ਟਿੱਲੇ ਵਾਲਾ ਸਾਧ-ਕਥਾ ਪ੍ਰਵਾਹ

0
661

ਬੱਸ ਵਿਚੋਂ ਉਤਰ ਮੈਂ ਆਪਣਾ ਸਾਮਾਨ ਚੁੱਕ ਕੇ ਨੇੜੇ ਹੀ ਦਰੱਖਤ ਦੀ ਛਾਵੇਂ ਆ ਖਲੋਤਾ। ਗਰਮੀ ਦਾ ਮੌਸਮ ਸੀ। ਗਰਮ ਲੂ ਵਗ ਰਹੀ ਸੀ। ਮੇਰਾ ਪਿੰਡ ਇੱਥੋਂ ਲਗਭਗ ਡੇਢ ਮੀਲ ਦੂਰ ਸੀ ਤੇ ਪਿੰਡ ਨੂੰ ਕੋਈ ਬੱਸ ਵੀ ਨਹੀਂ ਸੀ ਜਾਂਦੀ। ਪਿੰਡ ਨੂੰ ਜਾਣ ਵਾਲਾ ਰਸਤਾ ਬਿਲਕੁਲ ਕੱਚਾ ਤੇ ਆਸੇ-ਪਾਸੇ ਝਾੜ ਕਿਸੇ ਉਜਾੜ ਤੋਂ ਘੱਟ ਪ੍ਰਤੀਤ ਨਹੀਂ ਹੋ ਰਹੇ। ਮੈਂ ਪਿੰਡ ਵੱਲ ਮੂੰਹ ਕਰਕੇ ਦੂਰ ਤੱਕ ਨਜ਼ਰ ਮਾਰੀ ਤਾਂ ਇਕ ਉੱਚੇ ਟਿੱਲੇ ’ਤੇ ਝੰਡਾ ਲਹਿਰਾ ਰਿਹਾ ਸੀ। ਮੈਨੂੰ ਯਾਦ ਆਇਆ ਕਿ ਇੱਥੇ ਤਾਂ ਪਿਛਲੇ ਸਾਲ ਇਕ ਸਾਧ ਦੀ ਕੁਟੀਆ ਹੁੰਦੀ ਸੀ। ਬੂਬਨਾ ਸਾਧ ਕਾਫ਼ੀ ਤਰੱਕੀ ਕਰ ਗਿਆ ਜਾਪਿਆ। ਜਦੋਂ ਮੈਂ ਪਿਛਲੀ ਵਾਰ ਛੁੱਟੀ ’ਤੇ ਪਿੰਡ ਆਇਆ ਸੀ ਤਾਂ ਇਹ ਸਾਧ ਲੋਕਾਂ ਦੇ ਘਰਾਂ ਵਿਚੋਂ ਮੰਗ ਕੇ ਖਾਂਦਾ ਸੀ ਤੇ ਫਿਰ ਹੌਲੀ ਹੌਲੀ ਪੁੱਛਾਂ ਦੇਣ ਲੱਗ ਪਿਆ।

ਮੈਂ ਸੋਚ ਰਿਹਾ ਸੀ ਕਿ ਲੋਕ ਕਿੰਨੇ ਅੰਧ-ਵਿਸ਼ਵਾਸੀ ਹੋ ਗਏ ਹਨ। ਅਚਾਨਕ ਬਲਦਾਂ ਦੇ ਗਲਾਂ ਦੀਆਂ ਟੱਲੀਆਂ ਖੜਕੀਆਂ ਤਾਂ ਮੈਂ ਇਕਦਮ ਪਿੱਛੇ ਵੇਖਿਆ। ‘‘ਓ ਬੱਲੇ ਬਾਈ ਫ਼ੌਜੀਆ! ਕੀ ਹਾਲ ਹੈ ਯਾਰਾ? ਲੱਗਦਾ ਛੁੱਟੀ ਕੱਟਣ ਆਇਐਂ…। ਆ ਬੈਠ ਗੱਡੇ ’ਤੇ, ਇੱਥੇ ਕੋਈ ਬੱਸ ਨਹੀਂ ਆਉਣੀ।’’ ਇਹ ਮੇਰਾ ਯਾਰ ਜੀਤਾ ਸੀ ਜੋ ਕਦੇ ਮੇਰੇ ਨਾਲ ਹੀ ਪੜ੍ਹਦਾ ਸੀ। ਮੈਂ ਵੀ ਖ਼ੁਸ਼ ਹੋ ਕੇ ਉਸ ਨੂੰ ਜੱਫੀ ਪਾ ਪੁੱਛਿਆ, ‘‘ਹੋਰ ਬਈ ਅੱਜਕੱਲ੍ਹ ਕੀ ਕਰਦਾ ਏਂ?’’ ‘‘ਕਰਨਾ ਕੀ ਐ ਫ਼ੌਜੀਆ, ਆਪਣੀ ਤਾਂ ਸਾਰੀ ਉਮਰ ਵਾਹੀ ਕਰਦਿਆਂ ਦੀ ਹੀ ਨਿਕਲ ਜਾਣੀ ਆਂ। ਬਸ ਹੁਣ ਤਾਂ ਆਪਣਾ ਇਹੋ ਜੀਵਨ ਹੈ।’’ ਗੱਲਾਂਬਾਤਾਂ ਕਰਦਿਆਂ ਨੂੰ ਪਤਾ ਹੀ ਨਹੀਂ ਲੱਗਾ, ਕਦ ਪਿੰਡ ਪਹੁੰਚ ਗਏ। ਪਿੰਡ ਦਾ ਮੂੰਹ ਮੱਥਾ ਜਿਸ ਤਰ੍ਹਾਂ ਸਾਲ ਪਹਿਲਾਂ ਸੀ, ਅੱਜ ਵੀ ਉਸੇ ਤਰ੍ਹਾਂ ਹੀ ਸੀ। ਕੁਝ ਵੀ ਨਹੀਂ ਸੀ ਬਦਲਿਆ। ਉਹੀ ਕੱਚੀਆਂ ਗਲੀਆਂ, ਥਾਂ ਥਾਂ ਗੰਦੇ ਪਾਣੀ ਦੇ ਛੱਪੜ। ਹਰ ਸਹੂਲਤ ਤੋਂ ਸੱਖਣਾ ਪਿੰਡ ਓਵੇਂ ਦਾ ਓਵੇਂ। ਸਾਡੇ ਪਿੰਡ ਦੇ ਪੱਛੜੇਪਣ ਦਾ ਕਾਰਨ ਅਨਪੜ੍ਹਤਾ, ਅੰਧ-ਵਿਸ਼ਵਾਸੀ ਤੇ ਕੁਝ ਕੁ ਸੁਆਰਥੀ ਲੋਕ ਸਨ ਅਤੇ ਕੁਝ ਕੁ ਇਸ ਟਿੱਲੇ ਵਾਲੇ ਸਾਧ ਕਰਕੇ ਪਿੰਡ ਲਗਾਤਾਰ ਅੰਧ-ਵਿਸ਼ਵਾਸਾਂ ਵਿਚ ਧਸਦਾ ਗਿਆ। ਮੈਂ ਸੋਚਦਾ ਸੋਚਦਾ ਆਪਣੇ ਘਰ ਦੀ ਦਹਿਲੀਜ਼ ’ਤੇ ਪੁੱਜ ਗਿਆ। ਜਦੋਂ ਮੈਂ ਉੱਪਰ ਵੱਲ ਦੇਖਿਆ ਤਾਂ ਹਰੀਆਂ ਮਿਰਚਾਂ ਤੇ ਨਿੰਬੂ ਇਕ ਧਾਗੇ ’ਚ ਬੰਨ੍ਹ ਕੇ ਬਾਰ ਨਾਲ ਟੰਗੇ ਹੋਏ ਸਨ। ਮੈਂ ਉਹ ਹਰੀਆਂ ਮਿਰਚਾਂ ਤੇ ਨਿੰਬੂ ਤੋੜ ਕੇ ਸੁੱਟ ਦਿੱਤੇ। ਦਰਵਾਜ਼ਾ ਖੜਕਾਉਣ ’ਤੇ ਬੇਬੇ ਨੇ ਦਰਵਾਜ਼ਾ ਖੋਲ੍ਹਿਆ। ‘‘ਆ ਮੇਰਾ ਪੁੱਤ,’’ ਆਖ ਬੇਬੇ ਨੇ ਮੇਰਾ ਮੱਥਾ ਚੁੰਮ ਕੇ ਗਲ ਨਾਲ ਲਗਾ ਲਿਆ। ਸਾਹਮਣੇ ਬਾਪੂ ਪਸ਼ੂਆਂ ਦੀ ਖੁਰਲੀ ’ਚ ਪੱਠੇ ਰਲਾ ਰਿਹਾ ਸੀ। ਬਾਪੂ ਨੇ ਵਿਚੇ ਹੀ ਕੰਮ ਛੱਡ ਕੇ ਆਣ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ ਪੁੱਛਿਆ, ‘‘ਹੋਰ ਸਰਹੱਦ ’ਤੇ ਸਭ ਠੀਕ ਠਾਕ ਐ ਪੁੱਤ? ਮੈਂ ਤਾਂ ਸੁਣਿਆ ਸੀ ਕਿ ਮਾਹੌਲ ਥੋੜ੍ਹਾ ਤਣਾਅ ਭਰਿਆ ਚੱਲ ਰਿਹਾ ਅੱਜਕੱਲ੍ਹ?’’

‘‘ਬਾਪੂ ਜੀ, ਜਿੰਨਾ ਚਿਰ ਦੁਸ਼ਮਣ ਸਾਡੇ ਦੇਸ਼ ਵੱਲ ਮਾੜੀ ਨੀਅਤ ਨਾਲ ਦੇਖੇਗਾ ਓਨਾ ਚਿਰ ਸਾਡੀ ਲੜਾਈ ਜਾਰੀ ਰਹੇਗੀ।’’

‘‘ਵਾਹ ਮੇਰੇ ਸ਼ੇਰਾ, ਆਹ ਕੀਤੀ ਏ ਤੂੰ ਦੇਸ਼ ਭਗਤਾਂ ਵਾਲੀ ਗੱਲ। ਜਿਹੜੇ ਵਿਚਾਰ ਤੇਰੇ ਨੇ ਇਹੋ ਵਿਚਾਰ ਭਗਤ ਸਿੰਘ ਵਰਗੇ ਯੋਧਿਆਂ ਦੇ ਸਨ ਜਿਨ੍ਹਾਂ ਨੇ ਆਪਣੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਵਾਰ ਦਿੱਤੀਆਂ ਤੇ ਰਹਿੰਦੀ ਦੁਨੀਆਂ ਤਕ ਅਮਰ ਸ਼ਹੀਦ ਕਹਾਉਣਗੇ। ਦੁੱਖ ਉਦੋਂ ਹੁੰਦਾ ਹੈ ਜਦੋਂ ਲੱਖਾਂ ਕੁਰਬਾਨੀਆਂ ਕਰਕੇ ਲਈ ਆਜ਼ਾਦੀ ਮਾਣਦੇ ਸਾਡੇ ਹੀ ਕਈ ਆਗੂ ਸਾਡੇ ਸਿਰਾਂ ’ਤੇ ਬੈਠ ਕੇ ਸਾਨੂੰ ਹੀ ਖਾਣ ਲੱਗ ਪੈਂਦੇ ਨੇ। ਅੱਜ ਫਿਰ ਲੋੜ ਹੈ ਭਗਤ ਸਿੰਘ ਵਰਗੇ ਜੁਝਾਰੂ ਯੋਧਿਆਂ ਦੀ ਜੋ ਇਨ੍ਹਾਂ ਚਿੱਟ ਕੱਪੜੀਆਂ ਨੂੰ ਨੱਥ ਪਾ ਸਕਣ।’’

ਬਾਪੂ ਜੀ ਦੇ ਵਿਚਾਰ ਸੁਣ ਮੈਂ ਖ਼ੁਸ਼ ਹੋਇਆ ਕਿ ਚਲੋ ਘੱਟੋ ਘੱਟ ਬਾਪੂ ਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੈ ਜੋ ਅਸਲ ਸ਼ਹੀਦਾਂ ਦਾ ਦਿਲੋਂ ਸਤਿਕਾਰ ਕਰਦਾ ਹੈ।

ਫਿਰ ਬੂਹੇ ਅੱਗੇ ਟੰਗੇ ਨਿੰਬੂ ਤੇ ਮਿਰਚਾਂ ਬਾਰੇ ਸੋਚ ਕੇ ਇਕਦਮ ਮੇਰੇ ਚਿਹਰੇ ‘ਤੇ ਉਦਾਸੀ ਛਾ ਗਈ।

ਉਸੇ ਸਮੇਂ ਗੁਆਂਢ ਰਹਿੰਦੀ ਨਿਹਾਲੋ ਘਰ ਦੀ ਦਹਿਲੀਜ਼ ਟੱਪ ਕੇ ਬੋਲੀ, ‘‘ਅੰਮਾਂ ਜੀ ਘਰ ਹੀ ਏਂ?’’ ‘‘ਆ ਲੰਘਿਆ ਨਿਹਾਲੋ ਆ ਜਾ, ’’ ਬੇਬੇ ਨੇ ਆਖਿਆ।

‘‘ਨਾ ਅੰਮਾ ਜੀ, ਤੁਸੀਂ ਜ਼ਰਾ ਵੀ ਧਿਆਨ ਨਹੀਂ ਰੱਖਦੇ, ਸ਼ਹੀਦਾਂ ਵਾਲੇ ਬਾਬੇ ਨੇ ਕਿਹਾ ਸੀ ਕਿ ਕਾਲੀ ਭੂਤਨੀ ਤੋਂ ਬਚਣ ਲਈ ਨਿੰਬੂ ਤੇ ਮਿਰਚਾਂ ਹਮੇਸ਼ਾ ਬਾਰ ਮੂਹਰੇ ਟੰਗੀਆਂ ਹੋਣੀਆਂ ਚਾਹੀਦੀਆਂ, ਪਰ ਥੋਡੇ ਨਿੰਬੂ ਤੇ ਮਿਰਚਾਂ ਕਿੱਧਰ ਗਈਆਂ।’’

‘‘ਹੈਂ ਲੋਹੜਾ ਆ ਗਿਆ! ਹਾਲੇ ਹੁਣ ਤਾਂ ਮੈਂ ਵੇਖੀਆਂ ਸੀ। ਹਾਂ ਯਾਦ ਆਇਆ ਕੁੜੇ ਬਿਸ਼ਨੀ ਆਈ ਸੀ। ਪੁੱਤ ਮਰਨੀਂ, ਉਹ ਨਈਂ ਸਾਡਾ ਭਲਾ ਚਾਹੁੰਦੀ। ਉਹੀ ਲਾਹ ਕੇ ਲੈ ਗਈ ਹੋਣੀ ਐ। ਮਿਹਰ ਕਰੀਂ ਸ਼ਹੀਦਾਂ ਵਾਲੇ ਬਾਬਾ ਜੀ, ਬਚਾਈ ਰੱਖੀਂ ਕਾਲੀ ਭੂਤਨੀ ਤੋਂ,’’ ਇਹ ਆਖ ਬੇਬੇ ਨੇ ਤੁਰੰਤ ਬਾਬੇ ਤੋਂ ਨਿੰਬੂ ਤੇ ਹਰੀਆਂ ਮਿਰਚਾਂ ਲਿਆ ਕੇ ਫਿਰ ਟੰਗ ਦਿੱਤੀਆਂ।

ਮੈਂ ਜਾਣਨਾ ਚਾਹੁੰਦਾ ਸੀ ਕਿ ਇਹ ਕਿਹੜਾ ਸ਼ਹੀਦਾਂ ਵਾਲਾ ਬਾਬਾ ਹੈ। ਮੈਂ ਬੇਬੇ ਤੋਂ ਪੁੱਛ ਹੀ ਲਿਆ, ‘‘ਬੇਬੇ, ਆਹ ਕਿਹੜਾ ਬਾਬਾ?’’

‘‘ਨਾ ਪੁੱਤ ਇਉਂ ਨਾ ਬੋਲ। ਸ਼ਹੀਦਾਂ ਵਾਲੇ ਬਾਬਾ ਜੀ ਐ। ਬੜੇ ਮਹਾਨ ਬਾਬਾ ਜੀ।’’ ‘‘ਨਾ ਬੇਬੇ ਫੇਰ ਇਹ ਸ਼ਹੀਦ ਕਿਸ ਤਰ੍ਹਾਂ ਹੋਇਆ?’’ ਇਸ ’ਤੇ ਬੇਬੇ ਨੇ ਕਿਹਾ, ‘‘ਪੁੱਤ, ਤੂੰ ਜਦੋਂ ਪਿਛਲੀ ਵਾਰ ਛੁੱਟੀ ਕੱਟ ਕੇ ਚਲਾ ਗਿਆ ਸੀ ਤਾਂ ਟਿੱਲੇ ’ਤੇ ਕੁਝ ਚੋਰਾਂ ਨੇ ਬਾਬਾ ਜੀ ’ਤੇ ਹਮਲਾ ਕਰ ਦਿੱਤਾ ਤੇ ਬਾਬਾ ਜੀ ਨੂੰ ਮਾਰ ਗਏ। ਨਰਕਾਂ ’ਚ ਵਾਸਾ ਹੋਊ ਡੁੱਬ ਜਾਣਿਆਂ ਦਾ,’’ ਬੇਬੇ ਨੇ ਗੁੱਸੇ ’ਚ ਥੁੱਕਦਿਆਂ ਆਖਿਆ।

ਮੈਨੂੰ ਇਕਦਮ ਯਾਦ ਆਇਆ ਕਿ ਇਸ ਸਾਧ ਬਾਰੇ ਤਾਂ ਮੇਰੇ ਕੋਲ ਵੀ ਖ਼ਬਰ ਪਹੁੰਚੀ ਸੀ ਬਈ ਇਹ ਸਾਧ ਪਿੰਡ ਦੇ ਟਿੱਲੇ ’ਤੇ ਨਸ਼ਿਆਂ ਦੀ ਤਸਕਰੀ ਕਰਦਾ ਸੀ ਤੇ ਪਿੰਡ ਦੇ ਲੋਕਾਂ ਨੂੰ ਨਸ਼ਾ ਕਰਾ ਕੇ ਆਪਣਾ ਖ਼ੂਬ ਪ੍ਰਚਾਰ ਕਰਵਾਉਂਦਾ ਸੀ। ਬਸ ਇਸੇ ਕਰਕੇ ਨਸ਼ਿਆਂ ਦੇ ਲੈਣ ਦੇਣ ਕਰਕੇ ਆਪਸ ਵਿਚ ਝਗੜਾ ਹੋ ਗਿਆ ਤੇ ਕਿਸੇ ਨੇ ਮਾਰ ਦਿੱਤਾ। ਪਰ ਮੇਰਾ ਭੋਲਾ ਪਿੰਡ ਉਸ ਪਾਖੰਡੀ ਨੂੰ ਸ਼ਹੀਦ ਕਰਾਰ ਦੇਈ ਜਾਂਦਾ ਹੈ, ਪਰ ਕੀ ਕੀਤਾ ਜਾ ਸਕਦਾ ਸੀ! ਅੰਧ-ਵਿਸ਼ਵਾਸ ਤਾਂ ਇਨ੍ਹਾਂ ਦੇ ਅੰਦਰ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਅੱਜ ਉਸੇ ਡੇਰੇ ’ਤੇ ਉਸ ਬਾਬੇ ਦਾ ਵੱਡਾ ਮੁੰਡਾ ਸਾਧ ਬਣਿਆ ਬੈਠਾ ਹੈ।

ਸ਼ਾਮ ਦੇ ਸਮੇਂ ਮੈਂ ਰੋਟੀ ਖਾ ਕੇ ਸੌਣ ਦੀ ਤਿਆਰੀ ਕਰਨ ਲੱਗਾ ਤਾਂ ਬਿਜਲੀ ਚਲੀ ਗਈ। ਗਰਮੀ ਵਿਚ ਨੀਂਦ ਕਿੱਥੇ ਆਉਂਦੀ ਸੀ ਤਾਂ ਮੈਂ ਬਾਪੂ ਨੂੰ ਪੁੱਛਿਆ ਕਿ ਬਿਜਲੀ ਕਦ ਆਵੇਗੀ।

‘‘ਕਿਹੜੀ ਬਿਜਲੀ ਪੁੱਤ! ਸੌਂ ਜਾ ਖੇਸ ਨੱਪ ਕੇ। ਹੁਣ ਨਹੀਂ ਆਉਣੀ।’’ ਇਹ ਸੁਣ ਕੇ ਮੈਂ ਉੱਠਿਆ ਤੇ ਮੰਜਾ ਚੁੱਕ ਕੇ ਕੋਠੇ ’ਤੇ ਚੜ੍ਹਾ ਲਿਆ।

ਅਚਾਨਕ ਅੱਧੀ ਰਾਤ ਨੂੰ ਸਾਡੇ ਗੁਆਂਢ ਦੀ ਲਗਪਗ ਤੀਹ ਕੁ ਸਾਲਾਂ ਦੀ ਔਰਤ ਚੀਕਾਂ ਮਾਰਨ ਲੱਗ ਪਈ।

ਉਸ ਦੀਆਂ ਚੀਕਾਂ ਸੁਣ ਕੇ ਆਂਢੀ-ਗੁਆਂਢੀ ਇਕੱਠੇ ਹੋਣ ਲੱਗੇ। ਮੈਂ ਵੀ ਜਲਦੀ ਕੋਠੇ ਤੋਂ ਉੱਤਰ ਉਧਰ ਹੀ ਚਲਾ ਗਿਆ। ਦੇਖਿਆ ਕਿ ਉਹ ਔਰਤ ਆਪਣੇ ਵਾਲ ਖੋਲ੍ਹ ਕੇ ਸਿਰ ਘੁਮਾਈ ਜਾ ਰਹੀ ਸੀ ਤੇ ਇਕ ਬੁੜ੍ਹੀ ਨੇ ਕਿਹਾ, ‘‘ਲੱਗਦੈ ਅੱਜ ਫੇਰ ਇਹਦੇ ਵਿਚ ਉਹੀ ਕਾਲੀ ਭੂਤਨੀ ਆ ਗਈ। ਇਹ ਤਾਂ ਪਿੰਡ ਨੂੰ ਉਜਾੜ ਕੇ ਹੀ ਛੱਡੂ।’’ ਬੁੜ੍ਹੀਆਂ ਦੇ ਕਹਿਣ ’ਤੇ ਕੁਝ ਬੰਦਿਆਂ ਨੇ ਉਸ ਨੂੰ ਚੁੱਕ ਕੇ ਗੱਡੇ ’ਤੇ ਪਾ ਦਿੱਤਾ ਤੇ ਟਿੱਬੇ ਵੱਲ ਵਧਣ ਲੱਗੇ।

ਸਾਰੇ ਪਿੰਡ ਨੇ ਓਧਰ ਹੀ ਵਹੀਰਾਂ ਘੱਤ ਲਈਆਂ। ਮੈਂ ਵੀ ਮਗਰ ਹੀ ਤੁਰ ਪਿਆ। ਟਿੱਬੇ ’ਤੇ ਸਾਰਾ ਪਿੰਡ ਇਕੱਠਾ ਹੋ ਗਿਆ। ਸਾਹਮਣੇ ਧੂਣੀ ਬਲ ਰਹੀ ਸੀ ਤੇ ਇਕ ਸਾਧ ਪੀਲਾ ਚੋਲਾ ਪਾਈ ਬੈਠਾ ਸੀ। ਇਸੇ ਨੂੰ ਹੀ ਸਾਰਾ ਪਿੰਡ ਟਿੱਲੇ ਵਾਲਾ ਸਾਧ ਆਖਦਾ ਹੈ।

‘‘ਬਾਬਾ ਜੀ ਕਿਰਪਾ ਕਰੋ। ਪਿੰਡ ’ਤੇ ਕਸ਼ਟ ਆਇਆ ਹੋਇਆ। ਅੱਜ ਫਿਰ ਕਾਲੀ ਭੂਤਨੀ ਪਿੰਡ ’ਚ ਆ ਗਈ ਐ।’’ ਪਿੰਡ ਦੇ ਕੁਝ ਲੋਕ ਹੱਥ ਬੰਨ੍ਹ ਕੇ ਕਹਿਣ ਲੱਗੇ।

‘‘ਸ਼ਾਂਤ ਹੋ ਜਾਓ ਬੱਚਾ, ਘਬਰਾਓ ਨਾ। ਇਸ ਭੂਤਨੀ ਨੂੰ ਮੈਂ ਆਪਣੀ ਤਾਂਤਰਿਕ ਸ਼ਕਤੀ ਨਾਲ ਹੁਣੇ ਹੀ ਵੱਸ ’ਚ ਕਰ ਲੈਂਦਾ ਹਾਂ।’’ ਫਿਰ ਸਾਧ ਨੇ ਹੱਥ ’ਚ ਫੜਿਆ ਚਿਮਟਾ ਹੌਲੀ ਹੌਲੀ ਉਸ ਦੇ ਮਾਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਥੋੜ੍ਹਾ ਜਿਹਾ ਪਾਣੀ ਉਹਦੇ ਉੱਪਰ ਛਿੜਕ ਦਿੱਤਾ। ਕੁਝ ਸਮੇਂ ਵਿਚ ਹੀ ਉਹ ਔਰਤ ਸ਼ਾਂਤ ਹੋ ਗਈ ਤੇ ਇਕੱਠ ਵੱਲ ਇੰਜ ਵੇਖਣ ਲੱਗੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ।

ਇਹ ਵੇਖ ਕੇ ਪਿੰਡ ਦੇ ਸਾਰੇ ਲੋਕ ਉਸ ਸਾਧ ਦੇ ਚਰਨਾਂ ’ਚ ਸਿਰ ਝੁਕਾਉਂਦੇ ਤੇ ਉਸ ਦੇ ਨਾਂ ਦੇ ਜੈਕਾਰੇ ਲਾਉਂਦੇ ਹੋਏ ਪਿੰਡ ਨੂੰ ਵਾਪਸ ਚੱਲ ਪਏ।

ਪਰ ਮੈਂ ਜਾਣਦਾ ਸੀ ਕਿ ਇੱਥੇ ਜ਼ਰੂਰ ਕੋਈ ਗੜਬੜ ਹੈ। ਇਹੋ ਜਾਣਨ ਲਈ ਮੈਂ ਉੱਥੇ ਹੀ ਹਨੇਰੇ ਵਿਚ ਲੁਕ ਕੇ ਬੈਠ ਗਿਆ। ਸਾਰਾ ਪਿੰਡ ਚਲਾ ਗਿਆ, ਪਰ ਉਹ ਔਰਤ ਉਸੇ ਤਰ੍ਹਾਂ ਬੈਠੀ ਰਹੀ। ਫਿਰ ਥੋੜ੍ਹੇ ਜਿਹੇ ਸਮੇਂ ਬਾਅਦ ਉਹ ਔਰਤ ਉੱਠੀ ਤੇ ਜਾ ਕੇ ਸਾਧ ਦੇ ਗਲ ’ਚ ਬਾਹਾਂ ਪਾ ਕੇ ਲੱਗੀ ਪਿਆਰ ਦੀਆਂ ਬਾਤਾਂ ਪਾਉਣ। ਉਹ ਬੋਲੀ, ‘‘ਕਿਉਂ ਦੇਖਿਆ ਮੇਰਾ ਕਮਾਲ! ਕਿੰਨੇ ਮੂਰਖ ਨੇ ਲੋਕ। ਹੁਣ ਕੱਲ੍ਹ ਨੂੰ ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਉਹ ਕਾਲੀ ਭੂਤਨੀ ਹੁਣ ਬਾਬਾ ਜੀ ’ਚ ਚਲੀ ਗਈ ਹੈ ਤਾਂ ਦੇਖਿਓ ਪਹਿਲਾਂ ਵਾਂਗ ਕਿਵੇਂ ਚੜ੍ਹਾਵਾ ਚੜ੍ਹਦਾ ਏ।’’ ਏਨਾ ਆਖ ਉਹ ਔਰਤ ਤੇ ਇਹ ਸੁਣ ਕੇ ਸਾਧ ਉੱਚੀ ਉੱਚੀ ਹੱਸਣ ਲੱਗੇ।

ਉਸੇ ਰਾਤ ਮੈਂ ਔਖੇ ਸੌਖੇ ਆਪਣੇ ਕੁਝ ਫ਼ੌਜੀ ਦੋਸਤਾਂ ਨੂੰ ਬੁਲਾ ਲਿਆਂਦਾ ਜੋ ਮੇਰੇ ਨਾਲ ਹੀ ਆਪੋ ਆਪਣੇ ਪਿੰਡ ਛੁੱਟੀਆਂ ਕੱਟਣ ਆਏ ਸਨ। ਸਵੇਰਾ ਹੋਇਆ ਤਾਂ ਮੈਂ ਆਪਣੇ ਫ਼ੌਜੀ ਦੋਸਤਾਂ ਨਾਲ ਸਿੱਧਾ ਜੀਤੇ ਦੇ ਘਰ ਚਲਾ ਗਿਆ। ਮੈਂ ਜੀਤੇ ਨੂੰ ਪੁੱਛਿਆ ਕਿ ਉਹ ਔਰਤ ਕੌਣ ਸੀ ਜਿਸ ਵਿਚ ਰਾਤ ਭੂਤਨੀ ਆਈ ਸੀ। ਜੀਤੇ ਨੇ ਕਿਹਾ, ‘‘ਯਾਰ ਉਹਦੇ ਬਾਰੇ ਤਾਂ ਪੁੱਛ ਹੀ ਨਾ। ਦੂਜੇ ਦਿਨ ਹੀ ਉਸ ਵਿਚ ਭੂਤਨੀ ਆਈ ਰਹਿੰਦੀ ਐ। ਪਿੰਡ ਵਾਲਿਆਂ ਨੇ ਉਹ ਟਿੱਲੇ ਵਾਲਾ ਥਾਂ ਸਕੂਲ ਬਣਾਉਣ ਲਈ ਰੱਖਿਆ ਸੀ, ਪਰ ਉਸ ਸਾਧ ਨੇ ਇਸ ਔਰਤ ਤੇ ਪਿੰਡ ਦੇ ਕੁਝ ਘੜੰਮ ਚੌਧਰੀਆਂ ਨਾਲ ਮਿਲ ਕੇ ਲੋਕਾਂ ਵਿਚ ਭੂਤਾਂ ਪ੍ਰੇਤਾਂ ਦਾ ਡਰ ਪੈਦਾ ਕਰਕੇ ਉਸ ਥਾਂ ’ਤੇ ਡੇਰਾ ਬਣਾ ਲਿਆ।’’

ਹੁਣ ਅਸੀਂ ਉਸ ਸਾਧ ਦੀ ਸਾਰੀ ਚਾਲ ਸਮਝ ਗਏ ਸੀ। ਜਿਵੇਂ ਰਾਤ ਉਹ ਔਰਤ ਆਖ ਰਹੀ ਸੀ, ਅੱਜ ਸਭ ਕੁਝ ਓਵੇਂ ਹੀ ਹੋਣ ਲੱਗਾ ਸੀ। ਲੋਕ ਆਪਣੇ ਗਹਿਣੇ ਪੈਸੇ ਲੈ ਕੇ ਟਿੱਲੇ ਵੱਲ ਜਾਣ ਲੱਗੇ ਤੇ ਕਹਿਣ ਲੱਗੇ ਸਨ ਕਿ ਬਾਬਾ ਜੀ ’ਚ ਕਾਲੀ ਭੂਤਨੀ ਪ੍ਰਵੇਸ਼ ਕਰ ਗਈ ਆ ਤੇ ਹੁਣ ਉਹ ਭੂਤਨ੍ਹੀਂ ਗਹਿਣੇ ਤੇ ਪੈਸੇ ਮੰਗਦੀ ਐ।

ਇਹ ਦੱਸ ਕੇ ਜੀਤਾ ਕਹਿਣ ਲੱਗਾ, ‘‘ਯਾਰ ਫ਼ੌਜੀਆ, ਇਸ ਪਿੰਡ ਨੂੰ ਇਸ ਪਾਖੰਡੀ ਸਾਧ ਕੋਲੋਂ ਬਚਾ ਲੈ। ਇਹ ਵਿਹਲਾ ਹੀ ਇਨ੍ਹਾਂ ਭੋਲੇ ਭਾਲੇ ਲੋਕਾਂ ਦੀ ਕਮਾਈ ਖਾ ਰਿਹਾ ਏ।’’

ਮੈਂ ਵੀ ਹੁਣ ਪੱਕਾ ਇਰਾਦਾ ਧਾਰ ਲਿਆ ਸੀ ਕਿ ਚਾਹੇ ਕੁਝ ਵੀ ਹੋ ਜਾਵੇ ਇਸ ਪਾਖੰਡੀ ਸਾਧ ਨੂੰ ਪਿੰਡ ਵਿੱਚੋਂ ਕੱਢੇ ਬਗੈਰ ਨਹੀਂ ਜਾਵਾਂਗਾ। ਅਸੀਂ ਸਾਰਿਆਂ ਨੇ ਉਸ ਸਾਧ ਦਾ ਪਖੰਡ ਖ਼ਤਮ ਕਰਨ ਲਈ ਇਕ ਨਾਟਕ ਰਚਿਆ।

ਮੈਂ ਅਤੇ ਮੇਰੇ ਦੋਸਤਾਂ ਨੇ ਪੀਲਾ ਚੋਲਾ ਪਹਿਨ ਸਾਧਾਂ ਵਾਲਾ ਭੇਸ ਬਣਾ ਲਿਆ ਤੇ ਜੀਤੇ ਨੇ ਟਿੱਲੇ ’ਤੇ ਜਾ ਕੇ ਰੌਲਾ ਪਾ ਦਿੱਤਾ ਕਿ ਪਿੰਡ ਵਿਚ ਇਕ ਹੋਰ ਮਹਾਨ ਬਾਬਾ ਜੀ ਆਏ ਨੇ।

ਜਦੋਂ ਅਸੀਂ ਟਿੱਲੇ ’ਤੇ ਪਹੁੰਚੇ ਤਾਂ ਉਹ ਪਾਖੰਡੀ ਸਾਧ ਜਟਾਂ ਖਲਾਰ ਕੇ ਸਿਰ ਘੁਮਾਈ ਜਾ ਰਿਹਾ ਸੀ। ਢੋਲਕੀਆਂ ਚਿਮਟੇ ਵੱਜ ਰਹੇ ਸਨ। ਲੋਕਾਂ ਨੇ ਕਾਫ਼ੀ ਪੈਸਾ ਉਸ ਦੇ ਅੱਗੇ ਰੱਖ ਦਿੱਤਾ। ਲੋਕਾਂ ਨੇ ਜਦ ਸਾਨੂੰ ਸਾਧ ਦੇ ਲਿਬਾਸ ’ਚ ਦੇਖਿਆ ਤਾਂ ਆਣ ਸਾਡੇ ਪੈਰੀਂ ਡਿੱਗ ਪਏ। ਮੈਂ ਵੀ ਸਾਧਾਂ ਵਾਲੀ ਬੋਲੀ ’ਚ ਬੋਲਿਆ, ‘‘ਘਬਰਾਓ ਨਾ ਬੱਚਾ, ਸਾਨੂੰ ਪਤਾ ਏ ਕਿ ਇੱਥੇ ਕਾਲੀ ਭੂਤਨੀ ਮੰਡਰਾ ਰਹੀ ਏ। ਤੇ ਉਹ ਕਾਲੀ ਭੂਤਨੀ ਬਾਬਾ ਜੀ ਵਿਚ ਪ੍ਰਵੇਸ਼ ਕਰ ਚੁੱਕੀ ਏ। ਅਸੀਂ ਤਾਂ ਇਸ ਤੋਂ ਵੀ ਵੱਡੀਆਂ ਵੱਡੀਆਂ ਭੂਤਨੀਆਂ ਨੂੰ ਵੱਸ ’ਚ ਕੀਤਾ ਏ ਤਾਂ ਇਹ ਕੀ ਚੀਜ਼ ਏ।’’

ਮੈਂ ਤੇ ਮੇਰੇ ਦੋਸਤ ਚਿਮਟੇ ਲੈ ਕੇ ਉਸ ਸਾਧ ਤੇ ਔਰਤ ਦੇ ਦੁਆਲੇ ਹੋ ਗਏ ਤੇ ਥਰਡ ਡਿਗਰੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਮਾਂ ਤਾਂ ਉਹ ਸਾਧ ਤੇ ਔਰਤ ਚਿਮਟਿਆਂ ਦੀ ਮਾਰ ਆਪਣਾ ਭਾਂਡਾ ਫੁੱਟਣ ਦੇ ਡਰੋਂ ਸਹਾਰਦੇ ਰਹੇ, ਪਰ ਜਦੋਂ ਹੁਣ ਚਿਮਟਿਆਂ ਦੀ ਮਾਰ ਹੋਰ ਜ਼ਿਆਦਾ ਹੋਣ ਲੱਗੀ ਤਾਂ ਉਹ ਦੋਵੇਂ ਉੱਠ ਕੇ ਭੱਜਣ ਲੱਗੇ। ਪਿੰਡ ਵਾਲਿਆਂ ਨੇ ਘੇਰਾ ਪਾ ਲਿਆ ਕਿ ਕਿਧਰੇ ਕਾਲੀ ਭੂਤਨੀ ਬਾਹਰ ਹੀ ਨਾ ਭੱਜ ਜਾਵੇ।

ਉਹ ਸਾਧ ਤੇ ਔਰਤ ਹੁਣ ਪੂਰੀ ਤਰ੍ਹਾਂ ਫਸ ਚੁੱਕੇ ਸਨ ਤੇ ਸਾਡੇ ਮੂਹਰੇ ਹੱਥ ਬੰਨ੍ਹ ਕੇ ਬੈਠ ਗਏ। ਅੰਧ-ਵਿਸ਼ਵਾਸੀ ਲੋਕ ਹੁਣ ਉਸ ਸਾਧ ਨੂੰ ਛੱਡ ਸਾਡੀ ਜੈ ਜੈਕਾਰ ਕਰਨ ਲੱਗੇ।

ਮੈਂ ਸਾਧਾਂਵਾਲਾ ਚੋਲਾ ਉਤਾਰ ਦਿੱਤਾ। ਪਿੰਡ ਵਾਲਿਆਂ ਨੇ ਮੈਨੂੰ ਤੁਰੰਤ ਪਛਾਣ ਲਿਆ ਕਿ ਇਹ ਤਾਂ ਆਪਣਾ ਫ਼ੌਜੀ ਹੈ।

ਫਿਰ ਮੈਂ ਉਸ ਰਾਤ ਵਾਲੀ ਸਾਰੀ ਘਟਨਾ ਪਿੰਡ ਵਾਲਿਆਂ ਨੂੰ ਸੁਣਾਈ। ਇਹ ਗੱਲ ਸੁਣ ਕੇ ਪਿੰਡ ਦੀਆਂ ਬੁੜ੍ਹੀਆਂ ਨੇ ਜੁੱਤੀਆਂ ਲਾਹ ਲਈਆਂ ਤੇ ਉਸ ਔਰਤ ਦੁਆਲੇ ਹੋ ਗਈਆਂ।

ਇਹ ਦੇਖ ਕੇ ਉਹ ਔਰਤ ਬਹੁਤ ਡਰ ਗਈ ਤੇ ਕਹਿਣ ਲੱਗੀ, ‘‘ਮੇਰੇ ’ਚ ਕੋਈ ਕਾਲੀ ਭੂਤਨੀ ਨਹੀਂ ਆਉਂਦੀ। ਮੈਂ ਤਾਂ ਸਭ ਕੁਝ ਇਸ ਸਾਧ ਦੇ ਕਹਿਣ ’ਤੇ ਕਰਦੀ ਆਂ।’’ ਉਸ ਸਾਧ ਨੇ ਵੀ ਸਭ ਦੇ ਅੱਗੇ ਹੱਥ ਜੋੜ ਕੇ ਮੁਆਫ਼ੀ ਮੰਗੀ, ਪਰ ਲੋਕ ਗੁੱਸੇ ਨਾਲ ਪੂਰੀ ਤਰ੍ਹਾਂ ਭਰ ਗਏ। ਸਾਰਿਆਂ ਨੇ ਦੋਵਾਂ ਦੀ ਐਸੀ ਛਿੱਤਰ ਪਰੇਡ ਕੀਤੀ ਕਿ ਉਹ ਸਾਧ ਤੇ ਔਰਤ ਪਿੰਡ ਛੱਡ ਕੇ ਭੱਜ ਗਏ। ਪਿੰਡ ਦੇ ਲੋਕ ਹੁਣ ਸਾਡਾ ਧੰਨਵਾਦ ਕਰ ਰਹੇ ਸਨ ਕਿ ਉਨ੍ਹਾਂ ਕਰਕੇ ਅਸੀਂ ਇਸ ਸਾਧ ਦੇ ਚੁੰਗਲ ਵਿਚੋਂ ਬਚ ਗਏ।

ਮੈਂ ਪਿੰਡ ਦੇ ਵਿਕਾਸ ਲਈ ਇਕ ਚਿੱਠੀ ਸਰਕਾਰ ਨੂੰ ਪਾਈ ਤੇ ਉਸ ਵਿਚ ਪਿੰਡ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਹਰ ਸਹੂਲਤ ਉਪਲੱਬਧ ਕਰਵਾਉਣ ਲਈ ਬੇਨਤੀ ਕੀਤੀ। ਮੈਂ ਪਿੰਡ ਦੀ ਪੰਚਾਇਤ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਪਿੰਡ ਦੇ ਵਿਕਾਸ ਵੱਲ ਧਿਆਨ ਦਿੱਤਾ ਜਾਵੇ।

ਕੁਝ ਦਿਨਾਂ ਬਾਅਦ ਮੇਰੀ ਛੁੱਟੀ ਖ਼ਤਮ ਹੋ ਗਈ ਤੇ ਮੈਂ ਚਲਾ ਗਿਆ।

ਅੱਜ ਫਿਰ ਸਾਲ ਬਾਅਦ ਮੈਨੂੰ ਛੁੱਟੀ ਮਿਲੀ। ਅੱਜ ਬੱਸ ਉਸ ਦਰੱਖਤ ਕੋਲ ਰੁਕਣ ਦੀ ਬਜਾਏ ਸਿੱਧੀ ਪਿੰਡ ਵੱਲ ਹੋ ਗਈ। ਮੈਂ ਵਾਰ ਵਾਰ ਬਾਰੀ ਰਾਹੀਂ ਉਹ ਕੱਚਾ ਪਹਾ ਤੇ ਝਾੜ ਭਾਲ ਰਿਹਾ ਸੀ ਜਿੱਥੇ ਹੁਣ ਵਧੀਆ ਸੜਕ ਬਣ ਗਈ ਹੈ। ਜਦੋਂ ਮੈਂ ਪਿੰਡ ਦੇ ਬੱਸ ਅੱਡੇ ’ਤੇ ਉਤਰਿਆ ਤਾਂ ਮੇਰੇ ਕੰਨੀ ਘੰਟੀਆਂ ਦੀ ਆਵਾਜ਼ ਪਈ ਤੇ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਟਿੱਲੇ ਵਾਲੇ ਪਾਸੋਂ ਚਿਮਟਿਆਂ ਦੀ ਆਵਾਜ਼ ਆ ਰਹੀ ਹੈ। ਜਦੋਂ ਇਕਦਮ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਦੇਸ਼ ਦਾ ਭਵਿੱਖ ਉਡਾਰੀਆਂ ਭਰਦਾ ਹੋਇਆ ਵਿੱਦਿਆ ਦਾ ਚਾਨਣ ਪ੍ਰਾਪਤ ਕਰਨ ਲਈ ਸਕੂਲ ਵੱਲ ਵਧ ਰਿਹਾ ਸੀ।

ਅੱਜ ਇਹ ਸਕੂਲ ਉਸ ਜਗ੍ਹਾ ਬਣਿਆ ਹੈ ਜਿੱਥੇ ਕਦੇ ਉਸ ਟਿੱਲੇ ਵਾਲੇ ਸਾਧ ਦਾ ਕਬਜ਼ਾ ਹੁੰਦਾ ਸੀ।

……ਕੁਲਵੰਤ ਘੋਲੀਆ ਸੰਪਰਕ: 95172-90006