ਵਾਤਾਵਰਣ ਪ੍ਰਣਾਲੀ ਨੂੰ ਵਿਗੜਨ ਤੋਂ ਬਚਾਉਣਾ ਦੀ ਲੋੜ੍ਹ:ਸਿੱਧੂ

0
443

ਚੰਡੀਗੜ੍ਹ – ਵਾਤਾਵਾਰਣ ਤਬਦੀਲੀ ਆਉਣ ਵਾਲੀਆਂ ਪੀੜ੍ਹੀਆਂ ‘ਤੇ ਬਹੁਤ ਮਾੜਾ ਅਸਰ ਪਾਵੇਗੀ, ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਸਾਨੂੰ ਅਜੋਕੇ ਸਮੇਂ ਵਿਚ ਹੀ ਵਾਤਾਵਰਣ ਪ੍ਰਣਾਲੀ ਨੂੰ ਵਿਗੜਨ ਤੋਂ ਬਚਾਉਣਾ ਪਵੇਗਾ, ਜਿਸ ਲਈ ਸਾਨੂੰ ਲਹਿਰ ਖੜ੍ਹੀ ਕਰਨੀ ਹੋਵੇਗੀ। ਇਹ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਹ ਗੱਲ ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਚੰਡੀਗੜ੍ਹ ਵਿਖੇ ‘ਡਾਇਲਾਗ ਹਾਈਵੇਜ਼’ ਵੱਲੋਂ ਵਾਤਾਵਰਣ ਸੰਭਾਲ ਬਾਰੇ ਕਰਵਾਏ ਦੋ ਰੋਜ਼ਾ ‘ਤੀਜੇ ਕੌਮੀ ਸੰਵਾਦ’ ਦੌਰਾਨ ਆਖੀ। ਵਾਤਾਵਰਣ ਨੂੰ ਆਫ਼ਤ ਤੋਂ ਬਚਾਉਣ ਸਬੰਧੀ ਜਾਗਰੂਕਤਾ ਫੈਲਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸਿੱਧੂ ਨੇ ਕਿਹਾ ਕਿ ਦੁਨੀਆ ਦੇ ਹਰ ਕੋਨੇ ਵਿਚ ਇਹ ਜਾਗਰੂਕਤਾ ਫੈਲਾਉਣ ਦੀ ਲੋੜ ਹੈ ਅਤੇ ਇਸ ਨੂੰ ਲੋਕਾਂ ਦੀ ਸਰਗਰਮ ਭਾਈਵਾਲੀ ਵਾਲੀ ਸਮੂਹਿਕ ਲਹਿਰ ਲਾਜ਼ਮੀ ਬਣਾਉਣਾ ਚਾਹੀਦਾ ਹੈ। ਕੈਬਨਿਟ ਮੰਤਰੀ ਨੇ ਖੁਲਾਸਾ ਕੀਤਾ ਕਿ ਵਾਤਾਵਰਣ ਮਸਲਿਆਂ ਬਾਰੇ ਜਾਗਰੂਕਤਾ ਪੈਦਾ ਕਰ ਕੇ ਪੰਜਾਬ ਬਦਲ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੰਸਾਰ ਵਿਚ ਅਗਲੀ ਜੰਗ ਪਾਣੀ ਅਤੇ ਵਾਤਾਵਰਣ ਨਾਲ ਸਬੰਧਤ ਹੋਰ ਪਹਿਲੂਆਂ ‘ਤੇ ਹੋਵੇਗੀ।
ਇਸ ਤੋਂ ਪਹਿਲਾਂ ‘ਡਾਇਲਾਗ ਹਾਈਵੇਜ਼’ ਦੇ ਮੁੱਖ ਟਰੱਸਟੀ ਦਵਿੰਦਰ ਸ਼ਰਮਾ ਨੇ ਆਪਣੇ ਭਾਸ਼ਣ ਵਿਚ ਪਲੀਤ ਹੋ ਰਹੇ ਵਾਤਾਵਰਣ ਬਾਰੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਥਿਤੀ ਬਹੁਤ ਗੰਭੀਰ ਹੈ ਅਤੇ ਤਬਾਹੀ ਦੇ ਕੰਢੇ ‘ਤੇ ਹੈ, ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ, ਚੌਗਿਰਦਾ ਖ਼ਤਰੇ ਵਿਚ ਹੈ, ਖੁਰਾਕੀ ਲੜੀ ਦਾ ਚੱਕਰ ਟੁੱਟਣ ਵੱਲ ਵਧ ਰਿਹਾ ਹੈ। ਉਨ੍ਹਾਂ ਵਾਤਾਵਰਣ ਨੂੰ ਬਚਾਉਣ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਗੱਲ ਦੁਹਰਾਈ ਤਾਂ ਜੋ ਮਨੁੱਖੀ ਜੀਵਨ ਦੀ ਹੋਂਦ ਬਰਕਰਾਰ ਰਹਿ ਸਕੇ। ਇਸ ਮੌਕੇ ਕੇਰਲਾ ਯੂਨੀਵਰਸਿਟੀ ਦੀ ਡਾਇਰੈਕਟਰ (ਖੋਜ) ਪੀ. ਇੰਦਰਾ ਦੇਵੀ, ਦਿਨੇਸ ਮਰੋਥੀਆ ਸਮੇਤ ਵੱਖ-ਵੱਖ ਸੂਬਿਆਂ ਤੋਂ ਵਾਤਾਵਰਣ ਮਾਹਿਰ ਵੀ ਹਾਜ਼ਰ ਹੋਏ।