ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਦੀ ਇਕ ਫੈਮਿਲੀ ਕੋਰਟ ਨੇ ਇਥੇ ਸਥਿਤ ਦੇਸ਼ ਦੇ ਇੱਕ ਦਵਾਈ ਨਿਰਮਾਤਾ ਕੰਪਨੀ ਕੈਡਿਲਾ ਫਾਰਮਾਸਿਊਟੀਕਲਜ਼ ਦੇ ਮੁਖੀ ਅਤੇ ਸਹਿ-ਪ੍ਰਬੰਧ ਨਿਰਦੇਸ਼ਕ ਰਾਜੀਵ ਮੋਦੀ ਅਤੇ ਮੁੰਬਈ ਦੇ ਗਰਵਾਰੇ ਪੋਲੀਐਸਟਰ ਲਿਮਟਿਡ ਦੇ ਮਾਲਕ ਦੀ ਧੀ ਮੋਨਿਕਾ ਗਰਵਾਰੇ ਵਿਚਾਲੇ ਮਹਿੰਗੇ ਤਲਾਕ ਦੀ ਅਰਜ਼ੀ ਨੂੰ ਮੰਗਲਵਾਰ ਆਪਣੀ ਪ੍ਰਵਾਨਗੀ ਦੇ ਦਿੱਤੀ।
ਦੱਸਿਆ ਜਾਂਦਾ ਹੈ ਕਿ ਰਾਜੀਵ ਨੇ ਤਲਾਕ ਲਈ ਆਪਣੀ ਪਤਨੀ ਨੂੰ ਲਗਭਗ 200 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਬਾਰੇ ਸਹਿਮਤੀ ਪ੍ਰਗਟਾਈ ਹੈ। ਦੋਵਾਂ ਦੇ ਰਿਸ਼ਤਿਆਂ ’ਚ ਕੁੜੱਤਣ ਇਸ ਸਾਲ 30 ਅਗਸਤ ਨੂੰ ਉਦੋਂ ਜਨਤਕ ਹੋਈ ਸੀ ਜਦੋਂ ਮੋਨਿਕਾ ਨੇ ਆਪਣੇ ਪਤੀ ’ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦੇ ਹੋਏ ਪੁਲਿਸ ਕੋਲ ਰਿਪੋਰਟ ਕੀਤੀ ਸੀ। ਕਈ ਘੰਟਿਆਂ ਤੱਕ ਥਾਣੇ ਚ ਸਮਝੌਤੇ ਪਿੱਛੋਂ ਮਾਮਲਾ ਠੰਡਾ ਹੋਇਆ ਸੀ। ਜਿਸ ਤੋਂ ਬਾਅਦ ਦੋਵਾਂ ਨੇ ਆਪਸੀ ਸਹਿਮਤੀ ਨਾਲ ਵੱਖਰੇ ਹੋਣ ਦਾ ਰਾਹ ਚੁਣਿਆ।
ਦੋਨਾਂ ਪੱਖਾਂ ਵਿਚਾਲੇ ਅਹਿਮਦਾਬਾਦ ਦੇ ਸੋਲਾ ਥਾਣੇ ਚ ਹੋਏ ਸਮਝੌਤੇ ਮੁਤਾਬਕ ਰਾਜੀਵ ਨੇ ਬੈਂਕ ਆਫ਼ ਬੜੌਦਾ ਦੀ ਅੰਬਾਵਾੜੀ ਬ੍ਰਾਂਚ ਚ ਇੱਕ ਅਸਕ੍ਰੋ ਖਾਤਾ ਖੋਲ੍ਹਿਆ ਅਤੇ ਇਸ ਵਿਚ 200 ਕਰੋੜ ਰੁਪਏ ਜਮ੍ਹਾਂ ਕਰਾ ਦਿੱਤੇ। ਤਲਾਕ ਮਗਰੋਂ ਇਸ ਐਸਕ੍ਰੋ ਬੈਂਕ ਖਾਤੇ ਦੇ ਕਾਗਜ਼ਾਤ ਮੋਨੀਕਾ ਨੂੰ ਸਪੁਰਦ ਕਰ ਦਿੱਤੇ ਜਾਣਗੇੇ। ਇਹ ਹਾਈ ਪ੍ਰੋਫਾਈਲ ਮਾਮਲੇ ਦੇ ਆਖਰੀ ਫੈਸਲੇ ਦੇ ਸਮੇਂ ਦੋਨਾਂ ਪੱਖਾਂ ਦੇ 35 ਲੋਕ ਅਦਾਲਤ ਚ ਮੌਜੂਦ ਸਨ।
ਦੋਵਾਂ ਨੇ 26 ਸਾਲ ਪਹਿਲਾਂ 1992 ਚ ਵਿਆਹ ਕਰਵਾਇਆ ਸੀ। ਆਪਸੀ ਸਹਿਮਤੀ ਨਾਲ ਤਲਾਕ ਦੀ ਅਰਜ਼ੀ ਇਸੇ ਮਹੀਨੇ ਦਿੱਤੀ ਸੀ। ਉਨ੍ਹਾਂ ਦਾ 17 ਸਾਲ ਦਾ ਇਕ ਬੇਟਾ ਵੀ ਹੈ। ਸਮਝੌਤੇ ਮੁਤਾਬਕ ਉਹ ਪਿਤਾ ਕੋਲ ਰਹੇਗਾ।
ਕਿਹਾ ਜਾ ਰਿਹਾ ਹੈ ਕਿ ਦੇਸ਼ ਚ ਸਭ ਤੋਂ ਵੱਡੀ ਤਲਾਕ ਵਾਲੀ ਰਕਮ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਚ ਫਿਲਮ ਅਦਾਕਾਰ ਰਿਤਿਕ ਰੋਸ਼ਨ ਨੇ ਸੁਜ਼ੈਨ ਖਾਨ ਨੂੰ 400 ਕਰੋੜ ਰੁਪਏ ਦਿੱਤੇ ਸਨ।