ਹਾਂਗਕਾਂਗ, (ਪਚਬ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ 31 ਦਸੰਬਰ ਦੀ ਰਾਤ ਰੈਣ ਸਬਾਈ ਸਮਾਗਮ ਵਿਚ ਜੈਕਾਰਿਆਂ ਦੀ ਗੂੰਜ ਵਿਚ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ।ਇਸ ਸਮੇਂ ਹੋਏ ਰੈਣ ਸਬਾਈ ਕੀਰਤਨ ਸਮਾਗਮ ਦੌਰਾਨ ਭਾਈ ਬਲਬਿੰਦਰ ਸਿੰਘ ‘ਝਬਾਲ’, ਭਾਈ ਸੁਖਦੇਵ ਸਿੰਘ ‘ਦਲੇਰ’ ਭਾਈ ਸੱਤਪਾਲ ਸਿੰਘ ‘ਬਾਘਾਪੁਰਾਣਾ’ ਤੇ ਕਵੀਸਰ ਜੱਥਾ ਭਾਈ ਰੋਸ਼ਨ ਸਿੰਘ ‘ਰੋਸ਼ਨ’ ਨੇ ਸੰਗਤਾਂ ਨੂੰ ਗੁਰਬਾਣੀ ਨਾਲ਼ ਜੋੜਿਆ। ਸੰਗਤਾਂ ਨਾਲ ਭਰੇ ਦੀਵਾਨ ਹਾਲ ਵਿਚ ਸਕੱਤਰ ਭਾਈ ਜਸਕਰਣ ਸਿੰਘ ‘ਵਾਂਦਰ’ ਨੇ ਪ੍ਰਬੰਧਕਾਂ ਵੱਲੋਂ ਸਭ ਮਾਈ ਭਾਈ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਉਨਾਂ ਇਸ ਗੱਲ ਦਾ ਜਿਕਰ ਵੀ ਕੀਤਾ ਕਿ ਹਰ ਸਾਲ 31 ਦਸੰਬਰ ਨੂੰ ਹੋਣ ਰੈਣ ਸਬਾਈ ਕੀਰਤਨ ਸਮਾਗਮ ਪਿਛਲੇ ਕਰੀਬ 20 ਸਾਲ ਤੋਂ ਹੋ ਰਿਹਾ ਹੈ ਤੇ ਸੰਗਤ ਬਹੁਤ ਉਤਸ਼ਾਹ ਨਾਲ ਹਾਜਰੀ ਭਰਦੀ ਹੈ।ਉਨਾਂ ਆਈ ਸੰਗਤ ਦੀ ਧੰਨਵਾਦ ਵੀ ਕੀਤਾ।
ਇਸ ਤੋਂ ਅਗਲੇ ਦਿਨ ਭਾਵ ਪਹਿਲੀ ਜਨਵਰੀ ਨੂੰ ਦਿਨ ਭਰ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਗੁਰਬਾਣੀ ਕੀਰਤਨ, ਕਥਾ ਅਤੇ ਕਵੀਸ਼ਰੀਆਂ ਦੇ ਪ੍ਰਵਾਹ ਚੱਲਦੇ ਰਹੇ ਅਤੇ ਸਾਲ ਦੇ ਪਹਿਲੇ ਦਿਨ ਭਾਰੀ ਗਿਣਤੀ ਵਿਚ ਸੰਗਤਾਂ ਵਲੋਂ ਆਪਣੀ ਹਾਜ਼ਰੀ ਲਵਾਈ ਗਈ । ਹਾਂਗਕਾਂਗ ਵਸਦੇ ਚੀਨੀ, ਨਿਪਾਲੀ, ਪਾਕਿਸਤਾਨੀ, ਕੈਨੇਡੀਅਨ, ਅਮਰੀਕਨ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਨਾਲ ਸਬੰਧਿਤ ਭਾਈਚਾਰਿਆਂ ਵਲੋਂ ਆਪਣੇ ਧਾਰਮਿਕ ਅਸਥਾਨਾਂ ਉੱਤੇ ਅਤੇ ਪਾਰਟੀ ਕਲੱਬਾਂ ਵਿਚ ਨਵੇਂ ਵਰ੍ਹੇ ‘ਤੇ ਰੌਣਕਾਂ ਲਗਾਈਆਂ ਗਈਆਂ । ਹਾਂਗਕਾਂਗ ਦੇ ਨਾਸਾਜ਼ ਹੋਏ ਹਾਲਾਤ ਕਾਰਨ ਸਾਲਾਨਾ ਆਤਿਸ਼ਬਾਜ਼ੀ ਭਾਵੇਂ ਰੱਦ ਕੀਤਾ ਗਈ ਪਰ ਸ਼ਾਨਦਾਰ ਲੇਜ਼ਰ ਸ਼ੋਅ ਰਾਹੀਂ ਨਵੇਂ ਸਾਲ ਨੂੰ ਜੀ ਆਇਆਂ ਕਹਿੰਦਿਆਂ ਸਵਾਗਤ ਕੀਤਾ ਗਿਆ।