ਨਵੀਂ ਦਿੱਲੀ— ਸਮਾਜਿਕ ਸੰਸਥਾ ਪ੍ਰਜਾ ਫਾਊਂਡੇਸ਼ਨ ਨੇ ਦਿੱਲੀ ਦੇ 28624 ਨਾਗਰਿਕਾਂ ਵਿਚ ਇਕ ਸਰਵੇਅ ਕਰਵਾਇਆ, ਜਿਸ ਵਿਚ ਵੱਖ-ਵੱਖ ਮੁੱਦਿਆਂ ‘ਤੇ ਸਵਾਲ ਪੁੱਛਿਆ ਗਿਆ। ਇਸ ਦਾ ਨਤੀਜਾ ਆਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ‘ਚ ਭ੍ਰਿਸ਼ਟਾਚਾਰ ‘ਚ 10 ਫੀਸਦੀ ਦੀ ਕਮੀ ਆਈ ਹੈ। ‘ਆਪ’ ਸਰਕਾਰ ਦੇ ਕੰਮਕਾਜ ਨੂੰ 55.39 ਅੰਕ ਮਿਲੇ। 2016 ਵਿਚ ਇਹ 58.83 ਅੰਕ ਸਨ, ਜੋ 2018 ਨਾਲੋਂ ਘੱਟ ਹਨ, ਫਿਰ ਵੀ ਇੰਨੇ ਘੱਟ ਨਹੀਂ ਕਿ ਜਿਸ ਨਾਲ ਇਹ ਕਿਹਾ ਜਾਵੇ ਕਿ ਜਨਤਾ ਇਸ ਸਰਕਾਰ ਨੂੰ ਖਾਰਿਜ ਕਰ ਦੇਵੇਗੀ।
2018 ਵਿਚ ਵਿਧਾਇਕਾਂ ਦੇ ਕੰਮਕਾਜ ਨੂੰ 55.94 ਅੰਕ ਮਿਲੇ ਹਨ, ਇਸ ਬਾਰੇ ਆਮ ਆਦਮੀ ਪਾਰਟੀ ਦੇ ਨੇਤਾ ਅਨੂਪ ਦਾ ਕਹਿਣਾ ਹੈ ਕਿ ਦਿੱਲੀ ‘ਚ ਵਿਰੋਧੀ ਧਿਰ ਦੀਆਂ ਪਾਰਟੀਆਂ ਵਲੋਂ ‘ਆਪ’ ਸਰਕਾਰ ਅਤੇ ‘ਆਪ’ ਨੇਤਾਵਾਂ ਦੇ ਵਿਰੁੱਧ ਲਗਾਤਾਰ ਮੁਹਿੰਮ ਚਲਾਉਣ ਦੇ ਬਾਵਜੂਦ ਪਾਰਟੀ ਦੀ ਸਾਖ ਘੱਟ ਨਹੀਂ ਹੋਈ ਹੈ।
ਉਸ ਬਾਰੇ ਜ਼ਿਲਾ ਅਧਿਕਾਰ ਸੰਸਥਾ ਦੇ ਸਕੱਤਰ ਕੈਲਾਸ਼ ਗੋਦੁਕਾ ਦਾ ਕਹਿਣਾ ਹੈ ਕਿ ਪ੍ਰਜਾ ਫਾਊਂਡੇਸ਼ਨ ਸੰਸਥਾ ਵਲੋਂ ਕਰਵਾਏ ਗਏ ਇਸ ਸਰਵੇਅ ਦੇ ਨਤੀਜੇ ਤੋਂ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦਿੱਲੀ ਸੂਬੇ ਦੀਆਂ 7 ਲੋਕ ਸਭਾ ਸੀਟਾਂ ਵਿਚੋਂ ਤਿੰਨ ਸੀਟਾਂ ਜਿੱਤ ਸਕਦੀ ਹੈ। ਜੇਕਰ ਕਾਂਗਰਸ ਨਾਲ ਮਿਲ ਕੇ ਲੜੀ ਤਾਂ 5 ਸੀਟਾਂ ਜਿੱਤ ਸਕਦੀ ਹੈ। ਇਸੇ ਤਰ੍ਹਾਂ ਦਿੱਲੀ ਸੂਬਾ ਵਿਧਾਨ ਸਭਾ ਚੋਣਾਂ ਵਿਚ ਇਕੱਲੇ ਆਪਣੇ ਦਮ ‘ਤੇ ਸਰਕਾਰ ਬਣਾਉਣ ਲਾਇਕ ਵਿਧਾਨ ਸਭਾ ਸੀਟਾਂ ਲਿਆ ਸਕਦੀ ਹੈ।