ਚੀਨ ‘ਚ ਫੈਲੇ ਕੋਰੋਨਾ ਵਾਇਰਸ, ਜਿਸ ਨੂੰ ਹੁਣ ਕੋਵਿਡ-19 ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਨੇ ਕੇਵਲ ਚੀਨ ਦੇ ਕਾਰੋਬਾਰ ਉਪਰ ਹੀ ਅਸਰ ਨਹੀਂ ਪਾਇਆ, ਸਗੋਂ ਇਸ ਦਾ ਅਸਰ ਹਰ ਤਰ੍ਹਾਂ ਦੇ ਕਾਰੋਬਾਰ ਦੇ ਨਾਲ-ਨਾਲ ਦਵਾਈ ਕਾਰੋਬਾਰ ਉੱਪਰ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ, ਹਾਲਾਂ ਕਿ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਅੰਦਰ ਅਪ੍ਰੈਲ ਤੱਕ ਦਵਾਈਆਂ ਦਾ ਭੰਡਾਰ ਮੌਜੂਦ ਹੈ, ਜਿਸ ਕਰਕੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਜਦੋਂ ਕਿ ਜੀਵਨ ਰੱਖਿਅਕ ਦਵਾਈ ਕਾਰੋਬਾਰ ਨਾਲ ਜੁੜੇ ਵੱਖ-ਵੱਖ ਕਾਰੋਬਾਰੀਆਂ ਨੇ ਦੱਸਿਆ ਕਿ ਭਾਰਤ ਵਿਚ ਜਿਨ੍ਹਾਂ ਵੀ ਦਵਾਈਆਂ ਦਾ ਕਾਰੋਬਾਰ ਹੈ, ਦਾ ਵੱਡਾ ਹਿੱਸਾ ਚੀਨ ਉੱਪਰ ਬਹੁਤ ਨਿਰਭਰ ਕਰਦਾ ਹੈ, ਜਿਸ ਕਰਕੇ ਕੋਵਿਡ-19 ਦਾ ਅਸਰ ਭਾਰਤ ਉੱਪਰ ਪੈਣਾ ਲਾਜ਼ਮੀ ਹੈ | ਉਨ੍ਹਾਂ ਦੱਸਿਆ ਕਿ ਭਾਰਤ ਵਿਚ ਜਿੰਨੀਆਂ ਵੀ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ, ਨਾਲ ਸਬੰਧਿਤ ਸੰਸਾਰ ਦੇ ਵੱਖ-ਵੱਖ ਦੇਸ਼ਾਂ ਤੋਂ ਕੱਚਾ ਮਾਲ ਮੰਗਵਾਇਆ ਜਾਾਂਦਾ ਹੈ ਪਰ ਇਸ ਕੱਚੇ ਮਾਲ ਦਾ 30 ਫ਼ੀਸਦੀ ਤੋਂ ਵੱਧ ਹਿੱਸਾ ਕੇਵਲ ਚੀਨ ਤੋਂ ਆਉਂਦਾ ਹੈ, ਜੋ ਹੋਰ ਦੇਸ਼ਾਂ ਦੇ ਮੁਕਾਬਲੇ ਸਸਤਾ ਵੀ ਹੁੰਦਾ ਹੈ, ਜਦੋਂ ਕਿ ਦੇਸ਼ ਵਿਚ ਤਿਆਰ ਕੀਤੀਆਂ ਜਾਣ ਵਾਲੀਆਂ ਦਵਾਈਆਂ ਵਿਚੋਂ ਲਗਪਗ ਡੇਢ ਦਰਜਨ ਦੇ ਕਰੀਬ ਦਵਾਈਆਂ ਦੀਆਂ ਅਜਿਹੀਆਂ ਕਿਸਮਾਂ ਹਨ, ਜਿਨ੍ਹਾਂ ਲਈ ਸਾਰੇ ਦੇ ਸਾਰੇ ਕੱਚਾ ਮਾਲ ਚੀਨ ਤੋਂ ਪ੍ਰਾਪਤ ਹੁੰਦਾ ਹੈ | ਉੱਤਰੀ ਭਾਰਤ ਦੇ ਉੱਘੇ ਦਵਾਈ ਕਾਰੋਬਾਰੀ ਲਵਲੀ ਡਾਬਰ ਨੇ ਦੱਸਿਆ ਕਿ ਚੀਨ ਵਿਚ ਫੈਲੀ ਬਿਮਾਰੀ ਕਾਰਨ ਜਿੱਥੇ ਭਾਰਤ ਦੀ ਦਵਾਈ ਅਰਥ ਵਿਵਸਥਾ ਦੇ ਹਿੱਲ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਦਾ ਅਸਰ ਲੁਧਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਸਥਾਪਿਤ ਦਵਾਈ ਮੰਡੀਆਂ ‘ਤੇ ਪੈਣਾ ਸ਼ੁਰੂ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਤਿਆਰ ਸਰਜੀਕਲ ਯੰਤਰ, ਜਿਸ ਵਿਚ ਵਿਸ਼ੇਸ਼ ਕਰਕੇ ਬੁਖਾਰ ਦੀ ਜਾਂਚ ਕਰਨ ਲਈ ਥਰਮਾਮੀਟਰ, ਸੈਂਸਰ ਥਰਮਾਮੀਟਰ (ਜੋ ਚਿਹਰਾ ਵੇਖ ਕੇ ਬੁਖਾਰ ਦੱਸਦੇ ਹਨ), ਬਲੱਡ ਪ੍ਰੈਸ਼ਰ ਜਾਂਚ ਯੰਤਰ, ਸ਼ੂਗਰ ਜਾਂਚ ਯੰਤਰ, ਮਾਸਕ ਅਤੇ ਦਸਤਾਨੇ ਆਦਿ ਯੰਤਰ ਸ਼ਾਮਿਲ ਹਨ, ਦਾ 80 ਫ਼ੀਸਦੀ ਤੋਂ ਵੱਧ ਹਿੱਸਾ ਚੀਨ ਤੋਂ ਦੇਸ਼ ‘ਚ ਆਉਂਦਾ ਹੈ, ਦੀ ਘਾਟ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਹਸਪਤਾਲਾਂ ਵਿਚ ਡਾਕਟਰਾਂ ਅਤੇ ਮਰੀਜ਼ਾਂ ਦੇ ਮੂੰਹ ‘ਤੇ ਬੰਨ੍ਹਣ ਵਾਲੇ ਮਾਸਕ, ਜਿਸ ਦੀ ਕੀਮਤ ਇਕ ਰੁਪਏ ਸੀ, ਹੁਣ 10 ਤੋਂ 15 ਰੁਪਏ ਤੱਕ ਵਿਕਣਾ ਸ਼ੁਰੂ ਹੋ ਗਿਆ ਹੈ, ਜਦੋਂ ਕਿ ਲੁਧਿਆਣਾ ਦਵਾਈ ਕਾਰੋਬਾਰੀਆਂ ਕੋਲ ਜਿੰਨਾ ਮਾਸਕ ਭੰਡਾਰ ਪਿਆ ਸੀ ਮੁੱਕਣ ਕਿਨਾਰੇ ਹੈ ਕਿਉਂਕਿ ਕਾਰੋਬਾਰੀਆਂ ਨੇ ਇਹ ਮਾਸਕ ਦਿੱਲੀ ਤੋਂ ਬਾਅਦ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਦਵਾਈ ਮੰਡੀ ਲੁਧਿਆਣਾ ਤੋਂ 7-8 ਰੁਪਏ ‘ਚ ਖਰੀਦ ਕੇ ਚੀਨ ਨੂੰ ਮਹਿੰਗਾ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਚੀਨ ਤੋਂ ਹੁਣ ਮਾਲ ਆ ਨਹੀਂ ਰਿਹਾ ਬਲਕਿ ਭਾਰਤ ਤੋਂ ਸਰਜੀਕਲ ਮਾਸਕ ਅਤੇ ਦਸਤਾਨੇ ਭੇਜੇ ਜਾ ਰਹੇ ਹਨ | ਇਸ ਤਰ੍ਹਾਂ ਹੀ ਦਵਾਈ ਕਾਰੋਬਾਰੀਆਂ ਨੇ ਦੱਸਿਆ ਕਿ ਜੇਕਰ ਚੀਨ ਵਿਚ ਜਲਦੀ ਇਸ ਬਿਮਾਰੀ ਉਪਰ ਕਾਬੂ ਨਾ ਪਾਇਆ ਜਾ ਸਕਿਆ ਤਾਂ ਭਾਰਤ ਵਿਚ ਦਵਾਈਆਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਭਾਰਤ ਦਵਾਈਆਂ ਤਿਆਰ ਕਰਨ ਲਈ ਲਗਪਗ 60 ਰਸਾਇਣ ਤੱਤ ਜੋ ਕੱਚੇ ਮਾਲ ਦੇ ਰੂਪ ਵਿਚ ਹੁੰਦੇ ਹਨ, ਚੀਨ ਤੋਂ ਮੰਗਵਾਉਂਦਾ ਹੈ, ਜਦ ਕਿ ਤਿਆਰ ਸਰਜੀਕਲ ਯੰਤਰ ਤਾਂ ਲਗਪਗ ਸਾਰੇ ਦੇ ਸਾਰੇ ਚੀਨ ਤੋਂ ਹੀ ਆਉਂਦੇ ਹਨ | ਇਸ ਵੇਲੇ ਦਵਾਈਆਂ ਵਿਚ ਪੈਰਾਸੀਟਾਮੋਲ ਜੋ ਇਕ ਆਮ ਵਰਤੀ ਜਾਣ ਵਾਲੀ ਦਵਾਈ ਹੈ ਦੀ ਕੀਮਤੀ ਵਧਣੀ ਸ਼ੁਰੂ ਹੋ ਗਈ ਹੈ | ਦਵਾਈ ਕਾਰੋਬਾਰੀਆਂ ਨੇ ਦੱਸਿਆ ਕਿ ਇਸ ਵੇਲੇ ਐਾਟੀਬਾਉਟਿਕਸ, ਸ਼ੂਗਰ ਦੀ ਦਵਾਈ, ਸਟੀਰਾਇਡ, ਹਾਰਮੋਨਜ਼ ਸਮੇਤ ਹੋਰ ਅਨੇਕਾਂ ਪ੍ਰਕਾਰ ਦੀਆਂ ਜੀਵਨ ਰੱਖਿਅਕ ਦਵਾਈਆਂ ਦੀਆਂ ਕੀਮਤਾਂ ਉਪਰ ਥੋੜ੍ਹਾ-ਥੋੜ੍ਹਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ |