ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ‘ਸਟੈਚੂ ਆਫ਼ ਯੂਨੀਟੀ’ ਮੋਦੀ ਨੇ ਕੀਤੀ ਲੋਕਅਰਪਣ

0
209

ਅਹਿਮਦਾਬਾਦ  – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਦਾਰ ਵੱਲਭ ਭਾਈ ਪਟੇਲ ਦੀ ਪ੍ਰਤਿਮਾ ‘ਸਟੈਚੂ ਆਫ਼ ਯੂਨਿਟੀ’ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਸਰਦਾਰ ਸਰੋਵਰ ਬੰਨ੍ਹ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਸਾਧੂ ਦੀਪ ‘ਤੇ ਬਣੀ ਸਰਦਾਰ ਵੱਲਭ ਭਾਈ ਪਟੇਲ ਦੀ 182 ਮੀਟਰ ਉੱਚੀ ਇਹ ਪ੍ਰਤਿਮਾ ਚੀਨ ਦੇ ‘ਸਪਰਿੰਗਫੀਲਡ ਬੁੱਧਾ’ ਦੀ 153 ਮੀਟਰ ਉੱਚੀ ਮੂਰਤੀ ਨੂੰ ਅਧਿਕਾਰਕ ਤੌਰ ‘ਤੇ ਪਛਾੜਦਿਆਂ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਬਣ ਗਈ ਹੈ। ਇਸ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਚਿਹਰੇ ਦੀ ਉੱਚਾਈ ਸੱਤ ਮੰਜ਼ਲਾ ਇਮਾਰਤ ਦੇ ਬਰਾਬਰ ਹੈ। ਇਸ ਦੇ ਹੱਥ 70 ਫੁੱਟ ਲੰਬੇ ਹਨ, ਜਦੋਂਕਿ ਪੈਰਾਂ ਦੇ ਹੇਠਲੇ ਹਿੱਸੇ ਦੀ ਉੱਚਾਈ 85 ਫੁੱਟ ਹੈ। ਲਗਭਗ ਤਿੰਨ ਹਜ਼ਾਰ ਕਰੋੜ ਰੁਪਏ ਦੇ ਖ਼ਰਚ ਨਾਲ ਕਰੀਬ ਸਾਢੇ ਤਿੰਨ ਸਾਲਾਂ ‘ਚ ਬਣ ਕੇ ਤਿਆਰ ਹੋਈ ਇਸ ਮੂਰਤੀ ਦੀ ਉੱਚਾਈ ਨਿਊਯਾਰਕ ਸਥਿਤ ‘ਸਟੈਚੂ ਆਫ਼ ਲਿਬਰਟੀ’ ਤੋਂ ਵੀ ਲਗਭਗ ਦੁੱਗਣੀ ਹੈ। ਇਸ ਨੂੰ ਬਣਾਉਣ ਦਾ ਐਲਾਨ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਦੇ ਤੌਰ ‘ਤੇ ਮੋਦੀ ਨੇ ਸਾਲ 2010 ‘ਚ ਕੀਤਾ ਸੀ ਅਤੇ ਇਸ ਨੂੰ ਬਣਾਉਣ ਦੀ ਸ਼ੁਰੂਆਤ ਅਪ੍ਰੈਲ 2015 ‘ਚ ਹੋਈ ਸੀ।