ਬੀਜ਼ਿਗ (ਪੀਟੀਆਈ) : ਕੌਮਾਂਤਰੀ ਯੋਗ ਦਿਵਸ ਦੇ ਮੱਦੇਨਜ਼ਰ ਇੱਥੇ ਭਾਰਤੀ ਦੂਤਘਰ ਵੱਲੋਂ ਅੱਜ ਕਰਵਾਏ ਇੱਕ ਪ੍ਰੋਗਰਾਮ ਵਿੱਚ ਸੌ ਤੋਂ ਵੱਧ ਚੀਨੀ ਨਾਗਰਿਕਾਂ ਨੇ ਭਾਗ ਲਿਆ।
21 ਜੂਨ ਨੂੰ ਮਨਾਇਆ ਜਾਣ ਵਾਲਾ ਕੌਮਾਂਤਰੀ ਯੋਗ ਦਿਵਸ ਆਮ ਤੌਰ ’ਤੇ ਚੀਨ ਵਿੱਚ ਕਾਫ਼ੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉੱਥੇ ਯੋਗ ਕਾਫ਼ੀ ਮਸ਼ਹੂਰ ਹੈ। ਸਾਲ 2014 ਵਿੱਚ ਸੰਯੁਕਤ ਰਾਸ਼ਟਰ ਵੱਲੋਂ ਇਸ ਦਾ ਐਲਾਨ ਕੀਤੇ ਜਾਣ ਮਗਰੋਂ ਚੀਨ ਵਿੱਚ ਯੋਗ ਦੇ ਕਈ ਪ੍ਰੋਗਰਾਮ ਕਰਵਾਏ ਜਾਂਦੇ ਹਨ। ਚੀਨ ਵਿੱਚ ਭਾਰਤ ਦੇ ਰਾਜਦੂਤ ਵਿਕਰਮ ਮਿਸਰੀ ਤੇ ਉਪ ਰਾਜਦੂਤ ਡਾਕਟਰ ਐਕੁਇਨੋ ਵਿਮਲ ਨੇ ਇੱਥੇ ਇੰਡੀਆ ਹਾਊਸ ਵਿੱਚ ਹੋਏ ਯੋਗ ਪ੍ਰੋਗਰਾਮ ਵਿੱਚ ਹਿੱਸਾ ਲਿਆ। ਮਿਸਰੀ ਨੇ ਕਿਹਾ ਕਿ ਯੋਗ ਕੋਵਿਡ-19 ਮਹਾਮਾਰੀ ਦੌਰਾਨ ਚੰਗੀ ਸਰੀਰਕ ਤੇ ਅਧਿਆਤਮਕ ਸਿਹਤ ਦਾ ਰਾਹ ਹੈ। ਮਿਸਰੀ ਨੇ ਕਈ ਯੋਗ ਪ੍ਰੋਗਰਾਮ ਕਰਵਾਉਣ ਲਈ ਭਾਰਤੀ ਦੂਤਘਰ ਦੇ ਸਵਾਮੀ ਵਿਵੇਕਾਨੰਦ ਸੱਭਿਆਚਾਰਕ ਕੇਂਦਰ ਦੀ ਪ੍ਰਸ਼ੰਸਾ ਕੀਤੀ। ਯੋਗੀ ਯੋਗ ਸਕੂਲ ਵਿੱਚ ਕਈ ਚੀਨੀ ਯੋਗ ਅਧਿਆਪਕਾਂ ਨੇ ਇੱਕ ਘੰਟੇ ਤੱਕ ਚੱਲੇ ਯੋਗ ਸੈਸ਼ਨ ਵਿੱਚ ਭਾਗ ਲਿਆ। ਚੀਨ ਵਿੱਚ ਭਲਕੇ ਸੋਮਵਾਰ ਨੂੰ ਕੌਮਾਂਤਰੀ ਯੋਗ ਦਿਵਸ ਮੌਕੇ ਕਈ ਪ੍ਰੋਗਰਾਮ ਕਰਵਾਏ ਜਾਣ ਦੀ ਸੰਭਾਵਨਾ ਹੈ।