ਚੰਡੀਗੜ੍ਹ: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸਾਂਸਦ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਦੋਂ ਦੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਹੋਈ ਹੈ, ਉਦੋਂ ਤੋਂ ਹੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਬੁਖਲਾਏ ਹੋਏ ਹਨ। ਪਹਿਲਾਂ ਉਨ੍ਹਾਂ ਰਿਪੋਰਟ ਨੂੰ ਖਾਰਜ ਕਰਨ ਦੇ ਬਿਆਨ ਦਿੱਤੇ ਤੇ ਹੁਣ ਉਹ ਲੋਕਾਂ ਵਿੱਚ ਜਾ ਕੇ ਬਿਆਨ ਦੇ ਰਹੇ ਹਨ ਕਿ ਇਸ ਰਿਪੋਰਟ ’ਚ ਉਨ੍ਹਾਂ ਖਿਲਾਫ ਕੋਈ ਸਬੂਤ ਨਹੀਂ। ਇਸ ਮੌਕੇ ਜਾਖੜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਰਿਪੋਰਟ ਵਿੱਚ ਉਨ੍ਹਾਂ ਖਿਲਾਫ ਕੋਈ ਸਬੂਤ ਨਹੀਂ ਤੇ ਪ੍ਰਕਾਸ਼ ਸਿੰਘ ਬਾਦਲ ਨੇ ਗੋਲ਼ੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਤਾਂ ਉਸ ਸਮੇਂ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਕਚਿਹਰੀ ਵਿੱਚ ਆ ਕੇ ਸਪਸ਼ਟ ਕਰਨ ਕਿ ਆਖ਼ਰ ਗੋਲ਼ੀ ਦੇ ਆਦੇਸ਼ ਕਿਸ ਨੇ ਦਿੱਤੇ? ਜੇ ਉਨ੍ਹਾਂ ਗੋਲ਼ੀ ਨਹੀਂ ਚਲਵਾਈ ਤਾਂ ਫਿਰ ਗੋਲ਼ੀ ਚਲਾਉਣ ਦਾ ਹੁਕਮ ਡੀਜੀਪੀ ਸੁਮੇਧ ਸੈਣੀ ਨੇ ਆਪਣੇ-ਆਪ ਦਿੱਤਾ ਸੀ
ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਹੁਣ ਉਨ੍ਹਾਂ ਦੇ ਘਿਰਾਓ ਦਾ ਐਲਾਨ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਘਿਰਾਓ ਜ਼ਰੂਰ ਕਰਨ ਪਰ ਇਸ ਤੋਂ ਪਹਿਲਾਂ ਉਹ ਆਪਣੇ ਅੰਦਰ ਝਾਕ ਕੇ ਵੇਖਣ ਕਿ ਅਸਲ ਜ਼ਿੰਮੇਵਾਰ ਕੌਣ ਸੀ ਤੇ ਘਿਰਾਓ ਕਿਸ ਦਾ ਹੋਣਾ ਚਾਹੀਦਾ ਹੈ?
ਉਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਵੱਲੋਂ ਅਸਤੀਫਾ ਦੇਣ ਦੇ ਐਲਾਨ ਸਬੰਧੀ ਜਾਖੜ ਨੇ ਕਿਹਾ ਕਿ ਇਹ ਉਨ੍ਹਾਂ ਦੀ ਪਾਰਟੀ ਦਾ ਮਾਮਲਾ ਹੈ ਤੇ ਉਸ ਉੱਤੇ ਕੋਈ ਟਿੱਪਣੀ ਨਹੀਂ ਕਰਨਗੇ ਪਰ ਉਨ੍ਹਾਂ ਇੰਨਾ ਕਿਹਾ ਕਿ ‘ਆਪ’ ਦਾ ਸੱਚ ਲੋਕਾਂ ਦੇ ਸਾਹਮਣੇ ਹੈ ਤੇ ਉਹ ਸਾਰੇ ਕੁਰਸੀ ਦੀ ਲੜਾਈ ਲੜ ਰਹੇ ਹਨ।