ਜਕਾਰਤਾ : ਭਾਰਤੀ ਪੁਰਸ਼ ਹਾਕੀ ਟੀਮ ਨੇ 18ਵੀਆਂ ਏਸ਼ਿਆਈ ਖੇਡਾਂ ਦੇ ਪੂਲ ‘ਬੀ’ ਮੈਚ ਵਿੱਚ ਗੋਲਾਂ ਦਾ ਮੀਂਹ ਵਰ੍ਹਾ ਕੇ ਅੱਜ ਇੱਥੇ ਕਮਜੋਰ ਟੀਮ ਹਾਂਗਕਾਂਗ ਨੂੰ 26-0 ਨਾਲ ਹਰਾ ਕੇ ਕੌਮਾਂਤਰੀ ਹਾਕੀ ਵਿੱਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਹਾਲਾਂਕਿ ਭਾਰਤ ਨੂੰ ਇਹ ਉਮੀਦ ਨਹੀਂ ਸੀ ਕਿ ਉਹ 86 ਸਾਲ ਪੁਰਾਣਾ ਰਿਕਾਰਡ ਤੋੜ ਕੇ ਇੰਨ੍ਹੇ ਵੱਡੇ ਫ਼ਰਕ ਨਾਲ ਜਿੱਤ ਦਰਜ ਕਰੇਗਾ। ਹਾਕੀ ਦੇ ਇਤਿਹਾਸ ਵਿੱਚ ਭਾਰਤ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਮੌਜੂਦਾ ਚੈਂਪੀਅਨ ਭਾਰਤ ਨੇ 1932 ਦੇ ਆਪਣੇ ਰਿਕਾਰਡ ਵਿੱਚ ਸੁਧਾਰ ਕੀਤਾ ਹੈ, ਜਦੋਂ ਮਹਾਨ ਖਿਡਾਰੀ ਧਿਆਨਚੰਦ, ਰੂਪਚੰਦ ਅਤੇ ਗੁਰਮੀਤ ਸਿੰਘ ਦੀ ਮੌਜੂਦਗੀ ਵਿੱਚ ਕੌਮੀ ਟੀਮ ਨੇ ਲਾਸ ਏਂਜਲਸ ਓਲੰਪਿਕ ਵਿੱਚ ਅਮਰੀਕਾ ਨੂੰ 24-1 ਗੋਲਾਂ ਨਾਲ ਹਰਾਇਆ ਸੀ। ਕੌਮਾਂਤਰੀ ਹਾਕੀ ਵਿੱਚ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਨਿਊਜ਼ੀਲੈਂਡ ਦੇ ਨਾਮ ਦਰਜ ਹੈ, ਜਿਸ ਨੇ 1994 ਵਿੱਚ ਸਮੋਆ ਨੂੰ 36-1 ਗੋਲਾਂ ਨਾਲ ਹਰਾਇਆ ਸੀ।
ਭਾਰਤ ਨੇ ਏਸ਼ਿਆਡ ਦੇ ਆਪਣੇ ਪਹਿਲੇ ਮੈਚ ਵਿੱਚ ਇੰਡੋਨੇਸ਼ੀਆ ਨੂੰ 17-0 ਗੋਲਾਂ ਨਾਲ ਹਰਾਇਆ ਸੀ। ਖੇਡਾਂ ਵਿੱਚ ਹੁਣ ਤੱਕ ਆਪਣੇ ਦੋ ਮੈਚਾਂ ਵਿੱਚ ਹੀ ਪੁਰਸ਼ ਟੀਮ 43 ਗੋਲ ਕਰ ਚੁੱਕੀ ਹੈ। ਉਸ ਖਿਲਾਫ਼ ਵਿਰੋਧੀ ਟੀਮ ਇੱਕ ਵੀ ਗੋਲ ਨਹੀਂ ਕਰ ਸਕੀ। ਇਸ ਤੋਂ ਪਹਿਲਾਂ ਇੰਚਿਓਨ ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ 20 ਗੋਲ ਕੀਤੇ ਸਨ।
ਭਾਰਤ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਮੈਚ ਖ਼ਤਮ ਹੋਣ ਦੇ ਸੱਤ ਮਿੰਟ ਬਚੇ ਸਨ ਤਾਂ ਟੀਮ ਨੇ ਗੋਲਕੀਪਰ ਨੂੰ ਮੈਦਾਨ ਤੋਂ ਹਟਾ ਲਿਆ। ਮੈਚ ਦੌਰਾਨ ਭਾਰਤ ਦੇ 13 ਖਿਡਾਰੀਆਂ ਨੇ ਗੋਲ ਕੀਤੇ।
ਭਾਰਤ ਵੱਲੋਂ ਰੁਪਿੰਦਰਪਾਲ ਸਿੰਘ (ਤੀਜੇ, ਪੰਜਵੇਂ, 30ਵੇਂ, 45ਵੇਂ ਅਤੇ 59ਵੇਂ ਮਿੰਟ), ਹਰਮਨਪ੍ਰੀਤ ਸਿੰਘ (29ਵੇਂ, 52ਵੇਂ, 53ਵੇਂ, 54ਵੇਂ ਮਿੰਟ) ਅਤੇ ਆਕਾਸ਼ਦੀਪ ਸਿੰਘ (ਦੂਜੇ, 32ਵੇਂ, 35ਵੇਂ ਮਿੰਟ) ਨੇ ਹੈਟ੍ਰਿਕ ਲਗਾਈ। ਮਨਪ੍ਰੀਤ ਸਿੰਘ (ਤੀਜੇ ਤੇ 17ਵੇਂ ਮਿੰਟ), ਲਲਿਤ ਉਪਾਧਿਆਇ (17ਵੇਂ ਤੇ 19ਵੇਂ ਮਿੰਟ), ਵਰੁਣ ਕੁਮਾਰ (23ਵੇਂ ਤੇ 30ਵੇਂ ਮਿੰਟ) ਨੇ ਦੋ-ਦੋ, ਜਦਕਿ ਐਸਵੀ ਸੁਨੀਲ (ਸਤਵੇਂ ਮਿੰਟ), ਵਿਵੇਕ ਸਾਗਰ ਪ੍ਰਸਾਦ (14ਵੇਂ ਮਿੰਟ), ਮਨਦੀਪ ਸਿੰਘ (21ਵੇਂ ਮਿੰਟ), ਅਮਿਤ ਰੋਹਿਦਾਸ (27ਵੇਂ ਮਿੰਟ), ਦਿਲਪ੍ਰੀਤ ਸਿੰਘ (48ਵੇਂ ਮਿੰਟ), ਚਿੰਗਲੇਨਸਾਨਾ ਸਿੰਘ (51ਵੇਂ ਮਿੰਟ), ਸਿਮਰਨਜੀਤ ਸਿੰਘ (53ਵੇਂ ਮਿੰਟ) ਅਤੇ ਸੁਰਿੰਦਰ ਕੁਮਾਰ (55ਵੇਂ ਮਿੰਟ) ਨੇ ਇੱਕ-ਇੱਕ ਗੋਲ ਕੀਤਾ।
ਭਾਰਤ ਦੇ ਮੁੱਖ ਕੋਚ ਹਰਿੰਦਰ ਸਿੰਘ ਆਪਣੇ ਖਿਡਾਰੀਆਂ ਦੇ ਇਸ ਪ੍ਰਦਰਸ਼ਨ ਤੋਂ ਖ਼ੁਸ਼ ਹਨ। ਉਸ ਨੇ ਕਿਹਾ ਕਿ ਉਹ ਹੁਣ ਵਿਰਾਸਤ ਦਾ ਹਿੱਸਾ ਹਨ, ਜਿਸ ਨੂੰ ਭਾਰਤੀ ਹਾਕੀ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਭਾਰਤ ਅਗਲਾ ਮੈਚ ਸ਼ੁੱਕਰਵਾਰ ਨੂੰ ਜਾਪਾਨ ਨਾਲ ਖੇਡੇਗਾ। -ਪੀਟੀਆਈ