ਨਵੀਂ ਦਿੱਲੀ: ਅਮਰੀਕੀ ਜਾਂਚ ਏਜੰਸੀਆਂ ਨੇ ਸ਼ਿਕਾਗੋ ਤੋਂ ਹਾਈ ਪ੍ਰੋਫਾਈਲ ਸੈਕਸ ਰੈਕੇਟ ਚਲਾਉਣ ਵਾਲੇ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਮੂਲ ਰੂਪ ‘ਚ ਇਹ ਜੋੜਾ ਹੈਦਰਾਬਾਦ ਦਾ ਰਹਿਣ ਵਾਲਾ ਹੈ।
ਇਸ ਜੋੜੇ ‘ਤੇ ਇਲਜ਼ਾਮ ਹੈ ਕਿ ਇਹ ਭਾਰਤ ਤੋਂ ਤੇਲਗੂ ਤੇ ਕੰਨੜ੍ਹ ਫਿਲਮ ਅਭਿਨੇਤਰੀਆਂ ਨੂੰ ਇਵੈਂਟਸ ਦੇ ਬਹਾਨੇ ਉਥੇ ਬੁਲਾਉਂਦੇ ਹਨ ਤੇ ਫਿਰ ਉਨ੍ਹਾਂ ਨੂੰ ਦੇਹ ਵਪਾਰ ਦੇ ਧੰਦੇ ‘ਚ ਧੱਕ ਦਿੰਦੇ ਹਨ। ਇਹ ਮਾਮਲਾ ਸਾਹਮਣੇ ਉਸ ਵੇਲੇ ਆਇਆ ਜਦੋਂ ਸ਼ਿਕਾਗੋ ਦੀ ਅਦਾਲਤ ‘ਚ ਕਰੀਬ 42 ਪੰਨਿਆ ਦੀ ਸ਼ਿਕਾਇਤ ਦਰਜ ਕਰਵਾਈ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਮੁਲਜ਼ਮ ਜੋੜੇ ਨੂੰ 28 ਅਪ੍ਰੈਲ 2018 ਨੂੰ ਵਾਸ਼ਿੰਗਟਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਸੈਕਸ ਰੈਕੇਟ ਦਾ ਮਾਸਟਰਮਾਈਂਡ ਕਿਸ਼ਨ ਮੋਦਗੁਮੁੰਡੀ ਤੇ ਉਸ ਦੀ ਪਤਨੀ ਨੂੰ ਦੱਸਿਆ ਜਾ ਰਿਹਾ ਹੈ ਜੋ ਭਾਰਤੀ ਬਿਜ਼ਨਸਮੈਨ ਹੈ ਤੇ ਉਹ ਕਈ ਤੇਲਗੂ ਫਿਲਮਾਂ ਵੀ ਪ੍ਰੋਡਿਊਸ ਕਰ ਚੁੱਕਾ ਹੈ। ਕਿਸ਼ਨ ਉੱਪਰ ਅਦਾਕਾਰਾ ਨੂੰ ਧਮਕੀ ਦੇਣ ਦੇ ਵੀ ਦੋਸ਼ ਹਨ। ਸ਼ਿਕਾਗੋ ਟ੍ਰਿਬਿਊਨ ਦੀ ਇਸ ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਕਿ ਮੁਲਜ਼ਮ ਕਿਸ਼ਨ ਦੇ ਘਰ ਛਾਪੇਮਾਰੀ ਕਰਨ ‘ਤੇ ਕਰੀਬ 70 ਕੰਡੋਮ ਮਿਲੇ। ਇਸਦੇ ਨਾਲ ਹੀ ਕੁਝ ਰਜਿਸਟਰ ਮਿਲੇ ਜਿਨ੍ਹਾਂ ‘ਚ ਅਭਿਨੇਤਰੀਆਂ ਦੀ ਡਿਟੇਲ ਤੇ ਤਾਰੀਖਾਂ ਲਿਖੀਆਂ ਹੋਈਆ ਸਨ।
ਇਸ ਤੋਂ ਇਲਾਵਾ ਪੁਲਿਸ ਨੂੰ ਮੁਲਜ਼ਮ ਕੋਲੋਂ ਪੀੜਤਾ ਦਾ ਨੋਟ ਵੀ ਬਰਾਮਦ ਹੋਇਆ ਹੈ ਜਿਸ ‘ਚ ਉਹ ਉਸ ਨੂੰ ਬੇਨਤੀ ਕਰ ਰਹੀ ਹੈ ਕਿ ਉਹ ਉਸ ਦਾ ਉਤਪੀੜਨ ਬੰਦ ਕਰ ਦੇਵੇ। ਦੱਸ ਦਈਏ ਕਿ ਇਸ ਮੁਲਜ਼ਮ ਜੋੜੇ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਤੇ ਕੋਰਟ ਨੇ ਇਨ੍ਹਾਂ ਦੀ ਜ਼ਮਾਨਤ ਅਰਜ਼ੀ ਵੀ ਖਾਰਜ ਕਰ ਦਿੱਤੀ ਹੈ।