ਡੇਰਾਵਾਦ ਲਈ ਰਾਜਨੀਤਕ, ਮਨੋਵਿਗਿਆਨਕ ਤੇ ਸਮਾਜਿਕ ਕਾਰਨ ਜ਼ਿੰਮੇਵਾਰ

0
356

ਡੇਰਾ ਸਿਰਸਾ ਮੁਖੀ ਦੇ ਮਾਮਲੇ ਅਤੇ ਇਸ ਨਾਲ ਸਿੱਝਣ ਦੀ ਸਿਆਸੀ ‘ਬੇਰੁਚੀ’ ਨੇ ਡੇਰਾਵਾਦ ਦੇ ਫੈਲਾਅ ਕਾਰਨ ਪੈਦਾ ਹੋਏ ਟਕਰਾਅ ਵੱਲ ਧਿਆਨ ਖਿੱਚਿਆ ਹੈ।
ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਰੌਣਕੀ ਰਾਮ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਛੋਟੇ-ਵੱਡੇ ਲਗਪਗ 9000 ਡੇਰੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਡੇਰੇ ਅਸਲ ਵਿੱਚ ਮੱਠਾਂ, ਧਰਮਾਂ ਦੀਆਂ ਮਰਿਯਾਦਾਵਾਂ ਅਤੇ ਇੱਕੋ ਤਰ੍ਹਾਂ ਦੇ ਅਨੁਸ਼ਾਸਨ ਨੂੰ ਲਾਗੂ ਕਰਨ ਵਾਲੀਆਂ ਸੰਸਥਾਵਾਂ ਦੇ ਵਿਕਲਪ ਵਜੋਂ ਹੋਂਦ ਵਿੱਚ ਆਉਂਦੇ ਹਨ। ਇਨ੍ਹਾਂ ਵਿੱਚ ਧਰਮ, ਜਾਤ, ਅਮੀਰ-ਗਰੀਬ, ਖੇਤਰ, ਭਾਸ਼ਾ ਸਬੰਧੀ ਉਦਾਰ ਰੁਖ਼ ਅਪਣਾਇਆ ਜਾਂਦਾ ਹੈ। ਇਸ ਲਈ ਵੱਖ ਵੱਖ ਵੰਨਗੀਆਂ ਦੇ ਲੋਕ ਇਨ੍ਹਾਂ ਡੇਰਿਆਂ ਨਾਲ ਸਮਾਜਿਕ ਤੌਰ ਉੁੱਤੇ ਜੁੜਦੇ ਹਨ ਅਤੇ ਮਨੋਵਿਗਿਆਨਕ ਰਾਹਤ ਮਹਿਸੂਸ ਕਰਦੇ ਸਨ। ਜਿਨ੍ਹਾਂ ਡੇਰਿਆਂ ਦੇ ਸ਼ਰਧਾਲੂਆਂ ਦੀ ਗਿਣਤੀ ਵਧ ਜਾਂਦੀ ਹੈ, ਉਹ ਮੱਠਾਂ ਦੀ ਤਰ੍ਹਾਂ ਕੋਈ ਨਾਮ ਦਾਨ, ਵਿਸ਼ੇਸ਼ ਡਰੈੱਸ, ਲਾਕਟ ਆਦਿ ਰਾਹੀਂ ਸੰਗਠਿਤ ਸੰਸਥਾਵਾਂ ਦਾ ਰੂਪ ਧਾਰਨ ਲੱਗ ਜਾਂਦੇ ਹਨ। ਪੈਸੇ ਤੇ ਤਾਕਤ ਸਹਾਰੇ ਬਾਬੇ ਸਿਆਸੀ ਪਾਰਟੀਆਂ ਦੇ ਹਿੱਤਾਂ ਨੂੰ ਪੂਰਨ ਦਾ ਆਧਾਰ ਵੀ ਤਿਆਰ ਕਰਦੇ ਹਨ। ਸਿਆਸਤਦਾਨਾਂ ਲਈ ਕਿਸੇ ਕੇਸ ਵਿੱਚ ਫਸ ਚੁੱਕੇ ਜਾਂ ਫਸਾਏ ਜਾ ਸਕਣ ਵਾਲੇ ਬਾਬੇ ਨੂੰ ਵੋਟਾਂ ਲਈ ਵਰਤਣਾ ਲੋਕਾਂ ਨਾਲ ਵਾਅਦੇ ਵਫ਼ਾ ਨਾ ਕਰ ਸਕਣ ਦੇ ਸਵਾਲਾਂ ਦੇ ਜਵਾਬ ਦੇਣ ਨਾਲੋਂ ਜ਼ਿਆਦਾ ਆਸਾਨ ਹੈ।
ਪੰਜਾਬ ਵਿੱਚ ਡੇਰਿਆਂ ਦਾ ਟਕਰਾਅ ਮੁੱਖ ਤੌਰ ਉੱਤੇ ਸਿੱਖਾਂ ਜਾਂ ਜਾਤ ਦੇ ਆਧਾਰ ਉੱਤੇ ਹੁੰਦਾ ਆਇਆ ਹੈ। 1978 ਵਿੱਚ ਨਿਰੰਕਾਰੀ-ਸਿੱਖ ਖ਼ੂਨੀ ਝੜਪ ਵਿੱਚ 13 ਸਿੱਖ ਮਾਰੇ ਗਏ। ਇਹ ਟਕਰਾਅ ਸਥਾਈ ਰੂਪ ਲੈ ਗਿਆ ਕਿਉਂਕਿ ਅਕਾਲ ਤਖ਼ਤ ਸਾਹਿਬ ਤੋਂ ਨਿਰੰਕਾਰੀਆਂ ਦੇ ਸਮਾਜਿਕ ਬਾਈਕਾਟ ਦਾ ਹੁਕਮਨਾਮਾ ਜਾਰੀ ਹੋਇਆ ਹੈ। 2001 ਵਿੱਚ ਪਿਆਰਾ ਸਿੰਘ ਭਨਿਆਰਾਂ ਵਾਲਾ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾੜਨ ਤੋਂ ਬਾਅਦ ਪੈਦਾ ਹੋਇਆ ਟਕਰਾਅ ਵੀ ਗੰਭੀਰ ਰੂਪ ਧਾਰ ਗਿਆ ਸੀ। ਜਲੰਧਰ ਨੇੜਲੇ ਪਿੰਡ ਤੱਲ੍ਹਣ ਵਿੱਚ 2003 ਦਾ ਖ਼ੂਨੀ ਟਕਰਾਅ ਦਲਿਤਾਂ ਨੂੰ ਧਾਰਮਿਕ ਸਥਾਨ ਦੇ ਪ੍ਰਬੰਧ ਵਿੱਚ ਹਿੱਸੇਦਾਰੀ ਨਾ ਦੇਣ ਦਾ ਨਤੀਜਾ ਸੀ।
ਡੇਰਾ ਸੱਚਾ ਸੌਦਾ ਨੇ ਪਹਿਲਾਂ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਖੁੱਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਮਦਦ ਕੀਤੀ। ਡੇਰੇ ਦੇ ਸਮਰਥਨ ਅਤੇ ਕਈ ਹੋਰ ਕਾਰਨਾਂ ਕਰ ਕੇ ਅਕਾਲੀ ਦਲ ਦਾ ਆਪਣੇ ਗੜ੍ਹ ਮਾਲਵਾ ਵਿੱਚੋਂ ਸਫ਼ਾਇਆ ਹੋ ਗਿਆ ਸੀ। ਡੇਰਾ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਤੋਂ ਪੈਦਾ ਹੋਏ ਵਿਵਾਦ ਦਾ ਲਾਹਾ ਲੈਂਦਿਆਂ ਤਤਕਾਲੀ ਅਕਾਲੀ-ਭਾਜਪਾ ਸਰਕਾਰ ਦੀ ਸਰਪ੍ਰਸਤੀ ਹੇਠ ਪ੍ਰੇਮੀਆਂ ਖ਼ਿਲਾਫ਼ ਖੂਬ ਗੁੱਸਾ ਕੱਢਿਆ ਗਿਆ। ਜਥੇਦਾਰ ਅਕਾਲ ਤਖ਼ਤ ਵੱਲੋਂ ਵੀ ਪ੍ਰੇਮੀਆਂ ਦੇ ਸਮਾਜਿਕ ਬਾਈਕਾਟ ਦਾ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ। ਇਸ ਤੋਂ ਕੁੱਝ ਸਮੇਂ ਬਾਅਦ ਹੀ ਅਕਾਲੀ ਦਲ ਦੀ ਡੇਰੇ ਨਾਲ ਅੰਦਰੋਂ ਅੰਦਰੀਂ ਖਿਚੜੀ ਪੱਕਣ ਕਾਰਨ ਡੇਰਾ ਮੁਖੀ ਨੂੰ ਅਕਾਲ ਤਖ਼ਤ ਤੋਂ ਮੁਆਫ਼ੀ ਦਿਵਾਉਣ ਦੀ ਕੋਸ਼ਿਸ਼ ਹੋਈ, ਜੋ ਸਿੱਖਾਂ ਦੇ ਵਿਆਪਕ ਵਿਰੋਧ ਕਾਰਨ ਸਿਰੇ ਨਹੀਂ ਚੜ੍ਹ ਸਕੀ। ਬਲਾਤਕਾਰ ਵਰਗੇ ਸੰਗੀਨ ਕੇਸਾਂ ਵਿੱਚ ਫਸਿਆ ਡੇਰਾ ਮੁਖੀ ਸੀਬੀਆਈ ਦੇ ਸ਼ਿਕੰਜੇ ਵਿੱਚੋਂ ਨਿਕਲਣ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਗਿਆ।
ਆਸਟਰੀਆ ਦੇ ਸ਼ਹਿਰ ਵੀਏਨਾ ਦੇ ਰਵਿਦਾਸ ਮੰਦਿਰ ਵਿੱਚ ਹੋਏ ਹਮਲੇ ਦੌਰਾਨ ਡੇਰਾ ਬੱਲਾਂ ਦੇ ਉਪ ਮੁਖੀ ਰਾਮਾਨੰਦ ਦੀ ਹੱਤਿਆ ਅਤੇ ਮੁਖੀ ਸੰਤ ਨਿਰੰਜਨ ਦਾਸ ਦੇ ਜ਼ਖ਼ਮੀ ਹੋਣ ਤੋਂ ਸਿੱਖਾਂ ਅਤੇ ਦਲਿਤਾਂ ਦਰਮਿਆਨ ਟਕਰਾਅ ਪੈਦਾ ਹੋ ਗਿਆ। ਜਲੰਧਰ ਵਿੱਚ ਭੜਕੇ ਸ਼ਰਧਾਲੂਆਂ ਵੱਲੋਂ ਰੇਲਾਂ ਅਤੇ ਹੋਰ ਬਹੁਤ ਸਾਰੇ ਵਾਹਨ ਅੱਗ ਦੀ ਭੇਂਟ ਕਰ ਦਿੱਤੇ ਗਏ। ਮਈ 2016 ਵਿੱਚ ਦਮਦਮੀ ਟਕਸਾਲ ਨਾਲ ਸਬੰਧਤ ਵਿਅਕਤੀਆਂ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ਉੱਤੇ ਕੀਤੇ ਹਮਲੇ ਨੇ ਸਿੱਖ ਸੰਤਾਂ ਦੇ ਅੰਦਰੂਨੀ ਟਕਰਾਅ ਨੂੰ ਖ਼ਤਰਨਾਕ ਹੱਦ ਤੱਕ ਵਧਾ ਦਿੱਤਾ। ਅਜੇ ਤੱਕ ਵੀ ਇਹ ਕਸ਼ਮਕਸ਼ ਜਾਰੀ ਹੈ। ਵਿਦੇਸ਼ਾਂ ਵਿੱਚ ਸਿੱਖ ਪ੍ਰਚਾਰਕ ਪੰਥਪ੍ਰੀਤ ਸਿੰਘ ਅਤੇ ਟਕਸਾਲੀ ਸਿੰਘਾਂ ਦਰਮਿਆਨ ਟਕਰਾਅ ਦੀਆਂ ਖ਼ਬਰਾਂ ਹਾਲ ਹੀ ਵਿੱਚ ਛਪਦੀਆਂ ਰਹੀਆਂ ਹਨ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਡੇਰਾ ਪ੍ਰੇਮੀਆਂ ਨੂੰ ਸਿੱਖ ਪੰਥ ਵਿੱਚ ਵਾਪਸੀ ਦਾ ਸੱਦਾ ਦਿੱਤਾ ਹੈ। ਇਸ ਉਤੇ ਕਈ ਸਿੱਖ ਜਥੇਬੰਦੀਆਂ ਨੇ ਹੀ ਸੁਆਲ ਉਠਾਏ ਹਨ ਕਿ ਜਿਸ ਕਾਰਨ ਬਹੁਤੇ ਗਰੀਬ ਸਿੱਖ ਡੇਰਿਆਂ ਵੱਲ ਪ੍ਰੇਰਿਤ ਹੋਏ ਹਨ, ਕੀ ਉਹ ਕਾਰਨ ਪੰਥ ਨੇ ਦੂਰ ਕਰ ਲਏ ਹਨ? ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਮਾਜ ਸ਼ਾਸਤਰੀ ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ ਦਾ ਕਹਿਣਾ ਹੈ ਕਿ ਡੇਰੇ ਸਮਾਜ ਅਤੇ ਸਰਕਾਰਾਂ ਵੱਲੋਂ ਨਜ਼ਰਅੰਦਾਜ਼ ਕੀਤੇ ਗਰੀਬ, ਦਲਿਤ ਅਤੇ ਹੋਰ ਲੋਕਾਂ ਨੂੰ ਸਮਾਜਿਕ ਤੇ ਸਿਆਸੀ ਪਛਾਣ ਦੇਣ, ਭਾਈਚਾਰਕ ਗਰੁੱਪ ਵਜੋਂ ਮਾਨਤਾ ਦੇਣ ਅਤੇ ਆਪਣੇ ਬੱਚਿਆਂ ਦੀਆਂ ਪੜ੍ਹਾਈ, ਸਿਹਤ ਆਦਿ ਲੋੜਾਂ ਪੂਰੀਆਂ ਕਾਰਨ ਦੀ ਜਗ੍ਹਾ ਮੁਹੱਈਆ ਕਰਵਾਉਣ ਦਾ ਅਹਿਸਾਸ ਦਿਵਾਉਂਦੇ ਹਨ।

ਡੇਰਿਆਂ ਨੂੰ ਨਿਯਮਿਤ ਕਰਨ ਦੀ ਲੋੜ: ਗਰਗ
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਸਾਬਕਾ ਰਜਿਸਟਰਾਰ ਡਾ. ਪੀ.ਐਲ. ਗਰਗ ਨੇ ਕਿਹਾ ਕਿ ਡੇਰੇ ਅਤੇ ਹੋਰ ਅਜਿਹੀਆਂ ਸੰਸਥਾਵਾਂ ਲੋਕਾਂ ਦੀ ਸਮਾਜਿਕ, ਸੱਭਿਆਚਾਰਕ ਅਤੇ ਮਨੋਵਿਗਿਆਨਕ ਲੋੜ ਕਾਰਨ ਖ਼ਤਮ ਨਹੀਂ ਹੋ ਸਕਦੀਆਂ। ਇਨ੍ਹਾਂ ਨੂੰ ਨਿਯਮਤ ਕਰ ਕੇ ਕੰਮਕਾਜ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।
…..ਹਮੀਰ ਸਿੰਘ