ਹਾਂਗਕਾਂਗ ਵੱਲੋਂ ਚੋਣਾਂ ਸਬੰਧੀ ਕਾਨੂੰਨ ’ਚ ਤਬਦੀਲੀ

0
239

ਹਾਂਗਕਾਂਗ,( ਏਪੀ) : ਹਾਂਗਕਾਂਗ ਦੀ ਵਿਧਾਨਪਾਲਿਕਾ ਨੇ ਅੱਜ ਇੱਕ ਬਿੱਲ ਪਾਸ ਕਰ ਕੇ ਚੋਣ ਸਬੰਧੀ ਕਾਨੂੰਨਾਂ ਵਿੱਚ ਵੱਡੇ ਪੱਧਰ ’ਤੇ ਤਬਦੀਲੀ ਲਿਆਂਦੀ ਹੈ ਜਿਸ ਤਹਿਤ ਜਿੱਥੇ ਲੋਕਾਂ ਵੱਲੋਂ ਵੋਟ ਪਾਉਣ ਦੀ ਸਮਰੱਥਾ ਘਟਾ ਦਿੱਤੀ ਗਈ ਹੈ, ਉੱਥੇ ਪੇਈਚਿੰਗ ਪੱਖੀ ਵਿਧਾਇਕਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ, ਜੋ ਸ਼ਹਿਰ ਦੇ ਵਿਕਾਸ ਸਬੰਧੀ ਫ਼ੈਸਲੇ ਲੈਣਗੇ। ਨਵੇਂ ਕਾਨੂੰਨ ਤਹਿਤ ਸ਼ਹਿਰ ਦੇ ਕੌਮੀ ਸੁਰੱਖਿਆ ਵਿਭਾਗ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਸਰਕਾਰੀ ਅਹੁਦੇ ਲਈ ਸਮਰੱਥ ਉਮੀਦਵਾਰਾਂ ਦੀ ਪਿੱਠਭੂਮੀ ਦੀ ਜਾਂਚ ਕਰਨ ਤੇ ਇੱਕ ਨਵੀਂ ਕਮੇਟੀ ਸਥਾਪਤ ਕਰਨ ਜੋ ਇਹ ਗੱਲ ਯਕੀਨੀ ਬਣਾਏਗੀ ਕਿ ਉਮੀਦਵਾਰ ‘ਦੇਸ਼ਭਗਤ’ ਹਨ। ਹਾਂਗਕਾਂਗ ਦੀ ਵਿਧਾਨਪਾਲਿਕਾ ਵਿੱਚ ਸੀਟਾਂ ਦੀ ਗਿਣਤੀ 90 ਕਰ ਦਿੱਤੀ ਜਾਵੇਗੀ ਜਿਨ੍ਹਾਂ ’ਚੋਂ 40 ਦੀ ਚੋਣ ਵੱਡੇ ਪੱਧਰ ’ਤੇ ਪੇਈਚਿੰਗ ਪੱਖੀ ਚੋਣ ਕਮੇਟੀ ਵੱਲੋਂ ਕੀਤੀ ਜਾਵੇਗੀ।
ਹਾਂਗਕਾਂਗ ਦੇ ਲੋਕਾਂ ਵੱਲੋਂ ਚੁਣੇ ਜਾਣ ਵਾਲੇ ਵਿਧਾਇਕਾਂ ਦੀ ਗਿਣਤੀ 35 ਤੋਂ ਘਟਾ ਕੇ 20 ਕਰ ਦਿੱਤੀ ਜਾਵੇਗੀ। ਜਾਣਕਾਰੀ ਮੁਤਾਬਕ 40-2 ਦੀ ਵੋਟਿੰਗ ਰਾਹੀਂ ਪਾਸ ਕੀਤੇ ਗਏ ਇਸ ਬਿੱਲ ਦਾ ਥੋੜ੍ਹਾ ਹੀ ਵਿਰੋਧ ਹੋਇਆ, ਕਿਉਂਕਿ ਜ਼ਿਆਦਾਤਰ ਵਿਧਾਇਕ ਪੇਈਚਿੰਗ ਪੱਖੀ ਹਨ। ਪੇਈਚਿੰਗ ਪੱਖੀ ਕਾਨੂੰਨਸਾਜ਼ਾਂ ਨੇ ਬਿੱਲ ’ਤੇ ਬਹਿਸ ਦੌਰਾਨ ਇਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੁਧਾਰ ਉਨ੍ਹਾਂ ਲੋਕਾਂ ਨੂੰ ਅਹੁਦਿਆਂ ’ਤੇ ਬਿਰਾਜਮਾਨ ਹੋਣੋਂ ਰੋਕਣਗੇ ਜੋ ਹਾਂਗਕਾਂਗ ਪ੍ਰਤੀ ਵਫ਼ਾਦਾਰ ਨਹੀਂ ਹਨ। –