ਧੜਕਦੇ ਪੰਨੇ – ਅਕਸ਼ ਕੌਰ ਪੁਰੇਵਾਲ

0
171

ਧੜਕਦੇ ਪੰਨੇ – ਅਕਸ਼ ਕੌਰ ਪੁਰੇਵਾਲ

ਅੱਖਰ ਕਿਤਾਬ ਦਾ ਇਕ ਉਹ ਮਹਤੱਵਪੂਰਨ ਅੰਗ ਹੈ ਜਿਸਦੇ ਨਾਲ ਕਿਤਾਬ ਦਾ ਹਰ ਕੋਰਾ ਵਰਕਾ ਧੜਕਦਾ ਹੈ ਤੇ ਇਹਨਾਂ ਅੱਖਰ ਰੂਪੀ ਅੰਗਾਂ ਵਿਚ ਸਾਹ ਭਰਦੀ ਹੈ ਸਾਡੀ ਕਲਮ । ਜਿਵੇਂ ਹੀ ਮਨੁੱਖ ਨੂੰ ਆਪਣੇ ਸ਼ਰੀਰ ਵਿਚ ਸਾਹਾਂ ਦੀ ਪ੍ਰਕਿਰਿਆ ਖਤਮ ਹੁੰਦੀ ਜਾਪਦੀ ਹੈ ਤਾ ਉਹ ਤੁਰੰਤ ਡਾਕਟਰ ਵੱਲ ਭੱਜਦਾ ਹੈ, ਬਿਲਕੁਲ ਇੰਝ ਹੀ ਜਦ ਇਕ ਲੇਖਕ ਨੂੰ ਆਪਣੀ ਕਲਮ ਵਿਚ ਸਿਆਹੀ ਖਤਮ ਹੁੰਦੀ ਜਾਪਦੀ ਹੈ ਤਾ ਉਹ ਦਵਾਤ ਵੱਲ ਭੱਜਦਾ ਹੈ ਤਾਕਿ ਉਸਦਾ ਇਹ ਕੋਰਾ ਵਰਕਾ ਹਮੇਸ਼ਾ ਧੜਕਦਾ ਰਹੇ । ਜੇਕਰ ਮਨੁੱਖ ਸਮਝੇ ਤਾ ਕਿਤਾਬਾਂ ਮਨੁੱਖ ਦੇ ਜੀਵਨ ਦਾ ਵੱਡਮੁੱਲਾ ਸ਼ਿੰਗਾਰ ਨੇ..ਸੋਚੋ ? ਜੇਕਰ ਇਹ ਕਿਤਾਬਾਂ ਨਾ ਹੁੰਦੀਆਂ ਜਾ ਫਿਰ ਇਹਨਾਂ ਸ਼ਬਦਾਂ, ਅੱਖਰਾਂ ਦੀ ਰਚਨਾ ਨਾ ਹੁੰਦੀ ਤਾ ਸਾਡੇ ਗੁਰੂ ਸਹਿਬਾਨ ਬਾਣੀ ਦੇ ਇਹਨਾਂ ਅਨਮੋਲ ਅਰਥਾਂ ਨੂੰ ਕਿਵੇਂ ਪੋਥੀਆਂ ਵਿਚ ਪਰਾਓਂਦੇ ਜਿਨ੍ਹਾਂ ਨੂੰ ਪੜ੍ਹ ਕੇ ਅੱਜ ਏਸ ਦੁਨੀਆਦਾਰੀ ਦੇ ਰੁਜੇਵੀਆਂ ਵਿਚ ਫੱਸੇ ਮਨੁੱਖ ਦੀ ਰੂਹ ਨੂੰ ਸ਼ਾਂਤੀ ਮਿਲਦੀ ਹੈ ।

ਇਕ ਸ਼ਾਇਰ ਕਿਵੇਂ ਇਹਨਾਂ ਅੱਖਰਾਂ ਤੋਂ ਬਿਨਾਂ ਆਪਣੇ ਮਨ ਅੰਦਰ ਬਿਰਹਾ ਦੀ ਉਦਾਸੀ ਨੂੰ ਸਫ਼ੇ ਤੇ ਉਤਾਰ ਪਾਉਂਦਾ ?

ਇਕ ਆਸ਼ਿਕ਼ ਕਿਵੇਂ ਆਪਣੀ ਮਹਿਬੂਬਾ ਨੂੰ ਕਹਿ ਪਾਉਂਦਾ…

“ਨੈਣਾ ਵਿਚ ਸੂਰਮੇ ਦਾ ਖੇਲ,ਪੋਹ ਤੇ ਮਾਘ ਦੀ ਤਰੇਲ

ਚੰਨ ਤੇ ਚਕੋਰ ਦੇ ਮੇਲ ਵਾਂਗ ਤੈਨੂੰ ਆਪਣਾ ਮੈਂ ਮਨਾਂ,

ਸਾਹਾਂ ਦੀ ਕਲਮ ਨਾਲ ਦਿਲ ਵਿਚ ਅਦਬ ਲੈ ਕੇ

ਮੈਂ ਲਿਖਾ ਆਪਣੀ ਕਿਤਾਬ ਵਿਚ ਤੇਰਾ ਹੀ ਹਰ ਪੰਨਾ…”

ਜਿਹੜਾ ਮਨੁੱਖ ਇਹਨਾਂ ਕਿਤਾਬਾਂ ਦੇ ਰੰਗ ਵਿਚ ਆਪਣੇ ਜੀਵਨ ਨੂੰ ਰੰਗ ਲੈਂਦਾ ਹੈ, ਉਸ ਨੂੰ ਆਪਣੀ ਜ਼ਿੰਦਗੀ ਵਿਚ ਕਿਸੇ ਹੋਰ ਰਿਸ਼ਤੇ ਦੀ ਲੋੜ ਮਹਿਸੂਸ ਨਹੀਂ ਹੁੰਦੀ ।nਤੁਸੀ ਸੋਚਦੇ ਹੋਵੋਗੇ ਚੱਲ ਛੱਡ ਇਹ ਤਾ ਆਪਣੀਆਂ ਮਾਰੀ ਜਾਂਦੀ ਹੈ, ਸਾਨੂੰ ਗਿਆਨ ਵੰਡ ਰਹੀ ਹੈ , ਪਰ ਸੱਚ ਮਾਨਿਓੁ ਇਹ ਮੇਰੀ ਜ਼ਿੰਦਗੀ ਦੀ ਅਜਮਾਈ ਹੋਈ ਗੱਲ ਹੈ ਇਕ ਵਕ਼ਤ ਐਵੇਂ ਦਾ ਵੀ ਸੀ ਜਦ ਮੈਂ ਵੀ ਸੋਚਦੀ ਹੁੰਦੀ ਸੀ ਕਿ ਫਾਇਦਾ ਇਹਨਾਂ ਕਿਤਾਬਾਂ ਨੂੰ ਪੜ੍ਹ ਕੇ ? ਮੇਰੇ ਕੋਲ ਇਹਨਾਂ ਕਿਤਾਬਾਂ ਨੂੰ ਪੜ੍ਹਨ ਦਾ ਵਕ਼ਤ ਕਿੱਥੇ ? ਪਰ ਜਿਸ ਦਿਨ ਦੀ ਇਹਨਾਂ ਕਿਤਾਬਾਂ ਲੜ ਲੱਗੀ ਹਾਂ, ਜ਼ਿੰਦਗੀ ਵਧੇਰੇ ਸੁਖਾਲੀ ਜਾਪਣ ਲੱਗ ਗਈ ਹੈ ਤੇ ਸੱਚਮੁੱਚ ਜਿਸ ਦਿਨ ਦੀ ਇਹਨਾਂ ਕਿਤਾਬਾਂ ਨਾਲ ਇਕ ਪਾਠਕ ਹੋਣ ਦਾ ਰਿਸ਼ਤਾ ਨਿਭਾ ਰਹੀ ਆ ਕਿਸੇ ਹੋਰ ਦੁਨਿਆਵੀ ਰਿਸ਼ਤੇ ਨੂੰ ਨਿਭਾਉਣ ਦੀ ਦਿਲ ਵਿਚ ਕੋਈ ਤਾਂਘ ਨਹੀਂ ਜਾਪੀ ।

ਸਾਡੀ ਨੌਜਵਾਨ  ਪੀੜੀ ਅੱਜ ਇਹਨੀਂਆ ਵਿਅਰਥ ਦੀਆ ਗੁੰਜਲਾ ਵਿਚ ਫੱਸ ਚੁੱਕੀ ਹੈ ਜਿਸ ਵਿੱਚੋ ਨਿਕਲਣਾ ਬਹੁਤ ਮੁਸ਼ਕਿਲ ਹੈ । ਸਾਡੀ ਪੀੜੀ ਕੋਲ ਅੱਜ ਆਪਣੇ ਆਪ ਬਾਰੇ ਸੋਚਣ ਲਈ ਇਹਨਾਂ ਵਕ਼ਤ ਨਹੀਂ ਹੈ ਜਿਨ੍ਹਾਂ ਦੁਨੀਆ ਬਾਰੇ ਸੋਚਣ ਲਈ ਹੈ ।      ਫਲਾਣਾ ਕੀ ਕਹੇਗਾ ? ਟਿਮਕਣਾ ਕੀ ਕਹੇਗਾ ? ਕੀ ਇਹ ਉਸ ਨੂੰ ਸਹੀ ਲਗੇ ਗਾ ਜਾ ਨਹੀਂ ?

ਮੈਨੂੰ ਇਕ ਗੱਲ ਸੋਚ ਕੇ ਦੱਸਣਾ…..!!!

ਕੀ ਤੁਹਾਡਾ ਇਹ ਸਰੀਰਕ ਢਾਂਚਾ ਤੁਹਾਡੇ ਕਿਸੇ ਦੋਸਤ ਮਿੱਤਰ ਨੇ ਜਾ ਕਿਸੇ ਰਿਸ਼ਤੇਦਾਰ ਨੇ  ਸਿਰਜਿਆ ਸੀ  ? ਕੀ ਤੁਸੀ ਰੋਟੀ ਕਿਸੇ

ਦੀ ਭੁੱਖ ਮਿਟਾਉਣ ਖਾਤਿਰ ਖਾਂਦੇ ਹੋ ਜਾ ਆਪਣੀ ? ਕੀ ਤੁਸੀ ਪਾਣੀ ਆਪਣੀ ਪਿਆਸ ਮਿਟਾਉਣ ਲਈ ਪੀਂਦੇ ਹੋ ਜਾ ਕਿਸੇ ਦੂਜੇ ਦੀ ?

ਜਵਾਬ ਵਿਚ ਉੱਤਰ ਆਵੇਗਾ ਜੀ ਆਪਣੇ ਲਈ ?

ਤੇ ਫਿਰ ਕਿਉ ਇਹ ਜੀਵਨ ਜੋ ਸਾਨੂੰ ਚੋਰਾਸੀ ਲੱਖ ਜੂਨਾਂ ਭੋਗ ਕੇ ਪ੍ਰਾਪਤ ਹੋਇਆ ਹੈ ਉਸ ਦਾ ਅਨੰਦ ਮਾਨਣ ਲਈ ਅਸੀਂ ਕਿਸੇ ਦੂਜੇ ਤੇ ਨਿਰਭਰ ਹੁੰਦੇ ਹਾਂ । ਅੱਜ ਸਾਡੇ ਜੀਵਨ ਵਿਚ ਬਦਲਾਵ ਦਾ ਆਉਣਾ ਬਹੁਤ ਜ਼ਰੂਰੀ ਹੈ

ਪਾਠਕ ਹੋਣਾ ਆਪਣੇ ਆਪ ਵਿਚ ਬਹੁਤ ਮਾਨ ਵਾਲੀ ਗੱਲ ਹੈ । ਕਿਤਾਬਾਂ ਮਨੁੱਖੀ ਜੀਵਨ ਵਿਚ ਬਦਲਾਵ ਦਾ ਸੱਭ ਤੋਂ ਵੱਡਾ ਕਾਰਨ ਹਨ ਤੇ ਇਹ ਬਦਲਾਵ ਸਾਡੇ ਵਿਅਕਤੀਤਵ ਨੂੰ ਹੋਰ ਵਧੇਰੇ ਉੱਚਾ ਉਠਾ ਦੇਂਦਾ ਹੈ ਤੇ ਅਸੀਂ ਆਪਣੇ ਜੀਵਨ ਵਿਚ ਸਹਿਜਤਾ ਦੀ ਪੋੜੀ ਚੜ੍ਹਨ ਲੱਗ ਪੈਂਦੇ ਹਾਂ । ਜ਼ਿੰਦਗੀ ਵਿਚ ਇਕ ਠਹਿਰਾਵ ਜਿਹਾ ਆ ਜਾਂਦਾ ਹੈ ।

ਇਕੱਲਾਪਣ, ਕਹਿੰਦੇ ਇਕੱਲਾਪਣ ਬੰਦੇ ਨੂੰ ਖੋਖਲਾ ਕਰ ਦੇਂਦਾ ਹੈ, ਹਾਂਜੀ ਬਿਲਕੁਲ ਸੱਚ ਗੱਲ ਹੈ !                                

ਜ਼ਿੰਦਗੀ ਵਿਚ ਕਿਸੇ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ, ਸਾਥ ਜ਼ਿੰਦਗੀ ਦੇ ਏਸ ਸੁਹਾਣੇ ਸਫ਼ਰ ਨੂੰ ਹੋਰ ਵੀ ਹਸੀਨ ਬਣਾ ਦੇਂਦਾ ਹੈ ।

ਪਰ ਇਕ ਗੱਲ ਆਖਦੀ ਹਾਂ ਸੱਚੀ…!

ਮੇਰਾ ਤੁਜਰਬਾ ਇੰਝ ਮਾਪਦਾ ਹੈ ਜ਼ਿੰਦਗੀ ਵਿਚ ਇਕ ਅਜਿਹਾ ਪਲ ਵੀ ਜ਼ਰੂਰ ਆਉਂਦਾ ਹੈ ਜਦ ਸਾਡੇ ਮਾਂ ਪਿਉ ਵੀ ਸਾਡਾ ਸਾਥ ਛੱਡ ਜਾਂਦੇ ਨੇ । ਹਾਂ ਮੈਨੂੰ ਪਤਾ ਹੈ ਕੇ ਮਾਂ ਪਿਉ ਵਰਗੀ ਮਮਤਾ ਦੁਨੀਆ ਵਿਚ ਕਿਧਰੇ ਨਹੀਂ ਲੱਭਦੀ ਪਰ ਅਸੀਂ ਇਸ ਗੱਲ ਤੋਂ ਵੀ ਨਿਕਾਰਾ ਨਹੀਂ ਕਰ ਸਕਦੇ ਕੀ ਕਿੰਨੀ ਦੇਰ ਮਾਪੇ ਵੀ ਵੇਹਲੇ ਪੁੱਤ ਨੂੰ ਰੋਟੀਆਂ ਖਵਾਈ ਜਾਣਗੇ ਕਦੇ ਤਾ ਉਹ ਵੀ ਸਾਥ ਛੱਡ ਜਾਣਗੇ ਹੀ, ਉਹਨਾਂ ਦੀਆ ਵੀ ਸਾਡੇ ਤੋਂ ਕਈ ਉਮੀਦਾਂ ਹੋਣ ਗਈਆਂ ।

ਤੇ ਫਿਰ ਓਹੀ ਗੱਲ ਕੇ ਕਿਥੋਂ ਮਿਲੇਗਾ ਇਹ ਜ਼ਿੰਦਗੀ ਭਰ ਦਾ ਸਾਥ ?                                                                ਜਿਸ ਵਿਚ ਮਾਂ ਦੀ ਮਮਤਾ ਹੋਵੇ ਤੇ ਪਿਓ ਦਾ ਸਹਾਰਾ ਹੋਵੇ …!

ਜੋ ਜ਼ਿੰਦਗੀ ਜਿਉਣ ਦਾ ਸੁਚੱਜਾ ਢੰਗ ਸਮਝਾਏ ਸਾਨੂੰ..!

ਉਹ ਭਲਿਆ ਬੰਦਿਆ ਇਹ ਸਾਥ ਹੈ ਕਿਤਾਬਾਂ….ਇਹਨਾਂ ਕਿਤਾਬਾਂ ਦਾ ਪਾਠਕ ਇੰਝ ਬਣ ਜਿਵੇਂ ਇਕ ਮਾਂ ਦਾ ਸੁਚੱਜਾ ਪੁੱਤ ਹੁੰਦਾ ਹੈ , ਫਿਰ ਦੇਖੀ ਇਹ ਸਾਹਿਤਕ ਤੇਰੇ ਜੀਵਨ ਮਿਆਰ ਨੂੰ ਇਹਨਾਂ ਉੱਚਾ ਉਠਾ ਦਵੇਗੀ ਕੇ ਤੂੰ ਸਾਰੀ ਦੁਨੀਆਂ ਤੋਂ ਅਲੱਗ ਨਜ਼ਰ ਆਵੇਗਾ ।

ਮੇਰੇ ਹਮਉਮਰ ਅੱਜ ਇਕ ਅਜਿਹੀ ਰਾਹ ਦੇ ਮੁਸਾਫ਼ਿਰ ਨੇ ਜਿਸ ਦੀ ਕੋਈ ਮੰਜ਼ਿਲ ਨਹੀਂ ਹੈ ਪਰ ਫੇਰ ਵੀ ਉਹਨਾਂ ਨੂੰ ਇਸ ਰਾਹ ਵਿਚ ਇਸ ਕਦਰ ਅਨੰਦ ਆ ਰਿਹਾ ਹੈ ਕੀ ਉਹ ਮੰਜ਼ਿਲ ਤੱਕ ਪਹੁਚੰਣ ਪਾਵੇ ਨਾ ਪੁਹੰਚਣ ਫ਼ਰਕ ਨਹੀਂ ਪੈਂਦਾ ਕਿਉਕਿ ਇਸ ਸਫ਼ਰ ਵਿਚ ਉਹਨਾਂ ਕੋਲ ਕਈ ਸਾਥ ਨੇ ਜੋ ਉਹਨਾਂ ਨੂੰ ਲੱਗਦਾ ਹੈ ਕੇ ਉਹ ਹਮੇਸ਼ਾ ਉਹਨਾਂ ਦੇ ਨਾਲ ਖੜ੍ਹੇ ਰਹਿਣਗੇ । ਅਸਲ ਵਿਚ ਇਹ ਸਾਥ ਕਿੰਨੇ ਖੋਖਲੇ ਨੇ ਇਸ ਗੱਲ ਨਾਲ ਇਕ ਦਿਨ ਉਹ ਜ਼ਰੂਰ ਵਾਕਿਫ਼ ਹੋਣਗੇ । ਮੈਂ ਬਹੁਤੀ ਸਿਆਣੀ ਤਾ ਨਹੀਂ ਹਾਂ ਪਰ ਆਪਣੇ ਸਾਥੀਆਂ ਨੂੰ ਇਹ ਸਲਾਹ ਦੇਣਾ ਚਾਹੁੰਦੀ ਹਾਂ ਕੇ ਅੱਜ ਇਹ ਸਾਰੀਆਂ ਚੀਜ਼ਾਂ ਨੂੰ ਲਿਖਣ ਦਾ ਮੇਰਾ ਇਹ ਮਕਸਦ ਨਹੀਂ ਹੈ ਕੇ ਮੈਂ ਤੁਹਾਡੇ ਨਾਲ ਵੱਡੀਆਂ ਵੱਡੀਆਂ ਗੱਲਾਂ ਕਰਾਂ, ਅਸਲ ਦਿਲ ਦੀ ਚਾਹ ਇਹ ਹੈ ਕੀ ਤੁਸੀ ਇਹਨਾਂ ਧੜਕਦੇ ਅੱਖਰਾਂ ਦੇ ਅਜਿਹੇ ਮੁਸਾਫ਼ਿਰ ਬਣੋ ਜਿਸਦੀ ਮੰਜ਼ਿਲ ਕਿਤਾਬ ਹੋਵੇ ਜਿੱਥੇ ਪੁਹੰਚ ਕੇ ਤੁਹਾਡੀ ਜ਼ਿੰਦਗੀ ਇੰਝ ਖਿਲ ਜਾਵੇ ਇਕ ਮੁਰਜਾਏ ਫੁੱਲ ਨੂੰ ਪਾਣੀ ਦੀਆ ਕੁਝ ਕੁ ਬੂੰਦਾਂ ਫਿਰ ਤੋਂ ਮਹਿਕਣ ਦਾ ਨਿਉਤਾ ਦੇਂਦੀਆਂ ਨੇ , ਜਿਵੇਂ ਸੂਰਜ ਦੀ ਪਹਿਲੀ ਕਿਰਨ ਵੇਹੜੇ ਵਿਚ ਸੁਆਣੀ ਦੀ ਝਾਂਜਰ ਦੀ ਛਣਕਾਰ ਨਾਲ ਚੜ੍ਹਦੀ ਹੈ ਬਿਲਕੁਲ ਉਸ ਤਰਾਂ ਹੀ ਤੁਹਾਡੀ ਜ਼ਿੰਦਗੀ ਦੀ ਸਵੇਰ ਵੀ ਕਿਤਾਬ ਦੇ ਇਸ ਖਨ ਖਨ ਕਰਦੇ ਵਰਕੇ ਦੀ ਸ਼ੁਰੂਆਤ ਨਾਲ ਹੋਵੇ ਜਿਸ ਵਿਚ ਤੁਹਾਨੂੰ ਕਿਸੇ ਹੋਰ ਦਾ ਸਾਥ ਪ੍ਰਤੀਤ ਨਾ ਹੋਵੇ ਤੇ ਜੀਵਨ ਦੇ ਇਸ ਖੂਬਸੂਰਤ ਮੇਲੇ ਨੂੰ ਤੁਸੀ ਖੁਸ਼ੀ ਖੁਸ਼ੀ ਮਾਣੋ….

ਲੇਖਕ – ਅਕਸ਼ ਕੌਰ ਪੁਰੇਵਾਲ     

Instagram id @harf_kahani