ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲਗਾਤਾਰ ਕਈ ਤੱਥ ਸਾਹਮਣੇ ਆਉਂਦੇ ਰਹੇ। ਜਿਨ੍ਹਾਂ ਵਿੱਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਇੱਕ ਫੋਟੋ ਵੀ ਕਾਫੀ ਵਾਇਰਲ ਹੋਈ ਸੀ। ਉਸਨੂੰ ਵੇਖ ਕੇ ਸ਼ਾਇਦ ਹੀ ਕਿਸੇ ਨੂੰ ਜ਼ਿਆਦਾ ਹੈਰਾਨੀ ਹੋਈ ਹੋਵੇ। ਕਿਉਂਕਿ ਕਿਸੇ ਵੀ ਨਾਮੀ ਹਸਤੀ ਨੂੰ ਮਿਲਣ ਵਾਲਿਆਂ ਦੀ ਭੀੜ ‘ਚ ਹਰ ਕੋਈ ਸ਼ਾਮਲ ਹੋ ਜਾਂਦਾ ਹੈ।
ਜੇਲ੍ਹ ਜਾਣ ਤੋਂ ਬਾਅਦ ਬਾਬਾ ਦੇ ਕਿੱਸੇ-ਕਹਾਣੀਆਂ ਹਰ ਕੋਈ ਮਜੇ ਸੁਣਾ ਰਿਹਾ ਹੈ। ਅਜਿਹੇ ‘ਚ ਖੇਡ ਜਗਤ ਵੀ ਕਿਵੇਂ ਬੱਚ ਸਕਦਾ ਹੈ।
ਮੈਨੂੰ ਯਾਦ ਹੈ ਕਿ ਕਿਵੇਂ ਸਿਰਸਾ ਸਥਿਤ ਡੇਰੇ ‘ਚ ਬਣੇ ਸ਼ਾਨਦਾਰ ਸਟੇਡੀਅਮ ‘ਚ ਭਾਰਤ-ਪਾਕਿਸਤਾਨ ਦੋਸਤੀ ਮੈਚ ਕਰਵਾਇਆ ਗਿਆ ਸੀ। ਦਸੰਬਰ 2004 ‘ਚ ਭਾਰਤ ਤੇ ਪਾਕਿਸਤਾਨ ਦੇ ਸਾਬਕਾ ਖਿਡਾਰੀਆਂ ਵਿਚਾਲੇ ਇਹ ਮੁਕਾਬਲਾ ਹੋਇਆ। ਇਸ ਮੈਚ ਨੂੰ ਦੂਰਦਰਸ਼ਨ ‘ਤੇ ਲਾਈਵ ਦਿਖਾਇਆ ਗਿਆ ਸੀ।
ਪਾਕਿਸਤਾਨ ਟੀਮ ਦੇ ਕੈਪਟਨ ਸੀ ਸਈਦ ਅਨਵਰ
ਦੂਰਦਰਸ਼ਨ ਦੀ ਟੀਮ ਨਾਲ ਮੈਂ ਸਾਈਡ ਕੁਮੈਂਟੇਟਰ ਦੇ ਤੌਰ ‘ਤੇ ਜੁੜਿਆ ਹੋਇਆ ਸੀ। ਉਸ ਮੈਚ ‘ਚ ਭਾਰਤ ਦੀ ਕਪਤਾਨੀ ਸਾਬਕਾ ਵਿਕੇਟ ਕੀਪਰ ਬੱਲੇਬਾਜ਼ ਸੈੱਯਦ ਕਿਰਮਾਨੀ ਨੇ ਕੀਤੀ ਸੀ। ਪਾਕਿਸਤਾਨ ਦੇ ਕੈਪਟਨ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ ਸਲਾਮੀ ਬੱਲੇਬਾਜ਼ ਸਈਦ ਅਨਵਰ ਸੀ। 47 ਅਨਾਥ ਬੱਚਿਆਂ ਦੀ ਮਦਦ ਲਈ ਇਹ ਮੁਕਾਬਲਾ ਕਰਵਾਇਆ ਗਿਆ ਸੀ। ਮੈਚ 40-40 ਓਵਰਾਂ ਦਾ ਸੀ।
ਭਾਰਤ ਦੀ ਟੀਮ ‘ਚ ਸਾਬਕਾ ਤੇਜ਼ ਗੇਂਦਬਾਜ਼ ਅਤੁਲ ਵਾਸਨ, ਮਦਨ ਲਾਲ, ਸੰਜੀਵ ਸ਼ਰਮਾ, ਪ੍ਰਵੀਨ ਆਮਰੇ , ਅਸ਼ੋਕ ਮਲਹੋਤਰਾ, ਸਮੀਰ ਦਿਘੇ ਵਰਗੇ ਸ਼ਾਨਦਾਰ ਖਿਡਾਰੀ ਸ਼ਾਮਲ ਸਨ।
ਬਾਬਾ ਦੇ ਸੇਵਾਦਾਰ ਹਰ ਸਮੇਂ ਸਾਡੇ ਨਾਲ ਰਹੇ
ਸਾਡੀ ਲਗਭਗ 8-10 ਲੋਕਾਂ ਦੀ ਇੱਕ ਵੱਖਰੀ ਟੀਮ ਸੀ, ਜਿਸ ‘ਚ ਕੁਮੈਂਟੇਟਰ ਦੇ ਇਲਾਵਾ ਪ੍ਰੋਡਿਊਸਰ ਤੇ ਕੈਮਰਾਮੈਨ ਸੀ। ਅਸੀਂ ਰਾਤ ਨੂੰ 8 ਵਜੇ ਦੇ ਕਰੀਬ ਡੇਰੇ ‘ਚ ਪੁੱਜੇ।
ਸਾਡੇ ਪੁੱਜਦਿਆਂ ਹੀ ਸੇਵਾਦਾਰਾਂ ਦੀ ਇੱਕ ਟੀਮ ਨੂੰ ਸਾਡੇ ਨਾਲ ਲਗਾ ਦਿੱਤਾ ਗਿਆ। ਜਿੱਥੇ ਸਾਡੇ ਰੁਕਣ ਦਾ ਇੰਤਜ਼ਾਮ ਕੀਤਾ ਗਿਆ, ਉੱਥੇ ਆਹਮੋ-ਸਾਹਮਣੇ ਤੇ ਉੱਪਰ-ਥੱਲੇ ਇੱਕ-ਇੱਕ ਕਮਰਾ ਸੀ। ਬਿਜਲੀ, ਪਾਣੀ, ਬਿਸਤਰੇ, ਬਾਥਰੂਮ ਹਰ ਚੀਜ਼ ਦਾ ਇੰਤਜ਼ਾਮ ਸੀ।
ਜਿੱਥੇ ਬੈਠ ਕੇ ਅਸੀਂ ਚਾਹ ਪੀਤੀ, ਉਹ ਜਗ੍ਹਾਂ ਕਾਫੀ ਵੱਡੀ ਸੀ। ਇੱਥੇ ਕਾਫੀ ਉੱਚਾਈ ‘ਤੇ ਇੱਕ ਵੱਡੀ ਸ਼ੈਲਫ ਬਣਾਈ ਗਈ ਸੀ, ਜਿੱਥੇ ਵੱਡੀ ਗਿਣਤੀ ‘ਚ ਸਟੀਲ ਦੇ ਗਿਲਾਸ, ਪਲੇਟਾਂ ਅਤੇ ਨਮਕਪਾਰੇ ਰੱਖੇ ਸੀ।
ਸਾਫ-ਸਫਾਈ ਦਾ ਖਾਸ ਧਿਆਨ
ਬਾਬਾ ਦੇ ਡੇਰੇ ਤੱਕ ਜਾਣ ਵਾਲੀ ਸੜਕ ਮੁੱਖ ਰਸਤੇ ਤੋਂ ਕਾਫੀ ਦੂਰ ਸੀ। ਪਰ ਰੰਗ-ਬਿਰੰਗੀਆਂ ਲਾਈਟਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਸੜਕ ਦੇ ਕਿਨਾਰਿਆਂ ‘ਤੇ ਗਮਲੇ ਲਗਾਏ ਗਏ ਸੀ ਤੇ ਕਿਤੇ ਵੀ ਇੱਕ ਤਿਨਕਾ ਨਜ਼ਰ ਨਹੀਂ ਆ ਰਿਹਾ ਸੀ। ਸੜਕ ਦੇ ਨਾਲ ਦੀ ਕੰਧ ਤੇ ਸਕੂਲ ਦਾ ਨਾਮ ਲਿਖਿਆ ਸੀ, ਜਿਸ ਤੋਂ ਪਤਾ ਲੱਗਦਾ ਸੀ ਕਿ ਇੱਥੇ ਬੱਚਿਆਂ ਨੂੰ ਪੜ੍ਹਾਉਣ ਦਾ ਵੀ ਇੰਤਜ਼ਾਮ ਹੈ।
ਥੋੜ੍ਹੀ ਦੇਰ ਘਮਾਉਣ ਤੋਂ ਬਾਅਦ ਸੇਵਾਦਾਰ ਸਾਨੂੰ ਡਿਨਰ ਲਈ ਲੈ ਗਏ। ਡਿਨਰ ਹਾਲ ਇੱਕ ਤਲਾਬ ਦੇ ਵਿਚਾਲੇ ਬਣਾਇਆ ਗਿਆ ਸੀ। ਜਿੱਥੇ ਜਾਣ ਲਈ ਤਿੰਨ ਥਾਂ ਤੋਂ ਰਸਤਾ ਸੀ। ਸਭ ਕੁਝ ਇੱਕ ਰੈਸਟੋਰੈਂਟ ਦੀ ਤਰ੍ਹਾਂ ਸੀ।ਡਾਇਨਿੰਗ ਟੇਬਲ ‘ਤੇ ਦਾਲ ਮੱਖਣੀ, ਸ਼ਾਹੀ ਪਨੀਰ, ਆਲੂ ਗੋਭੀ, ਮਟਰ-ਪਨੀਰ, ਰਾਇਤਾ, ਪਾਪੜ, ਸਲਾਦ , ਨਾਨ, ਮਿੱਸੀ ਰੋਟੀ, ਚੌਲ ਤੇ ਹੋਰ ਵੀ ਕਈ ਤਰ੍ਹਾਂ ਦੇ ਪਕਵਾਨ ਸੀ।
ਅਜਿਹੇ ਡਿਨਰ ਬਾਰੇ ਤਾਂ ਕਿਸੇ ਨੇ ਸੋਚਿਆਂ ਵੀ ਨਹੀਂ ਸੀ। ਡਿਨਰ ਹਾਲ ਦੇ ਬਾਹਰ ਖਿਡੌਣੇ ਤੇ ਦੂਜੇ ਸਜਾਵਟੀ ਸਮਾਨ ਦੀਆਂ ਦੁਕਾਨਾਂ ਵੀ ਸੀ। ਜਿੱਥੇ ਮਨਪਸੰਦ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਸੀ।
ਡਿਨਰ ਤੋਂ ਬਾਅਦ ਜਦੋਂ ਅਸੀਂ ਸੌਣ ਲਈ ਵਾਪਿਸ ਗਏ, ਤਾਂ ਕਰੀਬ 11 ਵੱਜ ਚੁੱਕੇ ਸੀ। ਸੇਵਾਦਾਰਾਂ ਨੇ ਸਾਨੂੰ ਪੁੱਛਿਆ ਕਿ ਸਵੇਰੇ ਉੱਠਦੇ ਹੀ ਕੀ ਚਾਹੀਦਾ ਹੈ। ਸਵੇਰੇ ਕਿੰਨੇ ਵਜੇ ਤੁਹਾਨੂੰ ਜਗਾਇਆ ਜਾਵੇ। ਸਭ ਨੇ ਕਿਹਾ 6 ਵਜੇ ਉਠਾ ਦੇਣਾ ਤੇ ਨਹਾਉਣ ਲਈ ਗਰਮ ਪਾਣੀ ਕਰ ਦੇਣਾ। ਕਿਉਂਕਿ ਕਮਰਿਆਂ ‘ਚ ਗੀਜ਼ਰ ਨਹੀਂ ਸਨ।
ਪੰਜ ਤਾਰਾ ਹੋਟਲ ਤੋਂ ਘੱਟ ਨਹੀਂ ਸੀ ਇੰਤਜ਼ਾਮ
ਸਵੇਰੇ ਠੀਕ 6 ਵਜੇ ਸੇਵਾਦਾਰਾਂ ਨੇ ਉਠਾਇਆ। ਕਮਰੇ ‘ਚੋਂ ਬਾਹਰ ਨਿਕਲ ਕੇ ਦੇਖਿਆ ਤਾਂ ਸਵੇਰ ਦੀ ਧੁੰਦ ‘ਚ ਕਮਰਿਆਂ ਦੇ ਬਾਹਰ ਗੈਸ ਦੇ ਚੁੱਲ੍ਹਿਆਂ ਤੇ ਵੱਡੇ ਪਤੀਲਿਆਂ ‘ਚ ਪਾਣੀ ਗਰਮ ਹੋ ਰਿਹਾ ਸੀ। ਇੱਕ ਵਾਰ ਫਿਰ ਡਿਨਰ ਹਾਲ ‘ਚ ਚਾਹ-ਨਾਸ਼ਤੇ ਦਾ ਇੰਤਜ਼ਾਮ ਸੀ।
8 ਵੱਜਦੇ ਹੀ ਅਸੀਂ ਕ੍ਰਿਕੇਟ ਸਟੇਡੀਅਮ ਪੁੱਜੇ। ਪੂਰੇ ਅਨੁਸ਼ਾਸਨ ਦੇ ਨਾਲ ਆਦਮੀ, ਔਰਤਾਂ ,ਬੱਚੇ ਤੇ ਬਜ਼ੁਰਗਾਂ ਦੀ ਭੀੜ ਵੀ ਸਟੇਡੀਅਮ ‘ਚ ਪਹੁੰਚ ਰਹੀ ਸੀ। ਕਿਤੇ ਕੋਈ ਟਿਕਟ ਕਾਊਂਟਰ ਨਹੀਂ, ਕਿਤੇ ਕੋਈ ਰੋਕ-ਟੋਕ ਨਹੀਂ। ਸ਼ਾਇਦ ਸਭ ਨੂੰ ਪਤਾ ਸੀ ਕਿ ਕਿਸਨੇ ਕਿੱਥੇ ਬੈਠਣਾ ਹੈ।
ਸਟੇਡੀਅਮ ਦੇ ਚਾਰੇ ਪਾਸੇ ਥੋੜ੍ਹੀ ਦੂਰ ਅਸਥਾਈ ਟਾਇਲਟ ਸੀ। ਸਫਾਈ ਰੱਖਣ ਦੀ ਅਪੀਲ ਦੇ ਪੋਸਟਰ ਵੀ ਲੱਗੇ ਸੀ। ਸਟੇਡੀਅਮ ਦੇ ਬਾਹਰ ਥੋੜ੍ਹੀ ਦੂਰ ਤੇ ਮੌਸਮੀ ਫਲਾਂ ਦੀ ਭਰਮਾਰ ਸੀ। ਇੱਥੇ ਮੁਫ਼ਤ ‘ਚ ਕੇਲੇ, ਸੰਤਰੇ ਤੇ ਸੇਬ ਖਾਣ ਨੂੰ ਮਿਲ ਰਹੇ ਸੀ। ਸੇਵਾਦਾਰਾਂ ਵੱਲੋਂ ਹਰ ਕਿਸੇ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਸੀ।
ਮੈਚ ਆਪਣੇ ਮਿੱਥੇ ਸਮੇਂ ‘ਤੇ ਸ਼ੁਰੂ ਹੋ ਗਿਆ । ਬਾਬੇ ਦੇ ਹੁੰਦੇ ਹੋਏ ਡੇਰੇ ‘ਚ ਕੋਈ ਦੂਜਾ ਵੀਆਈਪੀ ਨਹੀਂ ਹੋ ਸਕਦਾ ਸੀ। ਜਿਵੇਂ ਹੀ ਮੈਚ ਸ਼ੁਰੂ ਹੋਇਆ, ਬਾਬਾ ਸਟੇਡੀਅਮ ਦੀ ਪਹਿਲੀ ਮਜ਼ਿੰਲ ‘ਤੇ ਆਪਣੇ ਖਾਸ ਆਸਨ ਤੇ ਪੱਗੜੀ ਬੰਨ ਕੇ ਵਿਰਾਜਮਾਨ ਹੋਏ। ਹਰ ਪਾਸੇ ਜੈ-ਜੈਕਾਰ ਹੋਈ। ਭਾਰਤ-ਪਾਕਿਸਤਾਨ ਦੋਸਤੀ ਦੇ ਨਾਅਰੇ ਲੱਗੇ। 25,000 ਦਰਸ਼ਕਾਂ ਦੇ ਨਾਲ ਸਟੇਡੀਅਮ ਦਾ ਕੋਨਾ-ਕੋਨਾ ਭਰਿਆ ਹੋਇਆ ਸੀ।
ਭਾਰਤ ਨੇ ਜਿੱਤਿਆ ਮੁਕਾਬਲਾ
ਜਦੋਂ ਲੰਚ ਦਾ ਸਮਾਂ ਹੋਇਆ, ਤਾਂ ਪੂਰੀ ਕੁਮੈਂਟਰੀ ਟੀਮ ਤੇ ਖੇਡ ਪੱਤਰਕਾਰਾਂ ਲਈ ਇੱਕ ਵੱਖਰਾ ਪੰਡਾਲ ਲਾਇਆ ਗਿਆ ਸੀ, ਜਿੱਥੇ ਪ੍ਰਸਾਦ ਦੇ ਰੂਪ ‘ਚ ਆਲੂ, ਪੂਰੀ ਤੇ ਰਾਇਤਾ ਦਿੱਤਾ ਜਾ ਰਿਹਾ ਸੀ।
ਜਦੋਂ ਅਸੀਂ ਉੱਥੇ ਦੇ ਲੋਕਾਂ ਨੂੰ ਪੁੱਛਿਆ ਕਿ ਉਹ ਕਿਵੇਂ ਡੇਰੇ ਲਈ ਇੰਨਾ ਕੰਮ ਕਰਦੇ ਹਨ, ਤਾਂ ਡੇਰਾ ਪ੍ਰੇਮੀਆਂ ਨੇ ਕਿਹਾ ਕਿ ਅਜਿਹਾ ਕਰਨ ਨਾਲ ਉਨਾਂ ਨੂੰ ਸ਼ਾਂਤੀ ਮਿਲਦੀ ਹੈ। ਕਿਸੇ ਦਾ ਕੋਈ ਦਬਾਅ ਨਹੀਂ ਹੈ। ਡੇਰੇ ‘ਚ ਬੀੜੀ ਸਿਗਰੇਟ ਪੀਣ ‘ਤੇ ਵੀ ਪਬੰਦੀ ਸੀ।
ਭਾਰਤ ਨੇ ਦੋ ਵਿਕਟਾਂ ਨਾਲ ਮੈਚ ਜਿੱਤ ਲਿਆ। ਪਾਕਿਸਤਾਨ ਨੇ 40 ਓਵਰਾਂ ‘ਚ 6 ਵਿਕਟ ਗੁਆ ਕੇ 210 ਰਨ ਬਣਾਏ। ਸ਼ੋਏਬ ਮੁਹੰਮਦ ਨੇ 110 ਦੌੜਾਂ ਦੀ ਨਾਬਾਦ ਪਾਰੀ ਖੇਡੀ।
ਆਦੇਸ਼ ਕੁਮਾਰ ਗੁਪਤ
ਖੇਡ ਪੱਤਰਕਾਰ, ਬੀਬੀਸੀ ਹਿੰਦੀ ਲਈ