ਚੰਡੀਗੜ੍ਹ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਪੰਜਾਬ ਦੇ ਪਾਣੀ ਦੇ ਨਾਲ-ਨਾਲ ਦੁੱਧ ਵੀ ਦੂਸ਼ਿਤ ਹੋ ਗਿਆ ਹੈ। ਬੈਂਸ ਨੇ ਸਰਕਾਰੀ ਅਦਾਰੇ ਮਿਲਕਫੈੱਡ ਦੇ ਐਮਡੀ ਮਨਜੀਤ ਬਰਾੜ ਉੱਪਰ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਹ ਦੁੱਧ ਦੇ ਪੂਰੇ ਘਪਲੇ ਦਾ ਕਿੰਗ ਪਿੰਨ ਹੈ। ਉਸ ਨੇ ਭਰਤੀਆਂ ‘ਚ ਵੀ ਘਪਲਾ ਕੀਤਾ ਹੈ। ਉਨ੍ਹਾਂ ਨੇ ਪੰਜਾਬ ਦੀ ਥਾਂ ਗੁਜਰਾਤ ਤੋਂ ਮੁਲਾਜ਼ਮ ਭਰਤੀ ਕੀਤੇ ਹਨ।
ਬੈਂਸ ਨੇ ਇਲਜ਼ਾਮ ਲਾਇਆ ਕਿ ਬਰਾੜ ਨੇ ਚੰਡੀਗੜ੍ਹ ਦੇ ਮਿਲਕਫੈੱਡ ਦੇ ਚੰਗੇ ਭਲੇ ਦਫਤਰ ਨੂੰ ਦੁਬਾਰਾ ਨਵਿਆਇਆ ਤੇ 7.50 ਕਰੋੜ ਦਾ ਘਪਲਾ ਕੀਤਾ। ਉਨ੍ਹਾਂ ਨੇ ਠੇਕੇਦਾਰ ਤੋਂ ਆਪਣੇ ਘਰ ਦਾ ਕੰਮ ਵੀ ਕਰਵਾਇਆ ਹੈ। ਬੈਂਸ ਨੇ ਕਿਹਾ ਕਿ ਉਹ ਬਰਾੜ ਦੀ ਸ਼ਿਕਾਇਤ ਸੀਬੀਆਈ ਨੂੰ ਕਰਨ ਜਾ ਰਹੇ ਹਨ। ਬੈਂਸ ਨੇ ਕਿਹਾ, “ਮੈਂ ਵੇਰਕਾ ਪਲਾਂਟ ਜਾ ਕੇ ਦੁੱਧ ਦਾ ਘਪਲਾ ਫੜਿਆ ਸੀ। ਇਸੇ ਲਈ ਇਨ੍ਹਾਂ ਨੇ ਮੇਰੇ ਖਿਲਾਫ ਝੂਠੀ ਤੇ ਮਨਘੜਤ ਐਫਆਈਆਰ ਦਰਜ ਕੀਤੀ ਹੈ।” ਉਨ੍ਹਾਂ ਕਿਹਾ ਕਿ ਇਹ 200 ਕਰੋੜ ਰੁਪਏ ਦੇ ਮਿਲਾਵਟੀ ਦੁੱਧ ਦਾ ਘਪਲਾ ਹੈ ਤੇ ਸਾਰੇ ਸਬੂਤ ਸੀਬੀਆਈ ਨੂੰ ਦਿੱਤੇ ਜਾਣਗੇ।
ਯਾਦ ਰਹੇ ਸਿਮਰਜੀਤ ਸਿੰਘ ਬੈਂਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਪੰਜਾਬ ਸਰਕਾਰ ਦੇ ਅਦਾਰੇ ‘ਵੇਰਕਾ’ ਵੱਲੋਂ ਪੈਕੇਟ ’ਤੇ ਲਿਖੀ ਹੋਈ ‘ਫੈਟ’ ਦੀ ਮਿਕਦਾਰ ਤੋਂ ਘੱਟ ਲੋਕਾਂ ਨੂੰ ਵੇਚ ਕੇ ਸਾਲਾਨਾ ਕਰੀਬ 200 ਕਰੋੜ ਦੀ ਠੱਗੀ ਮਾਰੀ ਜਾ ਰਹੀ ਹੈ। ਉਨ੍ਹਾਂ ਫਿਰੋਜ਼ਪੁਰ ਰੋਡ ਸਥਿਤ ‘ਵੇਰਕਾ’ ਮਿਲਕ ਪਲਾਂਟ ’ਤੇ ਪੁੱਜ ਕੇ ਪਲਾਂਟ ਦੇ ਬਾਹਰੋਂ ਪਹਿਲਾਂ ਦੁੱਧ ਦਾ ਪੈਕੇਟ ਖ਼ਰੀਦਿਆ ਤੇ ਉਸ ਵਿੱਚ ਮੌਜੂਦ ਐਸਐਨਐਫ਼ (ਸਾਲਿਡ ਨੈੱਟ ਫੈਟ) ਦੀ ਜਾਂਚ ਮਿਲਕ ਪਲਾਂਟ ਦੇ ਹੀ ਅੰਦਰ ਬਣੀ ਲੈਬੋਰਟਰੀ ਤੋਂ ਕਰਵਾਈ। ਵਿਧਾਇਕ ਨੇ ਇਲਜ਼ਾਮ ਲਾਇਆ ਕਿ ਜਾਂਚ ਦੌਰਾਨ ਦੁੱਧ ਵਿੱਚ ‘ਫੈਟ’ ਸਾਢੇ 4 ਦੀ ਬਜਾਏ 4.1 ਤੇ ਐਸਐਨਐਫ਼ 8.5 ਦੀ ਬਜਾਏ 8.1 ਸੀ।
ਉਨ੍ਹਾਂ ਕਿਹਾ ਸੀ ਕਿ ਅੰਮ੍ਰਿਤਸਰ, ਮੁਹਾਲੀ, ਪਟਿਆਲਾ, ਬਠਿੰਡਾ, ਸੰਗਰੂਰ, ਗੁਰਦਾਸਪੁਰ, ਜਲੰਧਰ ਤੇ ਲੁਧਿਆਣਾ ਸਥਿਤ ਮਿਲਕ ਪਲਾਂਟ ਤੋਂ ਵੀ ‘ਫੈਟ’ ਚੈੱਕ ਕਰਵਾਈ ਗਈ ਹੈ ਤੇ ਇਹ ਸਭ ਥਾਂ ਇਕੋ ਜਿਹੀ ਹੀ ਹੈ। ਵਿਧਾਇਕ ਬੈਂਸ ਨੇ ਦੱਸਿਆ ਸੀ ਕਿ ਵੇਰਕਾ ਦੁੱਧ ਦੇ ਪੈਕੇਟ ’ਤੇ ਦੁੱਧ ਵਿੱਚ ਸਾਢੇ ਚਾਰ ਫੈਟ ਤੇ ਸਾਢੇ ਅੱਠ ਐਸਐਨਐਫ਼ ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਸੀ ਕਿ ਦੁੱਧ ਵਿੱਚ ਤੱਤ ਘੱਟ ਮਿਲਣ ਦੇ ਸਾਰੇ ਪੁਖ਼ਤਾ ਸਬੂਤ ਤੇ ਸੈਂਪਲ ਰਿਪੋਰਟ ਉਨ੍ਹਾਂ ਕੋਲ ਮੌਜੂਦ ਹਨ।