇ ਹਾਂ ਜੋ ਕਿ ਕੇਵਲ ਕਲਰਕੀ ਕਰਨ ਵਾਸਤੇ ਹੀ ਹਾਸਿਲ ਕੀਤੀ ਜਾਵੇ। ਐਸੀ ਵਿੱਦਿਆ ਦੀ ਲੋੜ ਹੀ ਕੀ ਹੈ? ਕੁਝ ਜ਼ਿਆਦਾ ਚਲਾਕ ਆਦਮੀ ਇਹ ਕਹਿੰਦੇ ਹਨ: ‘‘ਕਾਕਾ! ਤੁਸੀਂ ਰਾਜਨੀਤੀ ਦੇ ਮੁਤੱਲਕ, ਪੜ੍ਹੋ ਤੇ ਸੋਚੋ ਜ਼ਰੂਰ, ਪਰ ਕੋਈ ਅਮਲੀ ਹਿੱਸਾ ਨਾ ਲਵੋ। ਕਿਉਂਕਿ ਤੁਸੀਂ ਜ਼ਿਆਦਾ ਲਾਇਕ ਹੋ ਕੇ ਦੇਸ਼ ਦੇ ਵਾਸਤੇ ਫਾਇਦੇਮੰਦ ਸਾਬਤ ਹੋਵੋਗੇ।’’ ਗੱਲ ਬੜੀ ਸੋਹਣੀ ਲੱਗਦੀ ਹੈ। ਪਰ ਅਸੀਂ ਦੱਸਦੇ ਹਾਂ ਕਿ ਇਹ ਵੀ ਕੇਵਲ ਓਪਰੀ-ਓਪਰੀ ਹੀ ਗੱਲ ਹੈ। ਇਸ ਗੱਲ ਤੋਂ ਇਹ ਸਾਫ ਜ਼ਾਹਿਰ ਹੋ ਜਾਂਦਾ ਹੈ ਕਿ ਇੱਕ ਦਿਨ ਇੱਕ ਵਿਦਿਆਰਥੀ ਇੱਕ ਕਿਤਾਬ ‘ਨੌਜਵਾਨਾਂ ਦੇ ਨਾਮ ਅਪੀਲ ਵੱਲੋਂ ਕ੍ਰੌਪਟਕਿਨ’ (1ppeal to the Young by Peter Kropotkin) ਪੜ੍ਹ ਰਿਹਾ ਸੀ। ਇੱਕ ਪ੍ਰੋਫੈਸਰ ਸਾਹਿਬ ਕਹਿਣ ਲੱਗੇ, ਇਹ ਕੀ ਕਿਤਾਬ ਹੈ? ਅਤੇ ਇਹ ਤਾਂ ਕਿਸੇ ਬੰਗਾਲੀ ਦਾ ਨਾਮ ਜਾਪਦਾ ਹੈ। ਮੁੰਡਾ ਹੱਸ ਪਿਆ। ਪ੍ਰਿੰਸ ਕ੍ਰੌਪਟਕਿਨ ਦਾ ਨਾਮ ਬੜਾ ਪ੍ਰਸਿੱਧ ਹੈ। ਉਹ ਅਰਥ ਸ਼ਾਸਤਰ ਦੇ ਵਿਸ਼ੇ ਦੇ ਖਾਸ ਵਿਦਵਾਨ ਸਨ। ਆਪ ਦੇ ਨਾਮ ਤੋਂ ਵਾਕਫ਼ ਹੋਣਾ ਹਰ ਇੱਕ ਪ੍ਰੋਫੈਸਰ ਨੂੰ ਬੜਾ ਜ਼ਰੂਰੀ ਸੀ। ਪਰ ਪ੍ਰੋਫੈਸਰ ਦੀ ਲਿਆਕਤ ’ਤੇ ਮੁੰਡਾ ਹੱਸ ਪਿਆ ਤੇ ਉਸ ਕਿਹਾ: ‘‘ਜੀ ਇਹ ਤਾਂ ਰੂਸੀ ਸੱਜਣ ਸਨ। ਬੱਸ! ਰੂਸੀ?’’ ਹੋਇਆ ਕਹਿਰ! ਝੱਟ ਪ੍ਰੋਫੈਸਰ ਨੇ ਕਹਿ ਦਿੱਤਾ ਕਿ ਤੂੰ ਤਾਂ ਬਾਲਸ਼ਵਿਕ ਹੈ, ਕਿਉਂਕਿ ਤੂੰ ਪੁਲਿਟੀਕਲ ਕਿਤਾਬਾਂ ਪੜ੍ਹਦਾ ਹੈ। ਮੈਂ ਹੁਣੇ ਹੀ ਪ੍ਰਿੰਸੀਪਲ ਨੂੰ ਕਹਿੰਦਾ ਹਾਂ। ਦੇਖੋ ਤੁਸੀਂ ਪ੍ਰੋਫੈਸਰ ਦੀ ਲਿਆਕਤ। ਹੁਣ ਉਨ੍ਹਾਂ ਮੁੰਡਿਆਂ ਵਿਚਾਰਿਆਂ ਉਨ੍ਹਾਂ ਕੋਲੋਂ ਕੀ ਸਿੱਖਣਾ ਹੈ? ਐਸੀ ਹਾਲਤ ਵਿੱਚ ਉਹ ਨੌਜਵਾਨ ਕੀ ਸਿੱਖ ਸਕਦੇ ਹਨ।
ਅਤੇ ਦੂਜੀ ਗੱਲ ਇਹ ਹੈ ਕਿ ਅਮਲੀ ਪਾਲਿਟਿਕਸ ਕੀ ਹੁੰਦਾ ਹੈ? ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਸੁਭਾਸ਼ ਚੰਦਰ ਬੋਸ ਦਾ ਸਵਾਗਤ ਕਰਨਾ ਅਤੇ ਲੈਕਚਰ ਸੁਣਨਾ ਤੇ ਹੋਇਆ ਨਾ ਅਮਲੀ ਪਾਲਿਟਿਕਸ। ਤੇ ਕਮਿਸ਼ਨ ਜਾਂ ਵਾਇਸਰਾਏ ਦਾ ਸਵਾਗਤ ਕਰਨਾ ਕੀ ਹੋਇਆ? ਕੀ ਉਹ ਪਾਲਿਟਿਕਸ ਦਾ ਹੀ ਦੂਜਾ ਪਹਿਲੂ ਨਹੀਂ? ਸਰਕਾਰਾਂ ਅਤੇ ਮੁਲਕਾਂ ਦੇ ਇੰਤਜ਼ਾਮਾਂ ਦੇ ਮੁਤੱਲਕ (ਸਬੰਧੀ) ਕੋਈ ਵੀ ਗੱਲ ਪਾਲਿਟਿਕਸ ਦੇ ਮੈਦਾਨ ਵਿਚ ਹੀ ਗਿਣੀ ਜਾਵੇਗੀ। ਤਾਂ ਫਿਰ ਇਹ ਵੀ ਪਾਲਿਟਿਕਸ ਹੋਇਆ ਕਿ ਨਾ? ਕਿਹਾ ਜਾਵੇਗਾ ਕਿ ਇਸ ਤੋਂ ਸਰਕਾਰ ਖੁਸ਼ ਹੁੰਦੀ ਹੈ ਤੇ ਦੂਜੇ ਤੋਂ ਨਾਰਾਜ਼? ਤੇ ਫਿਰ ਸਵਾਲ ਤਾਂ ਸਰਕਾਰ ਦੀ ਖੁਸ਼ੀ ਤੇ ਨਾਰਾਜ਼ਗੀ ਦਾ ਹੋਇਆ। ਕੀ ਵਿਦਿਆਰਥੀਆਂ ਨੂੰ ਜੰਮਦਿਆਂ ਹੀ ਖੁਸ਼ਾਮਦ ਦਾ ਸਬਕ ਪੜ੍ਹਾਇਆ ਜਾਣਾ ਚਾਹੀਦਾ ਹੈ? ਅਸੀਂ ’ਤੇ ਸਮਝਦੇ ਹਾਂ ਕਿ ਜਦੋਂ ਤੀਕ ਹਿੰਦੁਸਤਾਨ ਵਿੱਚ ਵਿਦੇਸ਼ੀ ਡਾਕੂ ਹਕੂਮਤ ਕਰ ਰਹੇ ਹਨ, ਉਦੋਂ ਤੀਕ ਵਫ਼ਾਦਾਰੀ ਕਰਨ ਵਾਲੇ ਵਫ਼ਾਦਾਰ ਨਹੀਂ ਬਲਕਿ ਗੱਦਾਰ ਹਨ, ਇਨਸਾਨ ਨਹੀਂ ਪਸ਼ੂ ਹਨ, ਪੇਟ ਦੇ ਗੁਲਾਮ ਹਨ। ਤਾਂ ਅਸੀਂ ਕਿਸ ਤਰ੍ਹਾਂ ਕਹੀਏ ਕਿ ਵਿਦਿਆਰਥੀ ਵਫ਼ਾਦਾਰੀ ਦਾ ਸਬਕ ਸਿੱਖਣ?
ਸਾਰੇ ਹੀ ਮੰਨਦੇ ਹਨ ਕਿ ਹਿੰਦੁਸਤਾਨ ਨੂੰ ਇਸ ਵੇਲੇ ਦੇਸ਼ ਸੇਵਕਾਂ ਦੀ ਲੋੜ ਹੈ, ਜੋ ਤਨ, ਮਨ, ਧਨ ਦੇਸ਼ ਤੋਂ ਵਾਰ ਦੇਣ ਅਤੇ ਪਾਗਲਾਂ ਵਾਂਗ ਸਾਰੀ ਉਮਰ ਦੇਸ਼ ਦੀ ਆਜ਼ਾਦੀ ਦੀ ਖਾਤਰ ਨਿਛਾਵਰ ਕਰ ਦੇਣ। ਪਰ ਕੀ ਬੁੱਢਿਆਂ ਵਿੱਚੋਂ ਵੀ ਇਹੋ ਜਿਹੇ ਆਦਮੀ ਮਿਲ ਸਕਣਗੇ? ਕੀ ਟੱਬਰਾਂ ਦੇ ਤੇ ਦੁਨੀਆਦਾਰੀ ਦੇ ਟੰਟਿਆਂ ਵਿੱਚ ਫਸੇ ਹੋਏ ਸਿਆਣੇ ਲੋਕਾਂ ਵਿੱਚੋਂ ਇਹੋ ਜਿਹੇ ਨਿਕਲ ਸਕਣਗੇ? ਇਹ ਤਾਂ ਉਹ ਨੌਜਵਾਨ ਹੀ ਨਿਕਲ ਸਕਦੇ ਹਨ, ਜਿਨ੍ਹਾਂ ਨੂੰ ਕੋਈ ਜੰਜਾਲ ਨਾ ਪਏ ਹੋਏ ਹੋਣ ਅਤੇ ਜੰਜਾਲਾਂ ਵਿੱਚ ਪੈਣ ਤੋਂ ਪਹਿਲੋਂ ਵਿਦਿਆਰਥੀ ਜਾਂ ਹੋਰ ਨੌਜਵਾਨ ਤਦੇ ਹੀ ਸੋਚ ਸਕਦੇ ਹਨ ਜੇ ਉਨ੍ਹਾਂ ਨੇ ਕੁਝ ਅਸਲੀ ਇਲਮ ਵੀ ਹਾਸਿਲ ਕੀਤਾ ਹੋਵੇ। ਨਿਰੇ ਹਿਸਾਬ ਤੇ ਜੁਗਰਾਫ਼ੀਏ ਨੂੰ ਹੀ ਇਮਤਿਹਾਨ ਦੇ ਪਰਚਿਆਂ ਵਾਸਤੇ ਘੋਟੇ ਨਾ ਲਾਏ ਹੋਏ ਹੋਣ।
ਕੀ ਇੰਗਲੈਂਡ ਦੇ ਸਾਰੇ ਵਿਦਿਆਰਥੀਆਂ ਦਾ ਕਾਲਜ ਛੱਡ ਕੇ ਜਰਮਨੀ ਦੇ ਬਰਖ਼ਿਲਾਫ ਲੜਨ ਤੁਰ ਜਾਣਾ ਪਾਲਿਟਿਕਸ ਨਹੀਂ ਸੀ? ਓਦੋਂ ਸਾਡੇ ਉਪਦੇਸ਼ਕ ਕਿੱਥੇ ਸਨ? ਉਨ੍ਹਾਂ ਨੂੰ ਕਹਿੰਦੇ ਕਿ ਜਾਓ ਜਾ ਕੇ ਹਾਲੇ ਵਿੱਦਿਆ ਹਾਸਿਲ ਕਰੋ। ਅੱਜ ਕੌਮੀ ਕਾਲਜ ਅਹਿਮਦਾਬਾਦ ਦੇ ਜੋ ਲੜਕੇ ਸੱਤਿਆਗ੍ਰਹਿ ਵਿੱਚ ਬਾਰਦੌਲੀ ਵਾਲਿਆਂ ਦੀ ਸਹਾਇਤਾ ਕਰ ਰਹੇ ਹਨ, ਕੀ ਉਹ ਐਵੇਂ ਮੂਰਖ ਹੀ ਰਹਿ ਜਾਣਗੇ? ਦੇਖਾਂਗੇ ਉਹਨਾਂ ਦੇ ਮੁਕਾਬਲੇ ਵਿੱਚ ਪੰਜਾਬ ਦੀ ਯੂਨੀਵਰਸਿਟੀ ਕਿੰਨੇ ਕੁ ਲਾਇਕ ਆਦਮੀ ਪੈਦਾ ਕਰਦੀ ਹੈ। ਸਾਰੇ ਹੀ ਮੁਲਕਾਂ ਨੂੰ ਆਜ਼ਾਦ ਕਰਾਉਣ ਵਾਲੇ ਉੱਥੋਂ ਦੇ ਵਿਦਿਆਰਥੀ ਅਤੇ ਨੌਜਵਾਨ ਹੀ ਹੋਇਆ ਕਰਦੇ ਹਨ। ਕੀ ਹਿੰਦੁਸਤਾਨ ਦੇ ਨੌਜਵਾਨ ਵੱਖਰੇ ਰਹਿ ਕੇ ਆਪਣੀ ਅਤੇ ਆਪਣੇ ਦੇਸ਼ ਦੀ ਹਸਤੀ ਬਚਾ ਸਕਣਗੇ? ਨੌਜਵਾਨਾਂ ਨੂੰ 1919 ਵਿੱਚ ਵਿਦਿਆਰਥੀਆਂ ’ਤੇ ਢਾਹੇ ਗਏ ਜ਼ੁਲਮ ਭੁੱਲ ਨਹੀਂ ਸਕਦੇ। ਉਹ ਇਹ ਵੀ ਸਮਝਦੇ ਹਨ ਕਿ ਇੱਕ ਭਾਰੀ ਇਨਕਲਾਬ ਦੀ ਜ਼ਰੂਰਤ ਹੈ। ਉਹ ਪੜ੍ਹਨ ਜ਼ਰੂਰ ਪੜ੍ਹਨ! ਨਾਲ ਹੀ ਪਾਲਿਟਿਕਸ ਦਾ ਵੀ ਗਿਆਨ ਹਾਸਿਲ ਕਰਨ, ਅਤੇ ਜਦੋਂ ਜ਼ਰੂਰਤ ਆ ਪਵੇ ਉਦੋਂ ਮੈਦਾਨ ਵਿੱਚ ਆ ਕੁੱਦਣ ਅਤੇ ਆਪਣੀਆਂ ਜ਼ਿੰਦਗੀਆਂ ਇਸੇ ਕੰਮ ਵਿੱਚ ਲਾ ਦੇਣ। ਆਪਣੀਆਂ ਜਾਨਾਂ ਇਸੇ ਕੰਮ ਵਿੱਚ ਦੇ ਦੇਣ! ਵਰਨਾ ਕੋਈ ਬਚਣ ਦਾ ਉਪਾਅ ਨਜ਼ਰ ਨਹੀਂ ਆਉਂਦਾ