ਚੰਡੀਗੜ੍ਹ : ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਲਈ ਸਿਆਸਤ ਤੇ ਸ਼ਾਇਰੀ ਕੋਈ ਨਵੀਂ ਗੱਲ ਨਹੀਂ ਹਨ। ਉਨ੍ਹਾਂ ਪਹਿਲਾਂ ਹਿੰਦੀ ਭਾਸ਼ਾ `ਚ ਕੁਝ ਕਵਿਤਾਵਾਂ ਲਿਖਣ ਤੇ ਗੀਤ ਰਚਣ ਤੋਂ ਬਾਅਦ ਹੁਣ 70 ਵਰ੍ਹਿਆਂ ਦੀ ਉਮਰੇ ਇੱਕ ਦਰਦ-ਭਰਪੂਰ ਪ੍ਰੇਮ-ਗੀਤ ‘ਕਿਉਂ ਰੁੱਸ ਗਿਆ` ਨਾਲ ਬੇਹੱਦ ਤਿੱਖੇ ਮੁਕਾਬਲੇ ਵਾਲੇ ਤੇ ਬਹੁਤ ਹੀ ਹਰਮਨਪਿਆਰੇ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਵੀ ਜ਼ੋਰਦਾਰ ਸ਼ੁਰੂਆਤ ਕਰ ਦਿੱਤੀ ਹੈ।
ਕਪਿਲ ਸਿੱਬਲ ਦਾ ਲਿਖਿਆ ਗੀਤ ਸੋਮਵਾਰ ਨੂੰ ਰਿਲੀਜ ਕੀਤਾ ਗਿਆ। ਇਸ ਨੂੰ ‘ਕਰਲੀ-ਕਰਲੀ ਵਾਲ` ਗਾਉਣ ਵਾਲੇ ਜ਼ੋਰਾਵਰ ਨੇ ਗਾਇਆ ਹੈ, ਸੰਗੀਤ ਚੀਤਾ ਦਾ ਹੈ। ਇਸ ਵਿਡੀਓ ਨੂੰ ਗਾਇਕ ਤੇ ਅਦਾਕਾਰਾ ਹੇਨਮ ਖਨੇਜਾ ਨਾਲ ਫਿ਼ਲਮਾਇਆ ਗਿਆ ਹੈ।
ਪ੍ਰਸਿੱਧ ਵਕੀਲ ਹੀਰਾ ਲਾਲ ਸਿੱਬਲ ਦੇ ਪੁੱਤਰ ਕਪਿਲ ਸਿੱਬਲ ਲਈ ਪੰਜਾਬੀ `ਚ ਲਿਖਣਾ ਕੋਈ ਔਖਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ,‘ਪੰਜਾਬੀ `ਚ ਲਿਖ ਕੇ ਮੈਂ ਜਿਵੇਂ ਆਪਣੀਆਂ ਜੜ੍ਹਾਂ ਵੱਲ ਪਰਤਿਆ ਹਾਂ।`
ਇੱਥੇ ਇਹ ਦੱਸਣਾ ਵਾਜਬ ਹੋਵੇਗਾ ਕਿ ਕਪਿਲ ਸਿੱਬਲ 1948 `ਚ ਜਲੰਧਰ ਵਿਖੇ ਪੈਦਾ ਹੋਏ ਸਨ ਤੇ ਉਨ੍ਹਾਂ ਮੁਢਲੀ ਸਿੱਖਿਆ ਚੰਡੀਗੜ੍ਹ ਦੇ ਸੇਂਟ ਜੌਨ`ਜ਼ ਸਕੂਲ `ਚ ਹਾਸਲ ਕੀਤੀ ਸੀ। ਉਨ੍ਹਾਂ ਦੇ ਭਰਾ ਹਾਲੇ ਵੀ ਚੰਡੀਗੜ੍ਹ `ਚ ਰਹਿੰਦੇ ਹਨ। ਇੰਝ ਹੁਣ ਦਰਅਸਲ, ਕਪਿਲ ਸਿੱਬਲ ਨੇ ਇਹ ਗੀਤ ਆਪਣੀ ਮਾਂ-ਬੋਲੀ `ਚ ਲਿਖਿਆ ਹੈ।
ਕਪਿਲ ਸਿੱਬਲ ਦਾ ਇਹ ਵੀ ਕਹਿਣਾ ਹੈ ਕਿ ਉਹ ਹੋਰ ਵੀ ਗੀਤ ਲਿਖ ਕੇ ਪੰਜਾਬੀ ਸੰਗੀਤ ਜਗਤ ਵਿੱਚ ਆਪਣਾ ਇੱਕ ਸਥਾਨ ਜ਼ਰੂਰ ਬਣਾਉਣਗੇ। ਉਹ ਪੰਜਾਬੀ ਫਿ਼ਲਮਾਂ ਲਈ ਵੀ ਗੀਤ ਲਿਖਣ ਵਾਸਤੇ ਤਿਆਰ ਹਨ – ‘ਵੇਖਦੇ ਹਾਂ, ਜੇ ਕਿਤੇ ਮੇਰੇ ਗੀਤ ਪੰਜਾਬੀ ਫਿ਼ਲਮਾਂ `ਚ ਵੀ ਆ ਜਾਣ।`
ਇੱਥੇ ਇਹ ਵੀ ਵਰਨਣਯੋਗ ਹੈ ਕਿ ਸਾਲ 2013 `ਚ ਬਣੀ ਹਿੰਦੀ ਫਿ਼ਲਮ ‘ਬੰਦੂਕ` ਲਈ ਵੀ ਉਨ੍ਹਾਂ ਇੱਕ ਗੀਤ ‘ਤੂ ਜਲਦੀ ਬਤਾ ਦੇ` ਲਿਖਿਆ ਸੀ। ਕੁੱਖ `ਚ ਧੀਆਂ ਨੂੰ ਬਚਾਉਣ ਲਈ ਉਨ੍ਹਾਂ 2013 `ਚ ਹੀ ਇੱਕ ਐਲਬਮ ‘ਬੇਟੀਆਂ` ਵੀ ਤਿਆਰ ਕੀਤੀ ਸੀ ਤੇ ਉਸ ਵਿੱਚ ਬਾਲੀਵੁੱਡ ਦੀ ਗਾਇਕਾ ਸੁਨਿਧੀ ਚੌਹਾਨ ਦੀ ਆਵਾਜ਼ ਸੀ।
ਹੁਣ ਜਿਹੜਾ ਪੰਜਾਬੀ ਗੀਤ ਕਪਿਲ ਸਿੱਬਲ ਹੁਰਾਂ ਲਿਖਿਆ ਹੈ, ਉਸ ਵਿੰਚ ਮੁੰਡਾ ਚੰਗੇ ਵੇਲਿਆਂ ਨੂੰ ਚੇਤੇ ਕਰਦਾ ਹੋਇਆ ਕੁੜੀ ਨੂੰ ਪੁੱਛਦਾ ਹੈ ਕਿ ਉਹ ਇੱਕ ਵੀ ਸ਼ਬਦ ਦੱਸੇ ਬਿਨਾ ਇੰਝ ਉਸ ਨੂੰ ਛੱਡ ਕੇ ਕਿਉਂ ਚਲੀ ਗਈ।
ਸ੍ਰੀ ਕਪਿਲ ਸਿੱਬਲ ਇਸ ਤੋਂ ਪਹਿਲਾਂ ਏਆਰ ਰਹਿਮਾਨ ਨਾਲ ਵੀ ਇੱਕ ਸਟੂਡੀਓ ਐਲਬਮ ਦਰਸ਼ਕਾਂ ਨੂੰ ਭੇਟ ਕਰ ਚੁੱਕੇ ਹਨ। ਉਨ੍ਹਾਂ ਦੀ ਐੱਸਐੱਮਐੱਸ ਕਵਿਤਾਵਾਂ ਦੀ ਕਿਤਾਬ ਦਾ ਨਾਂਅ ਹੈ ‘ਮਾਇ ਵਰਲਡ ਵਿਦਇਨ`,
ਸਿਆਸਤ ਤੇ ਸ਼ਾਇਰੀ ਦੇ ਆਪਣੇ ਸਫ਼ਰ ਬਾਰੇ ਬਿਆਨ ਕਰਦਿਆਂ ਕਪਿਲ ਸਿੱਬਲ ਦੱਸਦੇ ਹਨ,‘ਮੇਰੇ ਗੀਤ ਮਨੁੱਖ ਦੀ ਮੌਜੂਦਾ ਸਥਿਤੀ ਨੂੰ ਪ੍ਰਗਟਾਉਂਦੇ ਹਨ, ਮੈਂ ਜਿਵੇਂ ਵੇਖਦਾ ਹਾਂ। ਲੋਕਾਂ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ, ਜੇ ਸਿਆਸੀ ਆਗੂ ਕਿਸੇ ਵੀ ਤਰ੍ਹਾਂ ਆਪਣੀ ਸਿਰਜਣਾਤਮਕਤਾ ਨੂੰ ਦਰਸਾਉਂਦੇ ਹਨ। ਇਹ ਸੰਗੀਤ ਸਮੇਤ ਕੋਈ ਕਵਿਤਾ ਜਾਂ ਕੋਈ ਹੋਰ ਤਰੀਕਾ ਹੋ ਸਕਦਾ ਹੈ। ਇਸ ਲਈ ਹੈਰਾਨ ਨਾ ਹੋਇਓ, ਜੇ ਮੈਂ ਤੁਹਾਨੂੰ ਇੱਕ ਵਾਰ ਫਿਰ ਹੈਰਾਨ ਕਰ ਦੇਵਾਂ।`