ਪ੍ਰਾਇਮਰੀ ਸਕੂਲ ਕੋਲੋਂ ਲੰਘਦਿਆਂ ਦਿਲ ਵਿਚ ਹੌਲ ਜਿਹਾ ਪੈਣ ਲੱਗ ਜਾਂਦਾ ਏ। ਹਰ ਵਾਰ ਸੋਚਦਾ ਹਾਂ ਕਿ ਸਕੂਲ ਅੰਦਰ ਝਾਤੀ ਨਹੀਂ ਮਾਰਨੀ ਪਰ ਫੇਰ ਪਤਾ ਹੀ ਨਹੀਂ ਲੱਗਦਾ ਨਿਗਾਹਾਂ ਕਦੋਂ ਸਕੂਲ ਦਾ ਵੱਡਾ ਗੇਟ ਅੰਦਰ ਚਲੀਆਂ ਜਾਂਦੀਆਂ ਨੇ। ਕਿੰਨਾ ਬਦਲ ਗਿਆ ਹੈ ਸਕੂਲ ? ਉਦੋਂ ਸਿਰਫ਼ ਦੋ ਕਮਰੇ ਅਤੇ ਦੋ ਵਰਾਂਡੇ ਹੁੰਦੇ ਸਨ ਪਰ ਹੁਣ ਤਾਂ ਅਣਗਿਣਤ ਕਮਰੇ ਬਣ ਚੁੱਕੇ ਨੇ। ਹੁਣ ਤਾਂ ਸਾਰੀਆਂ ਜਮਾਤਾਂ ਕਮਰਿਆਂ ਵਿਚ ਬੈਠਦੀਆਂ ਨੇ। ਵਿਹੜੇ ਵਿਚ ਲੱਗੀ ਛਾਂਦਰ ਤੇ ਬਾਪੂ ਵਰਗੀ ਚਾਰ-ਚੁਫੇਰੇ ਫੈਲੀ ਨਿੰਮ ਪੁੱਟ ਦਿੱਤੀ ਗਈ ਹੈ, ਜਿਸ ਦੀਆਂ ਨਮੋਲੀਆਂ ਘੋਟਾ ਮਾਸਟਰ ਸਾਨੂੰ ਧੱਕੇ ਨਾਲ ਖੁਆਉਂਦਾ ਹੁੰਦਾ ਸੀ।
“ਨਿੰਮ ਬੜਾ ਗੁਣਕਾਰੀ ਦਰਖ਼ਤ ਹੈ। ਇਹਦੀਆਂ ਨਮੋਲੀਆਂ ਖਾਣ ਨਾਲ ਛੱਤੀ ਬਿਮਾਰੀਆਂ ਟੁੱਟਦੀਆਂ ਨੇ। ਮਲੇਰੀਆ ਤਾਂ ਮਜਾਲ ਕੀ ਨੇੜੇ ਆਜੇ! ਫੋੜਾ ਫਿਨਸੀ ਨਿਕਲਣ ਦਾ ਤਾਂ ਸੁਆਲ ਹੀ ਪੈਦਾ ਨ੍ਹੀ ਹੁੰਦਾ। ਬਿਮਾਰ ਹੋ ਕੇ ਦਵਾਈਆਂ ਲੈਣ ਨਾਲੋਂ ਚੰਗਾ ਇਹ ਨਮੋਲੀਆਂ ਖਾਓ।” ਉਹ ਕਹਿੰਦਾ ਹੁੰਦਾ ਸੀ।
ਘੋਟਾ ਮਾਸਟਰ ਡੰਡਾ ਲੈ ਕੇ ਜੁਆਕਾਂ ਦੇ ਸਿਰ ‘ਤੇ ਖੜ ਜਾਂਦਾ। ਹਰ ਇਕ ਨੂੰ ਪੰਜ ਪੰਜ ਨਮੋਲੀਆਂ ਖਾਣੀਆਂ ਪੈਂਦੀਆਂ।
ਉਸਦਾ ਡੰਡਾ, ਜਿਸਨੂੰ ਉਹ ‘ਘੋਟਾ’ ਕਿਹਾ ਕਰਦਾ ਸੀ, ਸਾਰੇ ਸਕੂਲ ਵਿਚ ਮਸ਼ਹੂਰ ਹੁੰਦਾ ਸੀ। ਉਸ ਦੇ ਇਸ ਘੋਟੇ ਦੀ ਮਸ਼ਹੂਰੀ ਕਾਰਨ ਹੀ ਸਕੂਲੀਆਂ ਨੇ ਉਸਦਾ ਨਾਂ ‘ਘੋਟਾ ਮਾਸਟਰ’ ਪਾਇਆ ਹੋਇਆ ਸੀ। ਕੁੱਟਣ ਦਾ ਤਾਂ ਉਹ ਕੋਈ ਬਹਾਨਾ ਹੀ ਲੱਭਦਾ ਰਹਿੰਦਾ। ਜਿਸ ਦਿਨ ਉਹ ਸਕੂਲ ਨਾ ਆਇਆ ਹੁੰਦਾ, ਇਉਂ ਲੱਗਦਾ ਜਿਵੇਂ ਕੈਦਖ਼ਾਨੇ ਦੇ ਬੂਹੇ ਖੁੱਲ੍ਹ ਗਏ ਹੋਣ। ਉਸ ਦੇ ਸਕੂਲ ਵੜਦਿਆਂ ਹੀ ਜਿਵੇਂ ਕੋਈ ਦਿਉ-ਰੂਹ ਸਕੂਲ ਵਿਚ ਪ੍ਰਵੇਸ਼ ਕਰ ਜਾਂਦੀ। ਸਾਰਾ ਸਕੂਲ ਸੁਸਰੀ ਵਾਂਗ ਸੌਂ ਜਾਂਦਾ। ਅਸੀਂ ਅੱਖਾਂ ਹੀ ਅੱਖਾਂ ‘ਚ ਇਕ ਦੂਜੇ ਨਾਲ਼ ਆਪਣੀ ਪੀੜ ਸਾਂਝੀ ਕਰਦੇ। ਢੂਈ ਅਤੇ ਹੱਥਾਂ ‘ਤੇ ਪੈਣ ਵਾਲ਼ੇ ਡੰਡਿਆਂ ਦੀ ਪੀੜ ਮਹਿਸੂਸ ਹੋਣ ਲੱਗ ਜਾਂਦੀ। ਜਮਾਤ ਵਿਚ ਆਉਂਦਿਆਂ ਹੀ ਉਹ ਘਰ ਹੱਲ ਕਰਨ ਲਈ ਦਿੱਤਾ ਕੰਮ ਵੇਖਣਾ ਸ਼ੂਰ ਕਰ ਦਿੰਦਾ। ਜਿਸ ਨੇ ਕੰਮ ਨਾ ਕੀਤਾ ਹੁੰਦਾ ਉਸ ਦੀ ਸ਼ਾਮਤ ਆ ਜਾਂਦੀ। ਕੋਈ ਝੂਠਾ-ਸੱਚਾ ਬਹਾਨਾ ਉਸ ਅੱਗੇ ਨਾ ਚੱਲਦਾ। ਉਹ ਬੇਕਿਰਕਾਂ ਵਾਂਗ ਬੈਂਤ ਵਰ੍ਹਾਉਂਦਾ ਅਤੇ ਪੁਲਸੀਆ ਰੋਅਬ ‘ਚ ਗਾਲ੍ਹਾਂ ਵੀ ਕੱਢਦਾ। “ਮਾਂ ਦਿਆ—-ਜਾ ਕੇ ਮਾਂ ਆਵਦੀ ਦੀ ਕੱਛ ‘ਚ ਵੜਿਆ ਰਿਹੈਂ, ਸਕੂਲ ਦਾ ਕੰਮ ਤੇਰੇ ਪਿਓ ਨੇ ਕਰਨਾ ਸੀ ?” ਘੋਟੇ ਮਾਸਟਰ ਦਾ ਘੋਟਾ ਓਨਾ ਚਿਰ ਚੱਲਦਾ ਜਿੰਨਾ ਚਿਰ ਉਹ ਆਪ ਹਫ਼ ਨਹੀਂ ਸੀ ਜਾਂਦਾ। ਮਾਸਟਰ ਨਹੀਂ, ਜਿਵੇਂ ਕੋਈ ਕਸਾਈ ਹੋਵੇ। ਜਦੋਂ ਵੀ ਸਕੂਲ ਅੱਗੋਂ ਲੰਘਦਾ ਹਾਂ ‘ਘੋਟਾ ਮਾਸਟਰ’ ਯਾਦ ਆਉਂਦਾ ਹੈ। ਸਰੀਰ ਵਿਚ ਉਸ ਦੀ ਕੁੱਟ ਕਾਰਨ ਪਈਆਂ ਚਸਕਾਂ ਫੇਰ ਸ਼ੂਰ ਹੋ ਜਾਂਦੀਆਂ ਨੇ।
ਘੋਟਾ ਮਾਸਟਰ ਗਰਮੀਆਂ ਦੀਆਂ ਛੁੱਟੀਆਂ ਵਿਚ ਢੇਰ ਸਾਰਾ ਕੰਮ ਘਰੋਂ ਕਰਨ ਲਈ ਦਿੰਦਾ। ਇੰਨਾ ਕੰਮ ਕਿ ਸਾਰੀਆਂ ਛੁੱਟੀਆਂ ਵਿਚ ਮਸੀਂ ਪੂਰਾ ਹੋ ਸਕੇ। ਗਰਮੀਆਂ ਦੀਆਂ ਛੁੱਟੀਆਂ ਵਿਚ ਦੁੜੰਗੇ ਲਾਉਣ ਅਤੇ ਖੇਡਣ-ਮੱਲਣ ਦੇ ਚਾਹਵਾਨਾਂ ਤੋਂ ਇਹ ਕੰਮ ਪੂਰਾ ਨਾ ਹੁੰਦਾ। ਜਦੋਂ ਛੁੱਟੀਆਂ ਖ਼ਤਮ ਹੋਣ ‘ਤੇ ਸਕੂਲ ਲੱਗਦਾ, ਪਹਿਲੇ ਦਿਨ ਹੀ ‘ਘੋਟਾ ਮਾਸਟਰ’ ਦਾ ਘੋਟਾ ਫਿਰ ਜਾਂਦਾ। ਐਨੀ ਕੁੱਟ ਖਾ ਕੇ ਵੀ ਪਤਾ ਨਹੀਂ ਮੇਰੇ ਜਮਾਤੀ ਉਦਾਸ ਕਿਉਂ ਨਹੀਂ ਸੀ ਹੁੰਦੇ। ਸ਼ਾਇਦ ਉਹ ਮਹੀਨਾ ਭਰ ਮੌਜ-ਮਸਤੀ ਕਰ ਲੈਣ ਦੀ ਚਾਰ ਡੰਡੇ ਕੋਈ ਜ਼ਿਆਦਾ ਕੀਮਤ ਨਹੀਂ ਸੀ ਸਮਝਦੇ ਪਰ ਮੇਰੇ ਤਾਂ ਜਿਵੇਂ ਸਰੀਰ ‘ਤੇ ਹੀ ਨਹੀਂ ਦਿਮਾਗ਼ ‘ਤੇ ਵੀ ਇਹ ਘੋਟਾ ਫਿਰ ਜਾਂਦਾ। ਜੀਅ ਕਰਦਾ ਸਕੂਲੋਂ ਭੱਜ ਜਾਵਾਂ। ਕੰਮ ਨਾ ਕਰ ਕੇ ਲਿਆ ਸਕਣ ਵਿਚ ਮੇਰਾ ਕੀ ਕਸੂਰ ? ਛੁੱਟੀਆਂ ਦੌਰਾਨ ਘਰਦਿਆਂ ਨੇ ਇਕ ਦਿਨ ਵੀ ਤਾਂ ਵਿਹਲਾ ਨਹੀਂ ਸੀ ਰਹਿਣ ਦਿੱਤਾ । ਪਹਿਲੀ ਛੁੱਟੀ ਵਾਲੇ ਦਿਨ ਤੋਂ ਹੀ ਬਾਪੂ ਝੋਨਾ ਲਾਉਣ ਲਾ ਲੈਂਦਾ ਸੀ ਤੇ ਫਿਰ ਸਾਰੀਆਂ ਛੁੱਟੀਆਂ ਝੋਨਾ ਲਾਉਂਦਿਆਂ ਹੀ ਲੰਘ ਜਾਂਦੀਆਂ। ਸਾਰੀ ਦਿਹਾੜੀ ਕੋਡੀ ਢੂਈ ਝੋਨਾ ਲਾਉਂਦਿਆਂ, ਆਥਣ ਨੂੰ ਲੱਕ ਸਿੱਧਾ ਨਾ ਹੁੰਦਾ। ਦੁਪਹਿਰ ਨੂੰ ਖੇਤ ਵਿਚਲਾ ਪਾਣੀ ਤਪ ਜਾਂਦਾ ਤਾਂ ਜਿਵੇਂ ਹੱਡ ਸੜਨ ਲੱਗਦੇ। ਉਪਰੋਂ ਸੂਰਜ ਅੱਗ ਵਰ੍ਹਾਉਂਦਾ। ਕਦੇ ਕਦੇ ਜੀਅ ਕਰਦਾ ਭੱਠ ਵਾਂਗੂੰ ਤਪਦੇ ਸਰੀਰ ਨੂੰ ਠਾਰਨ ਲਈ ਪਾਣੀ ਵਿਚ ਸੂਰ ਵਾਂਗ ਪਲਸੇਟੇ ਮਾਰਾਂ। ਸਾਰੀ ਦਿਹਾੜੀ ਸਿਰ ਚੁੱਕ ਕੇ ਵੇਖਣਾ ਨਹੀਂ ਸੀ ਮਿਲਦਾ। ਕਦੇ ਕਦੇ ਬਾਪੂ ਤੋਂ ਅੱਖ ਬਚਾ ਕੇ ਪਿੰਡ ਵੱਲ ਵੇਖਦਾ ਤਾਂ ਦਿਲ ਵਿਚ ਲੂਹਰੀਆਂ ਉਠਦੀਆਂ। ਪਿੰਡ ਦੀਆਂ ਗਲੀਆਂ ਕੱਛਦੇ ਤੇ ਛੁੱਟੀਆਂ ਦਾ ਸੁਆਦ ਮਾਣਦੇ ਹਾਣੀ ਮੁੰਡਿਆਂ ਦਾ ਖ਼ਿਆਲ ਆਉਂਦਾ ਤਾਂ ਦਿਲ ਕਾਹਲਾ ਪੈਣ ਲੱਗਦਾ। ਝੋਨਾ ਲਾਉਂਦੇ ਹੱਥ ਥਾਏਂ ਸਿੱਥਲ ਹੋ ਜਾਂਦੇ। ਤੀਲ੍ਹਾ ਮਸੀਂ ਗਡੋਇਆ ਜਾਂਦਾ। ਪਨੀਰੀ ਦੀ ਗੁੱਟੀ ਵਗਾਹ ਮਾਰਨ ਨੂੰ ਜੀਅ ਕਰਦਾ। ਬਾਪੂ ਪਤਾ ਨਹੀਂ ਕਿਵੇਂ ਤਾੜ ਰੱਖਦਾ। ਹੌਲ਼ੀ ਕੰਮ ਕਰਦਿਆਂ ਵੇਖ ਉਸ ਦੇ ਮੂੰਹੋਂ ਗਲ਼ੀ-ਸੜੀ ਗਾਲ਼੍ਹ ਨਿਕਲਦੀ।
“ਮਾਂ ਦਿਆ—–ਮਾਰ ਲੈ ਹੱਥ। ਫੇ ਸਾਰਾ ਸਾਲ ਵਿਹਲੀਆਂ ਈ ਖਾਣੀਆਂ। ਪੁੱਛ ਕੇ ਤੀਲ੍ਹਾ ਗਡੋਨੈ। ਲਾ ਲੈ ਚਾਰ ਤੀਲ੍ਹੇ ਛੇਤੀ-ਛੇਤੀ।” ਮੇਰਾ ਜੀਅ ਕਰਦਾ ਹਥਲੀ ਗੁੱਟੀ ਸੁੱਟ ਕੇ ਭੱਜ ਜਾਵਾਂ ਪਰ ਬਾਪੂ ਦੀ ਕੁੱਟ ਚੇਤੇ ਆਉਣ ‘ਤੇ ਮੂੰਹ ਉਸੇ ਤਰ੍ਹਾਂ ਦਾ ਹੋ ਜਾਂਦਾ ਜਿਵੇਂ ਘੋਟੇ ਮਾਸਟਰ ਵਲੋਂ ਜ਼ਬਰਦਸਤੀ ਨਮੋਲੀਆਂ ਖੁਆਉਣ ‘ਤੇ ਹੋ ਜਾਂਦਾ ਸੀ। ਜਦੋਂ ਕਦੇ ਬਾਪੂ ਨੂੰ ਸਕੂਲ ਦਾ ਕੰਮ ਕਰਨ ਵਾਲਾ ਪਿਆ ਹੋਣ ਬਾਰੇ ਅਤੇ ਕੰਮ ਨਾ ਕਰਨ ‘ਤੇ ਪੈਣ ਵਾਲੀ ਕੁੱਟ ਬਾਰੇ ਦੱਸਦਾ, ਉਹ ਭੜਕ ਪੈਂਦਾ। ਉਸ ਦੀਆਂ ਅੱਖਾਂ ਘੋਟੇ ਮਾਸਟਰ ਵਾਂਗ ਲਾਲ ਸੁਰਖ਼ ਹੋ ਜਾਂਦੀਆਂ।
“ਗੰਦੀਏ ‘ਲਾਦੇ—–ਪੜ੍ਹ ਕੇ ਤੈਂਅ ਕਿਹੜਾ ਕਾਨੂੰਗੋ ਲੱਗ ਜਾਣੈ। ਆਹੀ ਖੋਰੀ ਖੋਤਨੀ ਐ ਆਖੀਰ ਨੂੰ। ਨਾ ਜਾਈਂ ਸਕੂਲ ਜੇ ਬਹੁਤਾ ਡਰ ਲੱਗਦਾ। ਅੱਗੇ ਕਿਹੜਾ ਪੜ੍ਹ ਪੜ੍ਹ ਕਿਲੇ ਢਾਹੀ ਜਾਨੈ ?” ਫੇਰ ਸਾਰੀਆਂ ਛੁੱਟੀਆਂ ਦੌਰਾਨ ਬੋਲਣ ਦਾ ਹੌਸਲਾ ਹੀ ਨਹੀਂ ਸੀ ਪੈਂਦਾ। ਮਨ ਮਾਰ ਕੇ ਕੰਮ ਲੱਗਾ ਰਹਿੰਦਾ। ਦਿਲ ਵਿਚ ਡਾਹਢਾ ਗੁੱਸਾ ਆਉਂਦਾ ਪਰ ਕੀ ਕਰਦਾ ? ਜਦੋਂ ਵੀ ਗੁੱਸਾ ਆਉਂਦਾ, ਪਨੀਰੀ ਦੇ ਦਸ ਦਸ ਬੂਟੇ ਇੱਕੋ ਥਾਂ ਲਾਈ ਜਾਂਦਾ। ਜੜ੍ਹਾਂ ਕੋਲ਼ੋਂ ਕਰ ਕੇ ਝੋਨੇ ਦੇ ਬੂਟੇ ਫੜਦਾ ਤੇ ਕਚੀਚੀ ਲੈ ਲੈ ਕੇ ਲਾਉਂਦਾ। ਇੰਜ ਕਰਨ ਨਾਲ਼ ਮਨ ਨੂੰ ਤਸੱਲੀ ਜਿਹੀ ਹੋ ਜਾਂਦੀ। ਗੁੱਸਾ ਪਤਾ ਨਹੀਂ ਕਿਧਰ ਨੂੰ ਖੰਭ ਲਾ ਕੇ ਉੱਡ-ਪੁੱਡ ਜਾਂਦਾ।
ਮਾਂ ਮੇਰੇ ਮਾਸੂਮ ਮੂੰਹ ‘ਤੇ ਆਈ ਉਦਾਸੀ ਵੇਖ ਕੇ ਹਾਉਂਕਾ ਖਿੱਚ ਲੈਂਦੀ, “ਬੱਸ ਪੁੱਤ ਆਹੀ ਚਾਰ ਦਿਨ ਆ ਕੰਮ ਦੇ। ਆਪਾਂ ਗਰੀਬਾਂ ਦਾ ਤਾਂ ਆਹੀ ਸੀਜ਼ਨ ਹੁੰਦਾ ਕਮਾਈ ਦਾ ਜੇ ਮਾਰ ਲੈਣ ਝੁੱਟ ਸਾਰੇ ਜੀਅ ਰਲ਼ਕੇ। ਮੇਰਾ ਸਾਊ ਪੁੱਤ ਬਣ ਕੇ ਲੁਆਦੇ ਆਹ ਦਿਨ। ਨਾਲੇ ਤੇਰੇ ਪੈਸਿਆਂ ਦਾ ਤਾਂ ਤੈਨੂੰ ਈ ਸੂਟ ਬਣਾ ਦੇਣਾ। ਹੋਰ ਅਸੀਂ ਕੀ ਕਰਨੇ ਪੈਸੇ ?” ਮਾਂ ਮੇਰਾ ਦਿਲ ਰਿਝਾਉਣ ਲਈ ਕਹਿੰਦੀ। ਮੇਰਾ ਜੀਅ ਕਰਦਾ ਕਰਦਾ ਮਾਂ ਦੇ ਗਲ਼ ਲੱਗ ਉੱਚੀ ਉੱਚੀ ਰੋਵਾਂ।
ਮੇਰੇ ਤੋਂ ਵੱਡੀਆਂ ਤਿੰਨ ਭੈਣਾਂ ਵੀ ਸਾਰੀ ਦਿਹਾੜੀ ਨਾਲ ਹੀ ਕੰਮ ਕਰਾਉਂਦੀਆਂ। ਮੈਂ ਸੋਚਦਾ- ਇਹ ਵੀ ਤਾਂ ਮੇਰੇ ਆਂਗੂੰ ਥੱਕ ਜਾਂਦੀਆਂ ਹੋਣਗੀਆ ? ਪਰ ਭੈਣਾਂ ਨੇ ਕਦੇ ਮੇਰੇ ਵਾਂਗ ਥੱਕੇ ਹੋਣ ਬਾਰੇ ਉਜ਼ਰ ਨਹੀਂ ਸੀ ਕੀਤਾ। ਉਹ ਤਾਂ ਸਿਰ ਸੁੱਟ ਕੇ ਕੰਮ ਨੂੰ ਲੱਗੀਆਂ ਰਹਿੰਦੀਆਂ ਸਨ, ਉਂਜ ਉਨ੍ਹਾਂ ਦੇ ਚਿਹਰੇ ਬੁਝੇ ਰਹਿੰਦੇ। ਮੈਂ ਉਨ੍ਹਾਂ ਨੂੰ ਕਦੇ ਆਂਢ-ਗੁਆਂਢ ਦੀਆਂ ਕੁੜੀਆਂ ਨਾਲ ਖੇਡਦਿਆਂ ਨਹੀਂ ਸੀ ਦੇਖਿਆ। ਜਦੋਂ ਵੀ ਦੇਖਿਆ, ਕਿਸੇ ਨਾ ਕਿਸੇ ਕੰਮ ਵਿਚ ਜੁੱਟਿਆਂ ਹੀ ਦੇਖਿਆ ਸੀ। ਆਂਢ-ਗੁਆਂਢ ਦੀਆਂ ਕੁੜੀਆਂ ਨੂੰ ਖੇਡਦੀਆਂ ਦੇਖਦਾ ਤਾਂ ਮੇਰੇ ਅੰਦਰੋਂ ਲੂਹਰੀ ਜਿਹੀ ਉੱਠਦੀ, “ਭੈਣਾਂ ਕਿਉਂ ਨਹੀਂ ਖੇਡਦੀਆਂ ?” ਮੇਰਾ ਜੀਅ ਵੀ ਕਰਦਾ ਪੁੱਛਣ ਨੂੰ, ਪਰ ਹੌਸਲਾ ਨਾ ਪੈਂਦਾ।
“ਛੁੱਟੀਆਂ-ਛੁੱਟੀਆਂ ਕਰਾਉਣਾ ਤੈਂਅ ਚਾਰ ਦਿਨ ਕੰਮ, ਫੇਰ ਸਾਰਾ ਸਾਲ ਹਰੀਆਂ ਈ ਚਰਨੀਆਂ। ਵਿਹਲੀਆਂ ਈਂ ਖਾਣੀਆਂ ਮੁਫਤ ਦੀਆਂ। ਕੋਈ ਮਰਨ ਨ੍ਹੀ ਲੱਗਾ ਤੂੰ ਆਹ ਪੰਦਰਾਂ ਦਿਨਾਂ ‘ਚ ? ਹੋਰ ਨ੍ਹੀ ਤਾਂ ਆਵਦੇ ਫੀਸਾਂ-ਫੂਸਾਂ ਜੋਗੇ ਈ ਕਮਾਲੇਂਗਾ। ਇਕ ਤਾਂ ਆਹ ਮੇਰੇ ਸਾਲੇ—–ਦਿਨੋ ਦਿਨ ਵਧਾਈ ਤੁਰੇ ਜਾਂਦੇ।” ਬਾਪੂ ਕਈ ਵਾਰ ਮੇਰਾ ਧਿਆਨ ਆਸੇ-ਪਾਸੇ ਕਰਨ ਲਈ ਜਾਂ ਐਵੇਂ ਫੋਕਾ ਰੋਅਬ ਝਾੜਨ ਲਈ ਹੀ ਕਹਿ ਦਿੰਦਾ। ਮੈਨੂੰ ਉਸ ਦੀ ‘ਸਾਰਾ ਸਾਲ ਵਿਹਲਾ ਰਹਿ ਕੇ ਹਰੀਆਂ ਚਰਨ’ ਵਾਲ਼ੀ ਗੱਲ ‘ਤੇ ਹਾਸਾ ਵੀ ਆਉਂਦਾ ਤੇ ਰੋਣਾ ਵੀ। ਛੁੱਟੀ ਹੋਣ ‘ਤੇ ਅਜੇ ਮਸੀਂ ਘਰ ਵੜਦਾ ਸਾਂ ਜਦੋਂ ਰੰਬਾ ਤੇ ਪੱਲੀ ਮੇਰੇ ਹੱਥਾਂ ਵਿਚ ਆ ਜਾਂਦੇ। ਖੇਤਾਂ ਦੀਆਂ ਵੱਟਾਂ ਅਤੇ ਰੱਕੜਾਂ ਵਿਚ ਉੱਗਿਆ ਘਾਹ ਖੋਤਦਿਆਂ ਸਾਰੀ ਦਿਹਾੜੀ ਲੰਘ ਜਾਂਦੀ, ਫੇਰ ਕਿਤੇ ਜਾ ਕੇ ਪੰਡ ਬਣਦੀ। ਫਿਰ ਆਥਣੇ ਹੋਏ ਘਰ ਵੜਦਾ ਸਾਂ।
ਬਾਪੂ ਹਰ ਵਰ੍ਹੇ ਸਾਲ-ਡੇਢ ਸਾਲ ਦੀ ਕੋਈ ਝੋਟੀ ਲਿਆ ਕੇ ਕਿੱਲੇ ‘ਤੇ ਬੰਨ੍ਹਦਿਆਂ ਹੀ ਹੁਕਮ ਅਤੇ ਸੁਝਾਅ ਭਰੇ ਰਲ਼ਵੇਂ ਮਿਲ਼ਵੇਂ ਸੁਰ ਵਿਚ ਆਖਦਾ, “ਲੈ ਫੜ, ਤੂੰ ਹੀ ਸਾਂਭਣੀ ਐ। ਸਾਲ ਡੂਢ ਸਾਲ ‘ਚ ਕਿਸੇ ਥਾਂ ਸਿਰ ਹੋਜੂ। ਅਗਲੇ ਨੂੰ ਅਧਿਆਰੇ ਦੇ ਬਣਦੇ ਪੈਸੇ ਤਾਰ ਕੇ ਘਰ ਰੱਖ ਲਾਂਗੇ। ਝੋਟੀ ਰਵੇ ਦੀ ਐ । ਸਾਰਾ ਸਾਲ ਦੁੱਧ ਵਾਧ ਪੀਆਂਗੇ।” ਪਰ ਇਹ ਦੁੱਧ ਵਾਧ ਪੀਣਾ ਨਸੀਬ ਨਹੀਂ ਸੀ ਹੁੰਦਾ। ਝੋਟੀ ਦੇ ਮੱਝ ਬਣਨ ‘ਤੇ, ਇਹ ਝੋਟੀ ਕਿੱਲੇ ਤੋਂ ਖੁੱਲ੍ਹ ਕੇ ਕਿਸੇ ਹੋਰ ਦੇ ਕਿੱਲੇ ‘ਤੇ ਚਲੀ ਜਾਂਦੀ।
“ਝੋਟੀ ਘਰੇ ਰੱਖ ਲੈਂਦੇ, ਪਰ ਫਿੱਟ ਨਹੀਂ ਸੀ ਬੈਠਣੀ। ਨੁਕਸ ਸੀ ਵੱਡਾ ਏਹਨੂੰ। ਲੇਵਾ ਪੁੱਠਾ ਸੀ। ਮੂਹਰਲਾ ਥਣ ਵੀ ਥੋੜ੍ਹਾ ਜਿਹਾ ਔਹਰਾ ਸੀ। ਊਂ ਸੀ ਵੀ ਥੋੜ੍ਹੀ ਜਿਹੀ ਕੌੜ ਈ। ਐਹੇ ਜੇ ਡੰਗਰ ਦਾ ਘਰੇ ਰੱਖਣਾ ਠੀਕ ਨ੍ਹੀ ਹੁੰਦਾ।” ਬਾਪੂ ਦੀ ਮੱਝ ਘਰੇ ਨਾ ਰੱਖਣ ਵਾਲ਼ੀ ਦਲੀਲ ਸੁਣ ਕੇ ਉਸ ‘ਤੇ ਤਰਸ ਵੀ ਆਉਂਦਾ ਤੇ ਗੁੱਸਾ ਵੀ। ਮੱਝ ਦੇ ਕਿੱਲੇ ਤੋਂ ਚਲੇ ਜਾਣ ‘ਤੇ ਦਿਲ ਕਈ ਦਿਨ ਉਦਾਸ ਰਹਿੰਦਾ। ਸਾਲ-ਡੇਢ ਸਾਲ ਤੋਂ ਇਸ ਆਸ ‘ਤੇ ਪੱਠੇ ਪਾਉਂਦਾ ਰਿਹਾ ਸਾਂ ਕਿ ਇਸ ਦੇ ਸੂਣ ‘ਤੇ ਪੀਣ ਨੂੰ ਦੁੱਧ ਮਿਲ ਜਾਇਆ ਕਰੇਗਾ ਤੇ ਦੁੱਧ ਤੋਂ ਬਣਾਈ ਦਹੀਂ ਨਾਲ ਅੱਧੀ ਛੁੱਟੀ ਸੁਆਦ ਨਾਲ ਰੋਟੀ ਖਾਧੀ ਜਾਇਆ ਕਰੇਗੀ। ਬਾਪੂ ਫੇਰ ਕੋਈ ਨਿੱਕੀ ਜਿਹੀ ਕੱਟੀ ਲਿਆ ਕੇ ਕਿੱਲੇ ‘ਤੇ ਬੰਨ੍ਹ ਦਿੰਦਾ। ਮੈਂ ਫੇਰ ਰੰਬਾ ਅਤੇ ਦਾਤੀ ਪੱਲੀ ਚੁੱਕ ਕੇ ਖੇਤਾਂ ਦੀਆਂ ਵੱਟਾਂ ਗਾਹੁਣ ਲੱਗ ਜਾਂਦਾ। ਕਣਕ ਦੇ ਖੇਤਾਂ ‘ਚੋਂ ਸੇਂਜੀ ਅਤੇ ਰੱਕੜਾਂ ‘ਚ ਉੱਗਿਆ ਘਾਹ ਤੇ ਮਧਾਣਾ ਖੋਤ ਲਿਆਉਂਦਾ। ਝੋਟੀ ਜਦੋਂ ਮੇਰਾ ਲਿਆਂਦਾ ਘਾਹ ਮੁਰਚ ਮੁਰਚ ਕਰਕੇ ਖਾਂਦੀ, ਦਿਲ ਖ਼ੁਸ਼ੀ ਨਾਲ ਨੱਚ ਉਠਦਾ। ਬਾਲਟੀ ਲੈ ਕੇ ਦੁੱਧ ਚੋਂਦੀ ਮਾਂ, ਦੁੱਧ ਨਾਲ ਭਰੀ ਝੱਗੋ-ਝੱਗ ਹੋਈ ਬਾਲਟੀ, ਦਹੀਂ ਅਤੇ ਲੱਸੀ ਦੀਆਂ ਘਰ ਵਿੱਚ ਲੱਗੀਆਂ ਲਹਿਰਾਂ-ਬਹਿਰਾਂ ਦੇ ਸੁਪਨੇ ਦਿਮਾਗ਼ ਵਿਚ ਘੁੰਮਣ ਲੱਗਦੇ।
ਜਦੋਂ ਪੰਜਵੀਂ ਜਮਾਤ ਵਿੱਚੋਂ ਪੂਰੇ ਜ਼ਿਲ੍ਹੇ ਵਿੱਚੋਂ ਪਹਿਲੇ ਨੰਬਰ ‘ਤੇ ਆਇਆ, ਉਸ ਦਿਨ ਘੋਟੇ ਮਾਸਟਰ ਨੇ ਮੁੰਡਾ ਭੇਜ ਕੇ ਬਾਪੂ ਨੂੰ ਉਚੇਚਾ ਸਕੂਲ ਸੱਦਿਆ। ਬਾਪੂ ਦੇ ਆਉਣ ‘ਤੇ ਘੋਟੇ ਮਾਸਟਰ ਨੇ ਮੈਨੂੰ ਬੁੱਕਲ ਵਿਚ ਲੈ ਕੇ ਘੁੱਟਿਆ। ਬਾਪੂ ਨੂੰ ਪੂਰੇ ਸਤਿਕਾਰ ਨਾਲ਼ ਆਪਣੇ ਕੋਲ ਪਈ ਕੁਰਸੀ ‘ਤੇ ਬੈਠਣ ਲਈ ਕਿਹਾ। ਬਾਪੂ ਡਰਦਾ-ਡਰਦਾ ਜਿਹਾ ਬੈਠਾ ਜਿਵੇਂ ਕੁਰਸੀ ਕੋਈ ਡੰਗ ਮਾਰਨ ਵਾਲ਼ਾ ਸੱਪ ਹੋਵੇ।
“ਲਿਆਕਤ ਕਿਸੇ ਦੀ ਮਾਂ ਦੀ ਨਿੱਜੀ ਜਾਇਦਾਦ ਨਹੀਂ ਹੁੰਦੀ। ਕੀ ਹੋਇਆ ਏਹ ਗਰੀਬ ਘਰੇ ਜੰਮਿਆ, ਦਿਮਾਗ ‘ਨ੍ਹੀਂ ਗਰੀਬ ਏਹਦਾ। ਕਹਿੰਦੇ ਕਹਾਉਂਦੇ ਖੱਬੀਖਾਨਾਂ ਦੇ ਮੁੰਡਿਆਂ ਨੂੰ ਪਛਾੜਿਆ ਏਹਨੇ। ਸਾਨੂੰ ਸਾਰੇ ਸਕੂਲ ਨੂੰ ਮਾਣ ਆ ਏਹਦੇ ‘ਤੇ। ਅੱਗੇ ਮਹੀਨੇ ਕੁ ਤਕ ਵਜ਼ੀਫੇ ਦੀ ਪ੍ਰੀਖਿਆ ਹੋਣ ਵਾਲ਼ੀ ਐ। ਮੈਂ ਆਪ ਲੈ ਕੇ ਜਾਊਂ ਪ੍ਰੀਖਿਆ ਦੁਆਉਣ। ਮੈਨੂੰ ਆਪਣੇ ਪੁੱਤਾਂ ਨਾਲੋਂ ਵੱਧ ਪਿਆਰਾ।” ਘੋਟੇ ਮਾਸਟਰ ਦੇ ਮੂੰਹੋਂ ਅਜਿਹੇ ਪਿਆਰ ਭਰੇ ਸ਼ਬਦ ਸੁਣ ਕੇ ਮੇਰੀਆਂ ਅੱਖਾਂ ਵਿਚ ਪਾਣੀ ਆ ਗਿਆ ਸੀ। ਮੈਂ ਉਸ ਸਮੇਂ ਦੇਖਿਆ, ਘੋਟੇ ਮਾਸਟਰ ਦੀਆਂ ਅੱਖਾਂ ਵੀ ਸਿਲੀਆਂ ਹੋ ਗਈਆਂ ਸਨ। ਬਾਪੂ ਤਾਂ ਬਿਲਕੁਲ ਹੀ ਗੁੰਮ ਗਿਆ ਸੀ। ਮੈਨੂੰ ਘੋਟਾ ਮਾਸਟਰ ਬੜਾ ਚੰਗਾ-ਚੰਗਾ ਲੱਗਾ ਸੀ।
“ਦੇਖ ਜਗੀਰ ਸਿੰਘ, ਮੁੰਡੇ ਨੂੰ ਪੜ੍ਹਨੋ ਨ੍ਹੀਂ ਹਟਾਉਣਾ। ਪੜ੍ਹਨ ਦੇ ਜਿਥੋਂ ਤੱਕ ਪੜ੍ਹਦਾ। ਅਫਸਰ ਬਣਾਉਣਾ ਏਹਨੂੰ, ਵੱਡਾ ਅਫਸਰ। ਜਿਸ ਦਿਨ ਕਿਸੇ ਅਹੁਦੇ ‘ਤੇ ਪੁੱਜ ਗਿਆ, ਤੇਰੀ ਸਾਰੀ ਗਰੀਬੀ ਹੂੰਝ ਸੁੱਟੂ। ਲੜੇ-ਲੰਡੇ ਸਰਦਾਰ ਤੇਰੇ ਅੱਗੇ ਪਿੱਛੇ ਫਿਰਿਆ ਕਰਨਗੇ।” ਘੋਟੇ ਮਾਸਟਰ ਨੇ ਆਖਿਆ ਸੀ। ਮੈਂ ਉਸ ਦਿਨ ਪਹਿਲੀ ਵਾਰ ਕਿਸੇ ਦੇ ਮੂੰਹੋਂ ਬਾਪੂ ਦਾ ਇਹ ਨਾਂ ਸੁਣਿਆ ਸੀ। ਕੰਮ-ਧੰਦੇ ਲਈ ਸੱਦਣ ਆਉਣ ਵਾਲੇ ਤਾਂ ਉਸ ਨੂੰ ‘ਗੀਰੀ’ ਈ ਸੱਦਦੇ ਸਨ।
“ਏਹ ਤੈਨੂੰ ਤੰਗ ਨ੍ਹੀਂ ਕਰਦਾ। ਵਜ਼ੀਫੇ ਆਸਰੇ ਈ ਪੜ੍ਹੀ ਜਾਊ। ਅਸੀਂ ਵੀ ਬਣਦੀ-ਸਰਦੀ ਹੈਲਪ ਕਰਿਆ ਕਰਾਂਗੇ। ਅਸੀਂ ਸਾਰਾ ਸਟਾਫ ਏਹਨੂੰ ਕੁਛ ਬਣਿਆ ਵੇਖਨਾ ਚਾਹੁੰਨੇ।”
“ਹੱਛਾ ਜੀ !” ਬਾਪੂ ਨੇ ਜੁਆਬ ਵਿਚ ਮਸੀਂ ਇੰਨਾ ਹੀ ਕਿਹਾ ਸੀ। ਮੈਨੂੰ ਪਹਿਲੇ ਨੰਬਰ ‘ਤੇ ਆਉਣ ਦੀ ਇੰਨੀ ਖ਼ੁਸ਼ੀ ਮਹਿਸੂਸ ਹੋ ਰਹੀ ਸੀ ਕਿ ਜੀਅ ਕਰਦਾ ਸੀ ਖੰਭ ਲਾ ਕੇ ਅਸਮਾਨ ਵੱਲ ਨੂੰ ਉੱਡ ਜਾਵਾਂ। ਉਸ ਦਿਨ ਮੈਂ ਅੰਦਰ ਵੜ ਕੇ ਘੋਟੇ ਮਾਸਟਰ ਦੀਆਂ ਗੱਲਾਂ ਚੇਤੇ ਕਰ-ਕਰ ਰੋਂਦਾ ਰਿਹਾ ਸਾਂ। ਕਿਉਂ ਰੋਂਦਾ ਰਿਹਾ ਸਾਂ, ਇਹ ਮੈਨੂੰ ਸਮਝ ਨਹੀਂ ਆਈ। ਮਾਂ ਦੇ ਪੈਰ ਧਰਤੀ ‘ਤੇ ਨਹੀਂ ਸੀ ਲੱਗੇ। ਉਹਨੇ ਆਂਡ-ਗੁਆਂਢ ਪਤਾਸੇ ਵੰਡੇ ਸਨ। ਪਤਾਸਿਆਂ ਲਈ ਘਰ ਪੈਸੇ ਕਿਥੋਂ ਆ ਗਏ ? ਮੈਂ ਇਹ ਵੀ ਸੋਚਦਾ ਰਿਹਾ ਸਾਂ।
“ਨੀ ਭੈਣੇ ਆਪਣਾ ਪਾਲ ਪਾਸ ਹੋਇਆ। ਮਸ਼ਟਰ ਕਹਿੰਦੇ ਅਖੇ ਪਟੜੀ ਫੇਰ ਦੇ ਸਕੂਲਾਂ ‘ਚੋਂ ਪਹਿਲੇ ਲੰਬਰ ‘ਤੇ ਆਇਆ। ਸਾਡੀਆਂ ਤਾਂ ਏਹਦੇ ‘ਤੇ ਈ ਆਸਾਂ। ਖੌਰੇ ਆਵਦੇ ਪਿਉ ਹੱਥੋਂ ਰੰਬਾ ਪੱਲੀ ਤੇ ਮੇਰੇ ਸਿਰ ਤੋਂ ਗੋਹੇ ਆਲਾ ਬੱਠਲ ਛੁਡਾ ਦੇਵੇ ? ਮਸ਼ਟਰ ਕਹਿੰਦੇ ਕਿਸੇ ਵੱਡੇ ‘ਹੁਦੇ ‘ਤੇ ਲੱਗੂ, ਏਹਦਾ ਡਮਾਕ ਬਹੁਤ ਤੇਜ਼ ਆ। ਭਾਈ ਗਰੀਬੀ ਆਲੀ ਬਿਮਾਰੀ ਫੇਰ ਈ ਖੇਹੜਾ ਸ਼ੱਡੂ ਸਾਡਾ।”
ਮਾਂ ਚੁੰਨੀ ਦੇ ਲੜ ਨਾਲ਼ ਅੱਖਾਂ ‘ਚੋਂ ਵਗ ਆਏ ਅੱਥਰੂ ਪੂੰਝਣ ਲੱਗ ਜਾਂਦੀ।
ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਮਾਂ ਮੇਰੇ ਪਾਸ ਹੋਣ ਦੀ ਖ਼ੁਸ਼ੀ ਵਿਚ ਰੋਣ ਕਿਉਂ ਲੱਗੀ ਸੀ।
ਪੰਜਵੀਂ ਕਰ ਕੇ ਛੇਵੀਂ ਜਮਾਤ ਵਿਚ ਪਿੰਡ ਦੇ ਦੂਸਰੇ ਪਾਸੇ ਬਣੇ ਹਾਈ ਸਕੂਲ ਵਿਚ ਜਾਣ ਲੱਗਾ ਸਾਂ। ਪਿੰਡ ਆਲੇ ਇਸ ਸਕੂਲ ਨੂੰ ‘ਵੱਡਾ ਸਕੂਲ’ ਕਿਹਾ ਕਰਦੇ ਸਨ। ਮੇਰੇ ਨਾਲ਼ ਪੜ੍ਹਦੀਆਂ ਪਿੰਡ ਦੀਆਂ ਬਹੁਤੀਆਂ ਕੁੜੀਆਂ ਤੇ ਵਿਹੜੇ ਆਲੇ ਮੁੰਡੇ ਸਕੂਲੋਂ ਹਟ ਕੇ ਘਰ ਬੈਠ ਗਏ ਸਨ। ਸਭ ਤੋਂ ਜ਼ਿਆਦਾ ਦੁੱਖ ਗੁੰਨੇ ਕੇ ਜੀਤੇ ਦੇ ਸਕੂਲੋਂ ਹਟਾ ਲੈਣ ਦਾ ਹੋਇਆ ਸੀ। ਜੀਤੇ ਨੂੰ ਸਕੂਲੋਂ ਹਟਾ ਕੇ ਰੱਤ- ਪੀਣਿਆਂ ਦੇ ਵੱਗ ਮਗਰ ਦਿੱਤਾ ਸੀ। ਮੈਨੂੰ ਜਦੋਂ ਹੀ ਜੀਤੇ ਦੇ ਸਕੂਲੋਂ ਹਟਾ ਲੈਂ ਬਾਰੇ ਪਤਾ ਚੱਲਿਆ, ਮੈਂ ਜੀਤੇ ਕੇ ਘਰ ਚਲਾ ਗਿਆ ਸਾਂ। ਮੇਰੇ ਅਤੇ ਜੀਤੇ ਦੇ ਨਾਨਕੇ ਨਾਲੋ ਨਾਲ ਪਿੰਡਾਂ ‘ਚ ਸਨ। ਮੈਂ ਜੀਤੇ ਦੀ ਮਾਂ ਨੂੰ ਮਾਸੀ ਕਿਹਾ ਕਰਦਾ ਸਾਂ।
“ਮਾਸੀ ਜੀਤੇ ਨੂੰ ਪੜ੍ਹਨੋਂ ਕਿਉਂ ਉਠਾ ਲਿਆ ? ਲਾ ਦਿਓ ਖਾਂ ਏਹਨੂੰ ਵੱਡੇ ਸਕੂਲੇ ਮੇਰੇ ਨਾਲ਼ ਈ।” ਮੈਂ ਤਰਲਾ ਕੀਤਾ ਸੀ। “ਪੁੱਤ ਕੀ ਕਰੀਏ? ਘਰ ਕਿਵੇਂ ਚੱਲੂ? ਤਾਇਆ ਤਾਂ ਤੇਰਾ ਜਿੰਨੇ ਕਮਾਉਂਦਾ, ਓਨੇ ਦੇ ਡੋਡੇ ਪੀ ਜਾਂਦਾ। ਘਰੇ ਤਾਂ ਇਕ ਡੰਗ ਦੀ ਰੋਟੀ ਨ੍ਹੀਂ ਪੱਕਦੀ, ਏਹਦੀ ਪੜ੍ਹਾਈ ਦਾ ਖਰਚਾ ਕੌਣ ਤੋਰੂ ? ਨਾਲੇ ਪੁੱਤ ਆਪਾਂ ਗਰੀਬਾਂ ਨੂੰ ਪੜ੍ਹਾਈਆਂ ਨਾਲ਼ ਕੀ ? ਆਪਣੀ ਏਡੀ ਚੰਗੀ ਕਿਸਮਤ ਕਿੱਥੇ ?” ਮਾਸੀ ਨੇ ਕੋਈ ਹੁੰਗਾਰਾ ਨਹੀਂ ਸੀ ਭਰਿਆ। ਉਸ ਦੇ ਬੋਲ ਸੁਣ ਕੇ ਮੇਰਾ ਦਿਲ ਟੁੱਟ ਗਿਆ ਸੀ। ਮੈਂ ਬਿਨਾਂ ਕੁਝ ਹੋਰ ਬੋਲੇ ਘਰ ਆ ਗਿਆ ਸਾਂ।
ਪ੍ਰਾਇਮਰੀ ਸਕੂਲ ‘ਚ ਪੜ੍ਹਦਿਆਂ ਕਈ ਵਾਰ ਮਨ ਸਕੂਲੋਂ ਭੱਜ ਜਾਣ ਨੂੰ ਕਰ ਆਉਂਦਾ ਸੀ ਪਰ ਵੱਡੇ ਸਕੂਲ ਪੜ੍ਹਦਿਆਂ ਪੜ੍ਹਾਈ ਤੋਂ ਕਦੇ ਮਨ ਨਹੀਂ ਸੀ ਅੱਕਿਆ। ਬੱਸ ਕਿਸੇ ਧੁਨ ਵਿਚ ਲੱਗਾ ਰਹਿੰਦਾ ਸਾਂ। ਪੜ੍ਹ ਕੇ ਕਿਸੇ ਵੱਡੇ ਅਹੁਦੇ ‘ਤੇ ਲੱਗਣ ਦਾ ਸੁਪਨਾ ਅੱਖਾਂ ਅੱਗੇ ਤੈਰਦਾ ਰਹਿੰਦਾ। ਮੈਨੂੰ ਹੁਣ ਆਪਣੇ ਮੈਲ਼ੇ ਤੇ ਪੁਰਾਣੇ ਕੱਪੜੇ ਵੇਖ ਕੇ ਕਦੇ ਹੀਣਤਾ ਵੀ ਨਾ ਆਉਂਦੀ। ਇਹ ਗੱਲਾਂ ਜਿਵੇਂ ਅਸਰ ਕਰਨੋਂ ਹੀ ਹਟ ਗਈਆਂ ਸਨ। ਹਿਸਾਬ ਵਾਲ਼ੇ ਨਿੱਕੇ ਕੱਦ ਦੇ ਮਾਸਟਰ, ਜਿਸ ਨੂੰ ਸਾਰੇ ਵਿਦਿਆਰਥੀ ‘ਚਮਗਿੱਦੜ’ ਆਖਦੇ ਹੁੰਦੇ ਸਨ, ਵਲੋਂ ਜਾਤ ਦਾ ਨਾਂ ਲੈ-ਲੈ ਕੇ ਕੀਤੀਆਂ ਚਿੜਾਉਣ ਵਾਲ਼ੀਆਂ ਗੱਲਾਂ ਜ਼ਰੂਰ ਦੁਖੀ ਕਰਦੀਆਂ। ਮੈਨੂੰ ਤਾਂ ਭਾਵੇਂ ਉਹ ਕੁੱਝ ਨਹੀਂ ਸੀ ਕਹਿੰਦਾ (ਕੁੱਝ ਕਹਿਣ ਦਾ ਮੌਕਾ ਹੀ ਕਿੱਥੇ ਦਿੰਦਾ ਸਾਂ, ਉਂਜ ਉਸ ਵਲੋਂ ਤਾਂ ਕੋਈ ਢਿੱਲ ਨਹੀਂ ਸੀ ਹੁੰਦੀ) ਪਰ ਮੇਰੇ ਇਕ ਦੋ ਸਾਥੀਆਂ, ਜੋ ਪੜ੍ਹਾਈ ਵਿਚ ਕੁੱਝ ਕਮਜ਼ੋਰ ਸਨ, ਨਾਲ ਉਹ ਬੁਰੀ ਤਰ੍ਹਾਂ ਪੇਸ਼ ਆਉਂਦਾ।
“ਸਰਕਾਰ ਦੇ ਜਵਾਈ ਓ ਤੁਸੀਂ—-ਮੁਫ਼ਤ ਕਿਤਾਬਾਂ—-ਫ਼ੀਸਾਂ ਮੁਆਫ਼, ਵਜ਼ੀਫੇ ਤਾਂ ਮਿਲ ਜਾਂਦੇ। ਤੁਸੀਂ ਪੜ੍ਹ ਕੇ ਕੀ ਕਰਨਾ ? ਕੰਜਰ ਦੇ ਕੰਜਰੋ ਸੀਰੀ ਰਲ਼ ਜੋ—-ਚਾਰ ਮਣ ਦਾਣੇ ਤਾਂ ਆਉਣ ਘਰੇ। ਪੜ੍ਹ ਕੇ ਕਿਹੜਾ ਡੀ. ਸੀ. ਲੱਗਜੋਂਗੇ ?” ਚਮਗਿੱਦੜ ਮਾਸਟਰ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਮਨ ਦੁਖੀ ਹੁੰਦਾ ਪਰ ਅੰਦਰੇ-ਅੰਦਰੇ ਸਾਰਾ ਕੁਝ ਪੀ ਜਾਂਦਾ। ਉਸਦੀਆਂ ਬਿੱਲੀ ਵਰਗੀਆਂ ਲਾਲ ਅੱਖਾਂ ਤੋਂ ਭੈਅ ਆਉਂਦਾ। ਉਸਦਾ ਪੀਰੀਅਡ ਤਾਂ ਮਸਾਂ ਲੰਘਦਾ ਸੀ, ਜਿਵੇਂ ਵਕਤ ਇੱਕ ਥਾਂ ‘ਤੇ ਰੁਕ ਜਾਂਦਾ ਹੋਵੇ। ਗੰਜੇ ਹਿੰਦੀ ਮਾਸਟਰ ਤੋਂ ਕੁੱਟ ਖਾ ਕੇ ਬੜਾ ਸੁਆਦ ਆਉਂਦਾ। ਇਹ ਨਹੀਂ ਕਿ ਹਿੰਦੀ ਵਿਚੋਂ ਕਮਜ਼ੋਰ ਸਾਂ, ਬੱਸ ਕੁੱਟ ਖਾਣ ਲਈ ਜਾਣ-ਬੁੱਝ ਕੇ ਘਰ ਦਾ ਕੰਮ ਨਾ ਕਰਦਾ। ਇਹ ਆਦਤ ਦਸਵੀਂ ਵਿਚ ਜਾ ਕੇ ਹੀ ਪਈ ਸੀ।
“ਗੰਦਾ ਆਂਡਾ! ਸੂਰ! ਚੰਗਾ ਭਲਾ ਹੁੰਦਾ ਸੀ, ਪਤਾ ਨ੍ਹੀਂ ਕੀ ਬਿਮਾਰੀ ਪੈਗੀ ਇਹਨੂੰ। ਇੰਨਾ ਗਧਿਆ ਨਾਲ਼ ਰਲ਼ਕੇ ਜਵਾਂ ਮਾਤਾ ਦਾ ਮਾਲ ਬਣਦਾ ਜਾ ਰਿਹੈ।” ਹਿੰਦੀ ਵਾਲ਼ਾ ਮਾਸਟਰ ਮੌਲਾ ਬਖਸ਼ ਨਾਲ਼ ਸੇਵਾ ਕਰਦਾ, ਸਲੋਕ ਵੀ ਪੜ੍ਹੀ ਜਾਂਦਾ। ਕੁੱਟ ਖਾਂਦਿਆਂ ਮੇਰੀ ਨਿਗਾਹ ਚੋਰੀ-ਚੋਰੀ ਕੁੜੀਆਂ ਵਾਲ਼ੇ ਪਾਸੇ ਚਲੀ ਜਾਂਦੀ। ਮੈਂ ਵੇਖਦਾ ਜਿੰਦਰ ਦਾ ਬੁਰਾ ਹਾਲ ਹੋਇਆ ਹੁੰਦਾ। ਮੈਨੂੰ ਜਾਪਦਾ ਜੇਕਰ ਉਸਦਾ ਵੱਸ ਚੱਲੇ ਤਾਂ ਉਹ ਕੁੱਟ ਰਹੇ ਗੰਜੇ ਮਾਸਟਰ ਦੇ ਹੱਥੋਂ ਡੰਡਾ ਆ ਫੜੇ। ਜਿੰਨਾ ਚਿਰ ਮੈਨੂੰ ਕੁੱਟ ਦਾ ਪ੍ਰਸ਼ਾਦ ਮਿਲਦਾ ਰਹਿੰਦਾ, ਉਹ ਅੱਖਾਂ ਬੰਦ ਕਰੀ ਰੱਖਦੀ। ਹਿੰਦੀ ਮਾਸਟਰ ਦਾ ਪੀਰੀਅਡ ਲੰਘਣ ਬਾਅਦ, ਜਦੋਂ ਵੀ ਮੌਕਾ ਮਿਲਦਾ ਉਹ ਮੈਨੂੰ ਇਕੱਲਾ ਵੇਖ ਮੇਰੇ ਕੋਲ਼ ਆ ਜਾਂਦੀ।
“ਪਾਲ ਤੂੰ ਕੰਮ ਕਿਉਂ ਨ੍ਹੀਂ ਕਰਕੇ ਲਿਆਉਂਦਾ? ਤੂੰ ਕੁੱਟ ਕਿਉਂ ਖਾਨੈ ? ਤੇਰੇ ਪੀੜ ਨ੍ਹੀਂ ਹੁੰਦੀ?” ਉਹ ਮੇਰੇ ਹੱਥ ਫੜ ਕੇ ਹੱਥਾਂ ਉਪਰ ਪਈਆਂ ਲਾਸਾਂ ਅਤੇ ਨੀਲ ਵੇਖਦੀ ਅਤੇ ਹਉਂਕਾ ਖਿੱਚ ਹੁਬਕੀਂ-ਹੁਬਕੀਂ ਰੋਣ ਲੱਗ ਜਾਂਦੀ। ਮੈਨੂੰ ਉਸ ਦਾ ਇੰਜ ਰੋਣਾ ਚੰਗਾ ਚੰਗਾ ਲੱਗਦਾ। ਮੇਰਾ ਜੀਅ ਕਰਦਾ, ਉਸ ਦੀਆਂ ਪਲਕਾਂ ਤੋਂ ਬਾਹਰ ਵਗ ਆਏ ਹੰਝੂਆਂ ਨੂੰ ਆਪਣੀਆਂ ਉਂਗਲਾਂ ਦੇ ਪੋਟਿਆਂ ਨਾਲ਼ ਸਾਫ਼ ਕਰ ਦੇਵਾਂ ਪਰ ਇੰਜ ਨਾ ਕਰ ਸਕਦਾ। ਮੈਂ ਸਿਰ ਸੁੱਟ ਕੇ ਉਸ ਕੋਲ਼ ਖੜ੍ਹਾ ਰਹਿੰਦਾ। ਉਸ ਦੀਆਂ ਅੱਖਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ ਹੁੰਦੀ।
“ਮੈਂ ਤੇਰਾ ਕੰਮ ਕਰਕੇ ਲਿਆ ਦਿਆ ਕਰੂੰ।” ਤੇ ਉਹ ਸੱਚਮੁਚ ਹਰ ਰੋਜ਼ ਹਿੰਦੀ ਮਾਸਟਰ ਵੱਲੋਂ ਦਿੱਤਾ ਮੇਰਾ ਘਰ ਦਾ ਕੰਮ ਕਰ ਕੇ ਲਿਆਉਣ ਲੱਗੀ। ਉਹ ਛੁੱਟੀ ਵੇਲ਼ੇ ਕਾਪੀ ਘਰ ਲੈ ਜਾਂਦੀ ਤੇ ਅਗਲੇ ਦਿਨ ਸਭ ਤੋਂ ਪਹਿਲਾਂ ਹੀ ਜਮਾਤ ਵਿਚ ਆ ਬਹਿੰਦੀ। ਆਉਂਦਿਆਂ ਸਾਰ ਕਾਪੀ ਮੈਨੂੰ ਫੜਾ ਦਿੰਦੀ। ਮੇਰੇ ਹਿੰਦੀ ਵਾਲੇ ਗੰਜੇ ਮਾਸਟਰ ਤੋਂ ਕੁੱਟ ਪੈਣੀ ਬੰਦ ਹੋ ਗਈ। ਮੈਨੂੰ ਪਤਾ ਨਹੀਂ ਕਿਉਂ ਇਹ ਬੁਰਾ-ਬੁਰਾ ਲੱਗਣ ਲੱਗਾ। ਮੇਰਾ ਜੀਅ ਕਰਦਾ ਕਿ ਜਿੰਦਰ ਪਹਿਲਾਂ ਵਾਂਗ ਮੇਰੇ ਹੱਥ ਫੜੇ, ਹੱਥਾਂ ‘ਤੇ ਪਏ ਨੀਲ ਚੁੰਮੇ ਤੇ ਹੁਬਕੀਂ-ਹੁਬਕੀਂ ਰੋਵੇ। ਮੈਂ ਡਰਾਇੰਗ ਦਾ ਕੰਮ ਕਰਨਾ ਬੰਦ ਕਰ ਦਿੱਤਾ ਉਸ ਦੀ ਕੁੱਟ ਪ੍ਰਾਇਮਰੀ ਆਲ਼ੇ ਘੋਟੇ ਮਾਸਟਰ ਵਰਗੀ ਸੀ। ਉਹ ਤਾਂ ਕੁੱਟ-ਕੁੱਟ ਬੇਹਾਲ ਹੀ ਕਰ ਦਿੰਦਾ, ਪਰ ਉਸ ਦੀ ਕੁੱਟ ਚੰਗੀ-ਚੰਗੀ ਲੱਗਦੀ। ਜਿੰਦਰ ਪਹਿਲਾਂ ਵਾਂਗ ਫੇਰ ਹੱਥ ਫੜ ਚੁੰਮਣ ਲੱਗੀ ਸੀ। ਫੇਰ ਉਹ ਮੇਰਾ ਡਰਾਇੰਗ ਦਾ ਕੰਮ ਕਰ ਕੇ ਵੀ ਲਿਆਉਣ ਲੱਗੀ। ਉਸ ਦੇ ਦਿਲ ਵਿਚ ਪਤਾ ਨਹੀਂ ਕੀ ਆਈ, ਉਹ ਦਿਨ ‘ਚ ਇਕ ਅੱਧ ਵਾਰ ਮੇਰਾ ਹੱਥ ਫੜ ਕੇ ਜ਼ਰੂਰ ਚੁੰਮਦੀ।
ਇਤਿਹਾਸ ਵਾਲ਼ਾ ਮਾਸਟਰ ਜਿਸ ਨੂੰ ਦੂਜੇ ਮਾਸਟਰ ‘ਕਾਮਰੇਡ ਸਟਾਲਿਨ’ ਕਹਿ ਕੇ ਬੁਲਾਇਆ ਕਰਦੇ ਸਨ, ਤੂੜ-ਤੂੜ ਕੇ ਸਮਾਜਵਾਦ ਸਾਡੇ ਦਿਮਾਗ਼ਾਂ ਵਿਚ ਵਾੜਦਾ ਰਹਿੰਦਾ। ਉਸ ਵਲੋਂ ਵਰਤੇ ਔਖੇ-ਔਖੇ ਸ਼ਬਦਾਂ ਦੀ ਮੈਨੂੰ ਕੋਈ ਸਮਝ ਨਹੀਂ ਸੀ ਪੈਂਦੀ।
ਬੁਰਜੂਆ, ਪੈਟੀ ਬੁਰਜੂਆ, ਪ੍ਰੋਲੇਤਾਰੀ, ਬਸਤੀਵਾਦੀ, ਨਵ-ਬਸਤੀਵਾਦੀ ਵਰਗੇ ਸ਼ਬਦ ਸਿਰ ਦੇ ਉਪਰ-ਉਪਰ ਦੀ ਲੰਘ ਜਾਂਦੇ। ਕਲਾਸ ਦੇ ਸਾਰੇ ਮੁੰਡੇ ਪਿੱਠ ਪਿੱਛੇ ਉਸ ਨੂੰ ‘ਬੁਰਜੂਆ’ ਕਹਿੰਦੇ ਸਨ। ਉਸ ਦੀ ਔਖੀ ਭਾਰੀ ਫ਼ਿਲਾਸਫ਼ੀ ਸਾਡੇ ਕਿਸੇ ਦੀ ਸਮਝ ਨਹੀਂ ਸੀ ਪੈਂਦੀ ਪਰ ਫੇਰ ਵੀ ਉਹ ਅਮੀਰ-ਗਰੀਬ, ਕਾਣੀ ਵੰਡ ਤੇ ਜਾਤਾਂ-ਧਰਮਾਂ ਦੇ ਵਿਰੋਧ ਦੀਆਂ ਗੱਲਾਂ ਕਰਦਾ ਮੈਨੂੰ ਚੰਗਾ-ਚੰਗਾ ਲੱਗਦਾ। ਮੈਨੂੰ ਲੱਗਦਾ ਜਿਵੇਂ ਮਾਸਟਰ ਦੇ ਅੰਦਰ ਇਨ੍ਹਾਂ ਸਭ ਦੇ ਖ਼ਿਲਾਫ਼ ਕੋਈ ਲਾਵਾ ਬਲ ਰਿਹਾ ਹੋਵੇ। ਉਸ ਦੀਆਂ ਗੱਲਾਂ ਸੁਣਦਿਆਂ, ਦਿਹਾੜੀ ਜੋਤੇ ਦਾ ਔਖਾ ਕੰਮ ਕਰਦਾ ਬਾਪੂ, ਕਪਾਹ ਚੁਗਦੀਆਂ ਭੈਣਾਂ, ਝੋਨਾ ਲਾਉਂਦਾ ਆਪਣਾ-ਆਪ ਤੇ ਗੋਹਾ-ਕੂੜਾ ਢੋਂਦੀ ਮਾਂ ਮੇਰੀਆਂ ਅੱਖਾਂ ਅੱਗੇ ਆ ਖੜਦੇ। ਕਾਮਰੇਡ ਮਾਸਟਰ ਗੱਲ ਭਾਵੇਂ ਮਹਿਮੂਦ ਗਜ਼ਨਵੀ ਦੇ ਹਮਲੇ ਤੋਂ ਸ਼ੁਰੂ ਕਰਦਾ ਜਾਂ ਭਾਰਤੀ ਸੁਤੰਤਰਤਾ ਅੰਦੋਲਨ ਤੋਂ, ਖ਼ਤਮ ਆ ਕੇ ਰੂਸ ਅਤੇ ਚੀਨ ਦੇ ਇਨਕਲਾਬ ‘ਤੇ ਹੀ ਕਰਦਾ। ਮਾਸਟਰ ਦੀਆਂ ਗੱਲਾਂ ਸੁਣ ਕੇ ਕਈ ਵਾਰ ਤਾਂ ਖ਼ੂਨ ਖੌਲਣ ਲੱਗ ਜਾਂਦਾ। ਜੀਅ ਕਰਦਾ ਭਗਤ ਸਿੰਘ ਵਾਂਗ ਮੇਰੇ ਕੋਲ ਪਸਤੌਲ ਹੋਵੇ ਪਰ ਇਸ ਨਾਲ਼ ਮਾਰਾਂ ਕਿਸ ਨੂੰ? ਇਹ ਸੋਚਣ ‘ਤੇ ਮੇਰੇ ਕੁਝ ਵੀ ਸਮਝ ਨਾ ਆਉਂਦਾ। ਮੈਂ ਪਿੰਡ ਦੇ ਬਹੁਤ ਸਾਰੇ ਬੰਦਿਆਂ ਬਾਰੇ ਸੋਚਦਾ ਕਿਸ ਕਿਸ ਨੂੰ ਮਾਰਨਾ ਚਾਹੀਦਾ ਹੈ। ਇੱਕ-ਇੱਕ ਕਰਕੇ ਕਈ ਚਿਹਰੇ ਅੱਖਾਂ ਸਾਹਮਣੇ ਆਉਂਦੇ, ਪਰ ਦਿਮਾਗ਼ ਕੋਈ ਫ਼ੈਸਲਾ ਨਾ ਕਰ ਸਕਦਾ।
ਜਿਸ ਦਿਨ ਦਸਵੀ ਦਾ ਰੀਜ਼ਲਟ ਆਇਆ, ਮਾਂ ਨੇ ਚੁੰਮ-ਚੁੰਮ ਮੇਰਾ ਮੂੰਹ ਲਾਲ ਕਰ ਦਿੱਤਾ। ਗਲੀ ਗੁਆਂਢ ਤੇ ਪਿੰਡ ‘ਚੋਂ ਮਿਲੀਆਂ ਵਧਾਈਆਂ ਨਾਲ਼ ਮਾਂ ਦੀ ਝੋਲੀ ਭਰ ਗਈ ਸੀ। ਮੈਂ ਸੋਚਦਾ ਹੁੰਦਾ ਸਾਂ ਕਿ ਡਿਗਰੀ ਕਰਦਿਆਂ ਸਾਰ ਕਿਸੇ ਦਫ਼ਤਰ ਦੀ ਖਾਲ਼ੀ ਪਈ ਕੁਰਸੀ ‘ਤੇ ਬਿਠਾ ਦਿੱਤਾ ਜਾਵਾਂਗਾ ਪਰ ਕਾਲਜ ਚੋਂ ਡਿਗਰੀ ਲੈ ਕੇ ਨਿਕਲਿਆ ਤਾਂ ਮੇਰੇ ਤੇ ਮਾਂ ਦੇ ਸੁਪਨੇ ਇੱਕ-ਇੱਕ ਕਰਕੇ ਤਿੜਕਣ ਲੱਗੇ। ਕਿਸੇ ਸਰਕਾਰੀ ਦਫ਼ਤਰ ਜਾਂਦਾ ਤਾਂ ਖਾਲੀ ਪਈਆਂ ਕੁਰਸੀਆਂ ਵੱਲ ਵੇਖ ਵੇਖ ਕੇ ਹੈਰਾਨ ਹੁੰਦਾ ਕਿ ਇਹਨਾਂ ‘ਚੋਂ ਇੱਕ ਵੀ ਮੇਰੇ ਲਈ ਕਿਉਂ ਨਹੀਂ ? ਆਪਣੇ ਲਈ ਕਿਸੇ ਅਹੁਦੇ ਦੀ ਭਾਲ ‘ਚ ਪੰਜਵੇਂ ਸੱਤਵੇਂ ਦਿਨ ਕਿਸੇ ਟੈਸਟ, ਇੰਟਰਵਿਊ ‘ਤੇ ਚੜ੍ਹਿਆ ਰਹਿੰਦਾ। ਮੇਰੇ ਟੈਸਟ, ਇੰਟਰਵਿਊ ‘ਤੇ ਜਾਣ ਲੱਗਿਆਂ ਮਾਂ ਸੁੱਖਣਾ ਸੁੱਖਦੀ। ਮਿਸਤਰੀ ਨਾਲ ਦਿਹਾੜੀ ਲਾ ਕੇ ਕਮਾਏ ਚਾਰ ਪੈਸੇ ਟੈਸਟ- ਇੰਟਰਵਿਊ ਦੇ ਢਿੱਡ ‘ਚ ਜਾ ਵੜਦੇ ਤਾਂ ਬੱਜਰੀ ਵਾਲ਼ੀ ਕੜਾਹੀ ਚੁੱਕਣ ਨਾਲ਼ ਸਿਰ ‘ਤੇ ਪੜੇ ਰੋਬੜੇ ਚਸਕਣ ਲੱਗਦੇ। ਘਰ ‘ਚ ਕੁੜ- ਕੁੜ ਰਹਿਣ ਲੱਗੀ। ਬਾਪੂ ਹਰ ਵੇਲੇ ਬਿਨਾ ਗੱਲੋਂ ਅਵਾ-ਤਵਾ ਬੋਲਦਾ ਰਹਿੰਦਾ।
“ਚੜ੍ਹੀ ਰਹਿੰਦੀ ਸੀ ਘੋੜੇ ‘ਤੇ ਅਖੇ ਪੁੱਤ ਨੂੰ ਪੜ੍ਹਾ ਕੇ ਵੱਡਾ ਅਪਸਰ ਲੁਆਉਣੈ। ਲੁਆ ਲੈ ਕਾਨੂੰਗੋ। ਕੋਈ ਚਪੜਾਸੀ ਰੱਖਣ ਨੂੰ ਤਿਆਰ ਨ੍ਹੀਂ। ਐਵੇਂ ਘਰੋਂ ਨਿਕਲ ਜਾਂਦਾ ਕੰਮ ਤੋਂ ਟਲਣ ਮਾਰਾ। ਪੈਸੇ ਪੱਟ ਕੇ ਮੁੜ ਆਉਂਦਾ ਤੋਰਾ ਫੇਰਾ ਕਰਕੇ।” ਬਾਪੂ ਦੇ ਬੋਲ ਹਥੋੜੇ ਵਾਂਗੂੰ ਸਿਰ ‘ਚ ਵੱਜਦੇ।
“ਖੌਰੇ ਰੱਬ ਕੰਜਰ ਸਾਡਾ ਈ ਵੈਰੀ ਕਾਹਨੂੰ ਹੋਇਆ ਪਿਆ ? ਮੇਰਾ ਪੁੱਤ ਤਾਂ ਪੜ੍ਹ-ਪੜ੍ਹ ਕੇ ਕਮਲਾ ਹੋ ਗਿਆ। ਸਾਰੀ-ਸਾਰੀ ਦਿਹਾੜੀ ਕਿਤਾਬਾਂ ਨਾਲ ਮੱਥਾ ਮਾਰਦਾ ਰਹਿੰਦੈ। ਸਾਡੀ ਅਵਦੀ ਕਿਸਮਤ ਈ ਮਾੜੀ ਆ। ਸਾਡੇ ਕਰਮਾਂ ‘ਚ ਈ ਸੁਖ ਨ੍ਹੀਂ ਲਿਖਿਆ।” ਮਾਂ ਡੁਸਕਣ ਲੱਗਦੀ।
ਮੈਂ ਮਾਂ ਜਾਂ ਬਾਪੂ ਨੂੰ ਕਦੇ ਨਹੀ ਸੀ ਦੱਸਿਆ ਕਿ ਜਿਸ ਵੀ ਨੌਕਰੀ ਲਈ ਇੰਟਰਵਿਊ ਟੈਸਟ ਦੇਣ ਜਾਈਦਾ ਹੈ, ਉਥੇ ਤਾਂ ਪਹਿਲਾਂ ਹੀ ਵੱਡੇ ਅਫ਼ਸਰਾਂ, ਵਜ਼ੀਰਾਂ ਦਾ ਕੋਈ ਪੁੱਤ-ਭਤੀਜਾ ਜਾਂ ਕੋਈ ਪੈਸੇ ਵਾਲਾ ਰੱਖ ਲਿਆ ਹੁੰਦਾ ਹੈ। ਸੋਚਦਾ ਮਾਂ ਤੇ ਬਾਪੂ ਦੁਖੀ ਹੋਣਗੇ। ਬਾਪੂ ਤਾਂ ਸ਼ਾਇਦ ਦੁਖੀ ਹੋਇਆ ਇਹੀ ਕਹਿ ਦੇਵੇ, “ਹੁਣ ਸਾਡੇ ਹੱਡ ਬਾਕੀ ਰਹਿੰਦੇ ਆ, ਉਹ ਵਿਕਦੇ ਤਾਂ ਵੇਚ ਦੇ।” “ਮੇਰੇ ਸਾਲੇ ਆਹ ਵੱਡੇ ਢਿੱਡਾਂ ਆਲ਼ੇ ਕਦੋਂ ਅੱਗੇ ਆਉਣ ਦਿੰਦੇ ਕਿਸੇ ਗਰੀਬ ਨੂੰ। ਲੋਕ ਕੁੜੀ ਦੇæææ ਥੱਦੀਆਂ ਦੀਆਂ ਥੱਦੀਆਂ ਨੋਟਾਂ ਦੀਆਂ ਚੁੱਕੀ ਫਿਰਦੇ ਅਪਸਰਾਂ ਮਗਰ। ਸਾਨੂੰ ਗਰੀਬ ਨੂੰ ਨੌਕਰੀ ਕਿੱਥੇ? ਐਵੇਂ ਗਾਲਤੇ ਐਨੇ ਵਰ੍ਹੇ। ਕਿਸੇ ਮਿਸਤਰੀ ਨਾਲ ਲਾਇਆ ਹੁੰਦਾ, ਹੁਣ ਨੂੰ ਸਿਰੇ ਦਾ ਮਿਸਤਰੀ ਬਣਿਆ ਹੁੰਦਾ। ਪਰ ਚੱਲਣ ਕਿੱਥੇ ਦਿੱਤੀ ਮੇਰੀ—-ਤੀਵੀਂ ਨੇ। ਅਖੇ ਅਪਸਰ ਬਣਾਉਣੈ। ਬਣਾਲੈ—।” ਮੈਨੂੰ ਬਾਪੂ ‘ਤੇ ਤਰਸ ਵੀ ਆਉਂਦਾ ਤੇ ਇਉਂ ਵੀ ਜਾਪਦਾ ਜਿਵੇਂ ਉਹ ਬਹੁਤ ਵੱਡਾ ਸੱਚ ਬੋਲ ਰਿਹਾ ਹੋਵੇ। ਬਾਪੂ ਨੂੰ ਇਹ ਸਾਰਾ ਕੁੱਝ ਕਿੱਥੋਂ ਪਤਾ ਲੱਗ ਗਿਆ? ਮੇਰੀ ਸਮਝ ਵਿਚ ਨਾ ਆਉਂਦਾ।
ਰੁਜ਼ਗਾਰ ਦਫ਼ਤਰਾਂ ਦੇ ਧੱਕੇ ਖਾਂਦਿਆ-ਖਾਂਦਿਆਂ ਆਖ਼ਰ ਥੱਕ ਹਾਰ ਕੇ ਸ਼ਹਿਰ ਟਰੱਕਾਂ ਵਾਲ਼ੀ ਵਰਕਸ਼ਾਪ ‘ਤੇ ਜਾ ਲੱਗਾ। ਵਿੱਚ-ਵਿਚਾਲੇ ਅਜੇ ਵੀ ਕਿਤੇ-ਨਾ-ਕਿਤੇ ‘ਅਹੁਦਾ’ ਭਾਲਣ ਤੁਰ ਜਾਈਦਾ। ਵਰਕਸ਼ਾਪ ‘ਤੇ ਸਾਰੀ ਦਿਹਾੜੀ ਪੰਸੇਰੀ ਭਾਰ ਦਾ ਘਣ ਚਲਾਉਣਾ ਪੈਂਦਾ। ਹੱਥਾਂ ‘ਤੇ ਅੱਟਣ ਬਣ ਗਏ। ਹੱਥਾਂ ਦੇ ਨੀਲ ਵੇਖਦਆਂ ਮੱਲੋ-ਮੱਲੀ ਜਿੰਦਰ ਚੇਤੇ ਆ ਜਾਂਦੀ।
“ਪਾਲ!” ਆਵਾਜ਼ ਸੁਣ ਕੇ ਮੈਂ ਆਸੇ-ਪਾਸੇ ਵੇਖਿਆ। ਜਿੰਦਰ ਨੂੰ ਆਪਣੀ ਮਾਂ ਨਾਲ ਅੱਡੇ ਵਿਚ ਵੇਖ ਹੈਰਾਨ ਰਹਿ ਗਿਆ ਸਾਂ। ਉਸਨੂੰ ਕਈ ਵਰ੍ਹੇ ਹੋ ਗਏ ਸਨ ਕਨੈਡਾ ਗਿਆਂ। ਮੈਂ ਵੇਖ ਵੇਖ ਹੈਰਾਨ ਹੋ ਰਿਹਾ ਸਾਂ, ਜਿੰਦਰ ਅਜੇ ਵੀ ਕਿੰਨੀ ਸਾਦੀ ਜਿਹੀ ਸੀ।
“ਪਾਲ ਕੀ ਕਰ ਰਿਹੈਂ ਅੱਜ ਕੱਲ੍ਹ? ਉਸ ਦੀ ਆਵਾਜ਼ ‘ਚ ਅਜੇ ਵੀ ਪਹਿਲਾਂ ਵਾਂਗ ਅਪਣਾਪਨ ਸੀ।
“ਵਰਕਸ਼ਾਪ ‘ਚ ਹਥੌੜੇ ਨਾਲ਼ ਠੱਕ-ਠੱਕ।” ਮੈਂ ਨੀਵੀਂ ਜਿਹੀ ਪਾ ਲਈ। ਮੇਰੇ ਚਿਹਰੇ ਉਪਰਲੇ ਹੀਣਤਾ ਭਾਵ ਜਿੰਦਰ ਨੇ ਪੜ੍ਹ ਲਏ ਹੋਣਗੇ। ਮੇਰਾ ਦਿਲ ਕੀਤਾ, ਉਹ ਮੇਰੇ ਹੱਥਾਂ ਨੂੰ ਫੜੇ ਤੇ ਹੱਥਾਂ ‘ਤੇ ਪੱਕੇ ਤੌਰ ‘ਤੇ ਪੈ ਚੁੱਕੇ ਨੀਲਾਂ ਨੂੰ ਚੁੰਮ ਲਏ। ਮੇਰਾ ਜੀਅ ਕੀਤਾ ਉਹ ਪੁੱਛੇ, “ਐਹ ਨੀਲ ਕਿਉਂ ਪਏ ਨੇ ?” ਤੇ ਮੈਂ ਦੱਸਾਂ ਕਿ ਇਹ ਨੀਲ ਮੈਂ ਆਪਣੀ ਮਰਜ਼ੀ ਨਾਲ਼ ਨਹੀਂ ਪੁਆਏ। ਹੁਣ ਤਾਂ ਨੀਲ ਪਾਉਣ ਦੇ ਜ਼ਿੰਮੇਵਾਰ ਲੋਕਾਂ ਨੂੰ ਨੀਲਾ ਕਰ ਦੇਣ ਬਾਰੇ ਸੋਚਦਾ ਰਹਿੰਦਾ ਹਾਂ।
“ਪਾਲ ਮੈਨੂੰ ਤੇਰੀ ਐਜੂਕੇਸ਼ਨ ਦਾ ਪਤਾ ਐ। ਮੈਂ ਅਕਸਰ ਤੇਰੇ ਬਾਰੇ ਪੁੱਛਦੀ ਰਹਿੰਦੀ ਹਾਂ। ਖ਼ੈਰ ਇਹਦੇ ‘ਚ ਨਮੋਸ਼ੀ ਵਾਲ਼ੀ ਕਿਹੜੀ ਗੱਲ ਐ ? ਬਾਹਰਲੇ ਦੇਸ਼ਾਂ ‘ਚ ਕਿਸੇ ਵੀ ਕੰਮ ਨੂੰ ਨਫ਼ਰਤ ਨ੍ਹੀਂ ਕੀਤੀ ਜਾਂਦੀ ਭਾਵੇਂ ਕਲੀਨਿੰਗ ਦਾ ਕੰਮ ਈ ਕਿਉਂ ਨਾ ਹੋਵੇ। ਉੁਹਨਾਂ ਲੋਕਾਂ ਦੀ ਤਾਂ ਸੋਚ ਹੈ ਕਿ ਜੋ ਕੰਮ ਸਾਨੂੰ ਰੋਟੀ ਦਿੰਦਾ ਹੈ ਉਹ ਮਾੜਾ ਕਿਵੇ ਹੋਇਆ ?” ਜਿੰਦਰ ਦੇ ਬੋਲਾਂ ਵਿੱਚ ਕਹਿਰਾਂ ਦੀ ਡੂੰਘਿਆਈ ਸੀ। ਉਸ ਦੀਆਂ ਗੱਲਾਂ ਸੁਣਕੇ ਮੈਨੂੰ ਕਾਮਰੇਡ ਮਾਸਟਰ ਦੀਆਂ ਗੱਲਾਂ ਚੇਤੇ ਆਈਆਂ ਸਨ।
“ਪਰ—-?” ਮੈਂ ਜਿੰਦਰ ਨੂੰ ਕਹਿਣਾ ਚਾਹੁੰਦਾ ਵੀ ਕੁੱਝ ਕਹਿ ਨਾ ਸਕਿਆ।
“ਪਾਲ! ਏਹੀ ਦਸਤੂਰ ਆ ਇੰਡੀਆ ਦਾ। ਜੋ ਯੋਗ ਹੁੰਦਾ ਹੈ ਉਸ ਨੂੰ ਏਥੇ ਮੌਕੇ ਨਹੀਂ ਮਿਲਦੇ ਤੇ ਜਿਸਨੂੰ ਮੌਕੇ ਮਿਲਦੇ ਨੇ ਉਹ ਯੋਗ ਨਹੀਂ ਹੁੰਦਾ।” ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਉਹੋ ਜਿੰਦਰ ਹੈ ਜੋ ਬੜੀ ਮਾਸੂਮ ਤੇ ਭੋਲੀ ਜਿਹੀ ਹੁੰਦੀ ਸੀ। ਇਹ ਐਨੀਆਂ ਸਿਆਣੀਆਂ ਤੇ ਫ਼ਿਲਾਸਫ਼ੀ ਵਾਲ਼ੀਆਂ ਗੱਲਾਂ ਕਿਵੇਂ ਕਰਨ ਲੱਗ ਪਈ ਸੀ।
“ਪਾਲ ਮੇਰੇ ਹੱਥਾਂ ਵੱਲ ਵੇਖ !” ਜਿੰਦਰ ਨੇ ਦੋਵੇਂ ਹੱਥ ਮੇਰੇ ਅੱਗੇ ਫੈਲਾ ਦਿੱਤੇ। ਉਸਦੇ ਹੱਥਾਂ ਵੱਲ ਵੇਖ ਮੈਨੂੰ ਜਿਵੇਂ ਕਰੰਟ ਲੱਗਾ ਸੀ। ਲੱਗਾ ਜਿਵੇਂ ਮੇਰੇ ਹੱਥ ਜਿੰਦਰ ਦੇ ਹੱਥਾਂ ‘ਚ ਵਟ ਗਏ ਹੋਣ। ਮੈਂ ਉਸਦੇ ਹੱਥਾਂ ਵੱਲ ਹੀ ਵੇਖਦਾ ਰਿਹਾ ਤੇ ਕਿੰਨਾ ਚਿਰ ਕੁੱਝ ਬੋਲ ਨਾ ਸਕਿਆ।
“ਮੇਰੇ ਆਪਣੇ ਹੱਥ ਨੇ! ਉਹੀ ਹੱਥ ਜਿਨ੍ਹਾਂ ਕਦੀ ਡੱਕਾ ਭੰਨ ਕੇ ਦੂਹਰਾ ਨਹੀਂ ਸੀ ਕੀਤਾ। ਹਾਂ ਪਾਲ ਇਹ ਮੇਰੇ ਹੱਥ ਨੇ। ਉਥੇ ਬਾਹਰ ਪਰਿਵਾਰ ਦੇ ਸਾਰੇ ਜੀਅ ਨੂੰ ਕੰਮ ਕਰਨਾ ਪੈਂਦਾ। ਕੋਈ ਵਿਹਲਾ ਨਹੀਂ ਰਹਿੰਦਾ। ਦੋ-ਦੋ ਸ਼ਿਫਟਾਂ ਲਗਾਏ ਬਗ਼ੈਰ ਗੁਜ਼ਾਰਾ ਹੀ ਨਹੀਂ ਹੁੰਦਾ। ਦੇਖ ਫੈਕਟਰੀ ਦੇ ਔਖੇ ਕੰਮ ਨੇ ਮੇਰੇ ਹੱਥਾਂ ‘ਤੇ ਗੰਢਾਂ ਪਾ ਦਿੱਤੀਆਂ ਨੇ।”
ਮੇਰੇ ਅੰਦਰੋਂ ਚੀਸ ਉਠੀ। ਮੇਰਾ ਜੀਅ ਕੀਤਾ ਜਿੰਦਰ ਦੇ ਹੱਥ ਫੜ ਕੇ ਚੁੰਮ ਲਵਾਂ।
ਜਿੰਦਰ ਦੇ ਚਲੇ ਜਾਣ ਬਾਅਦ ਕਿੰਨਾ ਚਿਰ ਮੈਂ ਆਪਣੇ ਹੱਥਾਂ ਵੱਲ ਵੇਖਦਾ ਰਿਹਾ। ਪ੍ਰਾਇਮਰੀ ਸਕੂਲ, ਘੋਟਾ ਮਾਸਟਰ, ਨਿੰਮ ਦੀਆਂ ਨਮੋਲੀਆਂ, ਕਣਕ ਦੀ ਵਢਾਈ, ਝੋਨੇ ਦਾ ਖੇਤ, ਮੁਰਚ ਮੁਰਚ ਘਾਹ ਖਾਂਦੀ ਮੱਝ, ਮਾਂ ਦੀਆਂ ਅੱਖਾਂ ਦੇ ਹੰਝੂ, ਬਾਪ ਦੀਆਂ ਤਿਊੜੀਆਂ, ਭੈਣਾਂ ਦੇ ਚਿਹਰੇ ‘ਤੇ ਉਕਰੀ ਉਦਾਸੀ, ਹਿਸਾਬ ਆਲ਼ੇ ਠਿਗਣੇ ਮਾਸਟਰ ਦੀਆਂ ਦਿਲ ਸਾੜਨ ਵਾਲ਼ੀਆਂ ਗੱਲਾਂ, ਕਾਮਰੇਡ ਮਾਸਟਰ ਦੀ ਔਖੀ ਭਾਰੀ ਫ਼ਿਲਾਸਫ਼ੀ ਤੇ ਗੰਜੇ ਮਾਸਟਰ ਦੀ ਕੁੱਟ-ਸਾਰਾ ਕੁੱਝ ਫਿਲਮ ਦੀ ਰੀਲ ਵਾਂਗ ਇੱਕ-ਇੱਕ ਕਰਕੇ ਅੱਖਾਂ ਅੱਗੋਂ ਲੰਘ ਗਿਆ।
ਅੱਜ ਫੇਰ ਜਦੋਂ ਸਕੂਲ ਅੱਗੋਂ ਲੰਘਿਆ ਹਾਂ ਤਾਂ ਮਾਂ ਬੜੀ ਚੇਤੇ ਆਈ ਹੈ। ਉਹ ਅਕਸਰ ਕਿਹਾ ਕਰਦੀ, “ਪੁੱਤ ਗਰੀਬੀ ਸਭ ਤੋਂ ਵੱਡੀ ਬਿਮਾਰੀ ਐ।”
“ਜਿੰਨਾ ਚਿਰ ਕਿਸੇ ਨੂੰ ਗਰੀਬੀ ਦੀ ਬਿਮਾਰੀ ਚਿੰਬੜੀ ਹੋਵੇ ਉਸ ਨੂੰ ਆਪਣੀ ਵਿਦਵਤਾ ਦਾ ਸਹੀ ਮੁੱਲ ਨਹੀਂ ਮਿਲਦਾ।” ਕਾਮਰੇਡ ਮਾਸਟਰ ਵੀ ਗ਼ਰੀਬੀ ਨੂੰ ਬਿਮਾਰੀ ਕਹਿੰਦਾ ਹੁੰਦਾ ਸੀ।
ਮਾਂ ਦੀ ਗਰੀਬੀ ਨੂੰ ਬਿਮਾਰੀ ਕਹਿਣ ਵਾਲ਼ੀ ਗੱਲ ਪਹਿਲਾਂ-ਪਹਿਲ ਬੜੀ ਅਜੀਬ ਲੱਗਦੀ ਹੁੰਦੀ ਸੀ। ਉਦੋਂ ਸਮਝੀਦਾ ਸੀ ਕਿ ਖੰਘ, ਬੁਖਾਰ ਤੇ ਜ਼ੁਕਾਮ ਹੀ ਬਿਮਾਰੀ ਹੁੰਦੇ ਨੇ। ਗ਼ਰੀਬੀ ਵੀ ਭਿਆਨਕ ਬਿਮਾਰੀ ਐ, ਇਹ ਤਾਂ ਹੁਣ ਪਤਾ ਲੱਗਾ ਹੈ। ਆਪਣੇ ਤੇ ਜਿੰਦਰ ਦੇ ਹੱਥਾਂ ਦੀਆਂ ਗੰਢਾਂ ਚੇਤੇ ਆ ਗਈਆਂ ਨੇ। ਜੀਅ ਕਰਦਾ ਹੈ ਮਾਂ ਨੂੰ ਆਖਾਂ,
“ਮਾਂ ਇਹ ਬਿਮਾਰੀ ਹੱਥਾਂ ‘ਤੇ ਗੰਢਾਂ ਵਾਲ਼ਿਆਂ ਸਾਰਿਆਂ ਲੋਕਾਂ ਨੂੰ ਈ ਐ।” ਘੋਟੇ ਮਾਸਟਰ ਦੀ ਨਮੋਲੀਆਂ ਖੁਆਉਣ ਵਾਲੀ ਗੱਲ ਚੇਤੇ ਕਰਦਿਆਂ ਚਿਹਰੇ ‘ਤੇ ਮੁਸਕਰਾਹਟ ਫੈਲ ਗਈ ਹੈ। ਉਹ ਕਹਿੰਦਾ ਹੁੰਦਾ ਸੀ, “ਨਮੋਲੀਆਂ ਖਾਣ ਨਾਲ ਛੱਤੀ ਬਿਮਾਰੀਆਂ ਟੁੱਟਦੀਆਂ ਨੇ।” ਉਦੋਂ ਨਮੋਲੀਆਂ ਡਾਹਢੀਆਂ ਕੌੜੀਆਂ ਲੱਗਦੀਆਂ ਸਨ। ਖਾਣ ਤੋਂ ਬਚਣ ਲਈ ਕਈ ਹੀਲੇ ਵਸੀਲੇ ਕਰੀਦੇ ਸਨ। ਰੱਬ ਵਿਚਾਰੇ ਦੀ ਰੂਹ ਨੂੰ ਸ਼ਾਂਤੀ ਬਖਸ਼ੇ, ਜੇ ਘੋਟਾ ਮਾਸਟਰ ਹੁਣ ਹੁੰਦਾ, ਮੈਂ ਉਸਨੂੰ ਆਖਣਾ ਸੀ,
“ਮਾਸਟਰ ਜੀ, ਤੁਸੀਂ ਜਿੰਨੀਆਂ ਕਹੋ ਮੈਂ ਨਮੋਲੀਆਂ ਖਾਣ ਨੂੰ ਤਿਆਰ ਹਾਂ, ਬੱਸ ਇਹ ਗਰੀਬੀ ਵਾਲੀ ਬਿਮਾਰੀ ਟੁੱਟਣੀ ਚਾਹੀਦੀ।”
-ਪਰ ਇਹ ਬਿਮਾਰੀ ਛੱਤੀ ਬਿਮਾਰੀਆਂ ‘ਚ ਹੋਣੀ ਨ੍ਹੀਂ, ਜੇਕਰ ਹੁੰਦੀ, ਫੇਰ ਮੈਨੂੰ ਨਹੀਂ ਸੀ ਲੱਗਣੀ। ਘੋਟੇ ਮਾਸਟਰ ਨੇ ਨਮੋਲੀਆਂ ਹੀ ਇੰਨੀਆਂ ਖੁਆ ਦਿੱਤੀਆਂ ਨੇ ਬਚਪਨ ‘ਚ।
……..ਗੁਰਮੀਤ ਕੜਿਆਲਵੀ