ਨਵੀਂ ਦਿੱਲੀ: ਨੀਤੀ ਆਯੋਗ ਨੇ ਰਿਪਰਟ ਜਾਰੀ ਕਰਦਿਆਂ ਦੱਸਿਆ ਹੈ ਕਿ ਮੌਜੂਦਾ ਸਮੇਂ ਦੇਸ਼ ‘ਚ 60 ਕਰੋੜ ਲੋਕ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਜਦਕਿ ਹਰ ਸਾਲ ਦੋ ਲੱਖ ਲੋਕਾਂ ਦੀ ਸਾਫ ਪਾਣੀ ਦੀ ਕਮੀ ਕਾਰਨ ਮੌਤ ਹੋ ਜਾਂਦੀ ਹੈ। ਰਿਪੋਰਟ ਮੁਤਾਬਕ 2030 ਤੱਕ ਦੇਸ਼ ‘ਚ ਪਾਣੀ ਦੀ ਮੰਗ ਸਪਲਾਈ ਦੇ ਮੁਕਾਬਲੇ ਦੁੱਗਣੀ ਹੋ ਜਾਣ ਦਾ ਅਨੁਮਾਨ ਹੈ।
ਨੀਤੀ ਆਯੋਗ ਨੇ ਅੱਜ ‘ਸਮੱਗਰ ਜਲ ਪ੍ਰਬੰਧਨ ਸੂਚਕ ਅੰਕ’ ਜਾਰੀ ਕੀਤਾ। ਇਸ ਸੂਚੀ ‘ਚ ਗੁਜਰਾਤ ਸਭ ਤੋਂ ਉੱਤੇ ਹੈ ਜਦਕਿ ਝਾਰਖੰਡ ਸਭ ਤੋਂ ਹੇਠਾਂ ਹੈ। ਇਹ ਸੂਚਕ ਅੰਕ 9 ਵਿਆਪਕ ਖੇਤਰਾਂ ‘ਚ ਭੂਮੀਗਤ, ਪਾਣੀ ਦੇ ਪੱਧਰ ‘ਚ ਸੁਧਾਰ, ਸਿੰਚਾਈ, ਖੇਤੀ ਗਤੀਵਿਧੀਆਂ, ਪੀਣ ਵਾਲੇ ਪਾਣੀ ਤੇ ਸੰਚਾਲਨ ਪ੍ਰਬੰਧ ਸਣੇ ਕੁੱਲ 28 ਵੱਖ-ਵੱਖ ਸੰਕੇਤਾਂ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਹੈ।
ਨੀਤੀ ਆਯੋਗ ਦੀ ਇਸ ਰਿਪੋਰਟ ਮੁਤਾਬਕ 75 ਫੀਸਦੀ ਘਰਾਂ ‘ਚ ਪੀਣ ਲਈ ਪਾਣੀ ਦੀ ਕਮੀ ਹੈ। 70 ਪ੍ਰਤੀਸ਼ਤ ਪਾਣੀ ਪ੍ਰਦੂਸ਼ਿਤ ਹੈ ਜਦਕਿ 84 ਪ੍ਰਤੀਸ਼ਤ ਪਿੰਡਾਂ ‘ਚ ਪਾਈਪ ਜ਼ਰੀਏ ਪਾਣੀ ਦੀ ਸਪਲਾਈ ਨਹੀਂ ਹੈ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ 2030 ਤੱਕ 40 ਪ੍ਰਤੀਸ਼ਤ ਆਬਾਦੀ ਕੋਲ ਪਾਣੀ ਦਾ ਪ੍ਰਬੰਧ ਨਹੀਂ ਹੋਵੇਗਾ। ਉੱਥੇ ਹੀ ਦਿੱਲੀ, ਚੇਨੱਈ ਤੇ ਹੈਦਰਾਬਾਦ ਜਿਹੇ 21 ਸ਼ਹਿਰਾਂ ‘ਚ 2020 ਤੱਕ ਗ੍ਰਾਊਂਡ ਵਾਟਰ ਖ਼ਤਮ ਹੋ ਜਾਵੇਗਾ ਜਿਸ ਨਾਲ 10 ਕਰੋੜ ਲੋਕ ਪ੍ਰਭਾਵਿਤ ਹੋਣਗੇ।
ਦੱਸ ਦਈਏ ਕਿ ਜਲ ਗੁਣਵੱਤਾ ਸੂਚਕ ਅੰਕ ਦੇ ਮਾਮਲੇ ‘ਚ ਭਾਰਤ 122 ਦੇਸ਼ਾਂ ਵਿੱਚੋਂ 120ਵੇਂ ਸਥਾਨ ‘ਤੇ ਹੈ। ਦਿਨ-ਬ-ਦਿਨ ਡਿੱਗ ਰਹੇ ਪਾਣੀ ਦੇ ਸਤਰ ਤੇ ਪਾਣੀ ਦੀ ਕਮੀ ਨਾਲ 2050 ਤੱਕ ਦੇਸ਼ ਦੀ ਜੀਡੀਪੀ ਨੂੰ 6 ਪ੍ਰਤੀਸ਼ਤ ਨੁਕਸਾਨ ਹੋਣ ਦਾ ਅੰਦਾਜ਼ਾ ਹੈ।