ਭਾਜਪਾ ਦੀਆਂ ਅੱਖਾਂ ”ਚ ਰੜਕੇਗਾ ਸੁਖਬੀਰ ਦਾ ”ਝੰਡਾ”!

0
465

ਲੁਧਿਆਣਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਹਰਿਆਣਾ ਤੇ ਰਾਜਸਥਾਨ ਚੋਣਾਂ ਲੜਨ ਲਈ ਰਣਨੀਤੀ ਘੜੀ ਹੈ ਤੇ ਰੈਲੀਆਂ, ਮੀਟਿੰਗਾਂ ਕਰਨ ਦੇ ਪ੍ਰੋਗਰਾਮ ਉਲੀਕੇ ਹਨ, ਉਨ੍ਹਾਂ ਦੀ ਪਿਪਲੀ (ਹਰਿਆਣਾ) ਤੋਂ ਸ਼ੁਰੂਆਤ ਹੋ ਗਈ।
ਬਾਦਲ ਦੀ ਗੁਆਂਢੀ ਸੂਬਿਆਂ ‘ਚ ਚੋਣ ਲੜਨ ਦੀ ਰਣਨੀਤੀ ਤੋਂ ਸਿਆਸੀ ਪੰਡਿਤਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ‘ਚ 2017 ਪੰਜਾਬ ‘ਚ ਲੜੀ ਗਈ ਚੋਣ ‘ਚ ਸ਼ਰਮਨਾਕ ਹਾਰ ਤੋਂ ਬਾਅਦ ਅਕਾਲੀ ਦਲ ਬੁਰੀ ਤਰ੍ਹਾਂ ਅਲੱਗ-ਥਲੱਗ ਪਿਆ ਹੋਇਆ ਹੈ, ਜੋ ਅਜੇ ਤਕ ਨਹੀਂ ਉੱਠ ਰਿਹਾ, ਕਿਉਂਕਿ ਗੁਰਦਾਸਪੁਰ ਲੋਕ ਸਭਾ, ਸ਼ਾਹਕੋਟ ਜ਼ਿਮਨੀ ਚੋਣ ਤੇ ਨਿਗਮਾਂ ਦੇ ਮਾੜੇ ਨਤੀਜੇ ਇਸ ਦੀ ਮਿਸਾਲ ਬਣੇ ਹੋਏ ਹਨ, ਜਦੋਂ ਕਿ ਬਾਦਲ ਨੇ ਗੁਆਂਢੀ ਰਾਜਾਂ ਹਰਿਆਣਾ ਤੇ ਰਾਜਸਥਾਨ ‘ਚ ਚੋਣਾਂ ਲੜਨ ਦਾ ਜੋ ਐਲਾਨ ਕੀਤਾ ਹੈ, ਇਸ ਨੂੰ ਦੇਖਦੇ ਹੋਏ ਸਿਆਸੀ ਪੰਡਿਤਾਂ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਜਸਥਾਨ ਦੀਆਂ ਚੋਣਾਂ ਹਨ। ਇਨ੍ਹਾਂ ਚੋਣਾਂ ਵਿਚ ਜੇਕਰ ਅਕਾਲੀ ਦਲ ਉਮੀਦਵਾਰ ਖੜ੍ਹੇ ਕਰਦਾ ਹੈ ਤਾਂ ਇਹ ਪਾਰਟੀ ਪ੍ਰਧਾਨ ਦਾ ਲੋਕ ਸਭਾ ਚੋਣ ਤੋਂ ਪਹਿਲਾਂ ਵੱਡਾ ਸਿਆਸੀ ਇਮਤਿਹਾਨ ਹੋਵੇਗਾ ਕਿਉਂਕਿ ਪੰਜਾਬ ‘ਚ ਮਾੜੇ ਨਤੀਜੇ ਲੋਕ ਦੇਖ ਚੁੱਕੇ ਹਨ। ਬਾਕੀ ਜੇਕਰ ਚੋਣ ਕਮਿਸ਼ਨ ਨੇ ਰਾਜਸਥਾਨ ਦੇ ਨਾਲ ਹਰਿਆਣਾ ਦੀ ਚੋਣ ਕਰਵਾ ਦਿੱਤੀ ਤਾਂ ਹਰਿਆਣਾ ‘ਚ ਅਕਾਲੀ ਦਲ ਵਲੋਂ ਝੰਡਾ ਗੱਡਣ ਤੇ ਆਪਣੀ ਸਾਖ ਵਧਾਉਣ ਲਈ ਸਭ ਕੁੱਝ ਦਾਅ ‘ਤੇ ਲਾਉਣਾ ਪਊ। ਦੋਵਾਂ ਰਾਜਾਂ ‘ਚ ਭਾਜਪਾ ਦੀਆਂ ਸਰਕਾਰਾਂ ਹਨ। ਹਰਿਆਣੇ ‘ਚ ਚਾਚਾ ਚੌਟਾਲੇ ਨਾਲ ਸਿਆਸੀ ਸਾਂਝ ਕਾਰਨ ਅਕਾਲੀ ਦਲ ਭਾਜਪਾ ਤੋਂ ਦੂਰ ਰਹਿ ਕੇ ਚੋਣ ਲੜੇਗਾ, ਜਦੋਂ ਕਿ ਰਾਜਸਥਾਨ ‘ਚ ਭਾਜਪਾ ਅਕਾਲੀ ਦਲ ਨੂੰ ਨੇੜੇ ਨਹੀਂ ਲੱਗਣ ਦੇਵੇਗੀ। ਭਾਵ ਟਿਕਟ ਨਹੀਂ ਦੇਵੇਗੀ, ਕਿਉਂਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਜਾਣਦੇ ਹਨ ਅਕਾਲੀ ਦਲ ਨੇ ਹਰਿਆਣੇ ‘ਚ ਚਾਚੇ ਦੀ ਮਦਦ ਵੀ ਕਰਨੀ ਹੈ ਤੇ ਆਪਣੇ ਚੋਣ ਨਿਸ਼ਾਨ ‘ਤੇ ਚੋਣ ਲੜਨੀ ਹੈ।