ਲਾਊਡ-ਸਪੀਕਰ ਬੰਦ ਹੋ ਚੁੱਕਾ ਸੀ ਪਰ ਵਾਜੇ ਦੀਆਂ ਸੁਰਾਂ ਪੂਰੇ ਵੇਗ ਵਿੱਚ ਸਨ, ਜੋ ਫਿਰਨੀ ਕੰਢੇ ਬਣੇ ਫਲੈਟ-ਨੁਮਾ ਮਕਾਨ ਤੋਂ ਉੱਠਦੀਆਂ ਹੋਈਆਂ ਤਰੇਲ਼ ਨਹਾਤੀ ਸਵੇਰ ਨੂੰ ਰਮਣੀਕ ਬਣਾ ਰਹੀਆਂ ਸਨ। ਠੰਢੀ ਠੰਢੀ ਰੁਮਕ ਰਹੀ ਹਵਾ ਨਾਲ਼ ਝੂਮ ਰਹੀਆਂ ਫ਼ਸਲਾਂ ਪੂਰਬ ਦੀ ਗੁੱਠ ਵਿੱਚੋਂ ਉਠ ਰਹੇ ਸੂਰਜ ਨੂੰ ਸਿਜਦਾ ਕਰ ਰਹੀਆਂ ਸਨ। ਹਵਾ ਵਿਚਲੀ ਖੁਸ਼ਬੂ ਝੋਨੇ ਦੀਆਂ ਪੱਕ ਰਹੀਆਂ ਫਸਲਾਂ ਦਾ ਸੰਦੇਸ਼ ਦੇ ਰਹੀ ਸੀ। ਸ਼ਾਇਦ ਇਹ ਇਸ ਖੁਸ਼ਬੂ ਦਾ ਅਸਰ ਸੀ ਜਾਂ ਵਿਆਹ ਦਾ ਚਾਅ ਕਿ ਲਗਭਗ ਹਰ ਚਿਹਰਾ ਖੁਸ਼ ਨਜ਼ਰ ਆ ਰਿਹਾ ਸੀ।
ਪਿੰਡ ਦੀਆਂ ਬੁੜ੍ਹੀਆਂ, ਭਾਰੀ ਗਿਣਤੀ ਵਿੱਚ, ਅਵਤਾਰ ਸਿੰਘ ਦੇ ਕੈਨੇਡਾ ਤੋਂ ਆਏ ਪੁੱਤਰ ਸੁਰਿੰਦਰ ਦੀ ਚੜ੍ਹਦੀ ਜੰਞ ਨੂੰ ਵੇਖਣ ਆਈਆਂ ਹੋਈਆਂ ਸਨ। ਵਾਜੇ ਦੀਆਂ ਸੁਰਾਂ ਤੇ ਲੋਕਾਂ ਦੀਆਂ ਭਾਂਤ ਭਾਂਤ ਦੀਆਂ ਆਵਾਜ਼ਾਂ ਦੇ ਆਪਸੀ ਟਕਰਾਉ ਨਾਲ ਰੌਲਾ-ਰੱਪਾ ਕਾਫ਼ੀ ਸੰਘਣਾ ਹੋ ਗਿਆ ਸੀ।
ਜਨੇਤ ਵਿੱਚ ਸ਼ਾਮਿਲ ਹੋਣ ਵਾਲੇ ਬੰਦੇ, ਨਿੱਕੀਆਂ-ਨਿੱਕੀਆਂ ਟੋਲੀਆਂ ਦੇ ਰੂਪ ਵਿੱਚ, ਗੇਟ ਸਾਹਮਣੇ ਖਲੋਤੀਆਂ ਕਾਰਾਂ ਤੇ ਬੱਸ ਵੱਲ ਨੂੰ ਟੁਰਨ ਲੱਗ ਪਏ। ਅਵਤਾਰ ਸਿੰਘ ਦੀ ਵੱਡੀ ਧੀ ਗੁਰਿੰਦਰ ਤੇ ਉਸ ਦੇ ਪਤੀ ਇਕਬਾਲ ਦੇ ਕਦਮ ਜੱਕੋ-ਤੱਕੀ ਵਿੱਚ ਉੱਠ ਰਹੇ ਸਨ।
“ਆਉ ਆਪਾਂ ਕਾਰ ‘ਚ ਬਹਿਨੇ ਆਂ।” ਗੁਰਿੰਦਰ ਨੇ ਇਕਬਾਲ ਨੂੰ ਕਿਹਾ।
“ਗੁਰੀ! ਕਾਰਾਂ ‘ਚ ਤਾਂ ਖਾਸ ਖਾਸ ਬੰਦੇ ਈ ਬਹਿਣੇ ਆਂ। ਆਪਣਾ ਨੰਬਰ ਲੱਗਣਾ ਮੁਸ਼ਕਲ ਐ।”
“ਤੇ ਅਸੀਂ ਖਾਸ ਨਾਲੋਂ ਘੱਟ ਆਂ।” ਇਕਬਾਲ ਦੇ ਕਦਮਾਂ ਦਾ ਰੁਖ ਕਾਰ ਵੱਲ ਨੂੰ ਕਰਨ ਦੀ ਕੋਸ਼ਿਸ਼ ਵਿੱਚ ਗੁਰੀ ਨੇ ਮਾਣ ਜਿਹੇ ਵਿੱਚ ਕਿਹਾ।
“ਚੰਗਾ, ਤੁਸੀਂ ਦੇਖ ਲਉ। ਮੈਂ ਤਾਂ ਬੱਸ ‘ਚ ਹੀ ਬਹਿਨਾ ਆਂ।” ਉਹ ਬੱਸ ਵੱਲ ਨੂੰ ਹੋ ਗਿਆ ਤੇ ਗੁਰੀ ਆਪਣੇ ਦੋਨਾਂ ਨਿਆਣਿਆਂ ਨੂੰ ਉਂਗਲਾਂ ਨਾਲ ਲਾਈ, ਸਭ ਤੋਂ ਮੋਹਰਲੀ ਕਾਰ ਵੱਲ ਨੂੰ ਹੋ ਤੁਰੀ, ਜੋ ਹਾਰਾਂ ਨਾਲ ਸ਼ਿੰਗਾਰੀ ਹੋਈ ਸੀ।
ਜਨੇਤ ਵਾਸਤੇ ਇੱਕ ਬੱਸ ਤੇ ਚਾਰ ਕਾਰਾਂ ਦਾ ਬੰਦੋਬਸਤ ਕੀਤਾ ਗਿਆ ਸੀ। ਗੁਰੀ ਦੇ ਦਿਲ ਅੰਦਰ ਆਪਣੇ ਵਿਅ੍ਹਾਂਦੜ ਭਰਾ ਨਾਲ ਬੈਠਣ ਦੀ ਤਾਂਘ ਸੀ। ਪਰ ਉਸਦੀ ਛੋਟੀ ਭੈਣ ਰੁਪਿੰਦਰ ਨੇ ਆਪਣੇ ਪਤੀ ਚੰਨੀ ਤੇ ਇੱਕ ਟਪੂੰ-ਟਪੂੰ ਕਰਦੀ ਨਣਾਨ ਸਮੇਤ ਕਾਰ ਉੱਤੇ ਮੁਕੰਮਲ ਤੌਰ ‘ਤੇ ਕਬਜ਼ਾ ਕੀਤਾ ਹੋਇਆ ਸੀ। ਤੇ ਗੁਰੀ ਦੇ ਨਜ਼ਦੀਕ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਪਿਛਲੀ ਕਾਰ ਵੱਲ ਤੋਰ ਦਿੱਤਾ। ਦੂਜੀ ਕਾਰ ਸੁਰਿੰਦਰ ਦੇ ਦੋਸਤਾਂ ਨੇ ਮੱਲੀ ਹੋਈ ਸੀ। ਤੀਜੀ ਵਿੱਚ ਉਸਦੇ ਪਾਪਾ ਦੇ ਮੁਲਾਜ਼ਮ ਸਾਥੀ ਤੇ ਕੁਝ ਨਜ਼ਦੀਕੀ ਰਿਸ਼ਤੇਦਾਰ ਬੈਠੇ ਸਨ। ਚੌਥੀ ਵਿੱਚ ਤਹਿਸੀਲਦਾਰ ਨਾਲ ਵਿਆਹੀ ਹੋਈ ਉਸਦੀ ਮਾਸੀ ਦੀ ਧੀ ਕਿਸੇ ਸਿਆਸੀ ਨੇਤਾ ਦੀ ਕੁੜੀ ਨੂੰ ਨਾਲ਼ ਲੈ ਕੇ ਪਿਛਲੀ ਸੀਟ ‘ਤੇ ਬੈਠੀ ਹੋਈ ਸੀ। ਮਨ ਹੀ ਮਨ ਅੰਦਾਜ਼ਾ ਜਿਹਾ ਲਗਾਉਂਦਿਆਂ ਉਹ ਇਸ ਕਾਰ ਵਿੱਚ ਆ ਬੈਠੀ। ਆਪਣੇ ਲਿਪਸਟਿਕ ਲੱਗੇ ਬੁੱਲ੍ਹਾਂ ਨੂੰ ਘੁੱਟਦਿਆਂ ਪਹਿਲੀਆਂ ਦੋਨਾਂ ਸੁਆਰੀਆਂ ਨੇ ਆਪਣੀਆਂ ਸਾੜ੍ਹੀਆਂ ਦੇ ਪੱਲੂ ਹੇਠਾਂ-ਉੱਤੇ ਇੰਜ ਹਿਲਾਏ ਜਿਵੇਂ ਆਪਣੇ ਦੁਆਲਿਉਂ ਮੱਖੀਆਂ ਉਡਾ ਰਹੀਆਂ ਹੋਣ। ਫੈਸ਼ਨ ਬਾਰੇ ਚੱਲ ਰਹੀਆਂ ਉਨ੍ਹਾਂ ਦੀਆਂ ਗੱਲਾਂ ਨੂੰ ਅਣਸੁਣੀਆਂ ਕਰਨ ਲਈ ਗੁਰੀ ਆਪਣੇ ਨਿਆਣਿਆਂ ਨਾਲ ਗੱਲੀਂ ਡਹਿ ਪਈ। ਆਪਣੇ ਨਾਲ਼ ਦੀ ਸੀਟ ਦੇ ਕਾਫ਼ੀ ਹਿੱਸੇ ‘ਤੇ ਪਸਰੀ ਹੋਈ ਮਾਸੀ ਦੀ ਕੁੜੀ ਨੂੰ ਵੇਖ ਕੇ ਉਸ ਨੂੰ ਥੋੜ੍ਹਾ ਸਮਾਂ ਪਹਿਲਾਂ ਹੋਈ, ਇੰਜੜੀ ਦੀ ਰਸਮ ਯਾਦ ਆ ਗਈ। ਸੁਰਿੰਦਰ ਦੀ ਇੰਜੜੀ ਦਾ ਲਗਭਗ ਸਾਰਾ ਪੱਲਾ ਰੁਪਿੰਦਰ ਤੇ ਮਾਸੀ ਦੀ ਕੁੜੀ ਨੇ ਫੜਿਆ ਹੋਇਆ ਸੀ। ਗੁਰੀ ਦੇ ਹੱਥ ਮਸਾਂ ਇੰਚ ਕੁ ਭਰ ਕੰਨੀ ਹੀ ਆਈ ਸੀ। ਉਸਦੇ ਮਾਮਿਆਂ, ਭੂਆ, ਚਾਚੇ, ਤਾਏ ਤੇ ਦੂਜੀਆਂ ਮਾਸੀਆਂ ਦੀਆਂ ਕੁੜੀਆਂ ਵੀ ਇੰਜੜੀ ਫੜਨ ਲਈ ਅਹੁਲੀਆਂ ਸਨ। ਉਨ੍ਹਾਂ ਦੀਆਂ ਚਾਵਾਂ-ਲੱਦੀਆਂ ਭਾਵਨਾਵਾਂ ਮਹਿਸੂਸ ਕਰਦਿਆਂ ਗੁਰੀ ਨੇ ਸਾਰੀਆਂ ਭੈਣਾਂ ਨੂੰ ਇੰਜੜੀ ਫੜਾ ਕੇ ਬਰਾਬਰ ਤੋਰਨ ਲਈ ਦੋਨਾਂ ਮੁਹਤਬਰਾਂ ਨੂੰ ਕਿਹਾ ਸੀ। ਪਰ ਉਨ੍ਹਾਂ ਦੇ ਕੰਨਾਂ ‘ਤੇ ਉਸ ਦੀ ਆਵਾਜ਼ ਦਾ ਕੋਈ ਅਸਰ ਨਹੀਂ ਸੀ ਹੋਇਆ। ਸੁਰਿੰਦਰ ਨੂੰ ਕਾਰ ਤੱਕ ਪਹੁੰਚਾ ਕੇ ਗੁਰੀ, ਇੱਕ ਪਾਸੇ ਖੜੇ ਇਕਬਾਲ ਤੇ ਨਿਆਣਿਆਂ ਨੂੰ ਨਾਲ਼ ਲੈਣ ਲਈ ਉਨ੍ਹਾਂ ਵੱਲ ਨੂੰ ਹੋਈ ਸੀ।
“ਆਪਣੇ ਤਹਿਸੀਲਦਾਰ ਸਾਹਿਬ…?” ਲਾਗੀਆਂ ਨੂੰ ਲਾਗ ਵਗੈਰਾ ਦੇ ਕੇ ਤੇ ਵਾਜੇ ਵਾਲਿਆਂ ਨੂੰ ਬੱਸ ਵੱਲ ਤੋਰਨ ਬਾਅਦ ਗੁਰੀ ਦੇ ਪਾਪਾ ਨੇ ਕਾਰ ਕੋਲ਼ ਆ ਕੇ ਗੁਰੀ ਦੀ ਮਾਸੀ ਦੀ ਕੁੜੀ ਨੂੰ ਪ੍ਰਸ਼ਨ ਕੀਤਾ।
“ਮਾਸੜ ਜੀ! ਉਹ ਬੱਸ ‘ਚ ਬੈਠੇ ਹੋਏ ਨੇ।” ਆਪਣੇ ਪਾਲਿਸ਼ ਕੀਤੇ ਲੰਮੇ-ਲੰਮੇ ਨਹੁੰਆਂ ਨਾਲ਼ ਕੰਨਾਂ ਵਿੱਚ ਲਮਕ ਰਹੀਆਂ ਸੋਨੇ ਦੀਆਂ ਵਾਲੀਆਂ ਸੂਤ ਕਰਦਿਆਂ ਉਸ ਨੇ ਜਵਾਬ ਦਿੱਤਾ।
“ਹੈਂ!” ਅੱਖਾਂ ਚੌੜੀਆਂ ਕਰ ਕੇ ਅਜੀਬ ਜਿਹੇ ਢੰਗ ਨਾਲ਼ ਉਸਨੇ ਪਹਿਲਾਂ ਡਰਾਈਵਰ ਦੇ ਬਰਾਬਰ ਬੈਠੇ ਗੁਰੀ ਦੇ ਨਿਆਣਿਆਂ ਵੱਲ ਤੇ ਫਿਰ ਤਹਿਸੀਲਦਾਰ ਦੀ ਘਰ ਵਾਲ਼ੀ ਦੇ ਬਰਾਬਰ ਪਿਛਲੀ ਸੀਟ ‘ਤੇ ਬੈਠੀ ਗੁਰੀ ਵੱਲ ਇਸ ਤਰ੍ਹਾਂ ਤੱਕਿਆ ਸੀ ਜਿਵੇਂ ਉਸ ਨੂੰ ਤਹਿਸੀਲਦਾਰ ਦੇ ਬੱਸ ਵਿੱਚ ਬੈਠੇ ਹੋਣ ਨਾਲ਼ੋਂ ਜ਼ਿਆਦਾ ਹੈਰਾਨੀ ਆਪਣੀ ਧੀ ਤੇ ਦੋਹਤੇ-ਦੋਹਤੀ ਨੂੰ ਕਾਰ ਵਿੱਚ ਬੈਠਿਆਂ ਵੇਖ ਕੇ ਹੋਈ ਹੋਵੇ।
“ਆਪਣੇ ਨਾਨਾ ਜੀ ਲਈ ਜਗ੍ਹਾ ਬਣਾਉ ਬੇਟੇ!” ਗੁਰੀ ਨੇ ਆਪਣੇ ਨਿਆਣਿਆਂ ਨੂੰ ਡਰਾਈਵਰ ਦੇ ਹੋਰ ਨੇੜੇ ਸਰਕ ਜਾਣ ਲਈ ਸੰਕੇਤ ਕੀਤਾ ਸੀ।
“ਗੁਰੀ ਤੂੰ ਏਦਾਂ ਕਰ…!” ਆਪਣੇ ਪਾਪਾ ਦੀ ਅਧੂਰੀ ਗੱਲ ਸਮਝਣ ਵਿੱਚ ਗੁਰੀ ਨੂੰ ਦੇਰ ਨਾ ਲੱਗੀ ਤੇ ਉਸ ਨੂੰ ਇੰਜ ਲੱਗਾ ਜਿਵੇਂ ਉਹ ਉਸ ਨੂੰ ਤੇ ਉਸਦੇ ਨਿਆਣਿਆਂ ਨੂੰ, ਨਜ਼ਰਾਂ ਹੀ ਨਜ਼ਰਾਂ ਨਾਲ਼, ਕਾਰ ਤੋਂ ਬਾਹਰ ਧਕੇਲਣ ਦਾ ਯਤਨ ਕਰ ਰਿਹਾ ਹੋਵੇ। ਨੀਵੀਂ ਪਾਈ ਉਹ ਕਾਰ ਤੋਂ ਬਾਹਰ ਆ ਗਈ। ਨਿਆਣੇ ਕਾਰ ਵਿੱਚ ਬੈਠੇ ਰਹਿਣ ਦੀ ਜ਼ਿੱਦ ਕਰ ਰਹੇ ਸਨ। ਪਰ ਜਦੋਂ ਉਹ ਉਨ੍ਹਾਂ ਨੂੰ ਕੜਕ ਕੇ ਪਈ ਤਾਂ ਡਰ ਜਿਹੇ ਨਾਲ਼ ਉਹ ਬਾਹਰ ਆ ਗਏ। ਉਸ ਨੂੰ ਆਪੂੰ ਨੂੰ ਵੀ ਸਮਝ ਨਹੀਂ ਸੀ ਆਈ ਕਿ ਉਸਨੇ ਨਿਆਣਿਆਂ ਨੂੰ ਏਨੀ ਤਲਖ਼ੀ ਨਾਲ਼ ਕਿਉਂ ਝਿੜਕਿਆ ਸੀ। ਬੱਸ ਵੱਲ ਨੂੰ ਉੱਠ ਰਹੇ ਕਦਮ ਉਸ ਨੂੰ ਮਣ-ਮਣ ਭਾਰੇ ਲੱਗ ਰਹੇ ਸਨ ਤੇ ਉਸ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦੀਆਂ ਲੱਤਾਂ ਛਿੱਤਰ-ਥ੍ਹੋਰਾਂ ਦੀ ਵਾੜ ਵਿੱਚ ਫਸ ਗਈਆਂ ਹੋਣ। ਬੱਸ ਵਿੱਚੋਂ ਉੱਤਰ ਰਹੇ ਤਹਿਸੀਲਦਾਰ ਨੂੰ ਪਾਸਾ ਦੇ ਕੇ ਉਹ ਇਕਬਾਲ ਦੇ ਨਾਲ਼ ਵਾਲ਼ੀ ਖਾਲੀ ਸੀਟ ‘ਤੇ ਜਾ ਬੈਠੀ।
“ਮੈਂ ਤਾਂ ਤੁਹਾਨੂੰ ਪਹਿਲਾਂ ਹੀ ਬੱਸ ‘ਚ ਬੈਠਣ ਲਈ ਕਿਹਾ ਸੀ।” ਨਿਆਣਿਆਂ ਨੂੰ ਪਿਆਰ ਨਾਲ਼ ਆਪਣੇ ਨਾਲ਼ ਬਿਠਾਂਦਿਆਂ ਇਕਬਾਲ ਨੇ ਕਿਹਾ।
ਗੁਰੀ ਦੇ ਚਿਹਰੇ ਉੱਪਰ ਉਸ ਦੇ ਅੰਦਰਲੇ ਗ਼ੁਬਾਰ ਦੇ ਚਿੰਨ੍ਹ ਨਜ਼ਰ ਆ ਰਹੇ ਸਨ। ਉਸ ਦੇ ਪਤੀ ਨੇ ਉਸ ਦਾ ਮਨ ਸੁਖਾਵਾਂ ਬਣਾਉਣ ਲਈ ਉਸ ਨੂੰ ਗੱਲੀਂ ਲਾਉਣਾ ਚਾਹਿਆ। ਪਰ ਗੁਰੀ ਨੇ ‘ਹੂੰ ਹਾਂ’ ਤੋਂ ਵੱਧ ਕੋਈ ਹੁੰਗਾਰਾ ਨਾ ਦਿੱਤਾ। ਭੱਜੀ ਜਾ ਰਹੀ ਬੱਸ ਵਿੱਚ ਬੈਠੇ ਉਸ ਦੇ ਚਾਚੇ, ਤਾਏ, ਮਾਸੜ, ਫੁੱਫੜ, ਦੂਰੋਂ-ਨੇੜਿਉਂ ਲਗਦੇ ਭਰਾ-ਭਤੀਜੇ ਤੇ ਸ਼ਰੀਕੇ ਭਾਈਚਾਰੇ ਤੇ ਹੋਰ ਕਈ ਲੋਕ ਆਪੋ-ਆਪਣੀਆਂ ਗੱਲਾਂ ਵਿੱਚ ਮਗਨ ਸਨ। ਕਾਫ਼ੀ ਆਵਾਜ਼ਾਂ ਉਸ ਦੀਆਂ ਜਾਣੀਆਂ-ਪਹਿਚਾਣੀਆਂ ਸਨ। ਪਰ ਉਸ ਨੂੰ ਇਹ ਆਵਾਜ਼ਾਂ ਕਾਫ਼ੀ ਦੂਰੋਂ ਆ ਰਹੀਆਂ ਪ੍ਰਤੀਤ ਹੋ ਰਹੀਆਂ ਸਨ। ਉਸ ਦੇ ਕੰਨਾਂ ਵਿੱਚ ਸਿਰਫ਼ ਇੱਕ ਹੀ ਆਵਾਜ਼ ਗੂੰਜ ਰਹੀ ਸੀ, ‘ਗੁਰੀ ਤੂੰ ਏਦਾਂ ਕਰ…।’ ਆਪਣੇ ਪਾਪਾ ਦੀ ਇਸ ਆਵਾਜ਼ ਨੂੰ ਲੀਵਰ ਵਾਂਗ ਚੁੱਕਦੀਆਂ ਉਸ ਦੀਆਂ ਨਜ਼ਰਾਂ, ਜਿਨ੍ਹਾਂ ਨਾਲ਼ ਉਸ ਨੇ ਗੁਰੀ ਨੂੰ ਕਾਰ ਵਿੱਚੋਂ ਧੱਕਾ ਜਿਹਾ ਮਾਰਿਆ ਸੀ, ਮੁੜ-ਮੁੜ ਉਸ ਦੇ ਜ਼ਿਹਨ ਵਿੱਚ ਘੁੰਮ ਰਹੀਆਂ ਸਨ। ਉਹ ਅੰਦਰੋਂ-ਅੰਦਰੀਂ ਕੁੜ੍ਹ ਰਹੀ ਸੀ, ‘ਪਾਪਾ! ਮੈਂ ਤਾਂ ਤੁਹਾਡੇ ਸਾਹੀਂ ਜਿਉਂਦੀ ਰਹੀ ਆਂ… ਤੇ ਤੂੰ ਇਹ ਕੀ ਕੀਤਾ? ਤੈਨੂੰ ਤਹਿਸੀਲਦਾਰ ਦਾ ਖਿਆਲ ਤਾਂ ਆ ਗਿਆ ਪਰ ਆਪਣੇ ਧੀ-ਜੁਆਈ ਦਾ ਨਾ ਆਇਆ…।”
… ਨਿੱਕੀਆਂ-ਵੱਡੀਆਂ ਕਈ ਘਟਨਾਵਾਂ ਉਸ ਨੂੰ ਯਾਦ ਆ ਰਹੀਆਂ ਸਨ… “ਗੁਰੀ! ਤੂੰ ਮੇਰਾ ਬੜਾ ਭਾਰ ਵੰਡਾਇਆ ਏ”, ਇਹ ਸ਼ਬਦ ਕਿਸੇ ਹੋਰ ਨੇ ਨਹੀਂ ਕਦੀ ਉਸ ਦੇ ਪਾਪਾ ਨੇ ਕਹੇ ਸਨ। ਨਿਰਸੰਦੇਹ ਮਾਂ-ਪਿਉ ਤੇ ਭੈਣ-ਭਰਾ ਦੇ ਰੀਣ-ਰੀਣ ਦੁੱਖ ਵੰਡਾਣ ਲਈ ਉਸ ਨੇ ਸਿਰ ਤੋੜ ਯਤਨ ਕੀਤੇ ਸਨ… ਆਪਣੇ ਪਾਪਾ ਦੀ ਮੁਅੱਤਲੀ ਦੇ ਤਿੰਨ ਸਾਲ ਦੇ ਕਸ਼ਟਮਈ ਸਮੇਂ ਦੌਰਾਨ ਉਹ ਉਸ ਦੇ ਡਿੱਗ ਰਹੇ ਧੀਰਜ ਥੱਲੇ ਥੰਮ੍ਹੀ ਬਣ ਖਲੋਤੀ ਰਹੀ ਸੀ। ਕਿਸੇ ਵੱਢੀ ਦੇ ਕੇਸ ਵਿੱਚ ਫਸਣ ਕਾਰਨ ਉਹ ਇੰਨਕਮ ਟੈਕਸ ਇੰਸਪੈਕਟਰ ਦੀ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਸੀ। ਗੁਰੀ ਉਦੋਂ ਦਸਵੀਂ ਪਾਸ ਕਰਕੇ ਹਟੀ ਸੀ ਤੇ ਕਾਲਜ ‘ਚ ਦਾਖਲ ਹੋਣ ਲਈ ਸੋਚ ਰਹੀ ਸੀ। ਪਰ ਪਾਪਾ ‘ਤੇ ਬਣੇ ਗੰਭੀਰ ਕੇਸ ਦੇ ਸਹਿਮ ਹੇਠ ਸਾਰਾ ਟੱਬਰ ਏਨਾ ਡਾਵਾਂਡੋਲ ਹੋ ਗਿਆ ਸੀ ਕਿ ਗੁਰੀ ਨੇ ਕਾਲਜ ਜਾਣ ਦੀ ਬਜਾਇ ਸਿਲਾਈ-ਕਢਾਈ ਦਾ ਡਿਪਲੋਮਾ ਕਰਨ ਲਈ ਮਾਂ-ਪਿਉ ਦੀ ਬਣਾਈ ਵਿਉਂਤ ਅੱਗੇ ਸਿਰ ਝੁਕਾ ਦਿੱਤਾ ਸੀ। ਰੁੱਪੀ ਉਦੋਂ ਅੱਠਵੀਂ ਤੇ ਸੁਰਿੰਦਰ ਪੰਜਵੀਂ ‘ਚ ਪੜ੍ਹਦੇ ਸਨ। ਉਹ ਚੰਗਾ ਖਾਂਦੇ ਤੇ ਚੰਗਾ ਪਹਿਨਦੇ ਸਨ। ਪਰ ਪਾਪਾ ਦੀ ਤਨਖ਼ਾਹ ਅੱਧੀ ਹੋ ਜਾਣ ਅਤੇ ਉੱਪਰਲੀ ਕਮਾਈ ਬੰਦ ਹੋ ਜਾਣ ਕਾਰਨ ਉਨ੍ਹਾਂ ਨੂੰ ਸਰਫ਼ਿਆਂ ਦੇ ਹਰਫ਼ ਸਿੱਖਣੇ ਪੈ ਗਏ। ਸੁੰਗੜਦੀਆਂ ਜਾ ਰਹੀਆਂ ਲੋੜਾਂ ਵੀ ਜਦੋਂ ਅੱਧਵਾਟੇ ਰਹਿਣ ਲੱਗ ਪਈਆਂ ਤਾਂ ਉਸ ਦੇ ਪਾਪਾ ਦੇ ਮੌਰ ‘ਹੁਣ ਕਿੱਦਾਂ ਹੋਊ’ ਦੇ ਬੋਝਲ ਖਿਆਲ ਹੇਠ ਨੀਵੇਂ ਹੋਣੇ ਸ਼ੁਰੂ ਹੋ ਗਏ ਸਨ। ਸੋਚ-ਸੋਚ ਕੇ ਗੁਰੀ ਨੇ ਪਾਪਾ ਨੂੰ ਦੋ ਮੁੱਝਾਂ ਖਰੀਦਣ ਦੀ ਸਲਾਹ ਦਿੱਤੀ। ਉਸ ਦੀ ਇਹ ਸਲਾਹ ਉਸ ਦੇ ਪਾਪਾ ਨੂੰ ਭਾਵੇਂ ਪ੍ਰਭਾਵਿਤ ਨਹੀਂ ਸੀ ਕਰ ਸਕੀ ਪਰ ਘਰ ‘ਚ ਗੱਲ ਤੁਰ ਪਈ ਸੀ ਤੇ ਫਿਰ ਉਸ ਦੀ ਬੇ ਜੀ ਨੇ ਵੀ ਗੁਰੀ ਦੀ ਵਿਉਂਤ ਦੀ ਪ੍ਰੋੜਤਾ ਕਰਨੀ ਸ਼ੁਰੂ ਕਰ ਦਿੱਤੀ ਸੀ।
ਦੋ ਮੱਝਾਂ ਦੀ ਖਰੀਦ ਨੇ ਉਸ ਦੇ ਪਾਪਾ ਦੇ ਬੈਂਕ-ਬੈਲੈਂਸ ਨੂੰ ਹਲੂਣਾ ਤਾਂ ਜ਼ਰੂਰ ਦਿੱਤਾ ਪਰ ਘਰ ਦਾ ਗੁਜ਼ਾਰਾ ਕੁਝ ਸੁਖਾਲ਼ਾ ਚੱਲ ਪਿਆ। ਪਿੰਡ ਦੀ ਕੋਆਪ੍ਰੇਟਿਵ ਦੁੱਧ-ਸੁਸਾਇਟੀ ਵਿੱਚ ਉਨ੍ਹਾਂ ਦਾ ਦੁੱਧ ਠੀਕ ਭਾਅ ‘ਤੇ ਲੱਗ ਜਾਂਦਾ ਸੀ। ਭਾਵੇਂ ਖ਼ਲ, ਸੌਂਫ਼, ਜਵੈਣ, ਤਿਲ਼ਾਂ ਦਾ ਤੇਲ ਤੇ ਹੋਰ ਕੌੜਾ-ਕੁਸੈਲਾ ਦੁੱਧ ਦੀ ਆਮਦਨ ਦਾ ਕਾਫ਼ੀ ਹਿੱਸਾ ਚਰੂੰਡ ਜਾਂਦੇ ਪਰ ਫਿਰ ਵੀ ਉਨ੍ਹਾਂ ਦੇ ਪੱਲੇ ‘ਕੁਝ’ ਪੈ ਹੀ ਜਾਂਦਾ ਸੀ। ਪੱਠੇ ਉਹ ਆਪਣੀ ਜ਼ਮੀਨ ਵਿੱਚ ਬਿਜਾ ਲੈਂਦੇ ਸਨ। ਪਰ ਪੱਠੇ ਲਿਆਉਣ ਤੇ ਕੁਤਰਨ ਦਾ ਕੰਮ ਕਾਫ਼ੀ ਔਖਾ ਸੀ। ਜਦੋਂ ਉਹ ਪੱਠਿਆਂ ਦੇ ਆਹਰ ਵਿੱਚ ਲੱਗੇ ਆਪਣੇ ਹਫ਼ੇ ਹੋਏ ਪਾਪਾ ਨੂੰ ਦੇਖਦੀ ਤਾਂ ਉਸ ਨੂੰ ਉਸ ਉੱਤੇ ਤਰਸ ਆਉਣ ਲੱਗ ਜਾਂਦਾ। ਉਸ ਨੇ ਤਾਂ ਘਰ ਵਿੱਚ ਰੱਖੀ ਹੋਈ ਪਹਿਲੀ ਮੱਝ ਲਈ ਵੀ ਕਦੀ ਘੱਟ-ਵੱਧ ਹੀ ਪੱਠੇ ਲਿਆਂਦੇ ਸਨ ਤੇ ਹੁਣ ਤਿੰਨਾਂ ਦੀ ਦੇਖ-ਭਾਲ ਕਰਨੀ ਪੈ ਗਈ ਸੀ। ਰੋਜ਼ਾਨਾ ਦਫ਼ਤਰ ਜਾਣ ਤੋਂ ਪਹਿਲਾਂ ਤੇ ਮੁੜਨ ਬਾਅਦ ਸਵੇਰੇ-ਸ਼ਾਮ ਨਹਾਉਣ ਵਾਲੇ ਉਸ ਦੇ ਪਾਪਾ ਨੂੰ ਨਹਾਉਣ-ਧੋਣ ਦਾ ਜਿਵੇਂ ਚੇਤਾ ਹੀ ਭੁੱਲ ਗਿਆ ਹੋਵੇ… ਤੇ ਲੋਕਾਂ ਦੀ ਟੀਕਾ-ਟਿੱਪਣੀ ਦੀ ਪ੍ਰਵਾਹ ਨਾ ਕਰਦਿਆਂ ਗੁਰੀ ਨੇ ਮਸ਼ੀਨ ਦਾ ਹਥੜਾ ਫੜ ਲਿਆ ਸੀ। ਸਵੇਰੇ ਸਿਲਾਈ ਸਕੂਲ ਜਾਣ ਤੋਂ ਪਹਿਲਾਂ ਉਹ ਪੱਠੇ ਕੁਤਰ ਕੁਤਰ ਢੇਰ ਲਾ ਜਾਂਦੀ ਤੇ ਤ੍ਰਿਕਾਲਾਂ ਨੂੰ ਇੱਕ-ਦੋ ਭਰੀਆਂ ਆਪਣੇ ਪਾਪਾ ਨਾਲ਼ ਵਢਾ ਵੀ ਲਿਆਉਂਦੀ। ਏਨੇ ਨਾਲ਼ ਉਸ ਦਾ ਪਾਪਾ ਕਾਫ਼ੀ ਸੌਖ ਮਹਿਸੂਸ ਕਰਨ ਲੱਗ ਪਿਆ ਸੀ ਤੇ ਗੁਰੀ ਦੀਆਂ ਸਿਫ਼ਤਾਂ ਕਰਦਾ ਨਹੀਂ ਸੀ ਥੱਕਦਾ। ਤੇ ਮਸ਼ੀਨ ਫੇਰਨ ਨਾਲ ਉਸ ਦੀ ਸਿਹਤ ਵੀ ਚੰਗੀ ਬਣ ਗਈ ਸੀ। ਹੁਣ ਵੀ ਉਸ ਦੀ ਨਿਗ੍ਹਾ ਆਪਣੀਆਂ ਸੁਡੌਲ ਬਾਹਵਾਂ ਵੱਲ ਚਲੀ ਗਈ ਜੋ ਕਦੀ ਥੱਕੀਆਂ ਨਹੀਂ ਸਨ, ਜਦੋਂ ਕਿ ਉਸ ਦੀ ਛੋਟੀ ਭੈਣ ਰੁੱਪੀ ਨੂੰ ਹੱਥ-ਪੈਰ ਸੌਂ ਜਾਣ ਦੀ ਸ਼ਿਕਾਇਤ ਅਕਸਰ ਰਹਿੰਦੀ ਸੀ। ਉਸ ਨੇ ਰੁੱਪੀ ਨੂੰ ਕਈ ਵਾਰ ਖਿੱਚ ਕੇ ਮਸ਼ੀਨ ਮੂਹਰੇ ਡਾਹੁਣ ਦੀ ਕੋਸ਼ਿਸ਼ ਕੀਤੀ ਸੀ। ਪਰ ਉਹ ਮਸ਼ੀਨ ਤੋਂ ਇੰਜ ਡਰਦੀ ਸੀ ਜਿਵੇਂ ਧੁਣਖੀ ਤੋਂ ਕਾਂ। ਜੇ ਕਦੀ ਉਸ ਨੂੰ ਗਾਲ਼ੇ ਲਾਉਣੇ ਪੈ ਵੀ ਜਾਂਦੇ ਤਾਂ ਉਹ ਕਈ-ਕਈ ਦੇਰ ਆਪਣੇ ਕੱਪੜੇ ਝਾੜਦੀ ਰਹਿੰਦੀ।
ਆਪਣੀ ਚੰਗੀ ਸਿਹਤ ਕਰਕੇ ਹੀ ਤਾਂ ਗੁਰੀ ਨੇ ਉਨ੍ਹੀਂ ਦਿਨੀਂ ਦਸ ਕੁਇੰਟਲ ਕਣਕ ਭਿੱਜਣ ਤੋਂ ਬਚਾ ਲਈ ਸੀ… ਅੱਸੂ-ਕੱਤੇ ਦੇ ਦਿਨ ਸਨ। ਖਪਰਾ ਲੱਗ ਜਾਣ ਕਾਰਨ ਕਣਕ ਕੋਠੇ ‘ਤੇ ਖਿਲਾਰੀ ਹੋਈ ਸੀ। ਰਾਤ ਨੂੰ ਅਚਾਨਕ ਬੱਦਲ ਚੜ੍ਹ ਆਏ ਸਨ। ਉਸ ਦਾ ਪਾਪਾ ਕਿਤੇ ਵਾਂਢੇ ਗਿਆ ਹੋਇਆ ਸੀ। ਮੀਂਹ ਦੀ ਸ਼ੂਕ ਸੁਣ ਕੇ ਉਸ ਦੀ ਬੇ ਜੀ, ਜਿਸ ਨੂੰ ਬੁਖ਼ਾਰ ਚੜ੍ਹਿਆ ਹੋਇਆ ਸੀ, ਘਬਰਾ ਗਈ ਸੀ। ਪਰ ਗੁਰੀ ਨੇ ਮਿੰਟਾਂ ਵਿੱਚ ਹੀ ਸਾਰੀ ਕਣਕ ਸਬੱਰਕੱਤੇ ਨਾਲ਼ ਇਕੱਠੀ ਕਰਕੇ ਮੋਘੇ ਰਾਹੀਂ ਵਰ੍ਹਾ ਦਿੱਤੀ ਸੀ। ਇਸ ਕੰਮ ‘ਚ ਭਾਵੇਂ ਉਸ ਦੀ ਬੇ ਜੀ, ਰੁੱਪੀ ਤੇ ਸੁਰਿੰਦਰ ਨੇ ਵੀ ਸਹਾਇਤਾ ਕੀਤੀ ਸੀ ਪਰ ਮੂਲ ਰੂਪ ਵਿੱਚ ਸਾਰਾ ਕੰਮ ਗੁਰੀ ਦੀ ਹਿੰਮਤ ਸਦਕਾ ਹੀ ਹੋ ਸਕਿਆ ਸੀ। “ਲੈ ਬਈ ਗੁਰੀ! ਤੂੰ ਤੇ ਕਮਾਲ ਕਰ ਦਿੱਤੀ। ਮੈਨੂੰ ਤਾਂ ਰਾਤੀਂ ਠੀਕ ਤਰ੍ਹਾਂ ਨੀਂਦ ਵੀ ਨਾ ਆਈ। ਇਹੀ ਫ਼ਿਕਰ ਲੱਗਾ ਰਿਹਾ ਕਿ ਇੱਕ ਤਾਂ ਸਸਪੈਂਡ ਹੋਏ ਪਏ ਹਾਂ ਤੇ ਦੂਜਾ ਜੇ ਕਣਕ ਭਿੱਜ ਗਈ ਹੋਈ ਤਾਂ ਖਾਵਾਂਗੇ ਕੀ।” ਵਾਂਢਿਉਂ ਮੁੜੇ ਉਸ ਦੇ ਪਾਪਾ ਕੋਲ਼ ਜਦੋਂ ਉਸ ਦੀ ਬੇ ਜੀ ਨੇ ਉਸ ਦੀ ਸਿਫ਼ਤ ਕੀਤੀ ਤਾਂ ਉਸ ਨੂੰ ਸ਼ਾਬਾਸ਼ ਦੇਂਦਿਆਂ ਲਾਡ ਨਾਲ਼ ਉਸ ਦੇ ਪਾਪਾ ਨੇ ਕਿਹਾ ਸੀ।
ਤਿੰਨ ਸਾਲਾਂ ਦੀ ਖੱਜਲ-ਖੁਆਰੀ ਤੋਂ ਬਾਅਦ ਜਦੋਂ ਉਸ ਦਾ ਪਾਪਾ ਬਹਾਲ ਹੋਇਆ ਤਾਂ ਸਾਰੇ ਟੱਬਰ ਨੇ ਸੁੱਖ ਦਾ ਸਾਹ ਲਿਆ ਸੀ। ਉਸ ਦਾ ਦੋ ਸਾਲ ਦਾ ਸਿਲਾਈ ਕਢਾਈ ਦਾ ਕੋਰਸ ਖਤਮ ਹੋ ਚੁੱਕਾ ਸੀ। ਉਸ ਦਾ ਜ਼ਿਆਦਾ ਸਮਾਂ ਕਢਾਈ ਤੇ ਘਰ ਦੇ ਕੰਮਾਂ ਵਿੱਚ ਬੇ ਜੀ ਦਾ ਹੱਥ ਵਟਾਉਣ ‘ਚ ਗੁਜ਼ਰਦਾ ਸੀ। ਰੁੱਪੀ ਪਰੈੱਪ ਤੇ ਸੁਰਿੰਦਰ ਅੱਠਵੀਂ ਵਿੱਚ ਪਹੁੰਚ ਚੁੱਕੇ ਸਨ।
“ਗੁਰੀ! ਨਿਆਣਿਆਂ ਨੇ ਤੈਨੂੰ ਕਈ ਵਾਰ ਬੁਲਾਇਐ ਪਰ ਤੂੰ ਪਤਾ ਨਹੀਂ ਕਿੱਧਰ ਗੁਆਚੀ ਹੋਈ ਏਂ?” ਬੱਸ ‘ਚ ਉਸ ਦੇ ਨਾਲ਼ ਬੈਠੇ ਇਕਬਾਲ ਦੀ ਆਵਾਜ਼ ਨੇ ਉਸ ਨੂੰ ਸੋਚਾਂ ਵਿੱਚੋਂ ਬਾਹਰ ਖਿੱਚ ਲਿਆ।
“ਮਨ ਈ ਬੜਾ ਉਖੜਿਆ ਹੋਇਐ।”
“ਛੱਡ ਪਰਾਂਹ, ਐਵੇਂ ਤੌੜੀ ਵਾਂਗ ਆਪਣੇ ਕੰਢੇ ਸਾੜੀ ਜਾਨੀ ਐਂ।” ਉਸ ਦੇ ਮੋਢੇ ‘ਤੇ ਬਾਂਹ ਧਰਦਿਆਂ ਇਕਬਾਲ ਨੇ ਕਿਹਾ।
ਕੁਝ ਦੇਰ ਤਾਂ ਉਹ ਪਤੀ ਤੇ ਨਿਆਣਿਆਂ ਨਾਲ਼ ਸੁਖਾਵੀਆਂ ਗੱਲਾਂ ਕਰਦੀ ਰਹੀ। ਪਰ ਛੇਤੀ ਹੀ ਉਸ ਦਾ ਮਨ, ਘੁੰਮ ਰਹੇ ਟੇਬਲ-ਫੈਨ ਦੀ ਖਰਾਬ ਹੋਈ ਗਰਾਰੀ ਦੇ ਅੜ ਜਾਣ ਵਾਂਗ, ਪਹਿਲਾਂ ਵਾਲ਼ੀ ਥਾਂ ‘ਤੇ ਆਣ ਟਿਕਿਆ। “ਪਾਪਾ ਨੇ ਤੁਹਾਨੂੰ ਨਾ ਕਾਰ ‘ਚ ਬੈਠਣ ਲਈ ਕਿਹਾ?” ਉਸ ਨੇ ਇਕਬਾਲ ਨੂੰ ਪ੍ਰਸ਼ਨ ਕੀਤਾ।
“ਪਾਪਾ ਦਾ ਤੈਨੂੰ ਪਤਾ ਈ ਐ। ਆਪਣੇ ਵਰਗੇ ਨਿੱਕੇ-ਨਿੱਕੇ ਬੰਦੇ ਉਹਦੀ ਨਿਗ੍ਹਾ ‘ਚ ਨਹੀਂ ਆਉਂਦੇ… ਮੇਰੇ ਨਾਲ਼ ਦੀ ਸੀਟ ਤੋਂ ਤਹਿਸੀਲਦਾਰ ਨੂੰ ਉਠਾ ਕੇ ਲੈ ਗਿਆ।”
“ਤੇ ਤੁਹਾਨੂੰ ਇੱਕ ਵਾਰ ਵੀ ਨਾ ਕਿਹਾ?”
“ਸੱਚਿਉਂ-ਝੂਠਿਉਂ ਵੀ ਨਹੀਂ।” ਇਕਬਾਲ ਦੇ ਚਿਹਰੇ ‘ਤੇ ਹਿਰਖ ਦੇ ਚਿੰਨ੍ਹ ਉੱਭਰ ਆਏ ਸਨ।
ਇਕਬਾਲ ਦੀ ਗੱਲ ਸੁਣ ਕੇ ਉਸ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸ ਦੇ ਪਾਪਾ ਨੇ ਜਾਣ-ਬੁੱਝ ਕੇ ਉਨ੍ਹਾਂ ਦੋਨਾਂ ਦਾ ਅਪਮਾਨ ਕੀਤਾ ਹੋਵੇ। ਇਕਬਾਲ ਨੇ ਭਾਵੇਂ ਖੁੱਲ੍ਹ ਕੇ ਨਹੀਂ ਸੀ ਕਿਹਾ ਪਰ ਗੁਰੀ ਜਾਣਦੀ ਸੀ ਕਿ ਉਸ ਦੇ ਸਵੈਮਾਣ ਨੂੰ ਠੇਸ ਲੱਗੀ ਸੀ। ਉਸ ਨੂੰ ਇੰਜ ਲੱਗਾ ਜਿਵੇਂ ਇੱਕ ਸ਼ਾਨਦਾਰ ਬਾਜ਼ਾਰ ‘ਚ ਤੁਰੇ ਜਾਂਦਿਆਂ ਉਨ੍ਹਾਂ ਨੂੰ ਕਿਸੇ ਨੇ ਠੇਡਾ ਮਾਰ ਕੇ, ਸਾਰੇ ਲੋਕਾਂ ਸਾਹਮਣੇ, ਸੜਕ ‘ਤੇ ਗਿਰਾ ਦਿੱਤਾ ਹੋਵੇ। ਉਸ ਨੂੰ ਆਪਣੇ ਪਾਪਾ ‘ਤੇ ਹਿਰਖ ਆ ਰਿਹਾ ਸੀ ਜਿਸ ਨੇ ਉਸ ਦੇ ਪਤੀ ਦੇ ਗੁਣਾਂ ਦੀ ਕਦਰ ਕਰਨ ਦੀ ਥਾਂ, ਅੱਜ ਦੇ ਵਿਸ਼ੇਸ਼ ਮੌਕੇ ‘ਤੇ ਉਸ ਨੂੰ ਕੋਈ ਫਾਲਤੂ ਜਿਹਾ ਬੰਦਾ ਸਮਝ ਕੇ ਬਿਲਕੁਲ ਹੀ ਅਣਗੌਲਿਆ ਕਰ ਛੱਡਿਆ ਸੀ। ਉਸ ਦੀ ਅੰਤਰੀਵ ਇੱਛਾ ਇਹ ਸੀ ਕਿ ਭਰਾ ਦੇ ਵਿਆਹ ਦੇ ਮੌਕੇ ‘ਤੇ ਉਨ੍ਹਾਂ ਦੇ ਟੱਬਰ ਦੇ ਸਾਰੇ ਜੀਅ, ਸਮੇਤ ਇਕਬਾਲ ਅਤੇ ਚੰਨੀ ਦੇ, ਇਕੱਠੇ ਖਲੋਣ, ਇਕੱਠੇ ਤੁਰਨ-ਫ਼ਿਰਨ, ਇਕੱਠੇ ਬੈਠ ਕੇ ਨਿੱਕੀਆਂ-ਨਿੱਕੀਆਂ ਸਲਾਹਾਂ ਕਰਨ। ਸ਼ਾਇਦ ਅਜਿਹੀ ਭਾਵਨਾ ਹੇਠ ਹੀ ਪਿਛਲਾ ਸਭ ਕੁਝ ਭੁਲਾ ਕੇ ਉਸ ਅੰਦਰ ਸੁਰਿੰਦਰ ਜਾਂ ਪਾਪਾ ਨਾਲ਼ ਕਾਰ ‘ਚ ਬੈਠਣ ਦਾ ਚਾਅ ਉਮਡ ਆਇਆ ਸੀ। ਪਰ ਪਾਪਾ ਨੇ ਉਸ ਨੂੰ ਕਾਰ ‘ਚੋਂ ਲਾਹ ਕੇ ਉਸ ਦੇ ਚਾਅ ਨੂੰ ਠੀਕਰੀਆਂ-ਠੀਕਰੀਆਂ ਕਰ ਸੁੱਟਿਆ ਸੀ… ਇਕਬਾਲ ਨੂੰ ਅਣਗੌਲਿਆਂ ਕਰਕੇ ਉਸ ਦੇ ਦਿਲ ਨੂੰ ਠੇਸ ਮਾਰੀ ਸੀ।
ਤੇ ਪਲ ਦੀ ਪਲ ਉਸ ਨੂੰ ਇੰਜ ਲੱਗਾ ਜਿਵੇਂ ਇਕਬਾਲ ਪ੍ਰਤੀ ਪਾਪਾ ਦੇ ਵਰਤਾਉ ਦਾ ਕਾਰਨ ਕਿਸੇ ਹੱਦ ਤੱਕ ਉਹ ਆਪ ਵੀ ਹੋਵੇ। ਪਛਤਾਵੇ ਜਿਹੇ ਦੇ ਰਉਂ ਵਿੱਚ ਉਸ ਨੂੰ ਉਹ ਸਮਾਂ ਯਾਦ ਆ ਗਿਆ… ਜਦੋਂ ਉਹ ਆਪਣੇ ਵਿਆਹ ਤੋਂ ਬਾਅਦ, ਮਹੀਨਾ ਕੁ ਸਹੁਰੀਂ ਰਹਿ ਕੇ ਪੇਕੀਂ ਫੇਰਾ ਮਾਰਨ ਆਈ ਸੀ। ਆਪਣੇ ਮੂੰਹੋਂ ਉਦੋਂ ਕਹੀਆਂ ਗੱਲਾਂ ਅੱਜ ਵੀ ਉਸ ਨੂੰ ਯਾਦ ਸਨ, “… ਉਹ ਕੋਈ ਘਰ ਏ ਪਾਪਾ ਜੀ! ਸਰਾਂ ਨਾਲੋਂ ਵੀ ਭੈੜਾ। ਕੋਈ ਨਾ ਕੋਈ ਤੁਰਿਆ ਹੀ ਰਹਿੰਦੈ। ਘੜੀ-ਪਲ ਵੀ ਚੈਨ ਨਾਲ਼ ਬਹਿਣਾ ਨਹੀਂ ਮਿਲਦਾ। ਬੰਦੇ ਵੀ ਇਹੋ ਜਿਹੇ ਆਉਂਦੇ ਆ, ਬਸ ਪੁੱਛੋ ਈ ਨਾ। ਚੂਹੜੇ ਕੀ ਤੇ ਚਮਾਰ ਕੀ… ਸੜ੍ਹਿਆਨਾਂ ਜਿਹੀਆਂ। ਫੇਰ… ਹਰੇਕ ਨੂੰ ਚਾਹ! ਭਾਂਡਿਆਂ ਵਿੱਚ ਭਾਵੇਂ ਦੁੱਧ, ਮਿੱਠਾ ਨਾ ਹੋਵੇ, ਕਹੀ ਜਾਣਗੇ ਚਾਹ ਲਿਆਓ! ਚਾਹ ਲਿਆਓ!!… ਗਿੱਲੇ ਬਾਲਣ ਨੂੰ ਫੂਕਾਂ ਮਾਰ-ਮਾਰ ਮੇਰੀਆਂ ਤਾਂ ਅੱਖਾਂ ਵੀ ਰਹਿ ਗਈਆਂ।”
ਗੁਰੀ ਦੇ ਮਾਮੇ ਨੇ ਇਕਬਾਲ ਦੀ ਦੱਸ ਪਾਈ ਸੀ। ਗੁਰੀ ਦੇ ਪੇਕੀਂ ਹੁੰਦਿਆਂ ਇੱਕ ਦਿਨ ਜਦੋਂ ਉਸ ਦਾ ਮਾਮਾ ਉਨ੍ਹਾਂ ਦੇ ਘਰ ਆਇਆ ਤਾਂ ਉਸ ਦੀ ਬੇ ਜੀ ਉਸ ਨਾਲ ਖਹਿਬੜ ਪਈ ਸੀ ਕਿ ਉਸ ਨੇ ਮੁੰਡੇ ਵਾਲ਼ਿਆਂ ਬਾਰੇ ਉਨ੍ਹਾਂ ਨੂੰ ਸਹੀ-ਸਹੀ ਕਿਉਂ ਨਹੀਂ ਦੱਸਿਆ ਸੀ? “ਤੁਸੀਂ ਕਿੱਧਰੋਂ ਰਜਵਾੜੇ ਬਣੇ ਫਿਰਦੇ ਆਂ?” ਉਸਦੇ ਮਾਮੇ ਨੇ ਆਪਣੀ ਭੈਣ ਨੂੰ ਟੋਕਿਆ ਸੀ। “ਮਾਮਾ ਜੀ! ਰਜਵਾੜੇ ਨਾ ਸਹੀ, ਪਰ ਘਰ ਦਾ ਕੋਈ ਚਾਲਾ ਤਾਂ ਹੋਣਾ ਚਾਹੀਦੈ।” ਗੁਰੀ ਨੇ ਆਪ ਨਿਝੱਕ ਹੋ ਕੇ ਕਿਹਾ ਸੀ। “ਬਈ ਮੈਂ ਤੇ ਉਨ੍ਹਾਂ ਦੀ ਚੰਗੀ ਸਿਫ਼ਤ ਸੁਣੀ ਐਂ। ਉਨ੍ਹਾਂ ਪਿੰਡਾਂ ‘ਚ ਵਾਹਵਾ ਪੁੱਛ-ਪ੍ਰਤੀਤ ਆ ਤੇਰੇ ਸਹੁਰਿਆਂ ਦੀ… ਲੋਕੀਂ ਉਨ੍ਹਾਂ ਦੀ ਬੜੀ ਕਦਰ ਕਰਦੇ ਐਂ।” ਗੁਰੀ ਦੀਆਂ ਆਪਣੇ ਸਹੁਰਿਆਂ ਖਿਲਾਫ਼ ਸ਼ਿਕਾਇਤਾਂ ਸੁਣਨ ਤੋਂ ਬਾਅਦ ਉਸ ਦੇ ਮਾਮੇ ਨੇ ਹੈਰਾਨੀ ਜਿਹੀ ਵਿੱਚ ਕਿਹਾ ਸੀ।
… ਸਹੁਰੇ ਘਰ ਵਸਦਿਆਂ ਗੁਰੀ ਨੂੰ ਇੱਕ ਸਾਲ ਹੋ ਗਿਆ ਸੀ। ਉਸ ਦੇ ਮਾਮੇ ਦੀ ਕਹੀ ਗੱਲ ਭਾਵੇਂ ਠੀਕ ਹੀ ਸਾਬਤ ਹੋ ਰਹੀ। ਪਰ ਜਿਨ੍ਹਾਂ ਲੋਕਾਂ ਵਿੱਚ ਉਸ ਦੇ ਸਹੁਰੇ ਪਰਿਵਾਰ ਦੀ ਕਦਰ ਸੀ, ਗੁਰੀ ਦੀ ਨਿਗ੍ਹਾ ਵਿੱਚ ਉਹ ਲੋਕ ਕੋਈ ਮਾਅਨਾ ਨਹੀਂ ਸਨ ਰੱਖਾਉਂਦੇ। ਤੇ ਉਨ੍ਹਾਂ ਦੇ ਨਿਆਣਿਆਂ ਨੂੰ ਦੇਖ ਕੇ ਉਸ ਨੂੰ ਖਿਝ ਚੜ੍ਹ ਜਾਂਦੀ ਜੋ ‘ਮਾਹਟਰ ਜੀ, ਮਾਹਟਰ ਜੀ’ ਕਰਦੇ ਉਸ ਦੇ ਪਤੀ ਦਾ ਦਿਮਾਗ ਚੱਟ ਰਹੇ ਹੁੰਦੇ। ਵੇਲ਼ੇ ਕੁਵੇਲ਼ੇ ਦੀ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਘਰ ਵਾਲ਼ਿਆਂ ਨੂੰ ਜਿਵੇਂ ਕੋਈ ਸੋਝੀ ਹੀ ਨਹੀਂ ਸੀ। ਜਦੋਂ ਚਿੱਤ ਕੀਤਾ, ਕਿਤਾਬਾਂ ਚੁੱਕਦੇ ਤੇ ਉਨ੍ਹਾਂ ਦੇ ਘਰ ਆ ਧਮਕਦੇ। ਰਾਤ ਦੀ ਰੋਟੀ ਉਸ ਨੂੰ ਅਕਸਰ ਦੁਬਾਰਾ ਗਰਮ ਕਰਨੀ ਪੈਂਦੀ। ‘ਬੱਸ ਦੋ ਮਿੰਟ, ਦੋ ਮਿੰਟ’ ਕਰਦਾ ਇਕਬਾਲ ਕਾਫ਼ੀ ਸਮਾਂ ਲੰਘਾ ਦਿੰਦਾ। ਪਹਿਲਾਂ ਚੁੱਲ੍ਹੇ ਮੁਹਰਿਉਂ ਤੇ ਫਿਰ ਵਿਹੜੇ ਜਾਂ ਵਰਾਂਡੇ ਵਿੱਚ ਆਪਣੀਆਂ ਨਣਾਨਾਂ ਨੂੰ ਨਾਲ਼ ਲੈ ਕੇ ਮੰਜੇ ਡਾਹੁੰਦਿਆਂ, ਉਹ ਗੁਸੈਲ਼ੀਆਂ ਨਜ਼ਰਾਂ ਨਾਲ਼ ਨਿਆਣਿਆਂ ਨੂੰ ਦੇਖ ਰਹੀ ਹੁੰਦੀ ਜੋ ਨਾਲ਼ੇ ਤਾਂ ਉਸ ਦੇ ਪਤੀ ਦਾ ਮਗਜ਼ ਖਾ ਰਹੇ ਹੁੰਦੇ ਤੇ ਨਾਲ਼ੇ ਉਨ੍ਹਾਂ ਦੇ ਮੰਜੇ ਤੋੜ ਰਹੇ ਹੁੰਦੇ। ਤੇ ਜਦੋਂ ਤੱਕ ਇਕਬਾਲ ਵਿਹਲਾ ਹੋ ਕੇ ਰੋਟੀ ਖਾਣ ਲੱਗਦਾ, ਗੁਰੀ ਦੀ ਆਪਣੀ ਭੁੱਖ ਮਰ ਗਈ ਹੁੰਦੀ। ਉਸ ਨੂੰ ਨਿਆਣਿਆਂ ਤੋਂ ਵੱਧ ਇਕਬਾਲ ‘ਤੇ ਗੁੱਸਾ ਆਉਂਦਾ, ਜਿਸ ਨੇ ਉਨ੍ਹਾਂ ਨੂੰ ਭੂਹੇ ਚੜ੍ਹਾਇਆ ਹੋਇਆ ਸੀ ਤੇ ਉਨ੍ਹਾਂ ਨੂੰ ਪੜ੍ਹਾਉਣ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਸੀ ਮਿਥਿਆ ਹੋਇਆ।
“ਬੰਦੇ ਨੂੰ ਟੈਮ-ਕੁਟੈਮ ਤਾਂ ਦੇਖਣਾ ਚਾਹੀਦੈ… ਤੁਹਾਡੇ ਘਰ ਆ ਕੇ ਮੈਨੂੰ ਤਾਂ ਰੋਟੀ ਦਾ ਸੁਆਦ ਹੀ ਭੁੱਲ ਗਿਐ।” ਇੱਕ ਦਿਨ ਸੌਣ ਲੱਗਿਆਂ ਇਕਬਾਲ ਨੇ ਉਸ ਦੀ ਨਾਰਾਜ਼ਗੀ ਦਾ ਕਾਰਨ ਪੁੱਛਿਆ ਤਾਂ ਉਹ ਹਿਰਖ ਵਿੱਚ ਬੋਲੀ ਸੀ।
“ਗੁਰੀ! ਤੈਨੂੰ ਤਾਂ ਮੈਂ ਕਈ ਵਾਰ ਕਹਿ ਚੁੱਕਾ ਆਂ ਕਿ ਤੂੰ ਰੋਟੀ ਲਈ ਮੇਰਾ ਇੰਤਜ਼ਾਰ ਨਾ ਕਰਿਆ ਕਰ। ਮੈਥੋਂ ਪਹਿਲਾਂ ਹੀ ਖਾ ਲਿਆ ਕਰ।” ਗੁਰੀ ਦਾ ਹੱਥ ਆਪਣੇ ਹੱਥਾਂ ‘ਚ ਪਲੋਸਦਿਆਂ ਉਸਨੇ ਉੱਤਰ ਦਿੱਤਾ ਸੀ।
“ਪਰ… ਤੁਹਾਨੂੰ ਏਨਾਂ ਕਰਨ ਦੀ ਲੋੜ ਵੀ ਕੀ ਏ? ਏਨਾਂ ਤਾਂ ਜਿਹੜੇ ਟਿਊਸ਼ਨਾਂ ਲੈਂਦੇ ਆ, ਉਹ ਵੀ ਨੀ ਪੜ੍ਹਾਉਂਦੇ।”
“ਟਿਊਸ਼ਨਾਂ ਭਰਨ ਦੀ ਇਨ੍ਹਾਂ ਲੋਕਾਂ ‘ਚ ਹਿੰਮਤ ਕਿੱਥੋਂ? ਤੈਨੂੰ ਪਤਾ ਈ ਐ, ਮਸਾਂ ਗਿੱਠ-ਗਿੱਠ ਭਰ ਤਾਂ ਜ਼ਮੀਨਾਂ ਆਂ ਸਾਡੇ ਲੋਕਾਂ ਦੀਆਂ… ਗੁਜ਼ਾਰਾ ਹੀ ਮਸਾਂ ਹੁੰਦੈ… ਨਾਲ਼ੇ ਜੇ ਆਪਾਂ ਸਮੇਂ ਦੇ ਹਾਣੀ ਬਣਨੈਂ ਤਾਂ ਤਿਜਾਰਤੀ ਸੋਚ ਛੱਡਣੀ ਪਏਗੀ।”
ਗੱਲਾਂ ਕਾਫ਼ੀ ਦੇਰ ਤੱਕ ਚੱਲਦੀਆਂ ਰਹੀਆਂ ਸਨ। ਤੇ ਅਖ਼ੀਰ ਗੁਰੀ ਨੇ ਇਕਬਾਲ ਨੂੰ ਇਹ ਗੱਲ ਮਨਾ ਲਈ ਸੀ ਕਿ ਉਹ ਨਿਆਣਿਆਂ ਨੂੰ ਏਨੇ ਖੁੱਲ੍ਹੇ ਸਮੇਂ ਲਈ ਨਹੀਂ ਪੜ੍ਹਾਇਆ ਕਰੇਗਾ ਤੇ ਸਮੇਂ ਦੀ ਇਹ ਪਾਬੰਦੀ ਲਾਗੂ ਕਰਨ ਲਈ ਇਕਬਾਲ ਨੇ ਗੁਰੀ ਨੂੰ ਅਖਤਿਆਰ ਦੇ ਦਿੱਤਾ ਸੀ।
ਸਕੂਲਾਂ ਦੇ ਇਮਤਿਹਾਨ ਹੋਏ। ਨਤੀਜੇ ਨਿਕਲੇ। ਜੋ ਨਿਆਣੇ ਇਕਬਾਲ ਕੋਲ ਪੜ੍ਹਨ ਆਉਂਦੇ ਸਨ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਚੰਗੇ ਨੰਬਰ ਹਾਸਲ ਕੀਤੇ। ਲੋਕੀਂ ਕਈ ਦਿਨ ਇਕਬਾਲ ਤੇ ਉਸ ਦੇ ਮਾਂ-ਪਿਉ ਦਾ ਧੰਨਵਾਦ ਕਰਨ ਆਉਂਦੇ ਰਹੇ। ਇਕਬਾਲ ਤੇ ਗੁਰੀ ਦੀ ਜੋੜੀ ਨੂੰ ਉਹ ਕਈ-ਕਈ ਅਸੀਸਾਂ ਦੇਂਦੇ। ਗੁਰੀ ਦੇ ਸੁਹਾਗ ਲਈ ਲੱਖ-ਲੱਖ ਖ਼ੈਰ ਮੰਗਦੇ। ਪਰ ਗੁਰੀ ਇਨ੍ਹਾਂ ਅਸੀਸਾਂ ਨੂੰ ਕੋਈ ਖਾਸ ਮਹੱਤਤਾ ਨਹੀਂ ਸੀ ਦਿੰਦੀ। ਦਰਅਸਲ ਉਹ ਆਪਣੇ ਪਤੀ ਵੱਲੋਂ ਨਿਆਣਿਆਂ ਨੂੰ ਮੁਫ਼ਤ ‘ਚ ਪੜ੍ਹਾਏ ਜਾਣ ਦੇ ਹੱਕ ਵਿੱਚ ਨਹੀਂ ਸੀ। ਉਹ ਚਾਹੁੰਦੀ ਸੀ ਕਿ ਹਰੇਕ ਬੱਚੇ ਕੋਲ਼ੋਂ ਥੋੜ੍ਹੀ-ਬਹੁਤ ਟਿਊਸ਼ਨ ਲਈ ਜਾਵੇ। ਪਰ ਫਿਰ ਵੀ ਇਕਬਾਲ ਦੀਆਂ ਸਿਫ਼ਤਾਂ ਉਸ ਨੂੰ ਚੰਗੀਆਂ ਲੱਗਦੀਆਂ।
ਪੜ੍ਹਨ ਆਉਣ ਵਾਲ਼ੇ ਨਿਆਣਿਆਂ ਨੇ ਗੁਰੀ ਵੱਲੋਂ ਲਾਗੂ ਕੀਤੀ ਹੋਈ ਸਮੇਂ ਦੀ ਪਾਬੰਦੀ ਦੀ ਉਲੰਘਣਾ ਘੱਟ-ਵੱਧ ਹੀ ਕੀਤੀ ਸੀ ਪਰ ਉਨ੍ਹਾਂ ਦੇ ਪਿਉਵਾਂ, ਚਾਚਿਆਂ, ਤਾਇਆਂ ਤੇ ਬਾਬਿਆਂ ਨੂੰ ਗੁਰੀ ਟੋਕ ਨਹੀਂ ਸੀ ਸਕੀ ਜੋ ਅਕਸਰ ਉਸ ਦੇ ਸਹੁਰੇ ਤੇ ਇਕਬਾਲ ਕੋਲ ਆ ਬਹਿੰਦੇ। ਉਸ ਦਾ ਸਹੁਰਾ ਮੈਂਬਰ-ਪੰਚਾਇਤ ਸੀ ਤੇ ਬਹੁਤੇ ਲੋਕੀਂ ਸਰਪੰਚ ਕੋਲ਼ ਜਾਣ ਦੀ ਬਜਾਇ ਆਪਣੀਆਂ ਸਮੱਸਿਆਵਾਂ ਲੈ ਕੇ ਪਹਿਲਾਂ ਉਸ ਕੋਲ਼ ਹੀ ਆਉਂਦੇ ਸਨ। ਕਿਉਂਕਿ ਸਰਪੰਚ ਇੱਕ ਤਾਂ ਸ਼ਰਾਬੀ-ਕਬਾਬੀ ਆਦਮੀ ਸੀ ਤੇ ਦੂਜਾ ਗੱਲ ਨੂੰ ਛੇਤੀ ਨਾਲ਼ ਕਿਸੇ ਬੰਨੇ ਨਹੀਂ ਸੀ ਲਾਉਂਦਾ। ਜਦੋਂ ਕਿ ਗੁਰੀ ਦਾ ਸਹੁਰਾ ਸਹਿਜੇ ਕੀਤੇ ਲੋਕਾਂ ਦੇ ਸਿੰਗ ਨਹੀਂ ਸੀ ਫਸਣ ਦਿੰਦਾ। ਸੰਬੰਧਿਤ ਧਿਰਾਂ ਦਾ ਰਾਜ਼ੀਨਾਮਾ ਕਰਵਾ ਕੇ ਉਨ੍ਹਾਂ ਨੂੰ ਥਾਉਂ-ਥਾਈਂ ਬਿਠਾ ਦਿੰਦਾ। ਮਾੜੀ-ਮੋਟੀ ਫੌਜਦਾਰੀ, ਖੇਤਾਂ ਦੇ ਬੰਨਿਆਂ ਦੇ ਰੱਟੇ, ਘਰੇਲੂ ਝਗੜੇ, ਕਿਸਾਨਾਂ ਤੇ ਖੇਤ-ਮਜ਼ਦੂਰਾਂ ਵਿਚਕਾਰ ਪੈਦਾ ਹੋਈ ਤਲਖੀ ਆਦਿ ਦੇ ਮਸਲੇ ਲੈ ਕੇ ਜਦੋਂ ਲੋਕੀਂ ਉਨ੍ਹਾਂ ਦੇ ਘਰ ਆ ਜੁੜਦੇ ਤਾਂ ਉਨ੍ਹਾਂ ਦੀ ਘੈਂਸ-ਘੈਂਸ ਮੁੱਕਣ ‘ਚ ਨਾ ਆਉਂਦੀ। ਕਈ-ਕਈ ਘੰਟੇ ਬੀਤ ਜਾਂਦੇ… ਤੇ ਜਦੋਂ ਉਸ ਦੇ ਸਹੁਰੇ ਵੱਲੋਂ ਇਸ ਜਨੇਤ ਜਿਹੀ ਲਈ ਚਾਹ ਦਾ ਹੁਕਮ ਦਿੱਤਾ ਜਾਂਦਾ ਤਾਂ ਗੁਰੀ ਅੰਦਰੋਂ-ਅੰਦਰੀਂ ਕੁੜ੍ਹਨ ਲੱਗ ਪੈਂਦੀ। ਉਸ ਨੂੰ ਆਪਣੀ ਸੱਸ ‘ਤੇ ਗੁੱਸਾ ਵੀ ਆਉਂਦਾ ਤੇ ਤਰਸ ਵੀ। ਚੁੱਲ੍ਹੇ ਉੱਤੇ ਪਤੀਲਾ ਰੱਖਦਿਆਂ ਜਿਸਦੀ ਬੁੜ-ਬੁੜ ਹੋਰ ਤੇਜ਼ ਹੋ ਜਾਂਦੀ, “ਇਨ੍ਹਾਂ ਖਸਮਾਂ-ਖਾਣੇ ਲੋਕਾਂ ਨੇ ਸਾਨੂੰ ਖਾਣ ਨੂੰ ਦੇ ਜਾਣੈ? ਪਸ਼ੂਆਂ ਦੇ ਲੱਕੇ ਨਾਲ਼ ਲੱਗੇ ਪਏ ਆ। ਤੀਰ ਮਾਰਿਆ ਨਹੀਂ ਲੰਘਦਾ। ਕਈ ਦਿਨਾਂ ਤੋਂ ਹਲ਼ ਦਾ ਜੋਤਾ ਨਹੀਂ ਲਾਇਆ। ਪਤਾ ਨਹੀਂ ਕੀ ਸੋਚਿਆ ਹੋਇਐ? ਪੇ-ਪੁੱਤ ਦੋਵੇਂ ਚੌਧਰੀ ਬਣਿਉਂ ਆਂ। ਕਿੱਦਾਂ ਸਰੂ ਇਨ੍ਹਾਂ ਦਾ…।” ਪਰ ਕਿਸੇ ਦਾ ਰਾਜ਼ੀਨਾਮਾ ਹੋ ਜਾਣ ‘ਤੇ ਲੋਕਾਂ ਰਾਹੀਂ ਆਪਣੇ ਪਤੀ ਤੇ ਪੁੱਤ ਦੀ ਸ਼ਲਾਘਾ ਸੁਣ ਕੇ ਗੁਰੀ ਦੀ ਸੱਸ ਜਦੋਂ ਹੁੱਬ-ਹੁੱਬ ਗੱਲਾਂ ਕਰ ਰਹੀ ਹੁੰਦੀ ਤਾਂ ਗੁਰੀ ਨੂੰ ਇੰਜ ਲੱਗਦਾ ਜਿਵੇਂ ਪਿਉ-ਪੁੱਤ ਦੇ ਇਨ੍ਹਾਂ ਸਾਰੇ ਕਾਰਜਾਂ ਵਿੱਚ ਉਹ ਵੀ ਭਾਈਵਾਲ ਬਣੀ ਹੋਈ ਹੋਵੇ। ਤੇ ਤਿੱਖੀ ਆਵਾਜ਼ ਵਾਲ਼ੀਆਂ ਆਪਣੀਆਂ ਛੋਟੀ ਉਮਰ ਦੀਆਂ ਨਣਾਨਾਂ ਉਸ ਨੂੰ ਚੰਗੀਆਂ ਨਾ ਲੱਗਦੀਆਂ ਜੋ ਚਾਮ੍ਹਲ-ਚਾਮ੍ਹਲ ਆਪਣੇ ਪਿਉ ਤੇ ਭਰਾ ਦੀਆਂ ਸਿਫ਼ਤਾਂ ਕਰ ਰਹੀਆਂ ਹੁੰਦੀਆਂ।
ਸਹੁਰੇ ਘਰ ਵਸਦਿਆਂ ਗੁਰੀ ਨੂੰ ਦੋ ਸਾਲ ਹੋ ਗਏ ਸਨ। ਉਹ ਇੱਕ ਬੱਚੇ ਦੀ ਮਾਂ ਵੀ ਬਣ ਗਈ ਸੀ। ਪਰ ਫਿਰ ਵੀ ਕਦੀ-ਕਦੀ ਉਸ ਨੂੰ ਇੰਜ ਲੱਗਦਾ ਜਿਵੇਂ ਉਹ ਇਨ੍ਹਾਂ ਪਾਣੀਆਂ ਦੀ ਮੱਛੀ ਨਾ ਹੋਵੇ। ਖੈਰ ਉਹ ਸਾਹ ਲੈਂਦੀ ਰਹੀ ਸੀ, ਖੁੱਲ੍ਹੇ ਤੇ ਭਰਵੇਂ ਤੇ ਇਹ ਸਭ ਕੁਝ ਇਕਬਾਲ ਦੀ ਬਦੌਲਤ ਸੀ, ਜਿਸ ਨੇ ਉਸ ਦੇ ਮਨ ਦੀ ਹਰ ਨੁੱਕਰ ਨੂੰ ਟੋਹ ਲਿਆ ਹੋਇਆ ਸੀ। ਜਦੋਂ ਕਦੀ ਉਹ ਗੁਰੀ ਦੇ ਘੁੱਟ ਰਹੇ ਦਮ ਨੂੰ ਮਹਿਸੂਸ ਕਰਦਾ ਤਾਂ ਉਸ ਕੋਲ਼ ਬੈਠ ਪੋਲੀਆਂ-ਪੋਲੀਆਂ ਗੱਲਾਂ ਰਾਹੀਂ ਉਸ ਦੇ ਵੱਟ-ਖਾਧੇ ਮਨ ਨੂੰ ‘ਝਾਤ’ ਕਹਿੰਦਾ, ਆਪਣੇ ਨਾਲ਼ ਬਹਿਸ ਕਰ ਰਹੀ ਗੁਰੀ ਨੂੰ ਬੇਟੋਕ ਬੋਲੀ ਜਾਣ ਦਿੰਦਾ। ਕਦੀ ਕਦੀ ਬਸ ਏਨਾ ਕੁ ਕਹਿ ਛੱਡਦਾ, “ਗੁਰੀ! ਆਪਾਂ ਨੂੰ ਸਮੇਂ ਦੇ ਹਾਣੀ ਬਣਨਾ ਪੈਣੈ।” ਤੇ ਗੁਰੀ ਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਉਸ ਅੰਦਰਲਾ ਸਾਰੇ ਦਾ ਸਾਰਾ ਗ਼ੁਬਾਰ ਹੌਲ਼ੀ-ਹੌਲ਼ੀ ਕਿਧਰੇ ਗ਼ਾਇਬ ਹੋ ਗਿਆ ਹੋਵੇ। ਆਪਣੇ ਆਪ ਨੂੰ ਫੁੱਲ ਵਰਗੀ ਹੌਲ਼ੀ ਮਹਿਸੂਸ ਕਰਦੀ ਹੋਈ ਉਹ ਆਪਣਾ ਸਿਰ ਇਕਬਾਲ ਦੀ ਛਾਤੀ ‘ਤੇ ਰੱਖ ਦੇਂਦੀ।… ਪਰ ਇੱਕ ਵੇਰਾਂ ਉਸ ਅੰਦਰ ਇਹ ਗ਼ੁਬਾਰ ਕਈ ਦਿਨ ਘੁੰਮਦਾ ਰਿਹਾ ਸੀ। ਉਸ ਨੂੰ ਤੜਫਾਉਂਦਾ ਰਿਹਾ ਸੀ। ਆਪਣੇ ਪਹਿਲੇ ਵਤੀਰੇ ਦੇ ਉਲਟ, ਸਨੇਹ ਭਰੀਆਂ ਸੁਰਾਂ ਦਬਾਉਣ ਦੀ ਥਾਂ ਇਕਬਾਲ ਉਸ ‘ਤੇ ਖਫ਼ਾ ਹੋ ਗਿਆ ਸੀ… ਤੇ ਮਿਲਣ ਆਏ ਪਾਪਾ ਕੋਲ਼ ਘਰ ਦੇ ਇੱਕ ਕੋਨੇ ਵਿੱਚ ਬੈਠ, ਉਸ ਨੇ ਆਪਣਾ ਸਾਰਾ ਉਬਾਲ ਕੱਢ ਮਾਰਿਆ ਸੀ। ਹੁਣ ਬੱਸ ‘ਚ ਆਪਣੇ ਨਾਲ਼ ਬੈਠੇ ਇਕਬਾਲ ਵੱਲ, ਅਪਣੱਤ ਲੱਦੀ ਭਾਵਨਾ ਨਾਲ਼ ਵੇਖਦਿਆਂ ਉਹ ਸੋਚ ਰਹੀ ਸੀ ਕਿ ਉਦੋਂ ਉਸ ਨੇ ਗੱਲਾਂ ਕੁਝ ਜ਼ਿਆਦਾ ਹੀ ਵਧਾ-ਚੜ੍ਹਾ ਕੇ ਕਹਿ ਦਿੱਤੀਆਂ ਸਨ।
“ਜੇ ਏਦਾਂ ਕਰਦੇ ਆ ਤਾਂ ਇਨ੍ਹਾਂ ਨੂੰ ਮੈਂ ਪੁੱਛ ਹੀ ਲੈਨਾ ਆਂ।” ਉਸਦੀਆਂ ਗੱਲਾਂ ਸੁਣ ਕੇ ਮਨ ਵਿੱਚ ਕੌੜ ਜਿਹੀ ਮਹਿਸੂਸ ਕਰਦਿਆਂ ਉਸ ਦੇ ਪਾਪਾ ਨੇ ਕਿਹਾ ਸੀ।
“ਨਾ ਨਾ, ਪਾਪਾ ਜੀ! ਏਦਾਂ ਨਹੀਂ ਕਰਨੀ…।” ਉਹ ਡਰ ਜਿਹੀ ਗਈ ਸੀ।
“ਗੁਰੀ! ਤੂੰ ਮੇਰਾ ਬੜਾ ਭਾਰ ਵੰਡਾਇਆ ਏ। ਮੈਂ ਚਾਹੁੰਦਾ ਸੀ ਕਿ ਤੂੰ ਸਹੁਰੇ-ਘਰ ਰਾਜ ਕਰੇਂ। ਪਰ ਖ਼ੈਰ ਤੂੰ ਆਪਣਾ ਮਨ ਖੁਸ਼ ਰੱਖਿਆ ਕਰ।” ਉਸ ਦੀ ਪਿੱਠ ਪਲੋਸ ਰਹੇ ਪਾਪਾ ਦੇ ਇਹ ਸ਼ਬਦ ਸੁਣ ਉਸ ਦੀ ਰੂਹ ਨੂੰ ਚੈਨ ਜਿਹੀ ਮਿਲ਼ੀ ਸੀ। ਪਾਪਾ ਦਾ ਮੋਹ ਵੇਖ ਕੇ ਉਸ ਦਾ ਦਿਲ ਭਰ ਆਇਆ ਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਸਨ। ਇਨ੍ਹਾਂ ਹੰਝੂਆਂ ਵਿੱਚ ਕੀ ਸੀ? ਦਰਦ, ਝੋਰਾ, ਚੈਨ, ਸੁੱਖ, ਖੁਸ਼ੀ? ਉਹ ਠੀਕ ਤਰ੍ਹਾਂ ਅਨੁਮਾਨ ਨਹੀਂ ਸੀ ਲਗਾ ਸਕੀ। ਪਰ ਉਸ ਨੂੰ ਆਪਣੇ ਇਹ ਹੰਝੂ ਚੰਗੇ ਲੱਗੇ ਸਨ…।
… ਤੇ ਫਿਰ ਜਦੋਂ ਰੁੱਪੀ ਦੇ ਵਿਆਹ ਤੋਂ ਪਹਿਲਾਂ ਉਸ ਦਾ ਪਾਪਾ ਉਸ ਨੂੰ ਲੈਣ ਆਇਆ ਤਾਂ ਉਹ ਖੁਸ਼ੀ ਵਿੱਚ ਖਿੜ ਗਈ ਸੀ। “ਦੇਖੋ ਜੀ! ਇਹ ਹੈ ਤਾਂ ਧੀ ਪਰ ਮੈਂ ਇਹਨੂੰ ਬਰਾਬਰ ਦਾ ਪੁੱਤ ਸਮਝਦਾਂ। ਛੋਟੀ ਕੁੜੀ ਦੇ ਵਿਆਹ ਦੇ ਕਾਰਜ ਇਹਦੇ ਹੱਥੀਂ ਹੋਣੇ ਆਂ।” ਆਪਣੇ ਸੱਸ-ਸਹੁਰੇ ਸਾਹਮਣੇ ਕਹੇ ਪਾਪਾ ਦੇ ਇਨ੍ਹਾਂ ਸ਼ਬਦਾਂ ਨੇ ਉਸ ਅੰਦਰ ਇੱਕ ਸਰੂਰ ਜਿਹਾ ਭਰ ਦਿੱਤਾ ਸੀ। ਭੈਣ ਦਾ ਵਿਆਹ ਕਮਾਉਣ ਉਹ ਪਾਪਾ ਨਾਲ਼ ਪੇਕੀਂ ਆ ਗਈ ਸੀ। ਨਿੱਕਾ-ਮੋਟਾ ਹਰ ਕੰਮ ਉਸ ਦੀ ਸਲਾਹ ਨਾਲ਼ ਕੀਤਾ ਗਿਆ ਸੀ। ਉਹ ਮਾਣ ਨਾਲ਼ ਫੁੱਲੀ ਨਹੀਂ ਸੀ ਸਮਾਉਂਦੀ। ਪਾਪਾ ‘ਤੇ ਜ਼ੋਰ ਪਾ ਕੇ ਕਈ ਚੀਜ਼ਾਂ ਆਪਣੇ ਵਿਆਹ ਨਾਲ਼ੋਂ ਵੀ ਵੱਧ ਉਸ ਨੇ ਰੁੱਪੀ ਦੇ ਦਾਜ ਵਾਸਤੇ ਬਣਵਾਈਆਂ ਸਨ। ਉਸ ਨੂੰ ਚਾਅ ਸੀ ਕਿ ਉਸ ਦੀ ਭੈਣ ਕੈਨੇਡਾ ਵਸਦੇ ਅਮੀਰ ਖ਼ਾਨਦਾਨ ਵਿੱਚ ਵਿਆਹੀ ਜਾ ਰਹੀ ਸੀ।
ਉਨ੍ਹਾਂ ਨੇ ਰੁੱਪੀ ਨੂੰ ਸੋਨੇ ਦੇ ਗਹਿਣਿਆਂ ਦੇ ਦੋ ਸੈੱਟ ਪਾਉਣ ਦੀ ਵਿਉਂਤ ਬਣਾਈ ਹੋਈ ਸੀ। ਪਰ ਦੂਜੇ ਪਾਸਿਉਂ ਜਦ ਮੁੰਡੇ ਦੇ ਪਿਉ, ਮਾਮੇ ਤੇ ਭਰਾਵਾਂ ਲਈ ਮੁੰਦੀਆਂ ਦੀ ਮੰਗ ਆ ਗਈ ਤਾਂ ਉਨ੍ਹਾਂ ਕੋਲ਼ ਇੱਕ ਸੈੱਟ ਮਨਫ਼ੀ ਕਰਨ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ। ਨੱਕ ਰੱਖਣ ਲਈ ਦੂਜਾ ਸੈੱਟ ਚਾਂਦੀ ਦਾ ਪਾਉਣ ਦੀ ਸਲਾਹ ਬਣਾਈ ਗਈ। ਪਰ ਏਨੀਆਂ ਟੂੰਮਾਂ ਵਾਸਤੇ ਲੋੜੀਂਦੀ ਰਕਮ ਦਾ ਅਨੁਮਾਨ ਸੁਨਿਆਰੇ ਦੇ ਮੂੰਹੋਂ ਸੁਣ ਕੇ ਉਹ ਸੋਚੀਂ ਪੈ ਗਏ ਸਨ। ਗੁਰੀ ਦੀ ਬੇ ਜੀ ਦੀਆਂ ਬੁਘਤੀਆਂ। ਜਿਨ੍ਹਾਂ ਨੂੰ ਤੁੜਵਾ ਕੇ ਨਵੀਆਂ ਟੂੰਮਾਂ ਬਣਵਾਉਣੀਆਂ ਸਨ, ਵਿੱਚੋਂ ਸੁਨਿਆਰੇ ਨੇ ਕਾਫ਼ੀ ਹਿੱਸਾ ਖੋਟ ਕੱਢ ਦਿੱਤਾ ਸੀ। ਸੁਨਿਆਰੇ ਦੀ ਦੁਕਾਨ ਤੋਂ ਚੁੱਪ-ਚਾਪ ਉੱਠ ਕੇ, ਸ਼ਹਿਰ ਦੇ ਬਾਜ਼ਾਰਾਂ ਦੀ ਭੀੜ ਵਿੱਚ ਆਪਣੇ ਮਾਯੂਸ ਚਿਹਰੇ ਲੁਕੌਂਦੇ, ਕੁਝ ਹੋਰ ਚੀਜ਼ਾਂ ਦੀ ਖਰੀਦੋ-ਫਰੋਖ਼ਤ ਕਰਨ ਬਾਅਦ ਉਹ ਬੱਸ ਅੱਡੇ ਆ ਪਹੁੰਚੇ। ਪਿੰਡ ਵਾਲ਼ੀ ਬੱਸ ‘ਚ ਬੈਠਿਆਂ ਗੁਰੀ ਨੂੰ ਇੰਜ ਲੱਗਾ ਸੀ ਜਿਵੇਂ ਉਸ ਦੇ ਪਾਪਾ ਦੀਆਂ ਨਜ਼ਰਾਂ ਉਸ ਪਾਸੋਂ ਕੁਝ ਮੰਗ ਰਹੀਆਂ ਹੋਣ। ਤੇ ਰਾਤ ਨੂੰ ਰੋਟੀ ਖਾਂਦਿਆਂ ਉਸ ਨੇ ਗੁਰੀ ਦੇ ਗਹਿਣੇ ਰੁੱਪੀ ਵਾਸਤੇ ਢੋਣ ਲਈ ਗੁਰੀ ਤੋਂ ਪੁੱਛਿਆ ਸੀ। ਗੁਰੀ ਨੂੰ ਆਪਣੇ ਮੱਥੇ ‘ਚ ਠਾਹ ਕਰਕੇ ਵੱਜੇ ਇਸ ਪ੍ਰਸ਼ਨ ਬਾਰੇ ਪਹਿਲਾਂ ਹੀ ਹੁੜਕ ਗਈ ਸੀ। “ਦੇਖ ਲਉ” ਤੋਂ ਵੱਧ ਉਹ ਕੁਝ ਨਹੀਂ ਸੀ ਕਹਿ ਸਕੀ। ਮਾਂ-ਪਿਉ ਵੱਲੋਂ ਦਿਵਾਇਆ ਭਰੋਸਾ, ਕਿ ਉਸ ਦੇ ਗਹਿਣੇ ਰੁੱਪੀ ਦੇ ਕੈਨੇਡਾ ਜਾਣ ਤੋਂ ਪਹਿਲਾਂ-ਪਹਿਲਾਂ ਮੋੜ ਦਿੱਤੇ ਜਾਣਗੇ, ਭਾਵੇਂ ਉਸ ਦੇ ਦਿਲ ਨੂੰ ਠੁੰਮਣਾਂ ਦੇ ਰਹੇ ਸਨ। ਪਰ ਫਿਰ ਵੀ ਆਖਰੀ ਫੈਸਲਾ ਉਹ ਇਕਬਾਲ ਨੂੰ ਪੁੱਛ ਕੇ ਕਰਨਾ ਚਾਹੁੰਦੀ ਸੀ। ਉਸ ਦੇ ਪਾਪਾ ਨੇ ਸੁਨੇਹਾ ਭੇਜ ਕੇ ਉਸ ਨੂੰ ਸੱਦ ਲਿਆ ਸੀ।
“ਪਰ ਵਿਤੋਂ ਵੱਧ ਟੂੰਮਾਂ ਪਾਉਣ ਦੀ ਸਾਨੂੰ ਲੋੜ ਕੀ ਐ?” ਉਨ੍ਹਾਂ ਵਿੱਚ ਬੈਠਿਆਂ ਇਕਬਾਲ ਨੇ ਕਿਹਾ ਸੀ।
“ਤੈਨੂੰ ਪਤਾ ਈ ਐ ਪੁੱਤ! ਕੈਨੇਡਾ ਆਲ਼ਿਆਂ ਨਾਲ਼ ਮੱਥਾ ਲਾਇਆ ਹੋਇਐ। ਏਨਾ ਕੁ ਤਾਂ ਕਰਨਾ ਈ ਪੈਣੈ। ਉਦਾਂ ਨੱਕ ਨਹੀਂ ਰਹਿੰਦਾ।” ਗੁਰੀ ਦੀ ਬੇ ਜੀ ਬੋਲੀ ਸੀ।
“ਇਹ ਇੰਗਲੈਂਡ-ਕੈਨੇਡਾ ਵਾਲ਼ੇ ਆਪਾਂ ਏਦਾਂ ਹੀ ਭੂਹੇ ਕੀਤੇ ਹੋਏ ਆ।” ਉਹ ਬੋਲਿਆ ਸੀ।
“ਚੱਲ ਛੱਡ ਯਾਰ! ਇਨ੍ਹਾਂ ਗੱਲਾਂ ਨੂੰ। ਬਾਹਰਲੇ ਮੁੰਡੇ ਮਿਲ਼ਦੇ ਵੀ ਕਿੱਥੇ ਐ… ਤੁਹਾਥੋਂ ਤਾਂ ਉਧਾਰ ਹੀ ਮੰਗ ਰਹੇ ਆਂ।” ਗੁਰੀ ਦਾ ਪਾਪਾ ਕਾਹਲ ਜਿਹੀ ਵਿੱਚ ਬੋਲਿਆ ਸੀ।
“ਇਹਨੂੰ ਪੁੱਛ ਲਉ, ਪਾਉਣੀਆਂ ਤਾਂ ਇਹਨੇ ਈ ਆਂ।” ਉਸ ਨੇ ਸਾਰੀ ਗੱਲ ਗੁਰੀ ‘ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਸੀ।
“ਨਹੀਂ ਬਈ! ਤੈਥੋਂ ਬਿਨਾਂ ਇਹ ਕੀ ਕਹਿ ਸਕਦੀ ਆ? ਤੇਰੀ ਸਲਾਹ ਲੈਣ ਲਈ ਹੀ ਤਾਂ ਤੈਨੂੰ ਸੱਦਿਐ।” ਗੁਰੀ ਦੇ ਪਾਪਾ ਨੇ ਮੋਹ ਜਿਹੇ ਵਿੱਚ ਕਿਹਾ ਸੀ।
ਇਕਬਾਲ ਨੇ ਗੁਰੀ ਵੱਲ ਝਾਕਿਆ ਸੀ। ਗੁਰੀ ਦੀਆਂ ‘ਹਾਂ’ ਮੰਗਦੀਆਂ ਨਜ਼ਰਾਂ ਅਤੇ ਉਸ ਦੇ ਮਾਂ-ਪਿਉ ਦੀ ਵੇਲਣੇ ‘ਚ ਆਈ ਬਾਂਹ ਵੇਖ ਕੇ ਉਸ ਨੇ ‘ਹਾਂ’ ਕਰ ਦਿੱਤੀ ਸੀ।
ਜਨੇਤ ਸੁਰਿੰਦਰ ਦੇ ਸਹੁਰੀਂ ਪਹੁੰਚ ਗਈ। ਮਿਲਣੀ ਵੇਲੇ ਰੁੱਪੀ ਤੇ ਚੰਨੀ ਕੁਝ ਜ਼ਰੂਰੀ ਤੇ ਕੁਝ ਗੈਰ-ਜ਼ਰੂਰੀ ਰੋਲ ਨਿਭਾਂਦੇ ਲੋਕਾਂ ਦੀਆ ਨਜ਼ਰਾਂ ਦਾ ਕੇਂਦਰ ਬਣੇ ਰਹੇ। ਚਾਹ ਪੀਣ ਲੱਗਿਆਂ ਗੁਰੀ ਇੱਕ ਖੂੰਜੇ ਦੇ ਮੇਜ਼ ‘ਤੇ ਜਾ ਖਲੋਈ। ਨਿਆਣਿਆਂ ਤੇ ਇਕਬਾਲ ਨੂੰ ਉਸ ਨੇ ਆਪਣੇ ਹੱਥੀਂ ਪਾ ਪਾ ਚੀਜ਼ਾਂ ਖੁਆਈਆਂ ਪਰ ਆਪਣੇ ਮੂੰਹ ਵਿੱਚ ਇੱਕ ਭੋਰਾ ਵੀ ਨਾ ਪਾਇਆ। ਰੁੱਪੀ ਆਪਣੇ ਪਤੀ ਸਮੇਤ ਸੁਰਿੰਦਰ ਕੋਲ਼ ਖੜੀ ਚਾਹ ਪੀ ਰਹੀ ਸੀ। ਉਨ੍ਹਾਂ ਉੱਪਰ ਪੈ ਰਹੀ ਕੈਮਰੇ ਦੀ ਫਲੈਸ਼ ਵੇਖਦਿਆਂ ਉਸ ਨੂੰ ਰੁੱਪੀ ਦੇ ਵਿਆਹ ਦੀ ਯਾਦ ਆ ਗਈ। ਰੁੱਪੀ ਦੇ ਵਿਆਹ ਦੀ ਇਲਾਕੇ ਵਿੱਚ ਧੁੰਮ ਪੈ ਗਈ ਸੀ। ਪੰਦਰਾਂ ਕਾਰਾਂ ਵਿੱਚ ਜਨੇਤ ਆਈ ਸੀ। ਕਾਰਾਂ ਦੀ ਲਾਈਨ ਵੇਖ ਕੇ ਉਨ੍ਹਾਂ ਦੇ ਪਿੰਡ ਦੇ ਲੋਕ ਅਚੰਭਿਤ ਰਹਿ ਗਏ ਸਨ। ਵਰੀ ਦੇ ਸੂਟਾਂ ਦੀ ਝਿਲਮਿਲ ਤੇ ਰੁੱਪੀ ਵਾਸਤੇ ਆਏ ਗਹਿਣਿਆਂ ਦੀ ਚਮਕ-ਦਮਕ ਨੇ ਲੋਕਾਂ ਦੀਆਂ ਅੱਖਾਂ ਚੁੰਧਿਆ ਦਿੱਤੀਆਂ ਸਨ। ਕੈਮਰੇ ਵਾਲ਼ਿਆਂ ਦਾ ਕੋਈ ਹਿਸਾਬ ਹੀ ਨਹੀਂ ਸੀ। ਫਲੈਸ਼ ‘ਤੇ ਫਲੈਸ਼ ਵੱਜ ਰਹੀ ਸੀ। ਟੁਰਨ ਵੇਲ਼ੇ ਰੁੱਪੀ ਨੇ ਉਸ ਦੇ ਗਲ਼ੇ ਮਿਲਦਿਆਂ ਧਾਹਾਂ ਮਾਰ ਦਿੱਤੀਆਂ ਸਨ। ਗਲ਼ੇ ਮਿਲ ਰਹੀਆਂ ਦੋਨਾਂ ਭੈਣਾਂ ਦੇ ਹੰਝੂ ਵੇਖ ਕੇ ਬਾਕੀ ਰਿਸ਼ਤੇਦਾਰਾਂ ਦੇ ਦਿਲ ਹਿੱਲ ਗਏ ਸਨ… ਤੇ ਜਦੋਂ ਗੁਰੀ ਉਸ ਦੇ ਸਹੁਰੀਂ ਉਸ ਨੂੰ ਮਿਲਣ ਗਈ ਤਾਂ ਉਹ ਉਸ ਨੂੰ ਉੱਡ ਕੇ ਮਿਲ਼ੀ ਸੀ। ਉਸ ਦੇ ਢੋਏ ਹੋਏ ਤੇ ਹੋਰ ਨਵੇਂ ਗਹਿਣਿਆਂ ਨਾਲ਼ ਲੱਦੀ ਰੁੱਪੀ ਵੱਲ ਵੇਖ ਕੇ ਉਸ ਦੇ ਦਿਲ ਨੂੰ ਹਲੂਣਾ ਜਿਹਾ ਵੱਜਾ ਸੀ, ਪਰ ਭੈਣ ਦੇ ਖੁਸ਼ੀਆਂ ਭਰੇ ਜੀਵਨ ਦੀ ਮਹਿਕ ਉਸ ਨੂੰ ਸੁਖਾਵੀਂ ਹੀ ਲੱਗੀ ਸੀ। “ਕੀ ਕਰਨੈ ਇਹੋ ਜਿਹੀ ਅਮੀਰੀ ਨੂੰ, ਖ਼ਾਨਦਾਨ ਤਾਂ ਗੱਦਾਰਾਂ ਦਾ ਈ ਵੱਜਦੈ।” ਵਾਪਸ ਮੁੜਦਿਆਂ ਜਦੋਂ ਗੁਰੀ ਨੇ ਰੁੱਪੀ ਦੇ ਸਹੁਰੇ-ਘਰ ਦੀ ਵਡਿਆਈ ਕੀਤੀ ਤਾਂ ਇਕਬਾਲ ਨੇ ਇਹ ਸ਼ਬਦ ਕਹੇ ਸਨ।
“ਇਨ੍ਹਾਂ ਗੱਲਾਂ ਦੀ ਕੌਣ ਪ੍ਰਵਾਹ ਕਰਦਾ ਏ?”
“ਤੇਰਾ ਕੀ ਖਿਆਲ ਐ ਕਿ ਜੇ ਤੇਰੇ ਪਾਪਾ ਨੇ ਨਹੀਂ ਕੀਤਾ ਤਾਂ ਕੋਈ ਵੀ ਨਹੀਂ ਕਰਦਾ?”
“ਅੱਜਕਲ੍ਹ ਤੁਸੀਂ ਪਾਪਾ ਦੀ ਬੜੀ ਨੁਕਤਾਚੀਨੀ ਕਰਨ ਲੱਗ ਪਏ ਆਂ।”
“ਪਾਪਾ ਦਾ ਨਜ਼ਰੀਆ ਮੈਨੂੰ ਚੰਗਾ ਨਹੀਂ ਲੱਗਦਾ।”
ਰੁੱਪੀ ਦੇ ਸਹੁਰਿਆਂ ਤੇ ਪਾਪਾ ਬਾਰੇ ਇਕਬਾਲ ਦੀ ਰਾਇ ਗੁਰੀ ਨੂੰ ਚੁੱਭੀ ਸੀ। ਪਰ ਉਹ ਸੱਚਾਈ ਤੋਂ ਕਿਵੇਂ ਮੁਨਕਰ ਹੋ ਸਕਦੀ ਸੀ? ਇਹ ਸੱਚ ਸੀ ਕਿ ਰੁੱਪੀ ਦੇ ਦਦਿਆਹੁਰੇ ਨੇ ਇੱਕ ਬੱਬਰ-ਅਕਾਲੀ ਨੂੰ ਧੋਖੇ ਨਾਲ ਫੜਾ ਕੇ ਦੋ ਮੁਰੱਬੇ ਇਨਾਮ ਦੇ ਲਏ ਸਨ। ਉੱਧਰ ਉਸ ਬੱਬਰ ਨੂੰ ਫਾਂਸੀ ਲੱਗ ਗਈ ਤੇ ਇੱਧਰ ਉਸ ਦੇ ਸਾਥੀਆਂ ਨੇ ਮੁਰੱਬਿਆਂ ਦੇ ਬਣੇ ਮਾਲਕ ਨੂੰ ਗੋਲੀਆਂ ਨਾਲ ਉਡਾ ਦਿੱਤਾ ਸੀ।… ਤੇ ਲੋਕਾਂ ਵਿੱਚ ਲਲਕਾਰ ਕੇ ਕਹਿ ਗਏ ਸਨ ਕਿ ਮੁਰੱਬਿਆਂ ਦੀ ਇੰਤਕਾਲ ਕਰ ਚੱਲੇ ਹਾਂ।… ਰੁੱਪੀ ਦਾ ਰਿਸ਼ਤਾ ਕਰਨ ਸਮੇਂ ਉਸ ਦੇ ਪਾਪਾ ਨੇ ਇਸ ਬਾਰੇ ਘਰ ਦਿਆਂ ਨੂੰ ਕੁਝ ਨਹੀਂ ਸੀ ਦੱਸਿਆ। ਪਰ ਲੋਕਾਂ ਦੇ ਮੂੰਹ ਕੌਣ ਬੰਦ ਕਰ ਸਕਦਾ ਹੈ? ਕੁਝ ਬੁੱਲ੍ਹਾਂ ਤੇ ਕੰਨਾਂ ਦੇ ਸਹਾਰੇ ਟੁਰਦੀ, ਤਿੰਨ ਜ਼ਿਲਿਆਂ ਦਾ ਸਫ਼ਰ ਕਰਕੇ ਇਹ ਗੱਲ ਗੁਰੀਂ ਹੋਰਾਂ ਦੇ ਘਰ ਦੀਆਂ ਕੰਧਾਂ ਨਾਲ਼ ਆ ਚਿੰਬੜੀ ਸੀ। “ਓਦਾਂ ਪਾਪਾ ਜੀ! ਅਜਿਹੇ ਖਾਨਦਾਨ ਨਾਲ਼ ਸਾਨੂੰ ਰਿਸ਼ਤੇਦਾਰੀ ਬਣਾਉਣ ਦੀ ਲੋੜ ਹੀ ਕੀ ਸੀ?” ਰੁੱਪੀ ਦੇ ਵਿਆਹ ਦੇ ਲਾਗੇ ਜਿਹੇ ਇੱਕ ਦਿਨ ਜਦੋਂ ਘਰ ‘ਚ ਗੱਲ ਚੱਲੀ ਤਾਂ ਇਕਬਾਲ ਨੇ ਬੇਝਿਜਕ ਹੋ ਕੇ ਕਹਿ ਦਿੱਤਾ ਸੀ। “ਤੂੰ ਆਪਣੀ ਅਕਲ ਆਪਣੇ ਕੋਲ਼ ਹੀ ਰੱਖ, ਵੱਡਾ ਆਇਆ ਮੱਤਾਂ ਦੇਣ ਵਾਲਾ।” ਗੱਲ ਦਾ ਜਵਾਬ ਦੇਂਦਿਆਂ ਪਾਪਾ ਨੇ ਕੌੜੀ ਨਜ਼ਰੇ ਇਕਬਾਲ ਵੱਲ ਇੰਜ ਵੇਖਿਆ ਸੀ, ਜਿਵੇਂ ਘਰ ਵਿੱਚ ਇਹ ਭੇਦ ਖੋਲ੍ਹਣ ਦਾ ਕਸੂਰਵਾਰ ਉਹ ਹੀ ਹੋਵੇ ਤੇ ਉਹ ਹੀ ਇਸ ਬਾਬਤ ਗੁਰੀ ਤੇ ਉਸ ਦੀ ਬੇ ਜੀ ਨੂੰ ਸੀਖ ਦੇ ਰਿਹਾ ਹੋਵੇ…।
ਵਿਆਹ ਤੋਂ ਮਹੀਨਾ ਕੁ ਬਾਅਦ ਰੁੱਪੀ ਦਾ ਸਹੁਰਾ ਪਰਿਵਾਰ ਸਮੇਤ ਚੰਨੀ ਦੇ ਕੈਨੇਡਾ ਵਾਪਸ ਚਲਾ ਗਿਆ ਤੇ ਰੁੱਪੀ ਪੇਕੀਂ ਆ ਗਈ। ਚੰਨੀ ਨੇ ਰੁੱਪੀ ਨੂੰ ਓਧਰ ਸੱਦਣ ਲਈ ਅਪਲਾਈ ਕਰ ਦਿੱਤਾ ਤੇ ਕੁਝ ਹੀ ਮਹੀਨਿਆਂ ਬਾਅਦ ਰੁੱਪੀ ਨੂੰ ਕੈਨੇਡਾ ਦਾ ਵੀਜ਼ਾ ਮਿਲ਼ ਗਿਆ ਸੀ।
ਜਿਉਂ-ਜਿਉਂ ਰੁੱਪੀ ਦੇ ਕੈਨੇਡਾ ਜਾਣ ਦਾ ਸਮਾਂ ਨੇੜੇ ਆ ਰਿਹਾ ਸੀ ਤਿਉਂ-ਤਿਉਂ ਗੁਰੀ ਦਾ ਧੁੜਕੂ ਵਧੀ ਜਾ ਰਿਹਾ ਸੀ। ਕਿਉਂਕਿ ਉਸ ਨਾਲ਼ ਕੀਤੇ ਹੋਏ ਵਾਇਦੇ ਅਨੁਸਾਰ ਉਸ ਦੇ ਰੁੱਪੀ ਨੂੰ ਢੋਏ ਗਹਿਣੇ ਅਜੇ ਤੱਕ ਵਾਪਸ ਨਹੀਂ ਸਨ ਕੀਤੇ ਗਏ। ਇਸ ਬਾਬਤ ਸੂਹ-ਪਤਾ ਲੈਣ ਲਈ ਉਹ ਇੱਕ ਦਿਨ ਪੇਕੀਂ ਪਹੁੰਚੀ। ਉਸ ਦਾ ਖਿਆਲ ਸੀ ਪਾਪਾ ਆਪ ਹੀ ਗੱਲ ਤੋਰੇਗਾ। ਪਰ ਜਦੋਂ ਕਾਫ਼ੀ ਦੇਰ ਇੱਧਰ ਉੱਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਗਹਿਣਿਆਂ ਦਾ ਕੋਈ ਜ਼ਿਕਰ ਨਾ ਛਿੜਿਆ ਤਾਂ ਬੇਚੈਨ ਜਿਹੀ ਹੋ ਕੇ ਉਸ ਨੇ ਪੁੱਛ ਹੀ ਲਿਆ, “ਕੁੜੇ ਰੁੱਪੀ! ਗਹਿਣੇ ਸਾਰੇ ਹੀ ਨਾਲ਼ ਲੈ ਜਾਣੇ ਐਂ?” ਸੰਬੋਧਨ ਉਸ ਨੇ ਭਾਵੇਂ ਰੁੱਪੀ ਨੂੰ ਹੀ ਕੀਤਾ ਸੀ ਪਰ ਮਾਮਲਾ ਰੁੱਪੀ ਨਾਲ਼ੋਂ ਉਸ ਦੇ ਪਾਪਾ ਤੇ ਬੇ ਜੀ ਨਾਲ਼ ਜ਼ਿਆਦਾ ਸੰਬੰਧਿਤ ਸੀ। ਤੇ ਸ਼ਾਇਦ ਇਸੇ ਕਰਕੇ ਆਪਣੀ ਗੱਲ ਦਾ ਜਵਾਬ ਸੁਣਨ ਲਈ ਉਸ ਦਾ ਧਿਆਨ ਭੈਣ ਨਾਲ਼ੋਂ ਪਿਉ ਵੱਲ ਜ਼ਿਆਦਾ ਸੀ।
“ਸੱਸ ਤਾਂ ਇੱਕ-ਇੱਕ ਟੂੰਬ ਗਿਣ ਗਈ ਆ। ਕਹਿੰਦੀ ਸੀ ਸਾਰੇ ਗਹਿਣੇ ਨਾਲ਼ ਲੈਂਦੀ ਆਈਂ। ਜੇ ਹੁਣ ਨਾਲ਼ ਨਾ ਲੈ ਕੇ ਗਈ ਤਾਂ ਸਾਰਾ ਭੇਦ ਖੁੱਲ੍ਹ ਜਾਣਾ ਆਂ।” ਰੁੱਪੀ ਨੇ ਦਾਨਿਆਂ ਵਾਂਗ ਗੱਲ ਕੀਤੀ ਸੀ।
“ਗੁਰੀ ਬੇਟੇ! ਤੂੰ ਗਹਿਣਿਆਂ ਦਾ ਫਿਕਰ ਨਾ ਕਰ। ਅਜੇ ਤੂੰ ਇਸੇ ਤਰ੍ਹਾਂ ਉਹਲਾ ਬਣਿਆ ਰਹਿਣ ਦੇ। ਮੈਂ ਚਾਹੁੰਦਾ ਆਂ ਕਿ ਸੁਰਿੰਦਰ ਛੇਤੀ ਤੋਂ ਛੇਤੀ ਉੱਧਰ ਲੰਘ ਜਾਵੇ। ਜੇ ਅਗਲਿਆਂ ਨੂੰ ਗਹਿਣਿਆਂ ਦੇ ਚੱਕਰ ਦਾ ਪਤਾ ਲੱਗ ਗਿਆ ਤਾਂ ਆਪਣੀ ਸਾਰੀ ਬਣੀ-ਬਣਾਈ ਜਾਂਦੀ ਰਹਿਣੀ ਆਂ… ਤੇ ਆਪਣੀਆਂ ਸਕੀਮਾਂ ਸਿਰੇ ਨਹੀਂ ਚੜ੍ਹ ਸਕਣੀਆਂ… ਭਾਵੇਂ ਤੈਨੂੰ ਤੇਰੇ ਮੋੜਾਂ, ਭਾਵੇਂ ਨਵੇਂ ਬਣਵਾ ਕੇ ਦੇਵਾਂ, ਮੋੜਾਂਗਾ ਜ਼ਰੂਰ… ਗੁਰੀ! ਤੂੰ ਜਿਗਰਾ ਰੱਖ।”
ਪਾਪਾ ਦੀਆਂ ਗੱਲਾਂ ਭਾਵੇਂ ਹੌਸਲਾ ਭਰਪੂਰ ਸਨ ਪਰ ਗੁਰੀ ਦੇ ਦਿਲ ‘ਤੇ ਕਿਰਲੀਆਂ ਵਾਂਗ ਰੀਂਗ ਗਈਆਂ। ਉਸ ਨੂੰ ਬਚਪਨ ਦੀ ਇੱਕ ਯਾਦ ਆ ਗਈ… ਸਣ ਦੀਆਂ ਡੋਡੀਆਂ ਧਾਗੇ ਵਿੱਚ ਪਰੋ ਕੇ ਉਸ ਨੇ ਆਪਣੇ ਪੈਰਾਂ ਲਈ ਝਾਂਜਰਾਂ ਬਣਾਈਆਂ ਸਨ। ਦੇਖ ਕੇ ਰੁੱਪੀ ਦਾ ਦਿਲ ਵੀ ਲਲਚਾ ਆਇਆ ਤੇ ਜਦੋਂ ਉਸ ਨੇ ਇਹ ਝਾਂਜਰਾਂ ਉਸ ਕੋਲ਼ੋਂ ਮੰਗੀਆਂ ਤਾਂ ਉਸ ਨੇ ਕਹਿ ਦਿੱਤਾ ਸੀ ਕਿ ਉਹ ਵੀ ਬਣਾ ਲਵੇ। ਪਰ ਰੁੱਪੀ ਨੇ ਤਰਲਾ ਕੀਤਾ ਸੀ ਕਿ ਉਹ ਉਸ ਨੂੰ ਇੱਕ ਵਾਰ ਪਾ ਕੇ ਦੇਖ ਲੈਣ ਦੇਵੇ। ਉਸ ਨੇ ਆਪਣੇ ਪੈਰਾਂ ਨਾਲ਼ੋਂ ਖੋਲ੍ਹ ਕੇ ਉਸ ਦੇ ਬੰਨ੍ਹ ਦਿੱਤੀਆਂ ਸਨ। ਤੇ ਕੁਝ ਦੇਰ ਬਾਅਦ ਵਾਪਸ ਮੰਗਣ ‘ਤੇ ਜਦੋਂ ਰੁੱਪੀ ਨੇ ਨਾ ਦਿੱਤੀਆਂ ਤਾਂ ਗੁਰੀ ਉਸ ਕੋਲ਼ੋਂ ਖੋਹਣ ਲੱਗ ਪਈ। ਰੁੱਪੀ ਨੇ ਝਾਂਜਰਾਂ ਬੱਧੇ ਪੈਰ ਲੁਕੋਂਦਿਆਂ ਅੜਾਟ ਪਾ ਦਿੱਤਾ ਸੀ। “ਕੀ ਪੈ ਗਿਆ ਤੁਹਾਨੂੰ?” ਉਨ੍ਹਾਂ ਦੀ ਬੇ ਜੀ ਨੇ ਝਿੜਕਾ ਮਾਰਿਆ ਸੀ, “ਗੁਰੀ! ਚੱਲ ਏਧਰ, ਆਹ ਆਟਾ ਛਾਣ ਕੇ ਦੇ ਮੈਨੂੰ। ਸਾਰੀ ਦਿਹਾੜੀ ਤੁਹਾਡਾ ਏਦਾਂ ਈ ਖੌਰੂ ਪਿਆ ਰਹਿੰਦੈ।” ਬੇ ਜੀ ਦਾ ਗੁੱਸਾ ਭਾਂਪਦਿਆਂ ਗੁਰੀ ਬਿਨਾਂ ਹੀਲ ਹੁੱਜਤ ਦੇ, ਦੱਸੇ ਗਏ ਆਹਰ ‘ਚ ਲੱਗ ਗਈ ਸੀ ਤੇ ਰੁੱਪੀ ਨੇ ਝਾਂਜਰਾਂ ‘ਤੇ ਕਬਜ਼ਾ ਕਰ ਲਿਆ ਸੀ।… ਤੇ ਹੁਣ ਸਾਹਮਣੇ ਬੈਠੀ ਰੁੱਪੀ, ਬੇ ਜੀ ਤੇ ਪਾਪਾ ਵੱਲ ਉਸ ਨੇ ਵਾਰੋ-ਵਾਰੀ ਤੱਕਿਆ। ਉਸ ਨੂੰ ਇੰਜ ਲੱਗਾ ਜਿਵੇਂ ਉਨ੍ਹਾਂ ਦੀਆਂ ਨਜ਼ਰਾਂ ਕਹਿ ਰਹੀਆਂ ਹੋਣ, ‘ਦੇਖੀਂ! ਹੁਣ ਸਾਡਾ ਮਾਣ ਨਾ ਤੋੜੀਂ।’ ਤੇ ਉਨ੍ਹਾਂ ਦਾ ਮਾਣ ਬਰਕਰਾਰ ਰੱਖਣ ਲਈ, ਛਾਤੀ ‘ਤੇ ਪੱਥਰ ਰੱਖਦਿਆਂ ਉਸ ਨੇ ‘ਹਾਂ’ ਕਰ ਦਿੱਤੀ ਸੀ।
ਲੁਕਾ-ਲੁਕਾ ਕੇ ਰੱਖੀ ਗੱਲ ਦਾ ਸੱਸ-ਸਹੁਰੇ ਨੂੰ ਵੀ ਪਤਾ ਲੱਗ ਗਿਆ ਸੀ। ਸਹੁਰੇ ਨੇ ਭਾਵੇਂ ਉਸ ਨੂੰ ਕੁਝ ਨਹੀਂ ਸੀ ਕਿਹਾ ਪਰ ਸੱਸ ਨੇ ਚੰਗਾ ਗੁੱਡਾ ਬੰਨ੍ਹਿਆ ਸੀ। ਗੁਰੀ ਕੋਲ਼ ਚੁੱਪ ਵੱਟਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ।
ਰੁੱਪੀ ਨੇ ਕੈਨੇਡਾ ਪਹੁੰਚ ਕੇ ਸੁਰਿੰਦਰ ਨੂੰ ਉੱਧਰ ਲੰਘਾਉਣ ਦਾ ਜੁਗਾੜ ਬਣਾ ਲਿਆ ਸੀ।
ਨਾਸ਼ਤਾ ਕਰਨ ਬਾਅਦ ਜਨੇਤੀਏ, ਦੂਰ-ਦੂਰ ਤੀਕਰ ਫੈਲੇ ਹੋਏ ਸ਼ਾਮਿਆਨਿਆਂ ਦੇ ਇੱਕ ਭਾਗ ਵਿੱਚ ਸੋਫਿਆਂ ਅਤੇ ਕੁਰਸੀਆਂ ‘ਤੇ ਜਾ ਬੈਠੇ। ਕੁਝ ਦੇਰ ਬਾਅਦ ਲਾਵਾਂ ਸ਼ੁਰੂ ਹੋ ਗਈਆਂ। ਚਾਅ ਜਿਹੇ ਵਿੱਚ ਗੁਰੀ ਨੇ ਲਾਵਾਂ ‘ਤੇ ਬੈਠੇ ਆਪਣੇ ਭਰਾ ਵੱਲ ਵੇਖਿਆ। ਉਹ ਉਸ ਨੂੰ ਕਿਸੇ ਰਾਜਕੁਮਾਰ ਵਰਗਾ ਲੱਗਾ। ਉਸ ਦੇ ਖੱਬੇ ਪਾਸੇ ਬੈਠੀ ਨਵ-ਵਿਆਹੁਤਾ ਦਾ ਜੋਬਨ ਉਸ ਦੇ ਚਿਹਰੇ ਵਿੱਚੋਂ ਡਲ੍ਹਕਾਂ ਮਾਰ ਰਿਹਾ ਸੀ। ਨਵੀਂ ਜੋੜੀ ਕੋਲ਼ ਬੈਠੀ ਰੁੱਪੀ ਦੀ ਅਮੀਰਾਨਾ ਪੁਸ਼ਾਕ ਤੇ ਨਖਰੇਲੀਆਂ ਅਦਾਵਾਂ ਦੇਖ ਕੇ ਗੁਰੀ ਅੰਦਰ ਆ ਰਿਹਾ ਟਿਕਾਉ ਇੰਜ ਭੰਗ ਹੋ ਗਿਆ ਜਿਵੇਂ ਪਾਣੀਂਉਂ ਬਾਹਰ ਸਾਹ ਲੈਣ ਆਈ ਮੱਛੀ ਦੇ ਦੁਬਾਰਾ ਪਾਣੀ ਵਿੱਚ ਕੁੱਦ ਪੈਣ ਨਾਲ਼ ਤਾਲਾਬ ਦੀ ਚੁੱਪ ਅਤੇ ਸਥਿਰਤਾ ਭੰਗ ਹੋ ਜਾਂਦੀ ਹੈ। ਕਦੀ ਬੁੜ੍ਹੀਆਂ ਤੇ ਕਦੀ ਮਰਦਾਂ ਵਿੱਚ ਖਲੋ ਕੇ ਫੋਟੋ ਖਿੱਚ ਰਹੇ ਚੰਨੀ ‘ਤੇ ਨਜ਼ਰ ਪੈਂਦਿਆਂ ਉਸ ਦੇ ਮੱਥੇ ‘ਤੇ ਤਿਊੜੀ ਉੱਭਰ ਆਈ। ਕੀਰਤਨੀਆਂ ਨੂੰ ਪੈਸੇ ਫੜਾ ਰਹੇ ਪਾਪਾ ਨੂੰ ਵੇਖ ਕੇ ਉਸ ਦਾ ਮੱਠਾ ਪੈ ਰਿਹਾ ਰੋਹ ਫਿਰ ਜਾਗ ਪਿਆ। ਨਵੀਂ ਜੋੜੀ ਵੱਲੋਂ ਹੱਟ ਕੇ ਉਸ ਦੀ ਨਿਗ੍ਹਾ ਸਫੈਦ ਤੇ ਹਰੇ ਰੰਗ ਦੇ ਸ਼ਾਮਿਆਨਿਆਂ ਦੀਆਂ ਕੰਧਾਂ ਉੱਪਰੋਂ ਹੁੰਦੀ ਹੋਈ, ਚਿੱਟੀ ਛੱਤ ਵੱਲ ਚਲੀ ਗਈ। ਚਮਕ ਰਹੇ ਸੁਨਹਿਰੀ ਰੰਗੇ ਕਾਗਜ਼ੀ ਫੁੱਲ ਮੱਧਮ ਜਿਹੀ ਹਵਾ ਵਿੱਚ ਲੋਰੀਆਂ ਲੈ ਰਹੇ ਸਨ। ਆਪਣੇ ਅੱਗੇ ਬੈਠੀਆਂ ਮੁਟਿਆਰਾਂ ਤੇ ਅਧਖੜਾਂ ਦੇ ਚਿਹਰਿਆਂ ਉੱਪਰ ਪੋਚੇ ਹੋਏ ਪਾਊਡਰਾਂ, ਸੁਰਖੀਆਂ ਆਦਿ ਦੀ ਸੁਗੰਧੀ ਮਹਿਸੂਸ ਕਰਦਿਆਂ ਉਸ ਨੂੰ ਆਪਣੇ ਵਿਆਹ ਦੀ ਯਾਦ ਆਈ… ਲਾਵਾਂ ਵੇਲੇ ਆਪਣੇ ਨਾਲ਼ ਬੈਠੇ ਇਕਬਾਲ ਵੱਲ ਚੋਰ-ਨਜ਼ਰੇ ਵੇਖਦਿਆਂ ਉਹ ਫੁੱਲੀ ਨਹੀਂ ਸੀ ਸਮਾ ਰਹੀ। “ਲੈ ਬਈ! ਜਿੱਦਾਂ ਦੇ ਰੂਪ-ਰੰਗ ਵਾਲ਼ੀ ਕੁੜੀ ਸੀ ਅਵਤਾਰ ਸੂੰਹ ਨੇ ਮੁੰਡਾ ਵੀ ਓਦਾਂ ਦਾ ਹੀ ਲੱਭਿਐ।” ਲੋਕਾਂ ਨੇ ਉਨ੍ਹਾਂ ਦੀ ਜੋੜੀ ਦੀ ਸ਼ਲਾਘਾ ਕੀਤੀ ਸੀ।
ਨਵੀਂ ਜੋੜੀ ਨੂੰ ਪਾਉਣ ਲਈ ਹਾਰ ਵੰਡੇ ਜਾ ਰਹੇ ਸਨ। ਦੋ-ਦੋ ਹਾਰ ਇਕਬਾਲ ਤੇ ਗੁਰੀ ਕੋਲ਼ ਵੀ ਪਹੁੰਚੇ। ਗੁਰੀ ਦੇ ਸੰਕੇਤ ਕਰਨ ‘ਤੇ ਇਕਬਾਲ ਨੇ ਬਟੂਆ ਕੱਢਿਆ। ਦਸ-ਦਸ ਦੇ ਦੋ ਨੋਟ ਉਸ ਨੇ ਗੁਰੀ ਨੂੰ ਫੜਾ ਦਿੱਤੇ ਤੇ ਦੋ ਆਪਣੇ ਹੱਥ ‘ਚ ਲੈ ਲਏ। ਉਨ੍ਹਾਂ ਨੇ ਅਜੇ ਕਦਮ ਪੁੱਟੇ ਹੀ ਸਨ ਕਿ ਵਾਰਨੇ ਕਰ ਕੇ ਆ ਰਹੇ ਪਾਪਾ ਨੇ, ਚੌਂਕ ਵਿੱਚ ਖੜੇ ਸਿਪਾਹੀ ਵਾਂਗ, ਇੱਕ ਹੱਥ ਨਾਲ ਨਿੱਕਾ ਜਿਹਾ ਇਸ਼ਾਰਾ ਕਰਦਿਆਂ ਉਨ੍ਹਾਂ ਨੂੰ ਰੋਕ ਲਿਆ ਤੇ ਚੰਨੀ ਵੱਲ ਮੂੰਹ ਘੁਮਾ ਕੇ ਬੋਲਿਆ, “ਚੰਨੀ ਬੇਟੇ! ਇਹ ਫੋਟੂਆਂ ਦਾ ਕੰਮ ਤਾਂ ਚਲਦਾ ਈ ਰਹਿਣੈ। ਪਹਿਲਾਂ ਇਨ੍ਹਾਂ ਨੂੰ ਆ ਕੇ ਪਿਆਰ ਦੇ ਦੇ।” ਦੂਜਾ ਹੱਥ ਉਸ ਦਾ ਨਵੀਂ ਜੋੜੀ ਵੱਲ ਸੀ।
“ਫੂੰ ਫਾਂ ਹੀ ਬੜੀ ਕਰਦੈ।”
“ਕੀ ਕਰਨੈਂ ਫੋਕੀ ਫੂੰ ਫਾਂ ਨੂੰ? ਜੇ ਕੋਈ ਦਾਦੇ ਦੀ ਕਰਤੂਤ ਪੁੱਛ ਲਵੇ…।” ਗੁਰੀ ਦੇ ਲਾਗੇ ਹੀ ਬੈਠੇ ਲੋਕਾਂ ਦੀ ਕਾਨਾਫੂਸੀ ਉਸ ਨੂੰ ਸੁਣਾਈ ਦੇ ਰਹੀ ਸੀ।
“ਅਵਤਾਰ ਸੂੰਹ ਦੇ ਤਾਂ ਇਸ ਪ੍ਰਾਹੁਣੇ ਨੇ ਚਿੱਠੇ ਤਾਰ ਦਿੱਤੇ ਐ…।” ਇਹ ਆਵਾਜ਼ ਜ਼ਰਾ ਉੱਚੀ ਸੀ ਜਿਸ ਨੂੰ ਸੁਣਦਿਆਂ ਹੀ ਗੁਰੀ ਦਾ ਪਾਪਾ ਖਿਲ ਉੱਠਿਆ।
“ਪ੍ਰਤਾਪ ਹੀ ਸਾਰਾ ਇਹਦਾ ਏ।” ਗੁਰੀ ਨੂੰ ਇੰਜ ਲੱਗਾ ਜਿਵੇਂ ਪਾਪਾ ਨੇ ਆਪਣੇ ਇਨ੍ਹਾਂ ਬੋਲਾਂ ਨਾਲ਼ ਕੋਈ ਝੂਠੀ ਗਵਾਹੀ ਦਿੱਤੀ ਹੋਵੇ।
“ਹੁਣ ਆ ਵੀ ਜਾਉ ਨਾ।” ਸੁਰਿੰਦਰ ਲਾਗੇ ਬੈਠੀ ਰੁੱਪੀ ਉਠ ਕੇ ਖੜੀ ਹੋ ਗਈ। ਇੱਕ ਵਿਸ਼ੇਸ਼ ਅੰਦਾਜ਼ ਵਿੱਚ ਆਪਣਾ ਪਰਸ ਖੋਲ੍ਹਦਿਆਂ ਉਸ ਨੇ ਨਵੇਂ ਨਵੇਂ ਨੋਟਾਂ ਦੇ ਬਣੇ ਹਾਰ ਬਾਹਰ ਖਿਸਕਾਏ। ਕੈਮਰਾ ਕਿਸੇ ਹੋਰ ਬੰਦੇ ਨੂੰ ਫੜਾ ਕੇ ਚੰਨੀ ਰੁੱਪੀ ਦੇ ਬਰਾਬਰ ਆ ਖਲੋਇਆ। ਇੱਕ-ਇੱਕ ਨੋਟਾਂ ਵਾਲ਼ਾ ਤੇ ਇੱਕ-ਇੱਕ ਫੁੱਲਾਂ ਵਾਲ਼ਾ ਹਾਰ ਨਵੀਂ ਜੋੜੀ ਦੇ ਗਲ਼ਾਂ ‘ਚ ਪਾਉਂਦਿਆਂ ਉਨ੍ਹਾਂ ਨੇ ਸੌ-ਸੌ ਰੁਪਏ ਦੇ ਵਾਰਨੇ ਕੀਤੇ। ਪੈਂਦੀ ਸੱਟੇ ਕੈਮਰੇ ਫਲੈਸ਼ ਹੋਏ। ਕਈ ਵਾਰ ਅੱਖਾਂ ਚੌੜੀਆਂ ਕਰ-ਕਰ ਲੋਕਾਂ ਨੇ ਉਨ੍ਹਾਂ ਵੱਲ ਤੱਕਿਆ। ਉਹ ਅਜੇ ਪਿਛਾਂਹ ਹਟੇ ਹੀ ਸਨ ਕਿ ਗੁਰੀ ਦੀ ਮਾਸੀ ਦੀ ਕੁੜੀ ਤੇ ਤਹਿਸੀਲਦਾਰ ਸਾਹਿਬ ਆਣ ਪਹੁੰਚੇ। ਨਵੀਂ ਜੋੜੀ ਦੇ ਸਿਰਾਂ ‘ਤੇ ਹੱਥ ਰਖਾ ਕੇ ਚੰਨੀ ਨੇ ਆਪਣੇ ਕੈਮਰੇ ਨਾਲ਼ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੀ ਫੋਟੋ ਖਿੱਚੀ। ਏਨੇ ਤੀਕ ਗੁਰੀ ਹੋਰਾਂ ਦੇ ਅੱਗੇ ਵਾਰਨੇ ਕਰਨ ਵਾਲਿਆਂ ਦੀ ਲਾਈਨ ਲੱਗ ਚੁੱਕੀ ਸੀ। ਨਵੀਂ ਜੋੜੀ ਵੱਲ ਨੂੰ ਵਧਦਿਆਂ ਗੁਰੀ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਹਨੇਰੇ ‘ਚ ਕਦਮ ਉਠਾ ਰਹੀ ਹੋਵੇ ਤੇ ਉਸ ਦੇ ਚਾਰੇ ਪਾਸੇ ਉੱਡ ਰਹੀਆਂ ਚਾਮਚੜਿੱਕਾਂ ਉਸ ਦੀਆਂ ਅੱਖਾਂ ਨੂੰ ਪੈ ਰਹੀਆਂ ਹੋਣ। ਹਾਰ ਪਾਉਣ ਤੇ ਵਾਰਨੇ ਕਰਨ ਬਾਅਦ ਭਰਾ-ਭਰਜਾਈ ਨੂੰ ਪਿਆਰ ਦੇਂਦਿਆਂ ਉਸ ਦਾ ਗਲੇਡੂ ਭਰ ਆਇਆ। ਆਪਣੇ ਆਪ ‘ਤੇ ਕਾਬੂ ਪਾਉਂਦਿਆਂ ਉਹ ਇਕਬਾਲ ਨਾਲ਼ ਵਾਪਸ ਆਪਣੀ ਥਾਂ ‘ਤੇ ਮੁੜ ਆਈ।
ਪਾਪਾ ਦੇ ਕਹੇ ਬੋਲ ‘ਪ੍ਰਤਾਪ ਹੀ ਸਾਰਾ ਇਹਦਾ ਏ’ ਲੂੰਧੜਿਆਂ ਵਾਂਗ ਉਸ ਦੇ ਮਨ ਨੂੰ ਚੰਬੜੇ ਹੋਏ ਸਨ। ਉਸ ਨੇ ਚੰਨੀ ਵੱਲ ਵੇਖਿਆ। ਫੂਕ ਜਿਹੀ ਵਿੱਚ ਉਹ ਜ਼ਿਆਦਾ ਹੀ ਫੰਨੇ ਖਾਂ ਬਣਿਆ ਨਜ਼ਰ ਆ ਰਿਹਾ ਸੀ। ਪਰ ਬੀਤੀ ਰਾਤ ਜਦੋਂ ਉਨ੍ਹਾਂ ਵਿਚਕਾਰ ਇੱਕ ਬਹਿਸ ਛਿੜ ਪਈ ਸੀ ਤਾਂ ਇਕਬਾਲ ਦੇ ਮੁਕਾਬਲੇ ਚੰਨੀ ਉਸ ਨੂੰ ਬੌਣਾ ਜਿਹਾ ਲੱਗਾ ਸੀ। ਰਾਤ ਦੀ ਰੋਟੀ ਖਾਣ ਬਾਅਦ ਉਹ ਵਿਹੜੇ ‘ਚ ਬੈਠੇ ਕੁਝ ਰਿਸ਼ਤੇਦਾਰ ਬੁੜ੍ਹੀਆਂ ਨਾਲ਼ ਗੱਲੀਂ ਲੱਗੇ ਹੋਏ ਸਨ। ਚੰਨੀ ਵੀ ਉਨ੍ਹਾਂ ਵਿਚਕਾਰ ਆ ਬੈਠਾ ਤੇ ਸ਼ਰਾਬ ਦੇ ਨਸ਼ੇ ਵਿੱਚ ਆਪਣੇ ਕੈਨੇਡਾ ਦੇ ਜੀਵਨ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹਣ ਲੱਗ ਪਿਆ। “ਸਭ ਤੋਂ ਵੱਡੀ ਬੀਮਾਰੀ ਤਾਂ ਏਥੇ ਬੇਈਮਾਨੀ ਦੀ ਏ।” ਇੱਧਰਲੇ ਲੋਕਾਂ ਦੀ ਹਾਲਤ ‘ਤੇ ਨੱਕ ਚਾੜ੍ਹਦਿਆਂ ਉਹ ਬੋਲਿਆ ਸੀ।
“ਹੁਣ ਪਹਿਲਾਂ ਨਾਲ਼ੋਂ ਕੁਝ ਘਟ ਗਈ ਐ।” ਇਕਬਾਲ ਨੇ ਕਿਹਾ ਸੀ।
“ਕਿਸ ਤਰ੍ਹਾਂ?”
“ਬੇਈਮਾਨੀ ਕਰਨ ਵਾਲ਼ੇ ਕਾਫ਼ੀ ਬੰਦੇ ਹੁਣ ਓਧਰ ਚਲੇ ਗਏ ਆ।” ਇਕਬਾਲ ਦੇ ਬੋਲਾਂ ਵਿੱਚ ਵਿਅੰਗ ਸੀ।
ਗੁਰੀ ਚੰਨੀ ਦੇ ਤੜਿੰਗ-ਖਾਧੇ ਚਿਹਰੇ ਨੂੰ ਤਾੜ ਗਈ ਸੀ। ਸਥਿਤੀ ਨੂੰ ਠੀਕ ਰੱਖਣ ਲਈ ਉਸ ਨੇ ਇਕਬਾਲ ਵੱਲ ਰਹੱਸਮਈ ਨਜ਼ਰਾਂ ਨਾਲ਼ ਤੱਕਿਆ ਸੀ ਤੇ “ਤੁਸੀਂ ਵੀ ਬਸ ਭੇਡਾਂ ‘ਚੋਂ ਊਠ ਪਛਾਨਣ ਵਾਲ਼ੇ ਈ ਹੋ। ਮੈਨੂੰ ਤਾਂ ਓਧਰਲੇ ਬੰਦੇ ਬੜੇ ਭੋਲ਼ੇ ਲੱਗਦੇ ਐ।” ਕਹਿੰਦਿਆਂ ਗੱਲ ਹਾਸੇ ‘ਚ ਪਾ ਦਿੱਤੀ ਸੀ।
ਉਨ੍ਹਾਂ ਵਿਚਕਾਰ ਗੱਲਾਂ ਚੱਲਦੀਆਂ ਰਹੀਆਂ ਸਨ। ਪਹਿਲਾਂ ਓਧਰਲੇ ਤੇ ਫਿਰ ਇੱਧਰਲੇ ਸਰਮਾਏਦਾਰਾਂ ਅਤੇ ਕਾਮਿਆਂ ਦੀਆਂ। “ਦਰਅਸਲ ਤੁਹਾਡੇ ਓਧਰ ਕਾਮਿਆਂ ਦੀ ਮਿਹਨਤ ਦਾ ਸਹੀ ਮੁੱਲ ਪਾਇਆ ਜਾਂਦੈ। ਪਰ ਸਾਡੇ ਏਥੇ ਕਾਮਿਆਂ ਤੇ ਕਿਸਾਨਾਂ ਦੀ ਮਿਹਨਤ ਨੂੰ ਕੌਡੀਆਂ ਦੇ ਭਾਅ ਨੀਲਾਮ ਕੀਤਾ ਜਾਂਦੈ।” ਚੰਨੀ ਰਾਹੀਂ ਕਾਮਿਆਂ ਦੇ ਫਰਜ਼ਾਂ ਬਾਰੇ ਉਠਾਈ ਬਹਿਸ ਦਾ ਜਵਾਬ ਦੇਂਦਿਆਂ ਇਕਬਾਲ ਬੋਲਿਆ ਸੀ।
“ਪੁੱਤਰਾ! ਸੱਚੀਆਂ ਗੱਲਾਂ ਨੇ ਤੇਰੀਆਂ। ਆਪਣੇ ਜੱਟਾਂ ਨੂੰ ਕੋਈ ਪੁੱਛਦੈ?… ਮਿੱਟੀ ਪਲੀਤ ਐ।” ਇੱਕ ਬੁੱਢੀ ਮਾਈ ਵਿੱਚੋਂ ਹੀ ਬੋਲ ਪਈ ਸੀ।
“ਮਾਈ! ਗੱਲਾਂ ਹੀ ਨਹੀਂ, ਇਹ ਤਾਂ ਅਗਲਿਆਂ ਨਾਲ਼ ਮੱਥਾ ਵੀ ਲਾ ਲੈਂਦਾ ਐ। ਪਿਛਲੇ ਸਾਲ ਕਣਕਾਂ ਦੇ ਦਿਨੀਂ ਥੋੜ੍ਹਾ ਰੌਲ਼ਾ ਪਿਆ ਸੀ। ਸਾਡੇ ਇਲਾਕੇ ਦੇ ਲੋਕ ਤਾਂ ਕੰਧ ਵਾਂਗ ਇਹਦੇ ਨਾਲ਼ ਖੜੋ ਗਏ ਸੀ।” ਗੁਰੀ ਦੀ ਮਾਮੀ ਨੇ ਕਿਹਾ ਸੀ।
… ਤੇ ਕਣਕ ਦੇ ਦਿਨਾਂ ਦੀ ਗੱਲ ਹੁਣ ਵੀ ਗੁਰੀ ਦੇ ਦਿਮਾਗ ਵਿੱਚ ਘੁੰਮ ਰਹੀ ਸੀ। ਕਣਕ ਦੀ ਗਹਾਈ ਦੌਰਾਨ ਮੀਂਹ ਪੈ ਜਾਣ ਕਾਰਨ ਕਿਸਾਨਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ ਸੀ। ਉਨ੍ਹਾਂ ਨੂੰ ਖਲ੍ਹੀਆਂ ਪੁੱਟਣੀਆਂ ਪਈਆਂ ਸਨ। ਛੁੱਬ ਖੋਹਲ ਕੇ ਇੱਕ-ਇੱਕ ਭਰੀ ਸੁਕਾਉਣੀ ਪਈ ਸੀ। ਉੱਧਰ ਬਿਜਲੀ ਵੀ ਲੰਙੇ ਡੰਗ ਆਉਂਦੀ। ਕਿਸਾਨਾਂ ਨੇ ਬੜੀ ਮੁਸ਼ਕਲ ਨਾਲ਼ ਕਣਕ, ਥਰੈਸ਼ਰਾਂ ਚੀਂ ਲੰਘਾਈ। ਖੇਤਾਂ ‘ਚੋਂ ਚੁੱਕੀ ਕਣਕ ਮੰਡੀਆਂ ‘ਚ ਰੁਲਣ ਲੱਗੀ। ਕਣਕ ਦੀਆਂ ਢੇਰੀਆਂ ‘ਚ ਪੈਰ ਮਾਰ ਕੇ ‘ਗਿੱਲੀ ਹੈ, ਖ਼ਰਾਬ ਹੋ ਗਈ ਹੈ’ ਕਹਿੰਦਿਆਂ ਇੰਸਪੈਕਟਰ ਜਦੋਂ ਅਗਾਂਹ ਲੰਘ ਜਾਂਦੇ ਤਾਂ ਕਿਸਾਨਾਂ ਨੂੰ ਇੰਜ ਲੱਗਦਾ ਜਿਵੇਂ ਉਨ੍ਹਾਂ ਦੇ ਆਪਣੇ ਸਰੀਰਾਂ ‘ਚ ਠੁੱਡ ਵੱਜੇ ਹੋਣ।
ਕਿਸਾਨ ਜੱਥੇਬੰਦੀਆਂ ਵੱਲੋਂ ਹਾਲ-ਦੁਹਾਈ ਪਾਉਣ ‘ਤੇ ਖ਼ਰੀਦ ਸ਼ੁਰੂ ਤਾਂ ਹੋ ਗਈ ਪਰ ਮੁੱਲ ਬਾਰੇ ਕੋਈ ਨਿਰਣਾਜਨਕ ਗੱਲ ਨਹੀਂ ਸੀ। ਸ਼ੁਰੂ-ਸ਼ੁਰੂ ਵਿੱਚ ਤਾਂ ਭਾਅ, ਸਰਕਾਰ ਵੱਲੋਂ ਮਿੱਥੇ ਗਏ ਭਾਅ ਤੋਂ ਦੋ ਕੁ ਰੁਪਏ ਹੀ ਘੱਟ ਲਾਇਆ ਜਾਂਦਾ ਰਿਹਾ। ਪਰ ਬਾਅਦ ਵਿੱਚ ਜਦੋਂ ਦੱਸ ਤੋਂ ਵੀਹ ਰੁਪਏ ਪ੍ਰਤੀ ਕੁਇੰਟਲ ਤੱਕ ਘੱਟ ਲਾਇਆ ਜਾਣ ਲੱਗਾ ਤਾਂ ਕਿਸਾਨਾਂ ਵਿੱਚ ਰੋਹ ਦੀ ਲਹਿਰ ਦੌੜ ਗਈ। ਇਲਾਕੇ ਦੇ ਕਿਸਾਨਾਂ ਦੇ ਇਕੱਠ ਹੋਏ ਤੇ ਮੰਡੀਆਂ ਨੂੰ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ। ਬਾਕੀ ਦੇ ਪਿੰਡਾਂ ਵਿੱਚੋਂ ਭਾਵੇਂ ਥੋੜ੍ਹੀ ਬਹੁਤ ਕਣਕ ਮੰਡੀ ‘ਚ ਪਹੁੰਚਦੀ ਰਹੀ ਸੀ ਪਰ ਇਕਬਾਲ ਦੇ ਪਿੰਡੋਂ ਇੱਕ ਦਾਣਾ ਵੀ ਨਹੀਂ ਸੀ ਗਿਆ। ਬਾਈਕਾਟ ਤੁੜਵਾਉਣ ਲਈ ਦੌੜ-ਭੱਜ ਕਰ ਰਹੇ ਉੱਚ ਅਧਿਕਾਰੀਆਂ ਨੇ ਜਦੋਂ ਉਨ੍ਹਾਂ ਦੇ ਪਿੰਡ ਆ ਕੇ ਕਿਸਾਨਾਂ ਨੂੰ ਆਪਣੀ ਕਣਕ ਮੰਡੀ ‘ਚ ਲਿਜਾਣ ਦੀ ਅਪੀਲ ਕੀਤੀ ਤਾਂ ਉਨ੍ਹਾਂ ਨੇ ਬੇਝਿਜਕ ਹੋ ਕੇ ਕਹਿ ਦਿੱਤਾ ਸੀ, ‘ਮਾਹਟਰ ਨੂੰ ਪੁੱਛ ਲਉ।’ ਤੇ ਇਕਬਾਲ ਦੀਆਂ ਖਰੀਆਂ-ਖਰੀਆਂ ਸੁਣ ਕੇ ਅਧਿਕਾਰੀਆਂ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਸੀ। ਅੰਦਰੋਂ-ਅੰਦਰੀਂ ਟੈਲੀਫੋਨ ਖੜਕੇ। ਨੌਕਰੀ ਵਿੱਚ ਕੁਝ ਕੁਤਾਹੀਆਂ ਕਰਨ ਅਤੇ ਆਮ ਲੋਕਾਂ ਨੂੰ ਭੜਕਾਉਣ ਦੇ ਦੋਸ਼ ਥੱਪ ਕੇ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ। ਪੁਲਿਸ ਦੀ ਬਦਨੀਤੀ ਵੇਖ ਕੇ ਉਹ ਘਰੋਂ ਲਾਂਭੇ ਹੋ ਗਿਆ। ਗੁਰੀ ਉਨ੍ਹੀਂ ਦਿਨੀਂ ਪੇਕੀਂ ਗਈ ਹੋਈ ਸੀ… ਇੱਕ ਰਾਤ ਥੱਕਿਆ-ਟੁੱਟਿਆ ਇਕਬਾਲ ਉਥੇ ਜਾ ਪਹੁੰਚਿਆ। “ਗੁਰੀ! ਰੱਬ ਦੇ ਵਾਸਤੇ ਇਹਨੂੰ ਕਹਿ ਦੇ, ਫਿਰ ਨਾ ਏਥੇ ਆਵੇ। ਆਪ ਤਾਂ ਈਹਨੇ ਕੋਈ ਚੰਗਾ ਕੰਮ ਕਰਨਾ ਨਹੀਂ… ਨਾਲ਼ ਸਾਨੂੰ ਕਾਹਨੂੰ ਪਲੇਥਣ ਲਾਉਣ ਡਿਹੈ?” ਉਸ ਰਾਤ ਪਾਪਾ ਦੇ ਕਹੇ ਇਹ ਲਫ਼ਜ਼ ਹੁਣ ਵੀ ਗੁਰੀ ਦੇ ਕੰਨਾਂ ਵਿੱਚ ਗੂੰਜ ਰਹੇ ਸਨ। ਉਸ ਨੇ ਆਪ ਭਾਵੇਂ ਇਕਬਾਲ ਨੂੰ ਇਹ ਗੱਲ ਨਹੀਂ ਸੀ ਦੱਸੀ ਪਰ ਦਲਾਨ ਵਿੱਚੋਂ ਆਈ ਪਾਪਾ ਦੀ ਆਵਾਜ਼ ਬੈਠਕ ‘ਚ ਬੈਠੇ ਇਕਬਾਲ ਦੇ ਕੰਨੀਂ ਪੈ ਗਈ ਸੀ। ਸੱਸ-ਸਹੁਰੇ ਨਾਲ ਕਲਾਮ ਕੀਤੇ ਬਿਨਾਂ ਉਹ ਤੜਕੇ ਹੀ ਉੱਥੋਂ ਨਿਕਲ ਟੁਰਿਆ ਸੀ। ਇਹ ਕੀ? ਗੁਰੀ ਨੂੰ ਆਸ ਸੀ ਕਿ ਇਸ ਸੰਕਟ ਦੇ ਸਮੇਂ ਪਾਪਾ ਉਨ੍ਹਾਂ ਨੂੰ ਧਰਵਾਸ ਦੇਵੇਗਾ। ਉਹਨਾਂ ਦੀ ਮੱਦਦ ਕਰਨ ਲਈ ਭਰੋਸਾ ਦੁਆਏਗਾ। ਅਗਲੇ ਦਿਨ ਉਹ ਵੀ ਆਪਣੇ ਘਰ ਨੂੰ ਟੁਰ ਪਈ ਸੀ। ਰਾਹ ਵਿੱਚ ਪਾਪਾ ਦੀ ਕਹੀ ਗੱਲ ਉਸ ਦੇ ਦਿਲ ਨੂੰ ਪੱਛਦੀ ਰਹੀ ਸੀ, ਤੀਰਾਂ ਵਾਂਗ ਵਿੰਨ੍ਹਦੀ ਰਹੀ ਸੀ।
ਪੁਲਿਸ ਵਾਲ਼ੇ ਉਸ ਦੇ ਸੱਸ-ਸਹੁਰੇ ਨੂੰ ਤਾਂ ਤੰਗ ਕਰਦੇ ਹੀ ਸਨ ਪਰ ਇੱਕ ਦਿਨ ਥਾਣੇਦਾਰ ਨੇ ਉਸ ਨੂੰ ਵੀ ਉਲਟੀ ਜਿਹੀ ਗੱਲ ਕਹਿ ਦਿੱਤੀ। ਗੁਰੀ ਦਾ ਖ਼ੂਨ ਖੌਲ਼ ਉੱਠਿਆ। ਲਾਲ ਪੀਲ਼ੀ ਹੋਈ ਉਹ ਉਸ ਦੇ ਗਲ਼ ਪੈ ਗਈ। ਥਾਣੇਦਾਰ ਕੰਨ ਝਾੜਦਾ ਆਪਣੇ ਰਾਹ ਪੈ ਗਿਆ ਸੀ। ਗੁਰੀ ਨੂੰ ਇੰਜ ਲੱਗਾ ਸੀ ਜਿਵੇਂ ਇਸ ਘਟਨਾ ਨਾਲ਼ ਉਸ ਦਾ ਕਿਰ ਰਿਹਾ ਹੌਸਲਾ ਦੂਣ ਸਵਾਇਆ ਹੋ ਗਿਆ ਹੋਵੇ। ਉਸ ਨੂੰ ਆਪਣਾ ਆਪਾ ਪਹਿਲਾਂ ਨਾਲ਼ੋਂ ਬਲਵਾਨ ਲੱਗਣ ਲੱਗ ਪਿਆ ਸੀ। ਤੇ ਜਦੋਂ ਇੱਕ ਦਿਨ ਪੁਲਿਸ ਉਸ ਦੇ ਸਹੁਰੇ ਨੂੰ ਫੜ ਕੇ ਲੈ ਗਈ ਤਾਂ ਉਸ ਨੇ ਆਪਣੇ ਚਿਹਰੇ ‘ਤੇ ਉਦਾਸੀ ਨਹੀਂ ਸੀ ਫਟਕਣ ਦਿੱਤੀ। ਉਸੀ ਦਿਨ ਇਕਬਾਲ ਮੈਜਿਸਟਰੇਟ ਸਾਹਮਣੇ ਪੇਸ਼ ਹੋ ਗਿਆ ਸੀ। ਮਹੀਨੇ ਬਾਅਦ ਮਸਾਂ ਹੀ ਉਸ ਦੀ ਜ਼ਮਾਨਤ ਹੋਈ। ਇਸ ਸੰਕਟ ਭਰੇ ਸਮੇਂ ਦੌਰਾਨ ਉਸ ਦਾ ਪਾਪਾ ਤੇ ਬੇ ਜੀ ਸਿਰਫ਼ ਇੱਕ ਵਾਰ ਘੜੀ ਦੀ ਘੜੀ ਆਏ ਸਨ, ਬੱਸ ਸੱਚੇ ਹੋਣ ਲਈ। ਨਾ ਚਾਹੁੰਦਿਆਂ ਹੋਇਆਂ ਵੀ ਤਹਿਸੀਲਦਾਰ ਦੀ ਸਹਾਇਤਾ ਲੈਣ ਲਈ, ਗੁਰੀ ਆਪਣੀ ਮਾਸੀ ਦੀ ਕੁੜੀ ਕੋਲ਼ ਗਈ ਸੀ। ਪਰ ਉਸ ਨੇ ‘ਪੁਲਿਟੀਕਲ ਕੇਸ ਹੈ’ ਕਹਿੰਦਿਆਂ ਸਿਰ ਫੇਰ ਦਿੱਤਾ ਸੀ।
ਇਕਬਾਲ ਨੇ ਉਸ ਦੇ ਪਾਪਾ ਨੂੰ ਚਿੱਠੀ ਲਿਖੀ ਸੀ। ਪਾਉਣ ਤੋਂ ਪਹਿਲਾਂ ਉਸ ਨੇ ਗੁਰੀ ਕੋਲੋਂ ਪੜ੍ਹਾਈ ਸੀ। ਚਿੱਠੀ ਦੇ ਸ਼ਬਦ ਹੁਣ ਵੀ ਗੁਰੀ ਨੂੰ ਯਾਦ ਸਨ। ਇਕਬਾਲ ਨੇ ਲਿਖਿਆ ਸੀ, ‘ਪਾਪਾ ਜੀ! ਮੁਅੱਤਲੀ ਅਤੇ ਆਪਣੇ ਉੱਤੇ ਬਣੇ ਝੂਠੇ ਕੇਸ ਕਾਰਨ ਫ਼ਿਕਰਮੰਦ ਜ਼ਰੂਰ ਹਾਂ, ਪਰ ਘਬਰਾਇਆ ਨਹੀਂ। ਬੰਦੇ ਨੂੰ ਆਪਣਿਆਂ ‘ਤੇ ਬੜਾ ਮਾਣ ਹੁੰਦੈ, ਪਰ ਸਹੀ ਅਰਥਾਂ ਵਿੱਚ ਕੋਈ ਆਪਣਾ ਹੋਵੇ ਤਾਂ। ਉਸ ਰਾਤ ਤੁਹਾਡਾ ਵਤੀਰਾ ਦੇਖ ਕੇ ਮੈਨੂੰ ਹੈਰਾਨੀ ਤਾਂ ਹੋਈ ਸੀ, ਪਰ ਬਹੁਤੀ ਨਹੀਂ। ਖ਼ੁਦਗਰਜ਼ੀ, ਮੌਕਾ-ਪ੍ਰਸਤੀ ਤੇ ਪਦਾਰਥਵਾਦ ਦੀ ਛਾਂ ਹੇਠ ਤੁਰਨ ਵਾਲ਼ੇ ਵਿਅਕਤੀਆਂ ਦੀ ਨਜ਼ਰ ਸੀਮਿਤ ਹੋ ਕੇ ਰਹਿ ਜਾਂਦੀ ਹੈ। ਦਿਸਹੱਦਿਆਂ ਦੀ ਰੌਸ਼ਨੀ ਵੱਲ ਮਾਰਚ ਕਰ ਰਹੇ ਕਾਫ਼ਲਿਆਂ ਨਾਲ਼ ਉਨ੍ਹਾਂ ਦਾ ਕੋਈ ਵਾਸਤਾ ਨਹੀਂ ਹੁੰਦਾ… ਤੁਹਾਨੂੰ ਸ਼ਾਇਦ ਭੁੱਲ ਗਿਆ ਹੋਣੈਂ ਕਿ ਮੁਅੱਤਲ ਤੁਸੀਂ ਵੀ ਹੋਏ ਸੀ। ਫ਼ਰਕ ਸਿਰਫ਼ ਏਨਾ ਹੈ ਕਿ ਤੁਸੀਂ ਲੋਕਾਂ ਅਤੇ ਦੇਸ਼ ਦੇ ਚੋਰ ਹੋਣ ਕਾਰਨ ਹੋਏ ਸੀ ਤੇ ਮੈਂ, ਆਪਣੇ ਹੱਕਾਂ ਲਈ ਲੜ ਰਹੇ ਲੋਕਾਂ ਦੀ ਹਮਾਇਤ ਕਰਨ ਦੇ ਦੋਸ਼ ਵਿੱਚ ਹੋਇਆ ਹਾਂ…।”
ਚਿੱਠੀ ਤੋਂ ਦੋ ਹਫ਼ਤੇ ਬਾਅਦ ਹੀ ਲਾਲ਼-ਪੀਲਾ ਹੋਇਆ ਉਸ ਦਾ ਪਾਪਾ ਆ ਪਹੁੰਚਿਆ ਸੀ। ਨਵੇਂ ਬਣਾਏ ਗਹਿਣੇ ਉਸ ਨੇ ਗੁਰੀ ਅੱਗੇ ਇਸ ਤਰ੍ਹਾਂ ਸੁੱਟੇ ਸਨ ਜਿਵੇਂ ਕਹਿ ਰਿਹਾ ਹੋਵੇ ‘ਤੈਨੂੰ ਸ਼ਾਇਦ ਭੁਲੇਖਾ ਹੋਣੈ ਕਿ ਐਹ ਚਾਰ ਟੂੰਮਾਂ ਦੇ ਕੇ ਤੂੰ ਮੇਰੇ ‘ਤੇ ਅਹਿਸਾਨ ਕੀਤਾ ਸੀ। ਪਰ ਮੇਰੇ ਇਹ ਨੱਕ ਥੱਲੇ ਨਹੀਂ। ਏਦਾਂ ਦੀਆਂ ਟੂੰਮਾਂ ਤਾਂ ਹੁਣ ਮੈਂ ਆਪਣੇ ਪਸ਼ੂਆਂ ਦੇ ਗਲ਼ਾਂ ਵਿੱਚ ਲਟਕਾ ਸਕਦਾ ਹਾਂ।’ ਗੁਰੀ ਨੇ ਬਾਹੋਂ ਫੜ ਕੇ ਉਸ ਨੂੰ ਬਿਠਾਇਆ ਸੀ ਪਰ ਉਹ ਕੌੜਾ-ਕੁਸੈਲਾ ਬੋਲਦਾ ਖੜਾ-ਖੜਾ ਹੀ ਮੁੜ ਗਿਆ ਸੀ।
ਇਕਬਾਲ ‘ਤੇ ਬਣਿਆ ਕੇਸ ਸਾਬਤ ਨਹੀਂ ਸੀ ਹੋ ਸਕਿਆ। ਉਹ ਬਹਾਲ ਹੋ ਗਿਆ ਸੀ।
ਕਈ ਮਹੀਨੇ ਬੀਤ ਗਏ। ਰਿਸ਼ਤੇਦਾਰੀ ਵਿੱਚ ਇੱਕ ਵਿਆਹ ਸਮੇਂ ਇਕਬਾਲ ਭਾਵੇਂ ਉਨ੍ਹਾਂ ਨਾਲ ਨਹੀਂ ਸੀ ਭਿਜਿਆ, ਪਰ ਗੁਰੀ ਨੇ ਮਾਂ-ਪਿਉ ਸੰਗ ਬੈਠ ਕੇ ਅਗਲੀਆਂ-ਪਿਛਲੀਆਂ ਕਈ ਗੱਲਾਂ ਕਰਦਿਆਂ ਇੰਜ ਮਹਿਸੂਸ ਕੀਤਾ ਸੀ ਕਿ ਉਨ੍ਹਾਂ ਦਾ ਰਿਸ਼ਤਾ ਕਿਸੇ ਹੱਦ ਤੱਕ ਅਜੇ ਵੀ ਜੁੜਿਆ ਹੋਇਆ ਸੀ…।
ਫਿਰ ਕੈਨੇਡਾ ਤੋਂ ਮੁੜ ਕੇ ਜਦੋਂ ਸੁਰਿੰਦਰ ਉਸ ਨੂੰ ਮਿਲਣ ਆਇਆ ਤਾਂ ਉਸ ਨੂੰ ਚਾਅ ਚੜ੍ਹ ਗਿਆ ਸੀ। ਲਾਡਾਂ ਨਾਲ਼ ਖਿਡਾਏ ਵੀਰ ਨੂੰ ਆਪਣੇ ਵਿਹੜੇ ਵਿੱਚ ਵੇਖ ਕੇ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਛਲਕ ਆਏ ਸਨ। ਉਸ ਨੂੰ ਇੰਜ ਲੱਗਾ ਸੀ ਜਿਵੇਂ ਸੁਰਿੰਦਰ ਦੇ ਆਉਣ ਨਾਲ਼ ਸਹੁਰੇ-ਘਰ ਵਿੱਚ ਉਸ ਦਾ ਮਾਣ ਵਧਿਆ ਹੋਵੇ। ਉਸ ਦੇ ਵਿਆਹ ਬਾਰੇ ਗੁਰੀ ਨੇ ਉਸ ਤੋਂ ਕਈ ਗੱਲਾਂ ਪੁੱਛੀਆਂ ਸਨ ਤੇ ਕੁਝ ਸਲਾਹਾਂ ਵੀ ਦਿੱਤੀਆਂ ਸਨ… ਸੁਰਿੰਦਰ ਦੇ ਵਿਆਹ ਦੀਆਂ ਤਿਆਰੀਆਂ ਸਮੇਂ ਕੁਝ ਇੱਕ ਕੰਮਾਂ ਬਾਬਤ ਭਾਵੇਂ ਉਸ ਦੀ ਸਲਾਹ ਵੀ ਪੁੱਛੀ ਗਈ ਪਰ ਜ਼ਿਆਦਾ ਪੁੱਛ ਰੁੱਪੀ ਤੇ ਚੰਨੀ ਦੀ ਹੋਈ ਸੀ।
ਲਾਵਾਂ ਤੋਂ ਬਾਅਦ ਕੁੜੀਆਂ ਸੁਰਿੰਦਰ ਤੇ ਉਸ ਦੀ ਵਹੁਟੀ ਨੂੰ ਨਾਲ਼ ਲਗਦੇ ਕਮਰੇ ਵਿੱਚ ਲੈ ਗਈਆਂ, ਰੁੱਪੀ ਤੇ ਚੰਨੀ ਵੀ ਉਨ੍ਹਾਂ ਦੇ ਨਾਲ਼ ਹੀ ਸਨ। ਜੱਕੋ-ਤੱਕੀ ਵਿੱਚ ਗੁਰੀ ਦੇ ਪੈਰ ਵੀ ਉਧਰ ਨੂੰ ਹੋ ਤੁਰੇ। ਸੁਰਿੰਦਰ ਨੂੰ ਘੇਰ ਕੇ ਕੁੜੀਆਂ ਹਾਸਾ-ਠੱਠਾ ਕਰਨ ਲੱਗ ਪਈਆਂ। ਕੁਝ ਦੇਰ ਬਾਅਦ ਤਸਵੀਰਾਂ ਦਾ ਨਵਾਂ ਦੌਰ ਸ਼ੁਰੂ ਹੋ ਗਿਆ। ਪਹਿਲਾਂ ਸੁਰਿੰਦਰ ਦੇ ਸੱਸ-ਸਹੁਰੇ, ਸਾਲ਼ਿਆਂ-ਸਾਲੇਹਾਰਾਂ, ਸਾਲ਼ੀਆਂ-ਸਾਂਢੂਆਂ ਆਦਿ ਨੇ ਨਵੀਂ ਜੋੜੀ ਨਾਲ਼ ਫੋਟੋ ਖਿਚਵਾਈਆਂ। ਫਿਰ ਰੁੱਪੀ-ਚੰਨੀ, ਤਹਿਸੀਲਦਾਰ ਤੇ ਉਸ ਦੀ ਪਤਨੀ ਤੇ ਕਈ ਹੋਰਨਾਂ ਨੇ। ਕਾਫ਼ੀ ਦੇਰ ਬਾਅਦ ਰੁੱਪੀ ਨੇ ਗੁਰੀ ਤੇ ਉਸ ਦੇ ਨਿਆਣਿਆਂ ਨੂੰ ਨਵੀਂ ਜੋੜੀ ਨਾਲ਼ ਫੋਟੋ ਖਿੱਚਵਾਉਣ ਲਈ ਕਿਹਾ। ਉਸ ਦੀ ਰੂਹ ਤਾਂ ਨਹੀਂ ਸੀ ਕਰਦੀ ਪਰ ਬੱਧੀ-ਰੁੱਧੀ ਭਰਾ-ਭਰਜਾਈ ਨਾਲ਼ ਖੜੀ ਹੋ ਗਈ। “ਮੰਮੀ! ਪਾਪਾ ਦੀ ਫੋਟੋ ਨਹੀਂ ਖਿੱਚਣੀ?” ਆਪਣੇ ਅੰਞਾਣੇ ਪੁੱਤ ਦੇ ਇਨ੍ਹਾਂ ਸ਼ਬਦਾਂ ਦਾ ਉਸ ਨੇ ਕੋਈ ਜਵਾਬ ਨਹੀਂ ਸੀ ਦਿੱਤਾ। ਪਰ ਉਸ ਦਾ ਜੀਅ ਕੀਤਾ ਸੀ ਕਿ ਕੈਮਰਾ ਕਲਿੱਕ ਹੋਣ ਤੋਂ ਪਹਿਲਾਂ ਹੀ ਆਪਣਾ ਮੂੰਹ ਭੁਆ ਲਵੇ।
ਉੱਖੜੇ ਜਿਹੇ ਮਨ ਨਾਲ਼ ਨਿਆਣੇ ਨਾਲ਼ ਲੈ ਕੇ ਉਹ ਜੰਞ-ਘਰ ਆ ਪਹੁੰਚੀ। ਢਾਣੀਆਂ ‘ਚ ਬੈਠੇ ਲੋਕੀਂ ਸ਼ਰਾਬ ਪੀ ਰਹੇ ਸਨ। ਇਕਬਾਲ ਇੱਕ ਪਾਸੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਨਿਆਣੇ ਕਾਰਾਂ ਵੱਲ ਨੂੰ ਚਲੇ ਗਏ ਤੇ ਉਹ ਉਸ ਕੋਲ਼ ਜਾ ਬੈਠੀ।
ਲਾਗੀਆਂ ਦੇ ਸਿਰਾਂ ‘ਤੇ ਪੱਗਾਂ ਦੀਆਂ ਪੰਡਾਂ ਚੁਕਾਈ ਸੁਰਿੰਦਰ ਦਾ ਸਹੁਰਾ ਤੇ ਉਸ ਦੇ ਕੁਝ ਹੋਰ ਰਿਸ਼ਤੇਦਾਰ ਜੰਞ-ਘਰ ‘ਚ ਦਾਖਲ ਹੋਏ। ਹਰੇਕ ਜਨੇਤੀਏ ਨੂੰ ਪੱਗ ਦਿੱਤੀ ਜਾਣ ਲੱਗੀ। ਸ਼ਰਾਬੀ ਹੋਏ ਜਨੇਤੀਆਂ ਨੇ ਕੁੜੀ ਵਾਲਿਆਂ ਦੀਆਂ ਸਿਫ਼ਤਾਂ ਦੇ ਪੁੱਲ ਬੰਨ੍ਹ ਦਿੱਤੇ। ਗੁਰੀ ਨੇ ਨਸ਼ੇ ਵਿੱਚ ਝੂਮ ਰਹੇ ਪਾਪਾ ਵੱਲ ਦੇਖਿਆ, ਜੋ ਨਾਲ਼ ਹੋ ਕੇ ਲੋਕਾਂ ਨੂੰ ਪੱਗਾਂ ਦੁਆ ਰਿਹਾ ਸੀ। ਉਸ ਨੂੰ ਇੰਜ ਲੱਗਾ ਜਿਵੇਂ ਉਹ ਆਕਾਸ਼ ਵਿੱਚ ਉਡਾਰੀਆਂ ਲਗਾ ਰਿਹਾ ਹੋਵੇ। ਇੱਕ ਪੱਗ ਇਕਬਾਲ ਨੂੰ ਵੀ ਦਿੱਤੀ ਗਈ।
“ਇਹ ਸ਼ਾਇਦ ਤੁਹਾਡਾ ਜੁਆਈ ਐ?” ਸੁਰਿੰਦਰ ਦੇ ਸਹੁਰੇ ਨੇ ਉਸ ਦੇ ਪਾਪਾ ਨੂੰ ਇੱਕ ਪਾਸੇ ਕਰ ਕੇ ਕਿਹਾ।
“ਹਾਂ ਜੀ, ਵੱਡਾ ਜੁਆਈ ਐ।” ਨਸ਼ੇ ਵਿੱਚ ਹੋਣ ਕਾਰਨ ਉਸ ਦੇ ਪਾਪਾ ਦੇ ਬੋਲ ਜ਼ਰਾ ਉੱਚੇ ਸਨ।
“ਦੇਖੋ! ਤੁਹਾਡੇ ਛੋਟੇ ਪ੍ਰਾਹੁਣੇ, ਚੰਨੀ ਨਾਲ਼ ਤਾਂ ਸਾਡਾ ਬੜਾ ਪਿਆਰ ਐ। ਪੁਰਾਣੀ ਰਿਸ਼ਤੇਦਾਰੀ ਵੀ ਏ। ਉਹਨੂੰ ਤਾਂ ਅਸੀਂ ਮੰਨਣਾ ਈ ਐਂ। ਐਦਾਂ ਕਰਦੇ ਹਾਂ ਇਹਨੂੰ ਵੀ ਮੁੰਦੀ ਪਾ ਦੇਂਦੇ ਆਂ।”
“ਦੇਖ ਲਓ… ਵੈਸੇ ਜੇ ਮੇਰੀ ਸਲਾਹ ਮੰਨੋ ਤਾਂ ਇਹਨੂੰ ਰਹਿਣ ਈ ਦਿਉ। ਚੰਨੀ ਨੂੰ ਜ਼ਰੂਰ ਪਾਉ।” ਗੁਰੀ ਅਛੋਪਲੇ ਪੈਰੀਂ ਉਨ੍ਹਾਂ ਦੇ ਹੋਰ ਲਾਗੇ ਹੋ ਗਈ ਸੀ। ਉਸ ਨੂੰ ਮਾਸੜ ਤੇ ਪਿਉ ਵਿਚਕਾਰ ਹੋ ਰਹੀਆਂ ਗੱਲਾਂ ਸਾਫ਼ ਸੁਣਾਈ ਦੇ ਰਹੀਆਂ ਸਨ।
“ਕਿਉਂ? ਇਹ ਵੀ ਆਖਰ ਤੁਹਾਡਾ ਜੁਆਈ ਏ।”
“ਹੈ ਤਾਂ ਜੁਆਈ, ਪਰ ਇਹਨੂੰ ਆਪਣੀ ਔਕਾਤ ਦਾ ਨਹੀਂ ਪਤਾ।”ਪਾਪਾ ਦਾ ਮੂੰਹ ਭਾਵੇਂ ਦੂਜੇ ਪਾਸੇ ਸੀ ਪਰ ਉਸ ਦਾ ਇੱਕ-ਇੱਕ ਬੋਲ ਗੁਰੀ ਦੇ ਮੱਥੇ ਵਿੱਚ ਜ਼ੋਰ ਨਾਲ਼ ਹਿੱਟ ਕੀਤੀ ਗਈ ਲੱਕੜ ਦੀ ਗੇਂਦ ਵਾਂਗ ਵੱਜਾ। ਉਸ ਦਾ ਦਿਲ ਤੇਜ਼ੀ ਨਾਲ਼ ਧੜਕਣ ਲੱਗ ਪਿਆ। ਉਸ ਨੂੰ ਘੁਮੇਟਣੀ ਜਿਹੀ ਆਈ ਤੇ ਉਹ ਮਸਾਂ ਹੀ ਡਿਗਦੀ-ਡਿਗਦੀ ਬਚੀ। ਉਸ ਨੂੰ ਆਪਣਾ ਆਪਾ ਜੰਞ-ਘਰ ਵਿਚਲੇ ਸ਼ਰੀਂਹ ਦੇ ਦਰੱਖਤ ਨਾਲ਼ ਲਟਕ ਰਹੀਆਂ ਸੁੱਕੀਆਂ ਤੇ ਤਿੜਕ ਕੇ ਦੋ-ਫਾੜ ਹੋਈਆਂ ਫਲ਼ੀਆਂ ਵਰਗਾ ਲੱਗਾ, ਜਿਨ੍ਹਾਂ ਦਾ ਟਾਹਣਾਂ ਨਾਲ਼ ਕੋਈ ਸੰਬੰਧ ਨਹੀਂ ਸੀ ਜਾਪ ਰਿਹਾ, ਐਵੇਂ ਬੇ-ਅਰਥ ਜਿਹੀਆਂ ਹਵਾ ਵਿੱਚ ਲਟਕ ਰਹੀਆਂ ਸਨ।
ਜਨੇਤ ਦੁਪਹਿਰ ਦੀ ਰੋਟੀ ਲਈ ਤੁਰ ਪਈ। ਗੱਭਰੂਆਂ ਨੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ।
ਗੁਰੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। “ਕਿਉਂ ਆਪਣੇ ਆਪ ਨੂੰ ਖਪਾਈ ਜਾਨੀ ਏਂ?” ਉਸ ਦਾ ਹੱਥ ਆਪਣੇ ਹੱਥਾਂ ਵਿੱਚ ਲੈਂਦਿਆਂ ਇਕਬਾਲ ਨੇ ਕਿਹਾ। ਗੁਰੀ ਟੁੱਟ ਕੇ ਇਕਬਾਲ ਦੇ ਗਲ਼ ਆ ਲੱਗੀ… “ਚਲੋ ਚਲੀਏ।” ਦਿਲ ਕੁਝ ਹਲਕਾ ਹੋਣ ‘ਤੇ ਆਪਣੀਆਂ ਲਾਲ ਅੱਖਾਂ ਇਕਬਾਲ ਵੱਲ ਉਠਾਂਦਿਆਂ ਉਹ ਬੋਲੀ।
“ਉੱਧਰ ਨਹੀਂ, ਆਪਣੇ ਪਿੰਡ ਨੂੰ।” ਰੋਟੀ ਖਾਣ ਤੁਰੀ ਜਾ ਰਹੀ ਜਨੇਤ ਵੱਲ ਨੂੰ ਪੁੱਟੇ ਇਕਬਾਲ ਦੇ ਕਦਮਾਂ ਨੂੰ ਗੁਰੀ ਨੇ ਇੰਜ ਰੋਕ ਲਿਆ ਜਿਵੇਂ ਉਹ ਗ਼ਲਤੀ ਨਾਲ਼ ਕਿਸੇ ਡੁੰਮ੍ਹ ਵਿੱਚ ਡਿੱਗਣ ਲੱਗਾ ਹੋਵੇ।
“ਗੁਰੀ! ਸੋਚ ਲੈ।” ਉਹ ਠਰੰਮ੍ਹੇ ਨਾਲ਼ ਬੋਲਿਆ।
“ਬਹੁਤ ਸੋਚ ਲਿਆ…।” ਤੇ ਉਹ ਕਾਹਲ਼ੇ ਕਦਮੀਂ, ਜਨੇਤ ਨਾਲ ਟੁਰੇ ਜਾ ਰਹੇ ਨਿਆਣਿਆਂ ਨੂੰ ਫੜ ਲਿਆਈ।
ਭੰਗੜਾ ਪੈ ਰਿਹਾ ਸੀ। ਲੋਕੀਂ ਸੁਰਿੰਦਰ ਤੋਂ ਰੁਪਈਏ ਵਾਰ ਵਾਰ ਵਾਜੇ ਵਾਲ਼ਿਆਂ ਵੱਲ ਸੁੱਟ ਰਹੇ ਸਨ। ਕਿਸੇ ਨੂੰ ਇੱਕ-ਦੂਜੇ ਦੀ ਸੁੱਧ ਨਹੀਂ ਸੀ। ਹਰ ਇੱਕ ਆਪਣੀ ਮਸਤੀ ਵਿੱਚ ਝੂਮ ਰਿਹਾ ਸੀ।
ਜਨੇਤ ਦੇ ਕੋਲ਼ੋਂ ਦੀ ਲੰਘਦਿਆਂ ਗੁਰੀ, ਇਕਬਾਲ ਤੇ ਉਨ੍ਹਾਂ ਦੇ ਨਿਆਣੇ ਇੱਕ ਹੋਰ ਰਸਤੇ ਵੱਲ ਮੁੜ ਗਏ। ਗੁਰੀ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸ ਦੇ ਪੁੱਟੇ ਜਾ ਰਹੇ ਇੱਕ-ਇੱਕ ਕਦਮ ਨਾਲ਼ ਉਸ ਦਾ ਬਹੁਤ ਕੁਝ ਵਿਸਰਦਾ ਜਾ ਰਿਹਾ ਹੋਵੇ। ਟੁੱਟ ਰਹੀਆਂ ਤੰਦਾਂ ਉਸ ਅੰਦਰ ਧੂਹ ਪਾ ਰਹੀਆਂ ਸਨ… ਉਸ ਨੇ ਇਕਬਾਲ ਵੱਲ ਤੱਕਿਆ। ਉਸ ਦੇ ਚਿਹਰੇ ‘ਤੇ ਦ੍ਰਿੜਤਾ ਦੇ ਚਿੰਨ੍ਹ ਨਜ਼ਰ ਆ ਰਹੇ ਸਨ। ਨਿਆਣੇ ਹੈਰਾਨ ਹੋਏ ਕਦੀ ਇਕਬਾਲ ਵੱਲ ਤੇ ਕਦੀ ਗੁਰੀ ਵੱਲ ਵੇਖ ਰਹੇ ਸਨ। ਆਪਣੇ ਨਾਲ਼ ਟੁਰੇ ਜਾ ਰਹੇ ਇਸ ਨਿੱਕੇ ਜਿਹੇ ਕਾਫ਼ਲੇ ਵੱਲ ਵੇਖਦਿਆਂ ਗੁਰੀ ਨੂੰ ਇੰਜ ਮਹਿਸੂਸ ਹੋਇਆ ਕਿ ਭਾਵੇਂ ਉਸ ਦਾ ਕਾਫ਼ੀ ਕੁਝ ਵਿਸਰ ਰਿਹਾ ਸੀ ਪਰ ਬਹੁਤ ਕੁਝ ਉਸ ਦੇ ਕੋਲ਼ ਸੀ, ਉਸ ਦੇ ਨਾਲ਼ ਸੀ।
>>>>>>> ਜਰਨੈਲ ਸਿੰਘ