ਜਲੰਧਰ (ਧਵਨ) – ਪੰਜਾਬ ਦੇ ਨੌਜਵਾਨ ਹੁਣ ਪਾਇਲਟ ਬਣ ਸਕਣਗੇ ਅਤੇ ਸੂਬੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਚ ਐਰੋਨੋਟਿਕ ਕਾਲਜ ਖੋਲ੍ਹਣ ਦਾ ਰਸਤਾ ਅੱਜ ਸਾਫ ਹੋ ਗਿਆ ਹੈ। ਮੁੱਖ ਮੰਤਰੀ ਦੀ ਮੌਜੂਦਗੀ ਵਿਚ ਅੱਜ ਪਟਿਆਲਾ ਵਿਚ ਪੰਜਾਬ ਸਟੇਟ ਐਰੋਨੋਟਿਕ ਇੰਜੀਨੀਅਰਿੰਗ ਕਾਲਜ ਖੋਲ੍ਹਣ ਬਾਰੇ ਐੱਮ. ਓ. ਯੂ. ‘ਤੇ ਹਸਤਾਖਰ ਹੋਏ। ਇਹ ਐੱਮ. ਓ. ਯੂ. ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਪਟਿਆਲਾ ਦਰਮਿਆਨ ਹੋਇਆ ਹੈ, ਜਿਸ ‘ਤੇ ਸਿਵਲ ਏਵੀਏਸ਼ਨ ਵਿਭਾਗ ਦੇ ਸੈਕਟਰੀ ਤੇਜਵੀਰ ਸਿੰਘ ਅਤੇ ਯੂਨੀਵਰਸਿਟੀ ਵਾਈਸ ਚਾਂਸਲਰ ਡਾ. ਮੋਹਨਪਾਲ ਸਿੰਘ ਨੇ ਹਸਤਾਖਰ ਕੀਤੇ। ਮੁੱਖ ਮੰਤਰੀ ਨੇ ਇਸ ਮੌਕੇ ਤਜਵੀਜ਼ਜ਼ ਇੰਸਟੀਚਿਊਟ ਨੂੰ ਵਿਕਸਿਤ ਕਰ ਕੇ ਦੇਸ਼ ਦਾ ਮੁੱਖ ਐਰੋਨੋਟਿਕ ਇੰਜੀਨੀਅਰਿੰਗ ਕਾਲਜ ਬਣਾਉਣ ਦਾ ਵਾਅਦਾ ਕੀਤਾ ਕਿਉਂਕਿ ਇਹ ਐਰੋਨੋਟਿਕ ਕਾਲਜ ਪਟਿਆਲਾ ਏਵੀਏਸ਼ਨ ਕਲੱਬ ਦੇ ਨਾਲ ਸਥਿਤ ਹੋਵੇਗਾ, ਇਸ ਲਈ ਵਿਦਿਆਰਥੀਆਂ ਨੂੰ ਫਲਾਇੰਗ ਦਾ ਲੋੜੀਂਦਾ ਤਜਰਬਾ ਵੀ ਮਿਲ ਜਾਏਗਾ।
ਸਮਝੌਤੇ ਦੇ ਤਹਿਤ ਪਟਿਆਲਾ ਸਿਵਲ ਐਰੋਡ੍ਰੋਨ ਵਿਚ ਵੱਖ-ਵੱਖ ਟ੍ਰੇਨਿੰਗ ਸਹੂਲਤਾਂ ਮੁਹੱਈਆ ਕਰਵਾਉਣ ਦੀ ਗੱਲ ਕਹੀ ਹੈ। ਤਜਵੀਜ਼ਜ਼ ਐਰੋਨੋਟਿਕ ਕਾਲਜ ਨੂੰ ਲੋੜੀਂਦੀ ਸਿੱਖਿਅਕ, ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਮੌਜੂਦ ਸਾਰੀਆਂ ਸੰਸਥਾਵਾਂ ਦੀ ਪੂਰੀ ਵਰਤੋਂ ਕਰਨ ਦੀ ਗੱਲ ਕਹੀ ਗਈ ਹੈ, ਤਾਂ ਜੋ ਪੀ. ਐੱਸ. ਏ. ਈ. ਸੀ. ਦੇ ਵਿਦਿਆਰਥੀਆਂ ਨੂੰ ਬਿਹਤਰੀਨ ਟ੍ਰੇਨਿੰਗ ਸਹੂਲਤ ਮਿਲੇ।