ਕਿਸਾਨ – ਇੱਕ ਸੰਘਰਸ਼ (ਕਹਾਣੀ)

0
459

ਕਹਾਣੀ :- ਕਿਸਾਨ

ਕਣਕ ਵੇਚਣ ਤੋਂ ਬਾਅਦ ਸੁਖਵੰਤ ਸਿੰਘ ਘਰ ਆਉਂਦਾ ਹੈ ਅਤੇ ਘਰ ਦੇ ਬੂਹੇ ਮੂਹਰੇ ਹੀ ਡੂੰਗੀਆਂ ਸੋਚਾਂ ਵਿੱਚ ਰੁੱਕ ਜਾਂਦਾ ਹੈ ,ਉਸਦੇ ਦਿਮਾਗ ਵਿੱਚ ਆਪਣੇ ਬੱਚੇ ਦਾ ਚਿਹਰਾ ਚੱਲ ਰਿਹਾ ਸੀ ਜਿਸਦੀ ਉਸਨੇ ਫੀਸ ਭਰਨੀ ਸੀ , ਸੁਖਵੰਤ ਨੂੰ ਦੇਖ ਉਸਦੀ ਪਤਨੀ ਉਸ ਲਈ ਪਾਣੀ  ਲੈ ਕੇ ਆਉਂਦੀ ਹੈ ਅਤੇ ਕਣਕ ਦੇ ਰੇਟ ਬਾਰੇ ਪੁੱਛਦੀ ਹੈ|

ਪਤਨੀ :- ਕਿਉਂ ਜੀ ! ਵਿਕ ਗਈ ਕਣਕ , ਕੀ ਕੀਮਤ ਲੱਗੀ ਭਲਾ ?

ਸੁਖਵੰਤ :- ਬਾਰਾਂ ਸੌ ਰੁਪਏ |

ਪਤਨੀ :- ਕੀ ? ਪਰ ਵੇਚਣ ਤੋਂ ਪਹਿਲਾ ਕੰਟਰੈਕਟ ਤਾਂ ਦੋ ਹਜ਼ਾਰ ਦਾ ਹੋਇਆ ਸੀ ?

ਸੁਖਵੰਤ :- ਉਹ ਕਹਿੰਦੇ ਕਿ ਕਣਕ ਗਿੱਲੀ ਆ ਅਤੇ ਦਾਣਾ ਵੀ ਛੋਟਾ ਵੱਡਾ ਹੈ |

ਪਤਨੀ :- ਲੈ ਭਲਾ , ਇਹ ਕਿ ਬਹਾਨਾ ਹੋਇਆ ?

ਸੁਖਵੰਤ :-ਉਹਨਾਂ ਹੱਥ ਡੋਰਾਂ ਨੇ ਆਪਾਂ ਕੀ ਕਰ ਸਕਦੇ ਹਾਂ|

ਪਤਨੀ :- ਇਹ ਤਾਂ ਧੱਕਾ ,ਤੁਸੀ ਵੇਚਣੀ ਹੀ ਨੀ ਸੀ, ਆਪਾਂ ਹੋਰ ਕਿਤੇ ਵੇਚ ਦਿੰਦੇ |

 ਸੁਖਵੰਤ :- ਆਪਾਂ ਨਹੀਂ ਵੇਚ ਸਕਦੇ ,ਉਹਨਾਂ ਦੇ ਕਾਗਤ ਤੇ ਲਿਖਿਆ ,ਆਪਾਂ ਉਹਨਾਂ ਨੂੰ ਹੀ ਵੇਚ ਸਕਦੇ ਆਂ ,ਜੇ ਹੋਰ ਕਿਤੇ ਵੇਚੀ ਤਾਂ ਕੇਸ ਕਰ ਦੇਣਗੇ ਤੇ ਕੇਸਾਂ ਵਿੱਚ ਆਪਣਾ ਸਾਰਾ ਜੁੱਲੀ-ਬਿਸਤਰਾ ਵਿੱਕ ਜੂ |

  ਪਤਨੀ :-ਬੇੜਾ ਬਹਿਜੇ ਕੰਜਰ ਦਾ ਜੀਹਨੇ ਇਹ ਕਾਨੂੰਨ ਬਣਾਇਆ , ਗਰੀਬ ਦੀ ਤਾਂ ਜੂਨ ਰੋਲਤੀ , ਇੰਨੇ ਕੁ ਪੈਸਿਆਂ ਚ ‘ ਘਰ ਕਿਵੇਂ ਚੱਲੂਗਾ ?

   ਪਤਨੀ :-ਹੈਂ ਜੀ ,ਆਪਾਂ ਵੀ ਬਿੱਕਰ ਕਿਆਂ ਵਾਂਗੂ ,ਜ਼ਮੀਨ ਪੰਜ ਸਾਲਾਂ ਵਾਸਤੇ ਦੇ ਦਿੰਦੇ ਹਾਂ ,ਘਟੋ-ਘੱਟ ਬਝਵੇਂ ਪੈਸੇ ਤਾਂ ਆ ਜਾਇਆ ਕਰਨਗੇ |

 ਸੁਖਵੰਤ :- ਅਗਲੀ ਵਾਰ ਦੇਖਦੇ ਹਾਂ ,ਤੂੰ ਆ ਪੈਸੇ ਰੱਖ ਆ ,

ਪਤਨੀ :- ਇੰਨੇ ਕੁ ਹੀ ਪੈਸੇ ? ਬਾਰਾਂ ਸੋ ਦੇ ਹਿਸਾਬ ਨਾਲ ਤਾਂ ਜ਼ਿਆਦਾ ਬਣਦੇ ਸੀ ?

  ਸੁਖਵੰਤ :- ਭਾਊ ਤੋਂ ਵਿਆਜ ਤੇ ਜੋ ਪੈਸੇ ਫੜੇ ਸੀ ਉਹ ਵਾਪਿਸ ਕਰ ਆਇਆ |

 ਪਤਨੀ :- ਪਰ ਹੁਣ ਘਰੇ ਕਿ ਖਾਵਾਂਗੇ ?,ਜਵਾਕ ਦੀ ਫੀਸ ਭਰਨੀ ਆ ,ਕਪੜੇ ਵੀ ਲਿਆਉਣੇ ਆ ,ਕਿੰਨੇ ਸਾਲਾਂ ਤੋਂ ਪਾਟੇ ਜਹੇ ਪਾਈ ਫਿਰਦੀ ਹਾਂ ,ਕਣਕ ਤੇ ਆਸ ਸੀ ਉਹ ਵੀ ਟੁੱਟਗੀ |

ਸੁਖਵੰਤ :- ਉਧਾਰ ਲੈ ਆਵਾਂਗਾ ਘਰ ਦਾ ਰਾਸ਼ਨ , ਮੈਂ ਪੈਸੇ ਪੁੱਛੇ ਆ ਕਿਸੇ ਤੋਂ ਫੀਸ ਵੀ ਭਰਦਾਂਗੇ |

 ਪਤਨੀ :- ਹੋਰ ਕਰਜ਼ਾ ਚੜ੍ਹਾਉਂਣਾ ਸਹੀ ਨੀ ,ਆਪਾਂ ਔਖੇ ਸੌਖੇ ਸਾਰ ਲਵਾਂਗੇ ,ਜਵਾਕ ਅਗਲੀ ਫਸਲ ਵੇਲੇ ਪੜ੍ਹਨੇ ਪਾ ਦੇਵਾਂਗੇ |

ਸੁਖਵੰਤ :- ਨਹੀਂ ,ਔਖੇ-ਸੌਖੇ ਇਹਨੂੰ ਸਕੂਲ ਲਾ ਦਿੰਨੇ ਆ ,ਪੜ ਲਿਖ ਗਿਆ ਤਾਂ ਆਪਣੀ ਜੂਨ ਸੁਧਰ ਜੂ |

  ਪਤਨੀ :-ਪੜ ਕੇ ਕਿਹੜਾ ਕੁੱਝ ਹੋਣਾ ,ਵੱਧ ਤੋਂ ਵੱਧ ਸੇਠਾਂ ਦੇ ਲੱਗ ਜੂ ,ਜਿਵੇਂ ਬਾਕੀ ਮੁੰਡੇ ਲਗਦੇ ਆ |

  ਸੁਖਵੰਤ :- ਚਾਰ ਪੈਸੇ ਤਾਂ ਆਉਣਗੇ ਘਰ ?

  ਪਤਨੀ :-ਜਿਵੇਂ ਥੋਡੀ ਮਰਜ਼ੀ |

  ਇੰਨੇ ਨੂੰ ਸੁਖਵੰਤ ਦੇ ਗੁਆਂਢੀਆਂ ਦਾ ਮੁੰਡਾ ਭੱਜਿਆ ਆਉਂਦਾ ਹੈ ਅਤੇ ਦੱਸਦਾ ਹੈ ਕਿ ਬਿੱਕਰ  ਨੇ ਆਪਣੇ ਵਾੜੇ ਵਿੱਚ ਫਾਹਾ ਲੈ ਲਿਆ ਹੈ ,ਸੁਖਵੰਤ ਤੁਰੰਤ ਉਸਦੇ  ਵਾੜੇ ਵੱਲ ਨੂੰ ਭੱਜਦਾ ਹੈ | ਵਾੜੇ ਵਿੱਚ ਲੋਕਾਂ ਦੀ ਭੀੜ ਲੱਗੀ ਹੋਈ ਸੀ ਅਤੇ ਭੀੜ ਵਿਚੋਂ ਲੰਘ ਕੇ ਜਦੋਂ ਸੁਖਵੰਤ ਅੱਗੇ ਜਾਂਦਾ ਹੈ ਤਾਂ ਟਾਹਲੀ ਦੇ ਡਾਣੈ ਤੇ ਬਿੱਕਰ ਦੀ ਲਾਸ਼ ਲਟਕ ਰਹੀ ਸੀ |

   ਸੁਖਵੰਤ ਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ ਕਿ ਬਿੱਕਰ ਨੇ ਕਿਓਂ ਆਤਮ-ਹਤਿਆ ਕੀਤੀ ਸੀ |

  ਲੋਕਾਂ ਦੀਆਂ ਗੱਲਾਂ ਵਿੱਚ ਇੱਕ ਬਿੱਲ ਦੀ ਆਵਾਜ਼ ਗੂੰਜ ਰਹੀ ਸੀ|

   “ਜਦੋ ਦਾ ਮੋਦੀ ਨੇ ਖੇਤੀ ਬਿੱਲ ਜਾ ਪਾਸ ਕੀਤਾ ,ਵਾਹੀ ਵਾਲਾ ਬੰਦਾ ਤਰਾਂ ਜਮਾਂ ਹੀ ਖਤਮ ਹੋ ਗਿਆ “

      ਭੀੜ ਵਿੱਚੋ ਕੋਈ ਬੋਲਿਆ |

  “ਚਾਰੇ ਪਾਸਿਓਂ ਕੰਪਨੀਆਂ ਨੇ ਘੇਰਾ ਪਾ ਰੱਖਿਆ ,ਬਾਬਾ “

    ਇੱਕ ਗੱਭਰੂ ਦੀ ਆਵਾਜ਼ ਆਈ |

     “ਪਰ ਹੋਇਆ ਕੀ ਸੀ?, ਬਿੱਕਰ ਨੇ ਤਾਂ ਪੰਜ ਸਾਲਾਂ ਦੇ ਠੇਕੇ ਤੇ ਦਿੱਤੀ ਹੋਈ ਸੀ ਜਮੀਨ ,ਉਹ ਬੰਬੇ ਵਾਲਿਆਂ ਦੀ ਕੰਪਨੀ ਨੂੰ, ਬੱਝਵੇ ਪੈਸੇ ਮਿਲਦੇ ਸੀ ਇਹਨੂੰ ਤਾਂ ?”

    ਸੁਖਵੰਤ ਬੋਲਿਆ |

    ” ਕਿ ਦੱਸੀਏ ਸੁਖਵੰਤ ਸਿਆਂ ,ਪੰਜ ਸਾਲ ਦੇ ਬੱਝਵੇ ਪੈਸੇ ਤਾਂ ਨਾਮ ਦੇ ਹੀ ਨੇ ,ਦੋ ਸਾਲ ਤਾਂ ਓਹਨਾ ਪੂਰੇ ਪੈਸੇ ਦਿੱਤੇ ,ਹੁਣ ਅੱਧ ਵੀ ਨਹੀਂ ਦਿੱਤਾ ,ਕਹਿੰਦੇ ਸਾਨੂੰ ਘਾਟਾ ਪੈ ਗਿਆ “

     ਇੱਕ ਬੁਜ਼ੁਰਗ ਨੇ ਸੁਖਵੰਤ ਨੂੰ ਕਿਹਾ |

   ਇੰਨੇ ਨੂੰ ਪੁਲਿਸ ਆ ਜਾਂਦੀ ਹੈ, ਉਹ ਲਾਸ਼ ਦੀਆਂ ਕੁੱਝ ਤਸਵੀਰਾਂ ਖਿੱਚਦੇ ਹਨ ਅਤੇ  ਲਾਸ਼ ਨੂੰ ਨੇੜਲੇ ਹਸਪਤਾਲ ਭੇਜ ਦਿੰਦੇ ਹਨ|

ਬਿੱਕਰ ਦੇ ਭੋਗ ਤੋਂ ਬਾਅਦ ਉਸਦੇ ਘਰ ਦਾ ਸਾਰਾ ਬੋਝ ਉਸਦੇ ਪੁੱਤਰ ਪ੍ਰੀਤ ਤੇ ਪੈ ਗਿਆ ਸੀ , ਘਰ ਦਾ ਖਰਚ ਬੜੀ ਮੁਸ਼ਕਲ ਨਾਲ ਚੱਲ ਰਿਹਾ ਸੀ ਅਤੇ ਉਪਰੋਂ ਉਸਨੂੰ ਕਰਜੇ ਵਾਲੇ ਤੋੜ-ਤੋੜ ਖਾ ਰਹੇ ਸੀ|

     ਜ਼ਿੰਦਗੀ ਦੀ ਇਸ ਔਖ ਵਿੱਚ ਹੁਣ ਉਸਦਾ ਦਮ ਘੁਟਣ ਲੱਗ ਗਿਆ ਅਤੇ ਹਰ ਆਉਂਦਾ ਸਾਹ ਉਸਨੂੰ ਇੱਕ ਬੋਝ ਜਿਹਾ ਲੱਗ ਰਿਹਾ ਸੀ ਅਜਿਹਾ ਬੋਝ ਜਿਸਨੂੰ ਢੋਂਦਾ ਉਸਦਾ ਬਾਪੂ ਵੀ ਮੁੱਕ ਗਿਆ ਸੀ ਅਤੇ ਹੁਣ ਇਹ ਬੋਝ ਉਸਨੂੰ ਓਹਦੀ ਜਾਨ ਲੈਂਦਾ ਦਿੱਖ ਰਿਹਾ ਸੀ |

ਘਰ ਵਿੱਚ ਪਈ ਚੂਹੇ ਮਾਰਨ ਵਾਲੀ ਦਵਾਈ ਉਸਨੂੰ ਮੱਲੋ-ਮੱਲੀ ਓਹਦੇ ਮੂੰਹ ਵਿਚ ਪੈਂਦੀ ਦਿਸਦੀ ਅਤੇ ਵਰਾਂਡੇ ਵਿੱਚ ਪਿਆ ਰੱਸਾ ਉਸਨੂੰ ਇੰਝ ਲੱਗ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਕਿ “ਮੈਂ ਤੈਨੂੰ ਆਜ਼ਾਦੀ ਦਵਾ ਦਿੰਦਾ ਹਾਂ”|

   ਪਰ ਆਪਣੇ ਮਨ ਵਿਚ ਆਉਂਦੇ ਇਹਨਾਂ ਵਿਚਾਰਾਂ ਨੂੰ ਉਹ ਇਹ ਸੋਚਕੇ ਨਕਾਰ ਦਿੰਦਾ ਕਿ ਉਸਤੋਂ ਬਾਅਦ ਉਸਦੀ ਮਾਂ ਦਾ ਕਿ ਬਣੇਗਾ ਅਤੇ ਉਹ ਮੁਟਿਆਰ “ਰੂਹਪ੍ਰੀਤ” ਕਿ ਸੋਚੇਗੀ ਜਿਸ ਨਾਲ ਉਸਦਾ ਮੰਗਣਾ ਹੋਇਆ ਹੈ | ਵਿਆਹ ਤੋਂ ਪਹਿਲਾਂ ਉਸਦੇ ਹੋਣ ਵਾਲੇ ਜੀਵਨਸਾਥੀ ਦੀ ਮੌਤ ਉਸ ਵਿਚਾਰੀ ਤੋਂ ਕਿਵੇਂ ਸਹਾਰੀ ਜਾਵੇਗੀ |   ਇਹਨਾਂ ਗੱਲਾਂ ਨੇ ਹੀ ਉਸਨੂੰ ਜਿਉਂਦਾ ਰੱਖਿਆ ਹੋਇਆ ਸੀ |    

  ਜ਼ਿੰਦਗੀ ਅਤੇ ਮੌਤ ਦੀ ਇਸ ਉਧੇੜ ਬੁਣ ਵਿਚੋਂ ਨਿਕਲਣ ਦਾ ਉਸ ਕੋਲ ਇੱਕੋ ਰਾਹ ਰੂਹਪ੍ਰੀਤ ਸੀ ਅਤੇ ਉਹ ਹਰ ਰੋਜ਼ ਇੱਕ ਵਾਰ ਓਹਦੇ ਨਾਲ ਗੱਲ ਕਰ ਲੈਂਦਾ |  ਆਪਣੀ ਹੋਣ ਵਾਲੀ ਜੀਵਨਸਾਥਣ  ਨਾਲ ਗੱਲਾਂ ਕਰਕੇ ਉਹ ਆਪਣਾ ਮਨ ਹਲਕਾ ਕਰ ਲੈਂਦਾ ਸੀ ਅਤੇ ਅੱਗੋਂ ਉਹ ਵੀ ਉਸਨੂੰ ਹੌਂਸਲਾ ਦਿੰਦੀ ਅਤੇ ਦੋਵੇ ਆਪਣੇ ਭਵਿਖਤ ਜੀਵਨ ਦੇ ਸੁਫ਼ਨੇ ਸਜਾਉਣ ਲੱਗ ਜਾਂਦੇ |

    ਇਸੇ ਤਰਾਂ ਹੀ ਇੱਕ-ਇੱਕ ਦਿਨ ਕਰਕੇ ਉਸਦੀ ਜ਼ਮੀਨ ਦੀ ਅਗਲੀ ਕਿਸ਼ਤ ਦਾ ਵੇਲਾ ਆ ਜਾਂਦਾ ਹੈ ਅਤੇ ਉਹ ਕੰਪਨੀ ਦੇ ਦਫਤਰ ਜਾਣ ਦੀ ਤਿਆਰੀ ਕਰਦਾ ਹੈ| ਉਸਦੇ ਮਨ ਵਿੱਚ ਲੱਖਾਂ ਹੀ ਵਿਚਾਰ ਚੱਲ ਰਹੇ ਸਨ ਉਹ ਸੋਚ ਰਿਹਾ ਸੀ ਕਿ ਦੇਖਣ ਚ’ ਕੰਪਨੀ ਦਾ ਕਾਫੀ ਮੁਨਾਫ਼ਾ ਸੀ ਕਿਓਂਕਿ ਓਹਨਾ ਨੇ ਹੁਣੇ-ਹੁਣੇ ਦੋ ਨਵੀਆਂ ਕੰਬਾਈਨਾਂ ਖਰੀਦੀਆਂ ਸਨ ਅਤੇ ਇਸੇ ਕੰਪਨੀ ਦਾ ਇੱਕ ਨਵਾਂ ਪਲਾਟ ਵੀ ਲਗਾ ਸੀ ,ਪ੍ਰੀਤ ਨੂੰ ਪੂਰੀ ਉਮੀਦ ਸੀ ਕਿ ਇਸ ਵਾਰ ਉਸਨੂੰ ਪੂਰਾ ਮੁੱਲ ਮਿਲੇਗਾ ਅਤੇ ਇਸਦੇ ਨਾਲ ਆਪਣੇ ਰਾਸ਼ਨ ਅਤੇ ਵਿਆਜੂੰ ਫੜੇ ਪੈਸਿਆਂ ਦਾ ਹਿਸਾਬ ਨਬੇੜ ਦੇਵੇਗਾ ਅਤੇ ਬਚਦੇ ਪੈਸਿਆਂ ਨਾਲ ਉਹ ਆਪਣੀ ਮਾਂ  ਲਈ ਅਤੇ ਰੂਹਪ੍ਰੀਤ ਲਈ ਇੱਕ- ਇੱਕ ਸੂਟ ਵੀ ਖਰੀਦ ਕੇ ਰੱਖੇਗਾ ਪਰ ਓਥੇ ਪਹੁੰਚ ਕੇ ਉਸਦੇ ਸਭ ਸੁਫ਼ਨੇ ਢਹਿ ਢੇਰੀ ਹੋ ਗਏ ਸਨ ਕਿਓਂਕਿ ਕੰਪਨੀ ਇਸ ਵਾਰ ਫੇਰ ਉਸ ਨਾਲ ਓਹੀਓ ਕੀਤੀ ਜੋ ਪਹਿਲਾਂ ਹੁੰਦੀ ਆ ਰਹੀ ਹੀ ਹੈ ਅਤੇ ਓਹਨਾ ਇਹ ਕਹਿੰਦਿਆਂ ਬਣਦੀ ਫ਼ਸਲ ਦਾ ਤੀਜਾ ਹਿੱਸਾ ਉਸਦੇ ਹੱਥ ਫੜਾ ਦਿੱਤਾ ਕਿ ਉਸਦੀ ਜ਼ਮੀਨ ਵਿੱਚ ਫ਼ਸਲ ਚੰਗੀ ਨਹੀਂ ਹੋਈ ਅਤੇ ਕੰਪਨੀ ਨੂੰ ਉਸਦੇ ਖੇਤ ਵਿੱਚ ਮੋਟਰ ਠੀਕ ਕਰਵਾਈ ਦਾ ਵੀ ਖਰਚ ਦੇਣ ਪਿਆ |

    ਮੁਨੀਮ ਨੇ ਸਾਰਾ ਹਿਸਾਬ ਬਣਾ ਉਸਦੇ ਹੱਥ ਰੱਖ ਦਿੱਤਾ ਅਤੇ ਉਸਦੇ ਬਣਦੇ ਪੈਸਿਆਂ ਦਾ ਚੈੱਕ ਉਸਨੂੰ ਫੜਾ ਦਿੱਤਾ | ਪ੍ਰੀਤ ਗੁੱਸੇ ਨਾਲ ਭਰ ਗਿਆ ਅਤੇ ਮੁਨੀਮ ਨਾਲ ਬਹਿਸ ਬਾਜ਼ੀ ਕਰਨ ਲਗਾ ਪਰ  ਮੁਨੀਮ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਉਹ ਤਾਂ ਮੁਲਾਜ਼ਿਮ ਹੈ ਅਤੇ ਜਿਵੇਂ ਮਾਲਕ ਨੇ ਖਰਚ ਲਿਖਵਾਏ ਉਸਨੇ ਹਿਸਾਬ ਬਣਾ ਦਿੱਤਾ | ਮੁਨੀਮ ਨਾਲ ਜ਼ਿਆਦਾ ਬੋਲਣ ਤੇ ਉਸਨੇ ਓਹਦੇ ਨਾਲ ਹੋਏ ਕੰਟਰੈਕਟ ਦੀ ਇੱਕ ਕਾਪੀ ਉਸ ਦੇ ਹੱਥ ਫੜ੍ਹਾ ਦਿੱਤੀ ਅਤੇ ਗਾਰਡ ਨੂੰ ਬੁਲਾ ਕੇ ਉਸਨੂੰ ਬਾਹਰ ਕਢਵਾ ਦਿੱਤਾ |

    ਕਾਂਟਰੈਕਟ ਵਿੱਚ ਸਾਫ ਲਿਖਿਆ ਹੋਇਆ ਸੀ ਕਿ ਫ਼ਸਲ ਦੇ ਝਾੜ ਮੁਤਾਬਿਕ ਹੀ ਇਹਨਾਂ ਨੂੰ ਪੈਸੇ ਦਿੱਤੇ ਜਾਣਗੇ ਅਤੇ ਫ਼ਸਲ ਵਿਚ ਲੱਗੀਆਂ ਮੋਟਰਾਂ ਦੀ ਮੁਰੰਮਤ ਦਾ ਖਰਚ ਕਿਸਾਨ ਤੋਂ ਲਿਆ ਜਾਵੇਗਾ ਪਰ ਉਸਦੇ ਬਾਪੂ ਤੋਂ ਦਸਤਖ਼ਤ ਕਰਵਾਉਣ ਵੇਲੇ ਉਸਨੂੰ ਇਸਦੇ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਸੀ |

     ਪ੍ਰੀਤ ਗੁੱਸੇ ਨਾਲ ਭਰ ਜਾਂਦਾ ਹੈ ਅਤੇ ਸਿੱਧਾ ਆਪਣੇ ਖੇਤ ਵੱਲ ਨੂੰ ਭੱਜਦਾ ਹੈ ਉਹ ਖੇਤ ਵਿੱਚ ਪਹੁੰਚ ਕੇ ਕੰਪਨੀ ਦਾ ਬੋਰਡ ਪੁੱਟ ਦਿੰਦਾ ਹੈ  ਅਤੇ ਜਦੋਂ ਖੇਤ ਵਿੱਚ ਕੰਮ ਕਰਦਾ ਕੰਪਨੀ ਦਾ ਨੁਮਾਇੰਦਾ ਉਸਨੂੰ ਰੋਕਦਾ ਹੈ ਤਾਂ ਉਹ ਉਸਨੂੰ ਵੀ ਡਰਾ ਕੇ ਭਜਾ ਦਿੰਦਾ ਹੈ | ਪ੍ਰੀਤ ਆਪਣੀ ਜ਼ਮੀਨ ਵਿੱਚ ਸ਼ੇਰ ਵਾਂਗ ਖੜ੍ਹਾ ਸੀ ,ਉਸਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਸਨੇ ਆਪਣੇ ਪਿਓ-ਦਾਦੇ ਦੀਆਂ ਮਿਹਨਤਾਂ ਨਾਲ ਬਣੀ ਜ਼ਮੀਨ ਨੂੰ ਕਿਸੇ ਜ਼ਾਲਮ ਤੋਂ ਆਜ਼ਾਦ ਕਰਵਾਇਆ ਹੋਇਆ ਹੋਵੇ | ਉਹ ਖੇਤ ਵਿੱਚ ਇੱਕ ਜੇਤੂ ਵਾਂਗ ਖੜ੍ਹਾ ਸੀ ਪਰ ਉਸਦੀ ਇਹ ਜਿੱਤ ਥੋੜ੍ਹੇ ਸਮੇਂ ਲਈ ਸੀ ਕਿਓਂਕਿ ਕੰਪਨੀ ਦਾ ਨੁਮਾਇੰਦਾ ਪੁਲਿਸ ਲੈ ਆਇਆ ਸੀ ਪੁਲਿਸ ਉਸਨੂੰ ਗ੍ਰਿਫਤਾਰ ਕਰ  ਲਿਜਾਣ ਲਗਦੀ ਹੈ ਪਰ ਉਹ ਜਾਣਾ ਨਹੀਂ ਸੀ ਚਾਹੁੰਦਾ | ਇੱਕ ਸਿਪਾਹੀ ਉਸਨੂੰ ਖਿੱਚਦਾ ਹੈ ਅਤੇ ਇਸ ਖਿੱਚ ਨਾਲ ਉਹ ਹੇਠਾਂ ਡਿੱਗ ਪੈਂਦਾ ਹੈ ਪੁਲਿਸ ਉਸਨੂੰ ਘੜੀਸਦੀ ਹੋਈ ਜ਼ਮੀਨ ਵਿਚੋਂ ਬਾਹਰ ਕਰਦੀ ਹੈ ਪਰ ਉਸਦਾ ਹੱਥ ਖੇਤ ਵਿੱਚ ਗੱਡੇ ਖੰਬੇ ਨੂੰ ਪੈ ਜਾਂਦਾ ਹੈ |  ਪੁਲਿਸ ਦੇ ਲੱਖ ਕੋਸ਼ਿਸ਼ ਕਰਨ ਵੀ ਉਹ ਹੱਥ ਨਹੀਂ ਛੱਡਦਾ ਤਾਂ ਪੁਲਿਸਵਾਲਾ ਹੱਥ ਛੁੜਾਉਣ ਲਈ ਸੋਟੀ  ਉਸਦੇ ਹੱਥ ਤੇ ਮਾਰਦਾ ਹੈ ਪਰ ਉਹ ਸੋਟੀ ਖੰਬੇ ਨਾਲ ਟਕਰਾ ਕੇ ਪ੍ਰੀਤ ਦੇ ਸਿਰ ਵਿੱਚ ਵੱਜਦੀ ਅਤੇ ਉਸਦੇ ਸਿਰ ਵਿਚੋਂ ਲਹੂ ਦੀਆਂ ਤਤੀਰੀਆਂ ਵਗਣ ਲੱਗ ਜਾਂਦੀਆਂ ਹਨ ਅਤੇ ਉਹ ਬੇਹੋਸ਼ ਹੁੰਦਾ ਜਾ ਰਿਹਾ ਸੀ|ਪੁਲਿਸਵਾਲੇ ਉਸਨੂੰ ਚੁੱਕ ਕੇ ਗੱਡੀ ਵਿੱਚ ਬਿਠੌਣ ਲਗਦੇ ਹਨ ਅਤੇ ਪ੍ਰੀਤ ਦੀਆਂ ਮੱਧਮ ਜਿਹੀਆਂ ਬੰਦ ਹੁੰਦੀਆਂ ਅੱਖਾਂ ਨਾਲ ਉਸਨੂੰ ਉਸਦੇ ਸਾਹਮਣੇ ਉਸਦੀ ਮਾਂ ਨਵਾਂ ਸੂਟ ਪਾਈ  ਖੜ੍ਹੀ ਦਿਖਦੀ ਹੈ ਅਤੇ ਉਸਦੇ ਨਾਲ ਉਸਨੂੰ ਹੋਣ ਵਾਲੀ ਪਤਨੀ ਰੂਹਪ੍ਰੀਤ ਲਾਲ ਸੂਹੇ ਜੋੜੇ ਵਿੱਚ ਖੜ੍ਹੀ ਦਿੱਖ ਰਹੀ ਸੀ ਅਤੇ ਉਸਦੀਆਂ ਅੱਖਾਂ ਬੰਦ ਹੋ ਗਈਆਂ |

           ਇੰਨੇ ਵਿਚ ਹੀ ਉਸਦੇ ਫੋਨ ਦੀ ਘੰਟੀ ਵੱਜਦੀ ਹੈ ਅਤੇ ਉਸਦੀ ਅੱਖ ਖੁਲ ਜਾਂਦੀ  ਹੈ ਰੂਹਪ੍ਰੀਤ ਨਾਲ ਗੱਲ ਕਰਕੇ ਉਹ ਜਲਦੀ-ਜਲਦੀ ਕਮਰੇ ਵਿਚੋਂ ਬਾਹਰ ਆਉਂਦਾ ਹੈ ਅਤੇ ਆਪਣੀ ਮਾਂ ਨੂੰ ਪੁੱਛਦਾ ਹੈ |

  ਪ੍ਰੀਤ :–ਮਾਂ ,ਬਾਪੂ ਕਿਥੇ ਆ?

   ਮਾਂ :- ਉਹ ਤਾਂ ਧਰਨੇ ਵਾਲਿਆਂ ਨਾਲ ਗਿਆ ਪੁੱਤ ,ਆ ਲੈ ਚਾਹ ਪੀ ਲੈ|

  ਪ੍ਰੀਤ :- ਧਰਨੇ ਵਾਲੀਆਂ ਟਰਾਲੀਆਂ ਚਲੀਆਂ ਗਈਆਂ ?

   ਮਾਂ :-ਬਾਕੀ ਤਾਂ ਗਈਆਂ ਇੱਕ ਜੱਗਰ ਕਿ ਟਰਾਲੀ ਰਹਿੰਦੀ ਆ ,ਉਹ ਵੀ ਤੁਰਨ ਵਾਲੀ ਹੋਊ |

  ਪ੍ਰੀਤ ਇਹ ਸੁਣਕੇ ਤੁਰੰਤ ਬਾਹਰ ਨੂੰ ਭੱਜਦਾ ਹੈ ,ਉਸਦੀ ਮਾਂ

ਦੇ ਪੁੱਛਣ ਤੇ ਉਹ ਜਾਂਦਾ ਮਾਂ ਨੂੰ ਕਹਿੰਦਾ ਹੈ ਕਿ ਉਹ ਧਰਨੇ ਤੇ ਜਾ ਰਿਹਾ ਏ |

   ਜੱਗਰ ਦੇ ਬੂਹੇ ਅੱਗੋਂ ਉਸਨੂੰ ਟਰਾਲੀ ਸ਼ਹਿਰ ਵੱਲ ਨੂੰ ਜਾਂਦੀ ਦਿਸਦੀ ਹੈ ਅਤੇ ਉਹ ਭੱਜ ਕੇ ਟਰਾਲੀ ਤੇ ਚੜ੍ਹ ਜਾਂਦਾ ਹੈ|

  ਉਸਨੂੰ ਦੇਖ ਉਸਦਾ ਬਾਪੂ  ਹੈਰਾਨ ਰਹਿ ਜਾਂਦਾ ਹੈ ਪਰ ਉਹ ਉਸਨੂੰ ਗਲ ਨਾਲ ਲਾ ਕੇ ਕਹਿੰਦਾ ਹੈ

  “ਮੇਰਾ ਸ਼ੇਰ ਪੁੱਤ ਆ ਗਿਆ ,ਹੁਣ ਜਿੱਤ ਕੇ ਹੀ ਮੁੜਾਂਗੇ “

ਪੈਣੀ ਲੰਬੀ ਘਾਲਣਾ ਘੱਲਣੀ ਜੀ ,

ਹੋਜੋ ਤਕੜੇ ਹੱਕਾਂ ਲਈ ਲੜਨਾ ਏ ,

ਆਏ ਫੈਸਲੇ ਹੁਕੁਮਤਾਂ ਦੇ ਫਿਰ ਤੋਂ

ਆਪਾਂ ਵੀ ਏ ਸ਼ੇਰ ਵਾਂਗ ਆੜ੍ਹਨਾ ਏ

ਲੱਖਾਂ ਵਰਨੀਆਂ ਸੋਟੀਆਂ ਸ਼ਰੀਰ ਉਤੇ

ਅਸਾਂ ਵਾਂਗ ਦੀਵਾਰ ਦੇ ਖੜ੍ਹਨਾ ਏ ,

ਪੈਣੀ ਲੰਬੀ ਘਾਲਣਾ ਘੱਲਣੀ ਜੀ ,

ਹੋਜੋ ਤਕੜੇ ਹੱਕਾਂ ਲਈ ਲੜਨਾ ਏ ,

ਹੁਣ ਚੁੱਪ ਰਹਿ ਨਹੀਂ ਸਹਾਰ ਹੋਣਾ

ਜਾਲਮ ਨੇ ਹੈ ਵੱਡਾ ਵਾਰ ਕੀਤਾ ,

ਮੈਨੂੰ ਕਹਿੰਦੀ ਏ ਖੇਤ ਦੀ ਵੱਟ ਲਗੇ

ਇਹਨੂੰ ਢਾਉਣ ਲਈ ਰੁੱਖ ਅਖਤਿਆਰ ਕੀਤਾ,

ਇਨ੍ਹਾਂ ਲੁੱਟਣਾ ਮਿੱਠੀਆਂ ਬੋਲੀਆਂ ਨਾਲ

ਅੰਦਰ ਦੀ ਕੁੜੱਤਣ ਨਾਲ ਮੜ੍ਹਨਾ ਏ

ਪੈਣੀ ਲੰਬੀ ਘਾਲਣਾ ਘੱਲਣੀ ਜੀ ,

ਹੋਜੋ ਤਕੜੇ ਹੱਕਾਂ ਲਈ ਲੜਨਾ ਏ ,

ਇੱਕ ਬੇਨਤੀ ਸਭ ਲੇਖਕਾਂ ਨੂੰ

ਲਿਖੋ ਵੱਧ ਤੋਂ ਵੱਧ ਕਿਸਾਨ ਲਈ ਜੀ ,

ਜੇ ਹੁਣ ਨਾ ਬੋਲੇ ਫਿਰ ਕਦ ਬੋਲਣਾ

ਜਦੋ ਹੋਂਦ ਮੁੱਕੀ ਕਿਸਾਨ ਦੀ ਜੀ

ਚੱਕ ਕਲਮ ਲਿਖ ਦੇ ਸੱਚ ਸਾਰਾ

ਹੁਣ ਦਸ ਦੇ ਕਿਸ ਤੋਂ ਡਰਨਾ ਏ,

 ਪੈਣੀ ਲੰਬੀ ਘਾਲਣਾ ਘੱਲਣੀ ਜੀ ,

ਹੋਜੋ ਤਕੜੇ ਹੱਕਾਂ ਲਈ ਲੜਨਾ ਏ ,

ਸਾਡੇ ਪੁਰਖਾਂ ਜੰਗਾਂ ਲੜੀਆਂ ਨੇ

ਵਾਰੀ ਸਾਡੀ ਹੈ ਹੁਣ ਲੜਨੇ ਦੀ ,

ਉਹ ਆਪਣਾ ਫਰਜ਼ ਨਿਭਾ ਗਏ ਨੇ

ਵਾਰੀ ਸਾਡੀ ਹੈ ਸਾਹਮਣੇ ਅੜ੍ਹਨੇ ਦੀ

ਕਰੋ ਚੇਤਾ ਸੂਰਮੇ-ਯੋਧਿਆਂ ਦਾ

ਵਾਰਿਸ ਬਣ ਉਹਨਾਂ ਦੇ ਅਸੀਂ ਖੜ੍ਹਨਾ ਏ

ਪੈਣੀ ਲੰਬੀ ਘਾਲਣਾ ਘੱਲਣੀ ਜੀ ,

ਹੋਜੋ ਤਕੜੇ ਹੱਕਾਂ ਲਈ ਲੜਨਾ ਏ ,

ਮਨਪ੍ਰੀਤ

—————————————–

ਲੇਖਕ ਵਲੋਂ :-

  ਸਤਿ ਸ਼੍ਰੀ ਅਕਾਲ ਜੀ

       ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ | ਗ਼ਲਤੀ-ਗੁਸਤਾਖੀ  ਮਾਫੀ ਚਾਹਾਂਗਾ | ਇੱਕ ਨਿੱਕੀ ਜਿਹੀ ਕੋਸ਼ਿਸ਼ ਕੀਤੀ ਹੈ ਆਪਣੇ ਕਿਸਾਨ ਵੀਰਾਂ ਲਈ ਲਿਖਣ ਦੀ ਅਤੇ ਉਮੀਦ ਕਰਦਾ ਹਾਂ  ਕਿ ਇਹ ਕੋਸ਼ਿਸ਼ ਤੁਹਾਨੂੰ ਸਾਡੇ ਕਿਸਾਨ ਭਰਾਵਾਂ ਦਾ ਸਾਥ ਦੇਣ ਲਈ ਉਤਸ਼ਾਹਿਤ ਕਰੇਗੀ |

    ਮੇਰੀ ਤਹਿ ਦਿਲੋਂ ਬੇਨਤੀ ਹੈ ਕਿ ਤੁਸੀਂ ਕਿਸਾਨਾਂ ਦਾ ਇਸ ਲੜਾਈ ਵਿਚ ਸਾਥ ਦੇਵੋ | ਜਿਹੜੇ ਵੀਰ-ਮਿੱਤਰ ਕਹਿ ਰਹੇ  ਨੇ ਕਿ ਕਿਸਾਨ ਤਾਂ ਉੰਝ ਹੀ ਤਮਾਸ਼ਾ ਕਰ ਰਹੇ ਨੇ , ਉਹਨਾਂ ਨੂੰ ਹੱਥ ਜੋੜ ਬੇਨਤੀ ਹੈ ਕਿ ਇੱਕ ਵਾਰ ਬਿੱਲ ਨੂੰ ਗੌਰ ਨਾਲ ਸਮਝ ਲੈਣ ਅਤੇ ਇਸਦੇ ਹੋਣ ਵਾਲੇ ਪ੍ਰਭਾਵਾਂ ਨੂੰ ਵੀ ਸਮਝਣ ਦਾ ਯਤਨ ਕਰਨ |  ਇੱਕ ਗੱਲ ਹੋਰ ਜੀ ਤੁਸੀਂ ਖੁਦ ਸੋਚੋ ਕਿਸਦਾ ਦਿਲ ਕਰਦਾ ਹੈ ਆਪਣੇ ਬਾਲ-ਬਚੇ ਛੱਡ ਠੰਡ ਵਿੱਚ ਧਰਨਿਆਂ ਤੇ ਬੈਠਣ ਦਾ ਕੁੱਝ ਤਾਂ ਵਜ੍ਹਾ ਹੋਵੇਗੀ ਹੀ ਕਿ ਅਸੀਂ ਸੰਗਰਸ਼ ਕਰ ਰਹੇ ਹਾਂ |

       ਅੰਤ ਵਿੱਚ ਇੰਨਾ ਹੀ ਕਹਿਣਾ ਚਾਹਾਂਗਾ ਕਿ ਕਿਸਾਨਾਂ ਦਾ ਸਾਥ ਦੇਵੋ ਅਤੇ ਜੇ ਸਾਥ ਨਹੀਂ ਦੇ ਸਕਦੇ ਤਾਂ ਇਹਨਾਂ ਨੂੰ ਭੰਡੋ ਨਾ |

   ਮਨਪ੍ਰੀਤ ਸਿੱਧੂ

    ਵਟਸਅੱਪ ਨੰਬਰ :62809-81326