ਆਲਮੀ ਭਾਈਚਾਰੇ ਦਾ ਤਿਓਹਾਰ: ਈਦ-ਉਲ-ਫ਼ਿਤਰ

0
530

ਅੱਜ ਦੇ ਦਿਨ (15 ਜੂਨ 2018) ਤੇ ਵਿਸ਼ੇਸ

ਈਦ ਦਾ ਤਿਓਹਾਰ ਪੂਰੇ ਮੁਲਕ ਹੀ ਨਹੀਂ ਬਲਕਿ ਪੂਰੇ ਅਲਮ-ਏ-ਇਸਲਾਮ ਵਿੱਚ ਬਹੁਤ ਹੀ ਖ਼ੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ ।ਈਦ-ਉਲ-ਫ਼ਿਤਰ ਜਿਸ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ ਦਾ ਕੋਸ਼ਗਤ ਅਰਥ ਖ਼ੁਸ਼ੀ ਅਤੇ ਫ਼ਿਤਰ ਦਾ ਅਰਥ ਰੋਜ਼ੇ ਖੋਲਣਾ ਜਾਂ ਮੁਕੰਮਲ ਹੋਣਾ ਹੈ। ਇਸ ਦਿਨ ਲੋਕ ਆਪਣੇ ਰਿਸ਼ਤੇਦਾਰੀਆਂ ਅਤੇ ਦੋਸਤਾਂ ਮਿੱਤਰਾਂ ਵਿੱਚ ਮਠਿਆਈਆਂ ਵੰਡਦੇ ਹਨ ਅਤੇ ਇੱਕ ਦੂਜੇ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹਨ। ਈਦ ਉਲ ਫ਼ਿਤਰ ਦਾ ਪਵਿੱਤਰ ਦਿਹਾੜਾ ਮਹੀਨੇ ਭਰ ਦੇ ਰੋਜ਼ੇ ਰੱਖਣ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਹੈ ਅਤੇ ਈਦ ਤੋਂ ਬਾਅਦ ਕਈ ਜਗ੍ਹਾ ਈਦ ਮਿਲਨ ਦੇ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਈਦ ਹਰ ਸਾਲ ਇਸਲਾਮੀ ਕੈਲੰਡਰ ਦੇ 10 ਮਹੀਨੇ ਸ਼ੱਵਾਲ ਦੀ ਪਹਿਲੀ ਤਾਰੀਖ਼ ਨੂੰ ਮਨਾਈ ਜਾਂਦੀ ਹੈ।
ਈਦ ਦਾ ਸਬੰਧ ਰੋਜ਼ਿਆਂ ਨਾਲ ਹੈ। ਰਮਜ਼ਾਨ ਮਹੀਨੇ ਦਾ ਪਹਿਲਾ ਚੰਦ ਦਿਖਣ ਉਪਰੰਤ ਰੋਜ਼ੇ ਸ਼ੁਰੂ ਹੋ ਜਾਂਦੇ ਹਨ। ਰੋਜ਼ੇ ਅੱਲਾ ਵਹਦਾਹੂ ਲਾ ਸ਼ਰੀਕਲਾ ਦੀ ਰਜ਼ਾ ਲਈ ਰੱਖੇ ਜਾਂਦੇ ਹਨ। ਅੱਲਾ ਤਾਅਲਾ ਫ਼ਰਮਾਉਂਦੇ ਹਨ: ਰੋਜ਼ਾ ਮੇਰੇ ਲਈ ਹੈ ਤੇ ਮੈਂ ਹੀ ਇਸ ਦਾ ਬਦਲਾ ਦੇਵਾਂਗਾ। ਹਦੀਸ ਸ਼ਰੀਫ਼ ਮੁਤਾਬਿਕ ਰਮਜ਼ਾਨ ਦਾ ਮਹੀਨਾ ਸਬਰ ਦਾ ਮਹੀਨਾ ਹੈ। ਰਮਜ਼ਾਨ ਦੇ ਮਹੀਨੇ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ: ਪਹਿਲਾ ਅਸ਼ਰਾ (10 ਦਿਨ) ਰਹਿਮਤ ਦਾ, ਦੂਜਾ ਅਸ਼ਰਾ (10 ਦਿਨ) ਮਗ਼ਫਿਰਤ ਦਾ ਅਤੇ ਅਖ਼ੀਰਲਾ ਅਸ਼ਰਾ (10 ਦਿਨ) ਦੋਜ਼ਖ਼ ਦੀ ਅੱਗ ਤੋਂ ਅਜ਼ਾਦੀ ਦਾ ਹੈ। ਇਸ ਮਹੀਨੇ ਦੇ ਅਖ਼ੀਰਲੇ ਹਿੱਸੇ ਵਿੱਚ ਇੱਕ ਮੁਬਾਰਕ ਰਾਤ ਆਉਂਦੀ ਹੈ, ਜਿਸ ਦਾ ਸਬਾਬ ਇੱਕ ਹਜ਼ਾਰ ਮਹੀਨੇ ਜਾਂ 83 ਸਾਲ ਦੀ ਇਬਾਦਤ ਦੇ ਕਰੀਬ ਬਣਦਾ ਹੈ, ਇਸ ਨੂੰ ਸ਼ੱਬ-ਏ-ਕਦਰ ਕਿਹਾ ਜਾਂਦਾ ਹੈ। ਅੱਲਾ ਦੇ ਨੇਕ ਬੰਦੇ ਇਸ ਰਾਤ ਦੀ ਤਲਾਸ਼ ਲਈ 10 ਦਿਨਾਂ ਦਾ ਐਤਕਾਫ਼ ਕਰਦੇ ਹਨ ਅਤੇ ਇਸ ਰਾਤ ਨੂੰ ਲੱਭਣ ਲਈ 21 ਵੀਂ, 23 ਵੀਂ, 25 ਵੀਂ 27 ਵੀਂ ਅਤੇ 29 ਵੀਂ ਰਾਤ ਨੂੰ ਸ਼ਿੱਦਤ ਨਾਲ ਇਬਾਦਤ ਕਰਦੇ ਹਨ।
ਮਹੀਨੇ ਭਰ ਦੇ ਰੋਜ਼ੇ ਰੱਖਣ ਤੋਂ ਬਾਅਦ ਦੁਨੀਆ ਭਰ ਦੇ ਮੁਸਲਮਾਨ ਇਸ ਈਦ ਉਲ ਫ਼ਿਤਰ ਨੂੰ ਮਨਾ ਕੇ ਆਪਣੇ ਏਕਤਾ ਅਤੇ ਅਖੰਡਤਾ ਦਾ ਇਜ਼ਹਾਰ ਕਰਦੇ ਹਨ। ਈਦ ਵਾਲੇ ਦਿਨ ਮੁਸਲਮਾਨ ਸਵੇਰੇ ਜਲਦੀ ਉੱਠਦੇ ਹਨ, ਗ਼ੁਸਲ ਕਰਦੇ ਹਨ, ਮਿਸਵਾਕ ਕਰਦੇ ਹਨ, ਨਵੇਂ ਕੱਪੜੇ ਪਾਉਂਦੇ ਹਨ ਅਤੇ ਇਤਰ (ਖ਼ੁਸ਼ਬੂ) ਲਗਾਉਂਦੇ ਹਨ। ਈਦ ਦੀ ਨਮਾਜ਼ ਪੜ੍ਹਨ ਜਾਣ ਤੋਂ ਪਹਿਲਾਂ ਘਰ ਵਿੱਚ ਬਣਾਏ ਹੋਏ ਮਿੱਠੇ ਪਕਵਾਨ ਖੀਰ, ਸੇਵੀਆਂ ਜਾਂ ਖਜੂਰਾਂ ਖਾਂਦੇ ਹਨ। ਈਦ ਦੀ ਨਮਾਜ਼ ਪੜ੍ਹਨ ਜਾਣ ਤੋਂ ਪਹਿਲਾਂ ਘਰ ਦਾ ਮੁਖੀ ਪੂਰੇ ਪਰਿਵਾਰ ਵੱਲੋਂ ਫ਼ਿਤਰਾਨਾ ਗ਼ਰੀਬਾਂ ਅਤੇ ਮਿਸਕੀਨਾਂ ਵਿੱਚ ਵੰਡਦਾ ਹੈ। ਈਦ ਦੀ ਨਮਾਜ਼ ਅਦਾ ਕਰਨ ਜਾਂਦੇ ਹੋਏ ਤਕਬੀਰਾਤੇ ਤਸ਼ਰੀਕ ਪੜ੍ਹੀ ਜਾਂਦੀ ਹੈ ਜਿਸ ਵਿੱਚ ਅੱਲਾ ਤਾਅਲਾ ਦੀ ਵਡਿਆਈ ਬਿਆਨ ਕੀਤੀ ਜਾਂਦੀ ਹੈ ਅਤੇ ਈਦ ਦੀ ਨਮਾਜ਼ ਪੜ੍ਹਨ ਜਾਂਦੇ ਅਤੇ ਆਉਂਦੇ ਹੋਏ ਅਲੱਗ-ਅਲੱਗ ਰਾਸਤਾ ਅਖ਼ਤਿਆਰ ਕੀਤਾ ਜਾਂਦਾ ਹੈ।
ਈਦ ਵਾਲੇ ਦਿਨ ਈਦ ਦੀ ਨਮਾਜ਼ ਦੀ ਅਜ਼ਾਨ ਨਹੀਂ ਦਿੱਤੀ ਜਾਂਦੀ। ਈਦ ਕਿਸੇ ਖੁੱਲੀ ਜਗ੍ਹਾ ਈਦ ਗਾਹ, ਪਾਰਕ ਜਾਂ ਕਿਸੇ ਕਮਿਊਨਿਟੀ ਸੈਂਟਰ ਵਿੱਚ ਪੜ੍ਹੀ ਜਾਂਦੀ ਹੈ। ਇਸ ਦਿਨ ਇੱਕ ਖ਼ਾਸ ਕਿਸਮ ਦੀ ਨਮਾਜ਼ ਦੋ ਰਕਾਤ ਜਿਸ ਦੀਆਂ 6 ਤਕਬੀਰਾਂ ਹੁੰਦੀਆਂ ਹਨ, ਪੜ੍ਹੀ ਜਾਂਦੀ ਹੈ। ਨਮਾਜ਼ ਪੜ੍ਹਨ ਉਪਰੰਤ ਇਮਾਮ ਸਾਹਿਬ (ਜੋ ਈਦ ਪੜ੍ਹਾਉਂਦੇ ਹਨ) ਦੁਆਰਾ ਖ਼ੁਤਬਾ ਪੜ੍ਹਿਆ ਜਾਂਦਾ ਹੈ ਜਿਸ ਨੂੰ ਸਭ ਹਾਜ਼ਰੀਨ ਦਾ ਸੁਣਨਾ ਵਾਜਿਬ ਹੈ। ਖ਼ੁਤਬਾ ਪੂਰਾ ਹੋਣ ’ਤੇ ਸਭ ਮੁਸਲਮਾਨ ਇੱਕ ਦੂਜੇ ਨੂੰ ਗਲੇ ਮਿਲਦੇ ਹਨ ਅਤੇ ਈਦ ਦੀ ਮੁਬਾਰਕਬਾਦ ਦਿੰਦੇ ਹਨ।

ਅਖ਼ਤਰ ਰਸੂਲ   ਸੰਪਰਕ: 98154-04881