ਮਿਹਨਤੀ ਔਰਤ – ਪ੍ਰਿੰਸ

0
260

ਮਿਹਨਤੀ ਔਰਤ – ਪ੍ਰਿੰਸ

ਅੱਜ ਕੱਲ ਕਿਵੇਂ ਦਾ ਮਾਹੌਲ ਹੈ। ਇਹ ਤਾਂ ਸਭ ਜਾਣਦੇ ਹੈ। ਏਨਾਂ ਦਿਨਾਂ ਵਿਚ ਹੀ। ਮੈਂ ਕਿਸੇ ਜਰੂਰੀ ਕੰਮ ਤੋਂ ਘਰ ਨੂੰ ਜਾਂਦਾ ਪਿਆ ਸੀ। ਸਮਾਂ ਕੁਝ ਸ਼ਾਮ ਦੇ 6 ਬਜੇ ਦਾ ਸੀ। ਆਟੋ ਵਾਲੀਆਂ ਦੀ ਭੀੜ ਵਿਚ ਮੈਂ ਫਸਿਆ ਪਿਆ ਸੀ। ਕਦੀ ਕੋਈ ਕਹਿੰਦਾ ਕੋਈ ਕਹਿੰਦਾ, ਕਿੱਥੇ ਜਾਣਾਂ ਭਾਈ…। ਜਦ ਮੈਂ ਉਹਨਾਂ ਨੂੰ ਆਪਣੀ ਦੱਸੀ ਜਗ੍ਹਾ ਤੇ ਜਾਣ ਲਈ ਬੋਲਦਾ ਉਹ ਮਨਾ ਕਰ ਦੇਂਦੇ। ਕੋਈ ਵੀ ਆਟੋ ਵਾਲਾ ਜਾਣ ਨੂੰ ਤਿਆਰ ਨਹੀਂ ਸੀ। ਮੈਂਨੂੰ ਖੱਜਲ ਹੁੰਦੇ 6:30 ਵੱਜ ਗਏ।

ਫਿਰ ਏਨੇ ਨੂੰ ਮੇਰੇ ਕੋਲ ਇੱਕ ਆਟੋ ਆ ਕੇ ਰੁਕ ਗਿਆ

ਹਾਂਜੀ ਭਾਈ ਜੀ ਕਿੱਥੇ ਜਾਣਾਂ…? ਕਿਸੇ ਔਰਤ ਦੀ ਆਵਾਜ਼ ਸੀ।

(ਕਰੋਨਾ ਵਾਇਰਸ) ਤੋਂ ਬਚਾ ਕਰਨ ਲਈ ਉਸ ਔਰਤ ਨੇ ਆਪਣਾ ਮੂੰਹ ਡੱਕਿਆ ਹੋਇਆ ਸੀ।

ਮੈਂ ਉਸ ਵੱਲ ਬੇਚੈਨੀ ਜਿਹੀ ਨਜ਼ਰ ਨਾਲ ਵੇਖ ਰਿਹਾ ਸੀ। ਕਿਉਂਕਿ ਮੈਂ ਔਰਤਾਂ ਆਟੋ ਵਿਚ ਬੈਠੀਆਂ ਨੂੰ ਬਹੁਤ ਵਾਰ ਵੇਖਿਆ ਸੀ। ਪਰ ਪਿਹਲੀ ਵਾਰ  ਕਿਸੇ ਔਰਤ ਨੂੰ ਆਟੋ ਚਲਾਉਂਦੇ ਵੇਖ ਰਿਹਾ ਸੀ।

ਉਸਨੇ ਮੈਂਨੂੰ ਇਕ ਵਾਰ ਫੇਰ ਪੁੱਛਿਆ… । “ਭਾਈ ਜੀ ਕਿੱਥੇ ਜਾਣਾਂ…?”

ਮੈਂ ਉਸਨੂੰ ਆਪਣੀ ਮੰਜ਼ਿਲ ਦੱਸੀ। ਉਸਨੇ ਪੈਸੇ ਦੱਸੇ। ਸੌਦਾ ਪੱਕਾ ਕਰਕੇ ਮੈਂ ਆਟੋ ਵਿਚ ਬੈਠ ਗਿਆ। ਪਰ ਮੈਂ ਇਹ ਸਭ ਵੇਖ ਬਹੁਤ ਪ੍ਰੇਸ਼ਾਨ ਹੋਇਆ ਸੀ। ਉਸ ਔਰਤ ਨੇ ਮੈਂਨੂੰ ਆਪ ਹੀ ਪੁੱਛ ਲਿਆ। “ਕੀ ਗੱਲ ਭਾਈ ਜੀ ਕਾਫੀ ਪ੍ਰੇਸ਼ਾਨ ਲੱਗਦੇ ਹੋ ਕਿ ਹੋਇਆ ਹੈ।”

“ਕੁਝ ਨਹੀਂ ਭੈਣ ਜੀ… ਬਸ ਏਦਾਂ ਹੀ। ਘਰ ਜਲਦੀ ਜਾਣਾ ਸੀ। ਪਰ ਬਹੁਤ ਦੇਰ ਹੋਗੀ, ਮੈਂ ਪਿੱਛੋ ਵੀ ਕਾਫੀ ਸਫਰ ਕਰਕੇ ਆਇਆ ਹਾਂ। ਇਸ ਲਈ ਥੋੜ੍ਹਾ ਪ੍ਰੇਸ਼ਾਨ ਹਾਂ ਭੈਣ ਜੀ ” ਮੈਂ ਕਿਹਾ।

“ਕੋਈ ਨਾ ਭਾਈ ਜੀ ਮੈਂ ਤੁਹਾਨੂੰ ਜਲਦੀ ਹੀ ਤੁਹਾਡੀ ਮੰਜ਼ਿਲ ਤੇ ਪਹੁੰਚਾ ਦੇਵਾਗੀ। ਪ੍ਰੇਸ਼ਾਨ ਨਾ ਹੋਵੋ।” ਉਸਨੇ ਕਿਹਾ।

“ਧੰਨਵਾਦ ਭੈਣ ਜੀ। ਭੈਣ ਜੀ ਇਕ ਗੱਲ ਪੁੱਛਾ ਜੇ ਗੁੱਸਾ ਨਾ ਕਰੋ ਤੇ।”

“ਹਾਂਜੀ ਭਾਈ ਜੀ ਪੁੱਛੋ ਪੁੱਛੋ…।”

“ਮੈਂ ਪਹਿਲੀ ਵਾਰ ਕਿਸੇ ਔਰਤ ਨੂੰ ਆਟੋ ਚਲਾਉਂਦੇ ਵੇਖ ਰਿਹਾ ਹਾਂ। ਇਸ ਲਈ ਮੇਰੇ ਮਨ ਵਿਚ ਇਕ ਸਵਾਲ ਹੈ। ਤੁਸੀਂ ਆਟੋ ਕਿਉਂ ਚਲਾ ਰਹੇ ਹੋ ਭੈਣ ਜੀ…।”

“ਹੁਣ ਕਿ ਦਸਾਂ ਵੀਰ ਜੀ ਘਰਾਂ ਦੀਆਂ ਕਿੰਨੀਆਂ ਸੱਮਸਿਆਵਾਂ ਨੇ,

ਪਤੀ ਮੇਰਾ ਬਹੁਤ ਨਸ਼ਾ ਕਰਦਾ ਹੈ। ਵੀਰੇ ਪਹਿਲਾਂ ਚੰਗਾ ਭਲਾ ਆਟੋ ਚਲਾਉਂਦਾ ਸੀ। ਨਸ਼ਾ ਉਦੋਂ ਵੀ ਕਰਦਾ ਸੀ। ਪਰ ਉਦੋਂ ਘਰ ਦਾ ਵੀ ਫਿਕਰ ਕਰਦਾ ਸੀ। ਹੁਣ ਤੇ ਜਦ ਦਾ (ਲਾਕਡਾਉਨ) ਖੁੱਲਾ ਹੈ। ਘਰ ਹੀ ਰਹਿੰਦਾ ਹੈ। ਸਾਰਾ ਦਿਨ ਨਸ਼ਾ ਕਰਦਾ ਹੈ। ਘਰ ਦਾ ਕੋਈ ਫਿਕਰ ਨਹੀਂ ਕਰਦਾ ਹੁਣ। ਮੈਂ ਜੋ ਅਮੀਰ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਕਮਾਉੰਦੀ ਹਾਂ। ਉਹਦੇ ਨਾਲ ਤੇ ਮਸਾਂ ਘਰ ਦੀ ਦੋ ਢੰਗ ਦੀ ਰੋਟੀ ਹੀ ਚੱਲਦੀ ਹੈ। ਜਦ ਮੈਂ ਕਹਿੰਦੀ ਹਾਂ ਕਿ ਆਟੋ ਲੈਕੇ ਜਾਓ। ਤੇ ਅੱਗੋ ਬੋਲਦਾ ਹੈ। ਆਪ ਚਲੀ ਜਾ, ਹੁਣ ਦਸੋ ਕੀ ਕਰਾਂ ਵੀਰ ਜੀ। ਹਾਰ ਕੇ ਮੈਂਨੂੰ ਹੁਣ ਆਪਣੇ ਬੱਚਿਆ ਦੇ ਲਈ ਕਰਨਾ ਤੇ ਪੈਣਾ ਹੀ ਹੈ। (ਕਰੋਨਾ) ਨਾਲ ਮਰਨਾ ਹੈ ਕੇ ਨਹੀਂ ਮਰਨਾ, ਪਰ ਗਰੀਬ ਨੇ ਭੁੱਖ ਨਾਲ ਮਰ ਜਾਣਾ। ਇਸ ਡਰ ਤੋਂ ਮੈਂ ਆਟੋ ਦੀ ਚਾਬੀ ਫੜੀ ਤੇ ਆਪ ਆਟੋ ਚਲਾਉਣ ਲੱਗ ਗਈ। ਹੁਣ ਸਵੇਰ ਨੂੰ ਮੈਂ ਅਮੀਰ ਲੋਕਾਂ ਦੇ ਘਰ ਕੁਝ ਕੰਮ ਧੰਦਾ ਕਰਕੇ ਜੋ ਪੈਸੇ ਕਮਾਉਂਦੀ ਉਸ ਨਾਲ ਘਰ ਦੀ ਰੋਟੀ ਦਾ ਡੰਗ ਸਾਰਦੀ ਹਾਂ। ਤੇ ਜੋ ਪੈਸੇ ਆਟੋ ਚਲਾ ਕੇ ਕਮਾਉੰਦੀ ਹਾਂ ਉਸ ਨਾਲ ਬੱਚਿਆ ਦੀ ਪਰਵਰਿਸ਼ ਕਰਦੀ ਹਾਂ। ਹੁਣ ਤੇ ਸਰਕਾਰ ਨੇ ਪੜ੍ਹਾਈ ਵੀ ਆਨਲਾਈਨ ਕਰਤੀ ਵੀਰ ਜੀ। ਮੈਂ ਕੱਲ ਹੀ ਆਪਣੇ ਬੇਟੇ ਨੂੰ ਇਕ ਸਮਾਰਟ ਫੋਨ ਲੈਕੇ ਦਿੱਤਾ। ਚਲੋ ਮੈਂ ਮਿਹਨਤ ਕਰਕੇ ਜੋ ਪੈਸੇ ਕਮਾਏ ਸੀ। ਮੇਰੇ ਬੇਟੇ ਦੇ ਕੰਮ ਆ ਗਏ। ਨਹੀਂ ਤੇ ਉਸਦੇ ਪਾਪਾ ਨੇ ਤੇ ਕਦੀ ਨਹੀਂ ਲੈਕੇ ਦੇਣਾ ਸੀ। ਤੇ ਇਸ ਕਾਰਨ ਮੇਰੇ ਬੇਟੇ ਦਾ ਭਵਿੱਖ ਖਰਾਬ ਹੋ ਜਾਣਾ ਸੀ।”

“ਚਲੋ ਜਿਵੇਂ ਵੀ ਹੈ ਵੀਰ ਜੀ। ਮੈਂ ਮਿਹਨਤ ਕਰਕੇ ਆਪਣੇ ਘਰ ਦਾ ਡੰਗ ਸਾਰਦੀ ਹਾਂ। ਜਿਨਾਂ ਘਰਾਂ ਵਿਚ ਮੈਂ ਕੰਮ ਕਰਦੀ ਹਾਂ। ਉਹ ਲੋਕ ਦੇਖਣ ਨੂੰ ਤਾਂ ਅਮੀਰ ਨੇ ਪਰ ਦਿਲੋਂ ਬਹੁਤ ਗਰੀਬ ਨੇ। ਪਰ ਇਕ ਮੈਡਮ ਹੈ। ਮੈਂ ਉਸਦੇ ਘਰ ਵਿਚ ਵੀ ਕੰਮ ਕਰਦੀ ਹਾਂ। ਆਪ ਉਹ ਸਰਕਾਰੀ ਅਧਿਆਪਿਕਾ ਹੈ। ਤੇ ਉਹਨਾਂ ਦਾ ਪਤੀ ਪੰਜਾਬ ਪੁਲਿਸ ਵਿਚ ਚੰਗੇ ਅਹੁਦੇ ਤੇ ਅਫਸਰ ਹੈ। ਉਹ ਮੇਰਾ ਬਹੁਤ ਕਰਦੇ ਹੈ। ਰਿੱਦਾ- ਪੱਕਾ ਵੀ ਦੇ ਦੇਂਦੇ ਹੈ। ਜਦੋਂ ਲੋੜ ਹੋਵੇ ਉਸਦੇ ਅਨੁਸਾਰ ਕੁਝ ਪੈਸੇ  ਦੇ ਮਦਦ ਵੀ ਕਰਦੇ ਹੈ।

ਇਸਦੇ ਨਾਲ ਹੀ ਮੇਰਾ ਘਰ, ਤੇ ਮੇਰੀ ਜਾਨ ਹੁਣ ਕੁਝ ਸੌਖੀ ਹੋਈ ਹੈ।

ਲਵੋ ਵੀਰ ਜੀ ਗੱਲਾਂ – ਗੱਲਾਂ ਵਿਚ ਤੁਹਾਡੀ ਮੰਜ਼ਿਲ ਵੀ ਆ ਗਈ।

ਵੈਸੇ ਵੀਰ ਜੀ। ਤੁਸੀਂ ਮੇਰੀ ਤੇ ਸਾਰੀ ਕਹਾਣੀ ਸੁਣ ਲਈ। ਆਪਣੇ ਬਾਰੇ ਕੁਝ ਦੱਸਿਆ ਹੀ ਨਹੀਂ। ਕਿ ਤੁਸੀਂ ਕੀ ਕਰਦੇ ਹੋ…?”

“ਭੈਣ ਜੀ.. ਮੈਂ ਲਿਖਦਾ ਹਾਂ । ਭੈਣ ਜੀ.. ਕੀ ਮੈਂ ਤੁਹਾਡੀ ਇਹ ਕਹਾਣੀ ਲਿਖ ਸਕਦਾ ਹਾਂ।”

“ਨਹੀਂ ਰਹਿ ਦੋ ਵੀਰ ਜੀ.. । ਮੈਂਨੂੰ ਡਰ ਲੱਗਦਾ।”

“ਡਰ ਕਿਉਂ ਭੈਣ ਜੀ..? “

“ਐੰਵੇ ਕਿਸੇ ਜਾਣ ਪਹਿਚਾਣ ਵਾਲੇ ਨੇ ਪੜ ਲਿਆ ਤੇ ਕਿ ਸੋਚਣਗੇ। ਕਿ ਮੈਂ ਆਪਣੇ ਪਤੀ ਦੀ ਭੰਡੀ ਕਰਦੀ ਫਿਰਦੀ ਹਾਂ।”

“ਕੁਝ ਨਹੀਂ ਹੁੰਦਾ ਭੈਣ ਜੀ। ਸਗੋਂ ਤੁਹਾਡੀ ਇਹ ਕਹਾਣੀ ਨਾਲ ਉਹਨਾਂ ਔਰਤਾਂ ਨੂੰ ਕੁਝ ਸਿੱਖਣ ਨੂੰ ਮਿਲੇਗਾ। ਜੋ ਆਪਣੀਆਂ ਮਜਬੂਰੀਆਂ ਵਿਚ ਦੱਬੀਆਂ ਹੋਈਆਂ ਹੈ। ਨਾਲੇ ਡਰੋਂ ਨਾ ਮੈਂ ਤੁਹਾਡਾ ਅਸਲ ਥਾਂ – ਠਿਕਾਣਾ ਨਹੀਂ ਦੱਸਾਂਗਾ। ਨਾ ਹੀ ਕੁਝ ਏਦਾਂ ਦਾ ਸ਼ਾਮਿਲ ਕਰਾਂਗਾ ਜਿਸਦੇ ਨਾਲ ਇਹ ਕਹਾਣੀ ਤੁਹਾਡੇ ਵੱਲ ਇਸ਼ਾਰਾ ਕਰੇ। ਬੇਫਿਕਰ ਹੋਜੋ ਭੈਣ ਜੀ। ਜੇ ਤੁਹਾਨੂੰ ਭੈਣ ਕਿਹਾ ਨਾ। ਤੇ ਆਪਣੇ ਭਰਾ ਤੇ ਭਰੋਸਾ ਕਰੋ।”

ਮੇਰੀ ਏਨੀ ਗੱਲ ਸੁਣ ਉਸ ਭੈਣ ਨੇ ਮੈਂਨੂੰ ਆਪਣੀ ਕਹਾਣੀ ਲਿਖਣ ਦੀ ਇਜਾਜਤ ਦੇ ਦਿੱਤੀ।

ਮੈਂ ਉਸਨੂੰ ਪੈਸੇ ਦਿੱਤੇ। ਪਾਣੀ ਪਿਆਇਆ। ਤੇ ਰੱਖਦੀ ਤੇ ਆਉਣ ਲਈ ਕਿਹਾ। ਮੈ ਉਸਨੂੰ ਆਪਣੀ ਧਰਮ ਦੀ ਭੈਣ ਬਣਾ। ਹੌਸਲਾ ਦਿੱਤਾ।

ਇਹ ਕੋਈ ਕਹਾਣੀ ਨਹੀਂ ਹੈ। ਸਮਾਜ ਦੀ ਉਹ ਔਰਤ ਹੈ। ਜਿਨੂੰ ਜ਼ਿੰਦਗੀ ਜਿਊਣ ਲਈ ਕੀ ਕੁਝ ਕਰਨਾ ਪੈਂਦਾ ਹੈ।

ਇਸ ਕਹਾਣੀ ਵਿਚ ਮੈਂ ਉਸ ਭੈਣ ਦੀ ਅਸਲ ਪਛਾਣ ਲੁਕਾਕੇ ਰੱਖੀ ਹੈ ।

ਕਿਉਂਕਿ ਮੇਰੀ ਮੂੰਹ ਬੋਲੀ ਭੈਣ ਨਹੀਂ ਚਾਹੁੰਦੀ ਸੀ। ਕਿ ਉਸਦੇ ਪਤੀ ਦੀ ਕੋਈ ਬਦਨਾਮੀ ਨਾ ਕਰੇ। ਹੁਣ ਰੱਖੜੀ ਆ ਰਹੀ ਹੈ। ਦੇਖੋ ਮੇਰੀ ਮੂੰਹ ਬੋਲੀ ਭੈਣ ਆਉਂਦੀ ਹੈ ਜਾਂ ਨਹੀਂ।

(ਆਪ ਜੀ ਦਾ ਨਿਮਾਣਾ)

____ਪ੍ਰਿੰਸ