ਪਾਪੀ ਕਉ ਲਾਗਾ ਸੰਤਾਪੁ- ਕਹਾਣੀ
ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ। ਹਰ ਪਾਸਿਓਂ ਬਹੁਤ ਹੀ ਭਿਆਨਕ ਖ਼ਬਰਾਂ ਆ ਰਹੀਆਂ ਸੀ, ਜਿਹਨਾਂ ਨੂੰ ਸੁਣਕੇ ਹਰ ਇੱਕ ਦਾ ਦਿਲ ਦਹਿਲ ਰਿਹਾ ਸੀ। ਪੂਰੀ ਦਿੱਲੀ ਵਿੱਚ ਲਾਕਡਾਊਨ ਚੱਲ ਰਿਹਾ ਸੀ। TV ਉੱਤੇ ਖ਼ਬਰਾਂ ਵਿੱਚ ਸਿਰਫ਼ ਕਰੋਨਾ ਤੇ ਆਕਸੀਜ਼ਨ ਦੀ ਹੀ ਖ਼ਬਰ ਸੀ। ਪ੍ਰਸ਼ਾਂਤ ਨੂੰ ਪਿਛਲੇ ਦੋ ਦਿਨ ਤੋਂ ਬੁਖ਼ਾਰ ਨੇ ਘੇਰ ਰੱਖਿਆ ਸੀ ਤੇ ਟੈਸਟ ਦੀ ਰਿਪੋਰਟ ਦੀ ਉਡੀਕ ਸਾਰਾ ਟੱਬਰ ਕਰ ਰਿਹਾ ਸੀ ਤੇ ਪ੍ਰਮਾਤਮਾ ਅੱਗੇ ਵਾਰ ਵਾਰ ਅਰਦਾਸ ਕਰ ਰਿਹਾ ਸੀ ਕਿ ਰਿਪੋਰਟ ਨੈਗੇਟਿਵ ਹੋਵੇ। ਅਚਾਨਕ ਫ਼ੋਨ ਤੇ ਨੋਟੀਫਿਕੇਸ਼ਨ ਦੀ ਟੋਨ ਵੱਜੀ ਤੇ ਪ੍ਰਸ਼ਾਂਤ ਦੇ ਮੁੰਡੇ ਵਿਵੇਕ ਨੇ ਮੈਸੇਜ ਨੂੰ ਖੋਲ੍ਹ ਕੇ ਵੇਖਿਆ ਤਾਂ ਉਹੀ ਵਾਪਰਿਆ ਜਿਸਦਾ ਡਰ ਸੀ। ਇਹ ਮੈਸੇਜ ਸਿਹਤ ਵਿਭਾਗ ਵੱਲੋਂ ਆਇਆ ਸੀ, ਜਿਸ ਵਿੱਚ ਪ੍ਰਸ਼ਾਂਤ ਦੀ ਰਿਪੋਰਟ ਪੋਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਹਦਾਇਤਾਂ ਦੇ ਮੁਤਾਬਿਕ ਉਹਨਾਂ ਨੇ ਪ੍ਰਸ਼ਾਂਤ ਨੂੰ ਇਕਾਂਤਵਾਸ ਪਹਿਲਾਂ ਹੀ ਕਰ ਦਿੱਤਾ ਸੀ ਪਰ ਰਿਪੋਰਟ ਪੋਜ਼ਟਿਵ ਆਉਣ ਕਰਕੇ ਹੁਣ ਉਹਨਾਂ ਦੀ ਚਿੰਤਾ ਹੋਰ ਵੱਧ ਗਈ ਸੀ। ਪ੍ਰਸ਼ਾਂਤ ਦੀ ਉਮਰ ਸੱਤਰ ਸਾਲ ਦੇ ਕਰੀਬ ਸੀ ਤੇ ਰਿਪੋਰਟ ਦੇ ਪੋਜ਼ੀਟਿਵ ਆਉਣ ਕਰਕੇ ਇੱਕ ਸਹਿਮ ਉਸਨੂੰ ਅੰਦਰੋਂ ਅੰਦਰੀ ਖ਼ਾ ਰਿਹਾ ਸੀ। ਉਸਨੂੰ ਆਪਣਾ ਇਹ ਸਮਾਂ ਆਖ਼ਰੀ ਸਮਾਂ ਜਾਪਣ ਲੱਗਿਆ। ਸਾਰੀ ਜਿੰਦਗੀ ਕੀਤੇ ਆਪਣੇ ਮਾੜੇ ਕੰਮ ਉਸਦੀਆਂ ਅੱਖਾਂ ਅੱਗੇ ਘੁੰਮਣ ਲੱਗੇ, ਆਪਣੇ ਕੀਤੇ ਹੋਏ ਗੁਨਾਹਾਂ ਨੂੰ ਹਰ ਬੰਦਾ ਆਪਣੇ ਆਖ਼ਰੀ ਵੇਲ਼ੇ ਹੀ ਯਾਦ ਕਰਦਾ ਹੈ ਤੇ ਮੌਤ ਨੇੜੇ ਆਪਣੀ ਜਿੰਦਗੀ ਦੇ ਉਹਨਾਂ ਪਲਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਭੁਲਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਜਿਸ ਤਰ੍ਹਾਂ ਪਰਛਾਵੇਂ ਦਿਨ ਢਲਣ ਵੇਲ਼ੇ ਲੰਬੇ ਹੋ ਜਾਂਦੇ ਨੇ, ਬੰਦੇ ਦੇ ਗੁਨਾਹ ਵੀ ਜਿੰਦਗੀ ਦਾ ਸੂਰਜ ਢਲਣ ਵੇਲ਼ੇ ਲੰਬੇ ਪਰਛਾਵਿਆਂ ਵਾਂਗ ਵਿਖਾਈ ਦਿੰਦੇ ਨੇ। ਪ੍ਰਸ਼ਾਂਤ ਵਣ ਵਿਭਾਗ ਦਿੱਲੀ ਤੋਂ ਰਿਟਾਇਰ ਕਰਮਚਾਰੀ ਸੀ ਤੇ ਉਸਦੇ ਮੁੰਡੇ ਵਿਵੇਕ ਦੀ ਆਪਣੀ ਘੜੀਆਂ ਦੀ ਦੁਕਾਨ ਸੀ, ਜੋ ਕਿ ਅੱਜਕਲ੍ਹ ਨਾ ਦੇ ਬਰਾਬਰ ਹੀ ਆਮਦਨ ਦੇ ਰਹੀ ਸੀ। ਮੁੱਖ ਰੂਪ ਵਿੱਚ ਘਰ ਦਾ ਗੁਜ਼ਾਰਾ ਪ੍ਰਸ਼ਾਤ ਦੀ ਪੈਨਸ਼ਨ ਤੋਂ ਹੀ ਚੱਲਦਾ ਸੀ।
ਰਿਪੋਰਟ ਦੇ ਪੋਜ਼ੀਟਿਵ ਆਉਂਣ ਤੋਂ ਬਾਅਦ ਪ੍ਰਸ਼ਾਂਤ ਦੀ ਸਿਹਤ ਵਿੱਚ ਲਗਾਤਾਰ ਵਿਗਾੜ ਆ ਰਿਹਾ ਸੀ। ਹਾਲਾਂਕਿ ਡਾਕਟਰ ਦੀ ਦੱਸੀ ਦਵਾਈ ਪ੍ਰਸ਼ਾਤ ਲਗਾਤਾਰ ਲਈ ਜਾ ਰਿਹਾ ਸੀ ਪਰ ਕੋਈ ਵੀ ਮੋੜ੍ਹ ਉਸਦੀ ਸਿਹਤ ਨੂੰ ਮਹਿਸੂਸ ਨਹੀਂ ਹੋ ਰਿਹਾ ਸੀ। ਰਿਪੋਰਟ ਆਉਣ ਤੋਂ ਦੋ ਦਿਨ ਬਾਅਦ ਵੀ ਉਸ ਦੀ ਹਾਲਤ ਇਸੇ ਤਰ੍ਹਾਂ ਰਹੀ ਪਰ ਤੀਜੇ ਦਿਨ ਉਸਦਾ ਆਕਸੀਜਨ ਦਾ ਲੈਵਲ ਵੀ ਘਟਣ ਲੱਗ ਪਿਆ। ਵਿਵੇਕ ਲਗਾਤਾਰ ਆਪਣੇ ਪਿਤਾ ਦਾ ਆਕਸੀਜਨ ਲੈਵਲ ਚੈੱਕ ਕਰ ਰਿਹਾ ਸੀ ਤੇ ਇਹ ਲੈਵਲ ਲਗਾਤਾਰ ਹੇਠਾਂ ਨੂੰ ਆ ਰਿਹਾ ਸੀ। ਜਦੋਂ ਆਕਸੀਜਨ ਦਾ ਲੈਵਲ ਕਾਫ਼ੀ ਜ਼ਿਆਦਾ ਹੇਠਾਂ ਆ ਗਿਆ ਤਾਂ ਪ੍ਰਸ਼ਾਂਤ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਲੱਗੀ। ਉਸ ਦੀ ਇਹ ਹਾਲਤ ਨੂੰ ਵੇਖ ਕੇ ਵਿਵੇਕ ਨੇ ਬਿਨਾਂ ਸਮਾਂ ਗਵਾਏ ਉਸ ਨੂੰ ਹਸਪਤਾਲ ਚ ਲਿਜਾਣ ਦਾ ਮਨ ਬਣਾ ਲਿਆ। ਵਿਵੇਕ ਉਸੇ ਸਮੇਂ ਆਪਣੇ ਪਿਤਾ ਨੂੰ ਲੈ ਕੇ ਘਰੋਂ ਤਾਂ ਨਿਕਲ ਗਿਆ ਪਰ ਤਿੰਨ ਘੰਟੇ ਉਹ ਦਿੱਲੀ ਦੇ ਹਸਪਤਾਲਾਂ ਵਿੱਚ ਬੈੱਡ ਦੀ ਭਾਲ ਲਈ ਭਟਕਦਾ ਰਿਹਾ। ਲਗਪਗ ਹਰ ਇੱਕ ਛੋਟੇ ਵੱਡੇ ਹਸਪਤਾਲ ਵਿੱਚ ਉਸਨੇ ਆਪਣੇ ਪਿਤਾ ਨੂੰ ਦਾਖ਼ਲ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਵੀ ਹਸਪਤਾਲ ਵਿੱਚ ਉਸ ਨੂੰ ਨਾ ਤਾਂ ਕੋਈ ਬੈੱਡ ਮਿਲਿਆ ਅਤੇ ਨਾ ਹੀ ਆਕਸੀਜ਼ਨ ਦਾ ਕੋਈ ਇੰਤਜ਼ਾਮ ਹੋ ਸਕਿਆ। ਸਾਰੇ ਪਾਸਿਆਂ ਤੋਂ ਕਾਲਾਬਜ਼ਾਰੀ ਦੀਆਂ ਖ਼ਬਰਾਂ ਆ ਰਹੀਆਂ ਸੀ। ਦਿੱਲੀ ਦੀਆਂ ਸੜਕਾਂ ਉੱਤੇ ਕੋਰੋਨਾ ਦੇ ਮਰੀਜ਼ਾਂ ਦੀ ਹਫ਼ੜਾ ਦਫ਼ੜੀ ਸੀ। ਹਰ ਪਾਸੇ ਇੱਕੋ ਜਿਹਾ ਮੰਜ਼ਰ ਸੀ। ਲੋਕ ਆਕਸੀਜ਼ਨ ਤੋਂ ਬਿਨਾਂ ਦਮ ਤੋੜ ਰਹੇ ਸਨ। ਸਾਰੀ ਦਿੱਲੀ ਸਾਹਾਂ ਲਈ ਤੜਫ਼ ਰਹੀ ਸੀ। ਪ੍ਰਸ਼ਾਂਤ ਦੀ ਹਾਲਤ ਵੇਖ ਕੇ ਵਿਵੇਕ ਸਮਝ ਚੁੱਕਿਆ ਸੀ ਕਿ ਉਸ ਦੇ ਸਾਹਾਂ ਦੀ ਡੋਰ ਕਿਸੇ ਵੀ ਵਕਤ ਜਵਾਬ ਦੇ ਸਕਦੀ ਹੈ। ਕੁਦਰਤ ਦੇ ਇਸ ਕਹਿਰ ਦੇ ਸਾਹਮਣੇ ਅੱਜ ਉਹ ਮਨੁੱਖ ਨੂੰ ਪੂਰੀ ਤਰ੍ਹਾਂ ਬੇਵੱਸ ਵੇਖ ਰਿਹਾ ਸੀ। ਜਦੋਂ ਵਿਵੇਕ ਦਾ ਹੌਸਲਾ ਪੂਰੀ ਤਰ੍ਹਾਂ ਟੁੱਟ ਕੇ ਚਕਨਾਚੂਰ ਹੋ ਗਿਆ ਤਾਂ ਐਨ ਉਸ ਵਕਤ ਉਸ ਨੂੰ ਇੱਕ ਆਸ ਦੀ ਕਿਰਨ ਦਿਖਾਈ ਦਿੱਤੀ। ਕਿਸੇ ਨੇ ਆ ਕੇ ਵਿਵੇਕ ਨੂੰ ਦੱਸਿਆ ਕਿ ਉੱਥੋਂ ਥੋੜ੍ਹੀ ਜਿਹੀ ਦੂਰ ਸਿੱਖਾਂ ਨੇ ਗੁਰਦੁਆਰੇ ਵਿੱਚ ਆਕਸੀਜ਼ਨ ਦਾ ਲੰਗਰ ਲਾਇਆ ਹੋਇਆ ਹੈ, ਜਿੱਥੇ ਉਨ੍ਹਾਂ ਦੁਆਰਾ ਆਕਸੀਜ਼ਨ ਦੇ ਸਿਲੰਡਰ ਅਤੇ ਮਸ਼ੀਨਾਂ ਚੌਵੀ ਘੰਟੇ ਕੋਰੋਨਾ ਦੇ ਮਰੀਜ਼ਾਂ ਨੂੰ ਆਕਸੀਜਨ ਦੇਣ ਲਈ ਫ੍ਰੀ ਸੇਵਾ ਕੀਤੀ ਜਾ ਰਹੀ ਹੈ।
ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਕੋਰੋਨਾ ਦੀ ਇਸ ਮਹਾਂਮਾਰੀ ਦੇ ਦੌਰ ਵਿੱਚ ਮਨੁੱਖਤਾ ਦੀ ਸੇਵਾ ਦੇ ਲਈ ਬਹੁਤ ਹੀ ਜੰਗੀ ਪੱਧਰ ਤੇ ਇਹ ਉਪਰਾਲਾ ਕੀਤਾ ਗਿਆ ਸੀ। ਅੱਜ ਜਦੋਂ ਵੱਡੇ ਵੱਡੇ ਹਸਪਤਾਲ ਅਤੇ ਸਰਕਾਰਾਂ ਮਰ ਰਹੇ ਲੋਕਾਂ ਨੂੰ ਆਕਸੀਜਨ ਦੀ ਸਹੂਲਤ ਮੁਹੱਈਆ ਕਰਵਾਉਣ ਵਿੱਚ ਅਸਮਰੱਥ ਸਨ, ਉੱਥੇ ਗੁਰਦੁਆਰਿਆਂ ਵਿੱਚ ਗੁਰੂ ਦੇ ਸਿੱਖਾਂ ਦੁਆਰਾ ਲਗਾਇਆ ਗਿਆ ਇਹ ਲੰਗਰ ਇੱਕ ਮਿਸਾਲ ਸੀ। ਇਸ ਮਹਾਂਮਾਰੀ ਦੇ ਦੌਰ ਵਿੱਚ ਅੱਜ ਜਦੋਂ ਕਾਲਾ ਬਾਜ਼ਾਰੀ ਪੂਰੇ ਜ਼ੋਰਾਂ ਤੇ ਸੀ ਅਤੇ ਆਕਸੀਜਨ ਦਾ ਇੱਕ ਇੱਕ ਸਿਲੰਡਰ ਲੱਖਾਂ ਰੁਪਈਆਂ ਦੇ ਵਿੱਚ ਮਿਲ ਰਿਹਾ ਸੀ, ਤਾਂ ਜ਼ਰੂਰਤਮੰਦ ਮਰੀਜ਼ਾਂ ਦੇ ਲਈ ਮੁਫ਼ਤ ਵਿੱਚ ਲਾਇਆ ਜਾ ਰਿਹਾ ਆਕਸੀਜਨ ਦਾ ਇਹ ਲੰਗਰ ਸਿੱਖੀ ਦੇ ਮਹਾਨ ਸੰਕਲਪ ਦੀ ਝਲਕ ਪੇਸ਼ ਕਰਦਾ ਸੀ। ਬਹੁਤ ਸਾਰੇ ਸੇਵਾਦਾਰ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੇ ਸੀ। ਭਾਈ ਬਲਵਿੰਦਰ ਸਿੰਘ ਮਰੀਜ਼ਾਂ ਦੇ ਦੇਖ ਰੇਖ ਤੇ ਸਾਂਭ ਸੰਭਾਲ ਦੀ ਸੇਵਾ ਬਿਨਾ ਕਿਸੇ ਡਰ ਤੋਂ ਨਿਭਾਅ ਰਿਹਾ ਸੀ। ਬਲਵਿੰਦਰ ਬਾਰਾਂ ਸਾਲ ਦੀ ਉਮਰ ਤੋਂ ਹੀ ਇਸ ਗੁਰੂਘਰ ਵਿੱਚ ਰਹਿ ਰਿਹਾ ਸੀ ਤੇ ਹਰ ਸੇਵਾ ਵਿੱਚ ਉਹ ਮੂਹਰੇ ਹੋਕੇ ਸੇਵਾ ਨਿਭਾਉਂਦਾ ਹੈ। 1984 ਵਿੱਚ ਸਿਰਫ਼ ਬਾਰਾਂ ਸਾਲ ਦੀ ਉਮਰ ਵਿੱਚ ਸਿੱਖ ਨਸਲਕੁਸ਼ੀ ਵਿੱਚ ਭੀੜ ਨੇ ਉਸਦੇ ਸਾਰੇ ਪਰਿਵਾਰ ਦੇ ਗਲਾਂ ਵਿੱਚ ਟਾਇਰ ਪਾ ਕੇ ਜਲ੍ਹਾ ਦਿੱਤਾ ਸੀ ਤੇ ਇਹ ਸਾਰਾ ਮੰਜ਼ਰ ਉਸਨੇ ਆਪਣੀ ਅੱਖੀਂ ਵੇਖਿਆ ਸੀ। ਹਰ ਵਕਤ ਉਹ ਇਸ ਮੰਜ਼ਰ ਨੂੰ ਭੁੱਲਣ ਦੀ ਕੋਸ਼ਿਸ਼ ਕਰਦਾ ਸੀ ਪਰ ਅੱਲ੍ਹੜ ਉਮਰ ਦੇ ਇਹ ਜ਼ਖਮ ਹਰ ਵਕਤ ਉਸਦੀਆਂ ਅੱਖਾਂ ਮੂਹਰੇ ਘੁੰਮਦੇ ਰਹਿੰਦੇ ਸੀ। ਉਸ ਭੀੜ ਦਾ ਕੋਈ ਵੀ ਨੁਮਾਇੰਦਾ ਜੇਕਰ ਅੱਜ ਵੀ ਉਸਦੇ ਸਾਹਮਣੇ ਆ ਜਾਵੇ ਤਾਂ ਉਹ ਉਸਨੂੰ ਜਾਨ ਤੋਂ ਮਾਰ ਦੇਵੇਗਾ। ਆਪਣੇ ਇਸ ਗੁੱਸੇ ਨੂੰ ਉਹ ਹਰ ਪਲ਼ ਆਪਣੀ ਸੇਵਾ ਨਾਲ਼ ਦਬਾਉਂਦਾ ਰਹਿੰਦਾ ਸੀ। ਜਦੋਂ ਭੀੜ੍ਹ ਨੇ ਉਹਨਾਂ ਦੇ ਘਰ ਹਮਲਾ ਕੀਤਾ ਸੀ ਤਾਂ ਉਹ ਉਸ ਸਮੇਂ ਆਪਣੇ ਗੁਆਢੀਂ ਦੇ ਘਰ ਸੀ ਤੇ ਉਹ ਪਰਿਵਾਰ ਇੱਕ ਹਿੰਦੂ ਪਰਿਵਾਰ ਸੀ। ਉਸ ਸਮੇਂ ਉਸ ਪਰਿਵਾਰ ਨੇ ਬਲਵਿੰਦਰ ਨੂੰ ਬਚਾਉਣ ਲਈ ਉਸਦੇ ਮੂੰਹ ਤੇ ਹੱਥ ਰੱਖ ਕੇ ਆਪਣਾ ਦਰਵਾਜ਼ਾ ਬੰਦ ਕਰ ਲਿਆ ਸੀ ਤੇ ਉਸ ਦਰਵਾਜ਼ੇ ਦੀ ਵਿਰਲ ਰਾਹੀਂ ਹੀ ਬਲਵਿੰਦਰ ਆਪਣੇ ਸਾਰੇ ਪਰਿਵਾਰ ਨੂੰ ਇੱਕ ਇੱਕ ਕਰਕੇ ਜਿਊਂਦੇ ਅੱਗ ਵਿਚ ਸੜਦੇ ਵੇਖਿਆ ਸੀ। ਆਪਣੇ ਸਾਰੇ ਪਰਿਵਾਰ ਦੀਆਂ ਚੀਕਾਂ ਅੱਜ ਵੀ ਬਲਵਿੰਦਰ ਦੇ ਕੰਨਾਂ ਵਿੱਚ ਉਸੇ ਤਰ੍ਹਾਂ ਗੂੰਜਦੀਆਂ ਨੇ। ਮਾਹੌਲ ਪੂਰੀ ਤਰ੍ਹਾਂ ਸ਼ਾਂਤ ਨਾ ਹੋਣ ਤੱਕ ਉਸਦੇ ਗਵਾਂਢੀ ਪਰਿਵਾਰ ਨੇ ਉਸਨੂੰ ਬਾਹਰ ਨਾ ਨਿਕਲਣ ਦਿੱਤਾ ਤੇ ਉਸਤੋਂ ਬਾਅਦ ਉਸਨੂੰ ਗੁਰੂਦੁਆਰੇ ਰਾਹਤ ਕੈਂਪ ਵਿੱਚ ਪਹੁੰਚਾ ਦਿੱਤਾ। ਬਲਵਿੰਦਰ ਉਸ ਵਕਤ ਉੱਥੇ ਹੀ ਕੈਂਪ ਵਿੱਚ ਜਖ਼ਮੀਆਂ ਦੀ ਸੇਵਾ ਵਿੱਚ ਲੱਗ ਗਿਆ ਤੇ ਉਸਤੋਂ ਬਾਅਦ ਬਲਵਿੰਦਰ ਸਦਾ ਲਈ ਗੁਰੂ ਘਰ ਦਾ ਹੋ ਗਿਆ ਤੇ ਅੱਜ ਤੱਕ ਸੇਵਾ ਨਿਭਾਅ ਰਿਹਾ ਹੈ। ਇਹ ਵੀ ਇੱਕ ਅਜੀਬ ਇਤਫ਼ਾਕ ਹੈ ਕਿ ਜਿਹੜੀ ਦਿੱਲੀ 1984 ਵਿੱਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਹਨਾਂ ਦੀ ਨਸਲਕੁਸ਼ੀ ਕਰ ਰਹੀ ਸੀ, ਅੱਜ ਉਸੇ ਦਿੱਲੀ ਦੇ ਸਾਹਾਂ ਨੂੰ ਬਚਾਉਂਣ ਲਈ ਸਿੱਖ ਆਕਸੀਜ਼ਨ ਦਾ ਲੰਗਰ ਲਾ ਰਹੇ ਨੇ।
ਵਿਵੇਕ ਆਪਣੇ ਪਿਤਾ ਪ੍ਰਸ਼ਾਂਤ ਨੂੰ ਲੈ ਕੇ ਗੁਰਦੁਆਰੇ ਦੇ ਬਿਲਕੁੱਲ ਸਾਹਮਣੇ ਪਹੁੰਚ ਗਿਆ। ਗੁਰਬਾਣੀ ਦੀ ਮਿੱਠੀ ਧੁਨ ਜਦੋਂ ਪ੍ਰਸ਼ਾਂਤ ਦੇ ਕੰਨਾਂ ਨੇ ਸੁਣੀ ਤਾਂ ਆਕਸੀਜਨ ਤੋਂ ਬਿਨਾ ਤੜਫ਼ਦੇ ਪ੍ਰਸ਼ਾਂਤ ਨੇ ਆਪਣਾ ਥੋੜ੍ਹਾ ਜਿਹਾ ਸਿਰ ਚੱਕ ਕੇ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਆਪਣੇ ਸਾਹਮਣੇ ਇੱਕ ਗੁਰਸਿੱਖ ਖੜ੍ਹਾ ਵਿਖਾਈ ਦਿੱਤਾ, ਜੋ ਉਸਦੀ ਉਂਗਲੀ ਤੇ ਮੀਟਰ ਲਾ ਕੇ ਉਸਦੀ ਆਕਸੀਜਨ ਦਾ ਲੈਵਲ ਚੈੱਕ ਕਰ ਰਿਹਾ ਸੀ। ਬਲਵਿੰਦਰ ਨੇ ਜਦੋਂ ਲੈਵਲ ਵੇਖਿਆ ਤਾਂ ਉਸ ਸਮੇਂ ਪ੍ਰਸ਼ਾਤ ਦੀ ਆਕਸੀਜਨ ਦਾ ਲੈਵਲ ਕੇਵਲ 82 ਸੀ ਤੇ ਉਸਨੂੰ ਤਰੁੰਤ ਆਕਸੀਜਨ ਦੀ ਲੋੜ ਸੀ। ਬਲਵਿੰਦਰ ਨੇ ਪ੍ਰਸ਼ਾਤ ਨੂੰ ਫਟਾਫਟ ਗੱਡੀ ਤੋਂ ਉਤਾਰ ਕੇ ਬੈੱਡ ਤੇ ਲਿਟਾਉਣ ਲਈ ਕਿਹਾ। ਵਿਵੇਕ ਨੇ ਆਪਣੇ ਪਿਤਾ ਪ੍ਰਸ਼ਾਂਤ ਨੂੰ ਗੱਡੀ ਚ ਉਤਾਰ ਕੇ ਬੈੱਡ ਤੇ ਲਿਟਾ ਦਿੱਤਾ। ਜਦੋਂ ਪ੍ਰਸ਼ਾਂਤ ਨੇ ਗੁਰਦੁਆਰਾ ਸਾਹਿਬ ਨੂੰ ਧਿਆਨ ਨਾਲ਼ ਵੇਖਿਆ ਤਾਂ 37 ਸਾਲ ਪਹਿਲਾਂ ਵਾਲ਼ਾ ਮੰਜ਼ਰ ਇਕਦਮ ਉਸਦੀਆਂ ਅੱਖਾਂ ਸਾਹਮਣੇ ਆ ਗਿਆ। ਉਸਨੂੰ ਫ਼ਿਰ ਤੋਂ ਆਪਣੇ ਕੀਤੇ ਹੋਏ ਗੁਨਾਹ ਇੱਕ ਇੱਕ ਕਰਕੇ ਸਾਹਮਣੇ ਦਿਖਣ ਲੱਗੇ। ਠੀਕ ਉਸੇ ਵਕਤ ਬਲਵਿੰਦਰ ਆਕਸੀਜ਼ਨ ਦਾ ਸਿਲੰਡਰ ਲੈ ਆਇਆ ਤੇ ਉਹ ਪਾਇਪ ਰਾਹੀਂ ਜਦੋਂ ਪ੍ਰਸ਼ਾਂਤ ਨੂੰ ਆਕਸੀਜ਼ਨ ਦੇਣ ਲੱਗਿਆ ਤਾਂ ਪ੍ਰਸ਼ਾਂਤ ਨੇ ਦੋਨੋਂ ਹੱਥ ਜੋੜ ਕੇ ਕੰਬਦੀ ਆਵਾਜ਼ ਵਿੱਚ ਬਲਵਿੰਦਰ ਨੂੰ ਕਿਹਾ, “ਸਰਦਾਰ ਜੀ, ਮੈਨੂੰ ਮਾਫ਼ ਕਰ ਦਿਓ …ਹਾਅ… ਇਹ ਮੇਰੇ ਗੁਨਾਹਾਂ ਦੀ ਸਜ਼ਾ ਹੀ ਮੈਨੂੰ ਮਿਲ ਰਹੀ ਹੈ..! ਹਾਅ… ਤੁਸੀਂ ਮੈਨੂੰ ਆਕਸੀਜ਼ਨ ਨਾ ਲਾਵੋ..! ਹਾਅ… ਮੇਰੀ ਜਗ੍ਹਾ ਕਿਸੇ ਹੋਰ ਨੂੰ ਲਾ ਦਿਓ।”
“ਇਹ ਕੀ ਕਹਿ ਰਹੇ ਹੋ, ਬਜ਼ੁਰਗੋ ? ਆਕਸੀਜ਼ਨ ਦੀ ਤਾਂ ਲੋੜ੍ਹ ਹੈ ਥੋਨੂੰ। ਸਭ ਉਹ ਆਕਾਲ ਪੁਰਖ਼ ਵਾਹਿਗੁਰੂ ਕਰਨ ਵਾਲ਼ਾ ਹੈ, ਉਸਨੇ ਆਪੇ ਜਿਸਨੂੰ ਲਗਵਾਉਣੀ ਹੈ, ਉਸ ਲਈ ਰਾਹ ਤਿਆਰ ਕਰ ਦੇਣਾ ਹੈ। ਅਸੀਂ ਕੌਣ ਹਾਂ ਕਿਸੇ ਨੂੰ ਲਾਉਣ ਜਾ ਨਾ ਲਾਉਣ ਵਾਲ਼ੇ।” ਬਲਵਿੰਦਰ ਨੇ ਆਕਸੀਜਨ ਵਾਲ਼ਾ ਪਾਇਪ ਸੈੱਟ ਕਰਦੇ ਹੋਏ ਕਿਹਾ।
“ਨਹੀਂ ਸਰਦਾਰ ਜੀ… ਹਾਅ … ਮੈਂ ਬਹੁਤ ਵੱਡਾ ਪਾਪੀ ਹਾਂ।” ਪ੍ਰਸ਼ਾਂਤ ਨੇ ਇੱਕ ਵਾਰ ਫ਼ਿਰ ਬਲਵਿੰਦਰ ਨੂੰ ਰੋਕਦੇ ਹੋਏ ਕਿਹਾ।
“ਵਾਹੁ ਵਾਹੁ ਸਾਚੇ ਮੈ ਤੇਰੀ ਟੇਕ॥ ਹਉ ਪਾਪੀ ਤੂੰ ਨਿਰਮਲੁ ਏਕ॥” “ਬਜ਼ੁਰਗੋ, ਜਿਸਨੇ ਉਸ ਆਕਾਲ ਪੁਰਖ਼ ਪ੍ਰਮਾਤਮਾ ਦਾ ਆਸਰਾ ਲੈ ਲਿਆ, ਉਸਦੇ ਸਭ ਪਾਪ ਬਖਸ਼ੇ ਜਾਂਦੇ ਨੇ, ਇੱਕ ਉਹੀ ਪਵਿੱਤਰ ਕਰਨ ਵਾਲ਼ਾ ਹੈ। ਹੁਣ ਤੁਸੀਂ ਉਸਦੇ ਘਰ ਵਿੱਚ ਹੋ। ਉਹ ਤੁਹਾਡੇ ਤੇ ਵੀ ਮਿਹਰ ਕਰੇਗਾ।” ਬਲਵਿੰਦਰ ਨੇ ਪ੍ਰਸ਼ਾਂਤ ਨੂੰ ਸਮਝਾਉਂਦੇ ਹੋਏ ਕਿਹਾ।
“ਸਰਦਾਰ ਜੀ … ਹਾਅ… ਪਹਿਲਾਂ ਮੇਰੀ …ਹਾਅ… ਗੱਲ ਸੁਣੋ …ਹਾਅ… ਫ਼ਿਰ ਤੁਸੀਂ … ਹਾਅ… ਖ਼ੁਦ ਹੀ … ” ਪ੍ਰਸ਼ਾਂਤ ਨੇ ਔਖੇ ਔਖੇ ਸਾਹ ਲੈਂਦੇ ਹੋਏ ਕਿਹਾ।
“ਦੱਸੋ ਬਜ਼ੁਰਗੋ।” ਬਲਵਿੰਦਰ ਨੇ ਆਕਸੀਜਨ ਦੀ ਪਾਇਪ ਵਾਲ਼ਾ ਮਾਸਕ ਨੇੜੇ ਕਰਦੇ ਹੋਏ ਕਿਹਾ।
“1984 ਵਿੱਚ… ਹਾਅ… ਏਸੇ ਗੁਰਦਵਾਰੇ ਦੇ… ਹਾਅ … ਸਾਹਮਣੇ …ਹਾਅ… ਚਾਰ ਸਰਦਾਰਾਂ ਦੇ …ਹਾਅ… ਗਲਾਂ ‘ਚ …ਹਾਅ… ਟਾਇਰ ਪਾ ਕੇ … ਹਾਅ… ਫ਼ੂਕ ਦਿੱਤਾ ਸੀ …ਹਾਅ… ਮੈਂ ਵੀ… ਹਾਅ… ਉਸ ਭੀੜ… ਹਾਅ … ਦਾ ਹਿੱਸਾ …ਹਾਅ… ਸੀ!” ਪ੍ਰਸ਼ਾਂਤ ਆਪਣੇ ਗੁਨਾਹ ਨੂੰ ਦੱਸਦਾ ਹੋਇਆ ਉੱਚੀ ਉੱਚੀ ਰੋਣ ਲੱਗ ਪਿਆ।
ਇਹ ਸੁਣਦੇ ਸਾਰ ਹੀ ਬਲਵਿੰਦਰ ਦੇ ਹੱਥਾਂ ਵਿੱਚੋਂ ਆਕਸੀਜ਼ਨ ਵਾਲ਼ਾ ਉਹ ਮਾਸਕ ਹੇਠਾਂ ਡਿੱਗ ਪਿਆ ਤੇ ਉਸਦੀਆਂ ਅੱਖਾਂ ਮੂਹਰੇ 84 ਦਾ ਉਹ ਮੰਜ਼ਰ ਘੁੰਮਣ ਲੱਗ ਪਿਆ ਤੇ ਕੰਨਾਂ ਵਿੱਚ ਆਪਣੇ ਅੱਗ ਨਾਲ਼ ਸੜਦੇ ਪਰਿਵਾਰ ਦੀਆਂ ਚੀਕਾਂ ਸੁਣਾਈ ਦੇਣ ਲੱਗੀਆਂ। ਅੱਜ ਉਸਤੋਂ ਆਪਣਾ ਖ਼ੁਦ ਦਾ ਬੋਝ ਸਹਾਰ ਨਾ ਹੋ ਰਿਹਾ ਸੀ। ਉਸ ਬੁੜ੍ਹੇ ਦੀ ਗੱਲ ਸੁਣਕੇ ਉਸਨੂੰ ਲੱਗ ਰਿਹਾ ਸੀ, ਕਿ ਇਹ ਸਾਇਦ ਉਸਦੇ ਪਰਿਵਾਰ ਵਾਂਗ ਕਿਸੇ ਦੇ ਪਰਿਵਾਰ ਨੂੰ ਮਾਰਨ ਵਾਲੀ ਭੀੜ ਦਾ ਹਿੱਸਾ ਸੀ, ਜਾਂ ਫ਼ਿਰ ਹੋ ਸਕਦਾ ਉਸਦੇ ਆਪਣੇ ਪਰਿਵਾਰ ਨੂੰ ਖ਼ਤਮ ਕਰਨ ਵਾਲ਼ੀ ਭੀੜ ਵਿੱਚ ਹੀ ਸ਼ਾਮਿਲ ਹੋਵੇ। ਉਸਦਾ ਮਨ ਕਰ ਰਿਹਾ ਸੀ ਕਿ ਆਪਣੀ ਕਿਰਪਾਨ ਕੱਢ ਕੇ ਉਸ ਬੁੜ੍ਹੇ ਦਾ ਸਿਰ ਧੜ ਤੋਂ ਅਲੱਗ ਕਰ ਦੇਵੇ। ਪੂਰਾ ਗੁੱਸੇ ਵਿੱਚ ਭਰਕੇ ਉਸਨੇ ਆਪਣੀਆਂ ਅੱਖਾਂ ਲਾਲ ਕਰ ਲਈਆਂ ਤੇ ਆਪਣੀ ਕਿਰਪਾਨ ਨੂੰ ਹੱਥ ਪਾਉਂਦੇ ਹੋਏ ਉਸ ਬੁੜ੍ਹੇ ਵੱਲ ਨੂੰ ਵੇਖਿਆ, ਜੋ ਹੁਣ ਵੀ ਆਕਸੀਜ਼ਨ ਤੋਂ ਬਿਨਾ ਪਹਿਲਾਂ ਨਾਲੋਂ ਵੀ ਬੁਰੀ ਤਰ੍ਹਾਂ ਤੜਫ਼ ਰਿਹਾ ਸੀ। ਉਸਨੂੰ ਬੁਰੀ ਤਰ੍ਹਾਂ ਤੜਫ਼ਦਾ ਵੇਖਦੇ ਸਾਰ ਹੀ ਬਲਵਿੰਦਰ ਦਾ ਗੁੱਸਾ ਹੌਲ਼ੀ ਹੌਲ਼ੀ ਢਹਿਲਾ ਹੋਣ ਲੱਗ ਪਿਆ। ਇਹ ਉਸਦੀ ਸਾਰੀ ਜੀਵਨ ਦੀ ਸੇਵਾ ਤੇ ਗੁਰਬਾਣੀ ਦੇ ਫ਼ਲਸਫੇ ਦਾ ਹੀ ਨਤੀਜ਼ਾ ਸੀ, ਜੋ ਅੱਜ ਉਸਨੂੰ ਪ੍ਰਸ਼ਾਤ ਵਿੱਚ ਇੱਕ ਕਾਤਿਲ ਨਹੀਂ ਸਗੋਂ ਜ਼ਿੰਦਗੀ ਦੇ ਸਾਹਾਂ ਲਈ ਤੜਫ਼ਦਾ ਇੱਕ ਬੇਸਹਾਰਾ ਬਜ਼ੁਰਗ ਦਿਖਾਈ ਦੇ ਰਿਹਾ ਸੀ। ਪ੍ਰਸ਼ਾਂਤ ਦੀ ਇਹ ਹਾਲਤ ਵੇਖ ਕੇ ਜਦੋਂ ਬਲਵਿੰਦਰ ਦਾ ਗੁੱਸਾ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ ਤਾਂ ਉਸਨੂੰ ਗੁਰਦੁਆਰੇ ਦੇ ਦਰਬਾਰ ਸਾਹਿਬ ਅੰਦਰੋਂ ਪਾਠੀ ਸਿੰਘ ਦੇ ਬੋਲ ਸੁਣਾਈ ਦਿੱਤੇ।
“ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥ ਰਹਾਉ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ॥ ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ॥”
ਇਹ ਬੋਲ ਸੁਣਦੇ ਹੀ ਬਲਵਿੰਦਰ ਨੇ “ਵਹਿਗੁਰੂ” ਬੋਲ ਕੇ ਹੇਠਾਂ ਡਿੱਗਿਆ ਹੋਇਆ ਆਕਸੀਜ਼ਨ ਦਾ ਮਾਸਕ ਚੁੱਕਿਆ ਤੇ ਪ੍ਰਸ਼ਾਂਤ ਦੇ ਮੂੰਹ ਤੇ ਲਾ ਦਿੱਤਾ। ਮਾਸਕ ਲੱਗਣ ਨਾਲ਼ ਆਕਸੀਜ਼ਨ ਤੋਂ ਬਿਨਾ ਤੜਪਦੇ ਹੋਏ ਪ੍ਰਸ਼ਾਂਤ ਨੇ ਥੋੜ੍ਹੀ ਰਾਹਤ ਮਹਿਸੂਸ ਕੀਤੀ। ਬਲਵਿੰਦਰ ਮਾਸਕ ਲਾਉਣ ਤੋਂ ਇਕਦਮ ਬਾਅਦ ਦਰਬਾਰ ਸਾਹਿਬ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਣ ਲਈ ਚਲੇ ਗਿਆ। ਇਹ ਸਭ ਵੇਖ ਰਿਹਾ ਪ੍ਰਸ਼ਾਂਤ ਤਾਂ ਮੁੰਡਾ ਵਿਵੇਕ ਵੀ ਬਲਵਿੰਦਰ ਦੇ ਪਿੱਛੇ ਪਿੱਛੇ ਗੁਰੂ ਸਾਹਿਬ ਅੱਗੇ ਨਤਮਸਤਕ ਹੋਣ ਲਈ ਤੁਰ ਪਿਆ।
~ ਅਮਨਪ੍ਰੀਤ ਸਿੰਘ ਮਾਨ