ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਗਲੇ ਸਾਲ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤ ਆਉਣ ਦੇ ਸੱਦਾ ਨੂੰ ਖਾਰਜ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਅਧਿਕਾਰੀਆਂ ਨੇ ਕੌਮੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ ਨੂੰ ਇਸ ਫੈਸਲੇ ਸਬੰਧੀ ਚਿੱਠੀ ਲਿਖੀ ਹੈ। ਮੰਨਿਆ ਜਾ ਰਿਹਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਇਹ ਫੈਸਲਾ ਭਾਰਤ ਤੇ ਰੂਸ ਵਿਚਾਲੇ ਹੋਏ ਸੁਰੱਖਿਆ ਸਮਝੌਤੇ ਦੀ ਵਜ੍ਹਾ ਕਰਕੇ ਲਿਆ ਹੈ।
ਪੀਐਮ ਮੋਦੀ ਨੇ 2017 ਵਿੱਚ ਆਪਣੇ ਅਮਰੀਕਾ ਦੌਰੇ ਦੌਰਾਨ ਗੱਲਬਾਤ ਵੇਲੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ। ਗੱਲਬਾਤ ਪਿੱਛੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਸੀ ਕਿ ਟਰੰਪ ਨੇ ਮੋਦੀ ਦਾ ਸੱਦਾ ਸਵੀਕਾਰ ਲਿਆ ਹੈ। ਵ੍ਹਾਈਟ ਹਾਊਸ ਨੇ ਅਗਸਤ ਵਿੱਚ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਸੀ ਕਿ ਗਣਤੰਤਰ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਪੁੱਜਣ ਲਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਭਾਰਤ ਵੱਲੋਂ ਸਰਕਾਰੀ ਤੌਰ ’ਤੇ ਸੱਦਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੁਝ ਮਹੀਨਿਆਂ ਵਿੱਚ ਅਮਰੀਕਾ ਤੇ ਰੂਸ ਦੇ ਸਬੰਧ ਬੇਹੱਦ ਖਰਾਬ ਹੋ ਗਏ ਹਨ। ਰੂਸ ’ਤੇ ਅਮਰੀਕੀ ਚੋਣਾਂ ਤੇ ਬ੍ਰਿਟੇਨ ਵਿੱਚ ਜਾਸੂਸ ਨੂੰ ਜ਼ਹਿਰ ਦੇ ਕੇ ਮਾਰਨ ਦੇ ਇਲਜ਼ਾਮ ਲੱਗੇ ਹਨ। ਇਸ ਤੋਂ ਇਲਾਵ ਇਰਾਨ ਉੱਤੇ ਸਮਝੌਤੇ ਦੇ ਬਾਵਜੂਦ ਚੁੱਪ-ਚਪੀਤੇ ਪਰਮਾਣੂ ਹਥਿਆਰ ਬਣਾਉਣ ਦੇ ਵੀ ਇਲਜ਼ਾਮ ਹਨ। ਇਸ ਲਈ ਟਰੰਪ ਨੂੰ ਭਾਰਤ ਵੱਲੋਂ ਰੂਸ ਤੇ ਇਰਾਨ ਨਾਲ ਵਪਾਰ ਕਰਨਾ ਪਸੰਦ ਨਹੀਂ ਆ ਰਿਹਾ। ਟਰੰਪ ਨੇ ਭਾਰਤ ਨੂੰ ਰੂਸ ਨਾਲ ਕੋਈ ਸਮਝੌਤਾ ਕਰਨ ਤੋਂ ਪਛਾਂਹ ਹੋਣ ਲਈ ਵੀ ਵਰਜਿਆ ਸੀ।