ਹਾਂਗਕਾਂਗ(ਪਚਬ):ਚੀਨ ’ਚ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੁਣ 1,770 ਤੱਕ ਪੁੱਜ ਗਈ ਹੈ। ਇਸੇ ਵਾਇਰਸ ਦੀ ਛੂਤ ਕਾਰਨ ਏਸ਼ੀਆ ਤੋਂ ਬਾਹਰ ਮੌਤ ਦਾ ਪਹਿਲਾ ਮਾਮਲਾ ਵੀ ਸਾਹਮਣੇ ਆ ਚੁੱਕਾ ਹੈ। ਫ਼ਰਾਂਸ ਘੁੰਮਣ ਗਈ 80 ਸਾਲਾ ਚੀਨੀ ਸੈਲਾਨੀ ਦੀ ਮੌਤ ਇਸੇ ਵਾਇਰਸ ਕਾਰਨ ਹੋਈ ਹੈ। ਚੀਨ ਦੇ ਹੁਵੇਈ ਸੂਬੇ ਦੀ ਇਹ ਔਰਤ ਬੀਤੀ 16 ਜਨਵਰੀ ਨੂੰ ਫ਼ਰਾਂਸ ਗਈ ਸੀ ਤੇ ਉਸ ਨੂੰ ਬੀਮਾਰੀ ਕਾਰਨ ਬੀਤੀ 25 ਜਨਵਰੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਦੁਨੀਆ ਭਰ ਦੇ 67,000 ਤੋਂ ਵੱਧ ਵਿਅਕਤੀ ਇਸ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ। ਚੀਨ ਦੇ ਕੌਮੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 2,641 ਨਵੇਂ ਮਾਮਲੇ ਸਾਹਮਣੇ ਆਏ ਸਨ ਤੇ ਸਨਿੱਚਰਵਾਰ ਨੂੰ 1,373 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ। ਚੀਨ ਤੋਂ ਇਲਾਵਾ ਹਾਂਗ ਕਾਂਗ ’ਚ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ। ਇੱਥੇ 57 ਮਾਮਲੇ ਸਾਹਮਣੇ ਆਏ ਹਨ। ਮਕਾਓ ’ਚ ਵੀ 10 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸੇ ਦੌਰਾਨ ਜਪਾਨ ਵਿਚ ਖੜੇ ਸਮੁੰਦਰੀ ਜਹਾਜ ਵਿਚ ਕਰੋਨਾ ਵਾਇਰਸ ਤੋ ਪੀੜਤ ਭਰਤੀਆਂ ਦੀ ਗਿਣਤੀ 5 ਹੋ ਗਈ ਹੈ।