ਬੀਜਿੰਗ ( ਪੀਟੀਆਈ): ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਮੌਤ ਦਰ ਜਨਮ ਦਰ ਨਾਲੋਂ ਵੱਧ ਹੋ ਗਈ ਹੈ। ਮੰਗਲਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ 2003 ਤੋਂ ਬਾਅਦ ਪਹਿਲੀ ਵਾਰ ਜਨਸੰਖਿਆ ਵਾਧਾ ਨਕਾਰਾਤਮਕ ਪੱਧਰ ‘ਤੇ ਪਹੁੰਚਿਆ ਹੈ। ਲਗਪਗ 2.1 ਕਰੋੜ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਪ੍ਰਤੀ 1000 ਲੋਕਾਂ ਵਿੱਚ ਮੌਤ ਦਰ 5.72 ਤੱਕ ਪਹੁੰਚ ਗਈ ਹੈ। ਜਦੋਂ ਕਿ ਜਨਮ ਦਰ 5.67 ਹੈ। ਦੱਸ ਦੇਈਏ ਕਿ ਪਿਛਲੇ ਸਾਲ ਚੀਨ ਦੀ ਆਬਾਦੀ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ। ਇਹ ਗਿਰਾਵਟ ਪਿਛਲੇ 6 ਦਹਾਕਿਆਂ ਤੋਂ ਬਾਅਦ ਦਰਜ ਕੀਤੀ ਗਈ ਹੈ।
ਕਮਜ਼ੋਰ ਆਰਥਿਕ ਵਿਕਾਸ, ਪਰਿਵਾਰ ਪਾਲਣ ਪ੍ਰਤੀ ਰਵੱਈਏ ਵਿੱਚ ਬਦਲਾਅ ਅਤੇ ਕੋਰੋਨਵਾਇਰਸ ਕਾਰਨ ਅਚਾਨਕ ਹੋਈਆਂ ਮੌਤਾਂ ਚੀਨ ਵਿੱਚ ਆਬਾਦੀ ਵਿੱਚ ਗਿਰਾਵਟ ਦੇ ਮੁੱਖ ਕਾਰਕ ਹਨ।
ਪਿਛਲੇ ਸਾਲ ਦਸੰਬਰ ਦੇ ਮਹੀਨੇ ‘ਚ ਕੋਰੋਨਾ ਵਾਇਰਸ ਕਾਰਨ ਦੇਸ਼ ਵਿਆਪੀ ਲੌਕਡਾਊਨ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਸੀ। ਹਾਲਾਂਕਿ, ਚੀਨੀ ਸਰਕਾਰ ਨੇ ਕਦੇ ਵੀ ਮਰਨ ਵਾਲਿਆਂ ਦੀ ਸਹੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ।